Breaking News
Home / ਭਾਰਤ / ਭਾਜਪਾ ਨੇ ਕਿਸਾਨਾਂ ਦਾ ਦੁੱਖ ਸੌ ਗੁਣਾ ਵਧਾਇਆ : ਸੂਰਜੇਵਾਲਾ

ਭਾਜਪਾ ਨੇ ਕਿਸਾਨਾਂ ਦਾ ਦੁੱਖ ਸੌ ਗੁਣਾ ਵਧਾਇਆ : ਸੂਰਜੇਵਾਲਾ

ਨਵਜੋਤ ਸਿੱਧੂ ਵੱਲੋਂ ਕਿਸਾਨੀ ਮੁੱਦੇ ਪੰਜਾਬ ਮਾਡਲ ‘ਚ ਸ਼ਾਮਲ ਕੀਤੇ ਜਾਣ ਦਾ ਖੁਲਾਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ‘ਤੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਮਦਨ ਦੁੱਗਣੀ ਕਰਨ ਦੀ ਥਾਂ ਕਿਸਾਨਾਂ ਦਾ ਦਰਦ ਸੌ ਗੁਣਾ ਵਧਾ ਦਿੱਤਾ ਹੈ। ਭਾਜਪਾ ਨੇ ਕਿਸਾਨਾਂ ਨਾਲ ਵਾਅਦਾਖਿਲਾਫੀ ਕੀਤੀ ਹੈ ਜਿਸ ਕਰਕੇ ਅੰਨਦਾਤਾ ਉਸ ਨੂੰ ਕਦੇ ਮੁਆਫ ਨਹੀਂ ਕਰੇਗਾ। ਕਾਂਗਰਸ ਨੇ ਇੱਥੇ ਭਾਜਪਾ ਦੇ ਕਿਸਾਨ ਵਿਰੋਧੀ ਏਜੰਡੇ ਦਾ ਖੁਲਾਸਾ ਕਰਨ ਲਈ ਕਿਸਾਨਾਂ ਦੇ ਮੁੱਦਿਆਂ ਅਤੇ ਚੁਣੌਤੀਆਂ ਨੂੰ ਬਿਆਨ ਕਰਦਾ ਇੱਕ ਕਿਤਾਬਚਾ ਵੀ ਜਾਰੀ ਕੀਤਾ।
ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਰਦ ਹੀ ਦਿੱਤੇ ਹਨ। ਸੂਰਜੇਵਾਲਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਾਂਝੇ ਤੌਰ ‘ਤੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਫੇਲ੍ਹ ਰਹੀ ਹੈ, ਉਲਟਾ ਕਿਸਾਨਾਂ ਦੀਆਂ ਖੇਤੀ ਲਾਗਤਾਂ ‘ਤੇ ਵਾਧੂ ਟੈਕਸਾਂ ਦਾ ਭਾਰ ਪਾ ਦਿੱਤਾ ਹੈ।
ਸੂਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਸਾਲ 2022 ਤੱਕ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਰਕਾਰ ਕਿਸਾਨਾਂ ਵਿਰੁੱਧ ਤਿੰਨ ਖੇਤੀ ਕਾਨੂੰਨ ਲੈ ਆਈ। ਸੂਰਜੇਵਾਲਾ ਨੇ ਕਿਹਾ ਕਿ ਮੁੱਠੀ ਭਰ ਕਾਰਪੋਰੇਟਾਂ ਦੀ ਮਦਦ ਲਈ ਕਿਸਾਨ ਸੰਘਰਸ਼ ਦੌਰਾਨ 700 ਤੋਂ ਵੱਧ ਕਿਸਾਨਾਂ ਨੂੰ ਜਾਨ ਗੁਆਉਣੀ ਪਈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ 50.2 ਫੀਸਦੀ ਕਿਸਾਨ ਕਰਜ਼ੇ ਵਿਚ ਡੁੱਬੇ ਹੋਏ ਹਨ ਅਤੇ ਪ੍ਰਤੀ ਪਰਿਵਾਰ ਔਸਤਨ ਕਰਜ਼ਾ 74,121 ਰੁਪਏ ਹੈ। ਪੇਂਡੂ ਕਿਸਾਨ ਖੇਤੀ ਛੱਡ ਕੇ ਮਜ਼ਦੂਰੀ ਕਰਨ ਲੱਗੇ ਹਨ। ਉਨ੍ਹਾਂ ਸਰਕਾਰੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਨੇ ਕਣਕ ਅਤੇ ਝੋਨੇ ਨੂੰ ਛੱਡ ਕੇ ਕੋਈ ਵੀ ਫਸਲ ਘੱਟੋ ਘੱਟ ਸਮਰਥਨ ਮੁੱਲ ‘ਤੇ 6 ਫੀਸਦੀ ਤੋਂ ਵੱਧ ਨਹੀਂ ਖਰੀਦੀ। ਸੂਰਜੇਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਐਮ.ਐਸ.ਪੀ ਸਵਾਮੀਨਾਥਨ ਰਿਪੋਰਟ ਅਨੁਸਾਰ ਨਹੀਂ ਦਿੱਤੀ ਜਾ ਰਹੀ। ਕਣਕ ਤੇ ਝੋਨੇ ‘ਤੇ ਸੂਬਾ ਸਰਕਾਰ ਵੱਲੋਂ ਦਿੱਤਾ ਜਾਂਦਾ 150 ਰੁਪਏ ਬੋਨਸ ਵੀ ਬੰਦ ਕਰਵਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਕਿਸਾਨ ਸਨਮਾਨ ਨਿਧੀ ਵਿਚ 6000 ਰੁਪਏ ਦਿੱਤੇ ਪ੍ਰੰਤੂ ਲਾਗਤਾਂ ਵਧਾ ਕੇ 25 ਹਜ਼ਾਰ ਰੁਪਏ ਲੁੱਟ ਲਏ।
ਡੀਜ਼ਲ ‘ਤੇ ਐਕਸਾਈਜ਼ ਡਿਊਟੀ 2014 ਵਿਚ 3.56 ਰੁਪਏ ਪ੍ਰਤੀ ਲਿਟਰ ਸੀ ਜੋ ਕਿ ਮੋਦੀ ਸਰਕਾਰ ਨੇ 31.80 ਰੁਪਏ ਪ੍ਰਤੀ ਲਿਟਰ ਕਰ ਦਿੱਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਪੰਜਾਬ ਮਾਡਲ ਵਿਚ ਸ਼ਾਮਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਦਾਲਾਂ, ਖਾਣ ਵਾਲੇ ਤੇਲ ਅਤੇ ਮੱਕੀ ਦੀ ਫਸਲ ‘ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਵਕਾਲਤ ਕਰਦਾ ਹੈ।

 

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …