Breaking News
Home / ਦੁਨੀਆ / ‘ਹਾਫ਼-ਆਇਰਨਮੈਨ’ ਮੁਕਾਬਲੇ ਵਿਚ ਭਾਗ ਲੈਣ ਲਈ ਟੀਪੀਏਆਰ ਕਲੱਬ ਦੇ ਮੈਂਬਰ ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ ਜਨੇਵਾ ਜਾਣਗੇ

‘ਹਾਫ਼-ਆਇਰਨਮੈਨ’ ਮੁਕਾਬਲੇ ਵਿਚ ਭਾਗ ਲੈਣ ਲਈ ਟੀਪੀਏਆਰ ਕਲੱਬ ਦੇ ਮੈਂਬਰ ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ ਜਨੇਵਾ ਜਾਣਗੇ

ਬਰੈਂਪਟਨ/ਡਾ. ਝੰਡ : 10 ਜੁਲਾਈ ਨੂੰ ਅਮਰੀਕਾ ਦੇ ਸ਼ਹਿਰ ‘ਜਨੇਵਾ’ (ਨਿਊਯੌਰਕ ਦੇ ਨੇੜੇ) ‘ਹਾਫ਼-ਆਇਰਨਮੈਨ/ਆਇਰਨਮੈਨ 70.3 ਮੁਕਾਬਲੇ’ ਹੋ ਰਹੇ ਹਨ ਅਤੇ ਇਨ੍ਹਾਂ ਵਿਚ ਹਿੱਸਾ ਲੈਣ ਲਈ ਬਰੈਂਪਟਨ ਵਿਚ ਪਿਛਲੇ 10 ਸਾਲਾਂ ਤੋਂ ਸਰਗਰਮ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਕੁਲਦੀਪ ਗਰੇਵਾਲ ਅਤੇ ਹਰਜੀਤ ਸਿੰਘ 9 ਜੁਲਾਈ ਨੂੰ ਜਨੇਵਾ ਪਹੁੰਚ ਰਹੇ ਹਨ।
ਇਸ ਉੱਚ-ਪੱਧਰੀ ਮੁਕਾਬਲੇ ਦੇ ਨਾਂ ਵਿਚ ਆਉਣ ਵਾਲੇ ਸ਼ਬਦ ‘ਹਾਫ਼-ਆਇਰਨਮੈਨ’ ਤੋਂ ਭਾਵ ‘ਅੱਧਾ ਲੋਹੇ ਦੇ ਸਰੀਰ’ ਵਾਲੇ ਮਜ਼ਬੂਤ ਅਤੇ ਤਕੜੇ ਜੁੱਸੇ ਵਾਲੇ ਵਿਅੱਕਤੀ ਤੋਂ ਹੈ ਅਤੇ ਇਸ ਦੇ ਵਿਚਲੇ ਅੰਕ 70.3 ਦਾ ਭਾਵ ਇਸ ਮੁਕਾਬਲੇ ਵਿਚ ਸ਼ਾਮਲ ਤਿੰਨ ਈਵੈਂਟਸ 1.2 ਮੀਲ ਤੈਰਾਕੀ, 56 ਮੀਲ ਸਾਈਕਲਿੰਗ ਅਤੇ 13.1 ਮੀਲ ਲੰਮੀ ਦੌੜ ਦੇ ਕੁਲ ਫਾਸਲੇ 70.3 ਮੀਲ ਤੋਂ ਹੈ ਜੋ ਕਿਲੋਮੀਟਰਾਂ ਵਿਚ 113 ਕਿਲੋਮੀਟਰ ਬਣਦਾ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਸ ਤਿੰਨ-ਪੱਖੀ ਈਵੈਂਟ (ਵਿਚ ਸੱਭ ਤੋਂ ਪਹਿਲਾਂ 1.2 ਮੀਲ (1.9 ਕਿਲੋਮੀਟਰ) ਤੈਰਾਕੀ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਜਿਸ ਨੂੰ ਘੱਟੋ-ਘੱਟ ਇਕ ਘੰਟਾ 10 ਮਿੰਟਾਂ ਵਿਚ ਪੂਰਾ ਕਰਨਾ ਹੁੰਦਾ ਹੈ ਅਤੇ ਇਸ ਵਿਚ ਕਾਮਯਾਬ ਹੋਣ ਵਾਲਿਆਂ ਨੂੰ 56 ਮੀਲ (90 ਕਿਲੋਮੀਟਰ) ਸਾਈਕਲਿੰਗ ਦੇ ਦੌਰ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ ਜਿਸ ਨੂੰ ਪੂਰਾ ਕਰਨ ਲਈ ਘੱਟੋ-ਘੱਟ 5 ਘੰਟੇ 10 ਮਿੰਟ ਦਾ ਸਮਾਂ ਲੋੜੀਂਦਾ ਹੈ। ਇਸ ‘ਦੂਸਰੇ ਮਰਹੱਲੇ’ ਵਿੱਚੋਂ ਸਫਲ ਹੋਣ ਵਾਲੇ ਵਿਅੱਕਤੀ ਅੱਗੋਂ 13.1 ਮੀਲ (21.1 ਕਿਲੋਮੀਟਰ) ‘ਹਾਫ਼-ਮੈਰਾਥਨ’ ਵਾਲੇ ਆਖ਼ਰੀ ਦੌਰ ਵਿਚ ਪਹੁੰਚਦੇ ਹਨ। ਤੈਰਾਕੀ ਤੋਂ ਆਰੰਭ ਹੋ ਕੇ ਹਾਫ਼ ਮੈਰਾਥਨ ਪੂਰੀ ਕਰਨ ਦਾ ਪੂਰਾ ਸਮਾਂ ਘੱਟੋ-ਘੱਟ 8 ਘੰਟੇ 30 ਮਿੰਟ ਚਾਹੀਦਾ ਹੈ ਤਾਂ ਹੀ ਸਬੰਧਿਤ ਵਿਅੱਕਤੀ ਨੂੰ ਇਸ ਮੁਕਾਬਲੇ ਵਿਚ ਸਫ਼ਲ ਮੰਨਿਆ ਜਾਵੇਗਾ। ਇਸ ਤਰ੍ਹਾਂ ਇਸ ਮੁਕਾਬਲੇ ਦੇ ਤਿੰਨੇ ਹੀ ਦੌਰ ਕਾਫ਼ੀ ਮੁਸ਼ਕਲ ਹਨ ਅਤੇ ਇਨ੍ਹਾਂ ਨੂੰ ਸਫ਼ਲਤਾ ਪੂਰਵਕ ਪਾਰ ਕਰਨ ਵਾਲੇ ਵਾਕਿਆ ਈ ‘ਹਾਫ਼-ਆਇਰਨਮੈਨ’ ਅਖਵਾਉਣ ਦੇ ਹੱਕਦਾਰ ਹਨ।
ਕੁਲਦੀਪ ਗਰੇਵਾਲ ਅਤੇ ਹਰਜੀਤ ਸਿੰਘ ਦੀ ਹੌਸਲਾ-ਅਫ਼ਜਾਈ ਲਈ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਉਨ੍ਹਾਂ ਦੇ ਨਾਲ ਸੱਤ ਹੋਰ ਮੈਂਬਰ ਜਗਤਾਰ ਗਰੇਵਾਲ, ਅਵਤਾਰ ਸਿੱਧੂ (ਪਿੰਕੀ), ਧਿਆਨ ਸਿੰਘ ਸੋਹਲ, ਸੁਖਦੇਵ ਸਿੱਧਵਾਂ, ਕੇਸਰ ਸਿੰਘ ਬੜੈਚ, ਕੁਲਵੰਤ ਧਾਲੀਵਾਲ ਅਤੇ ਹਰਭਜਨ ਸਿੰਘ ਗਿੱਲ ਜਾ ਰਹੇ ਹਨ।
ਕਲੱਬ ਦੇ ਸਮੂਹ ਮੈਂਬਰਾਂ ਅਤੇ ਸ਼ੁਭ-ਚਿੰਤਕਾਂ ਵੱਲੋਂ ਕੁਲਦੀਪ ਗਰੇਵਾਲ ਅਤੇ ਹਰਜੀਤ ਸਿੰਘ ਨੂੰ ਇਸ ਮਿਆਰੀ ਤੇ ਵੱਕਾਰੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਹੁਣ ਤੋਂ ਹੀ ਸ਼ੁਭ-ਇੱਛਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਇਸ ਵਿਚ ਸਫ਼ਲ ਹੋਣ ਲਈ ਪੂਰੀਆਂ ਆਸਾਂ ਤੇ ਉਮੀਦਾਂ ਜਤਾਈਆਂ ਜਾ ਰਹੀਆਂ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …