ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ 5 ਮੈਂਬਰੀ ਵਫ਼ਦ ਨੇ ਉੱਤਰ ਪ੍ਰਦੇਸ਼ ਵਿੱਚ ਉਜਾੜੇ ਦੀ ਮਾਰ ਝੱਲ ਰਹੇ ਪੰਜਾਬੀ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਯੂਪੀ ਦੀ ਨਗੀਨਾ ਤਹਿਸੀਲ ਦੇ ਪਿੰਡ ਚੰਪਤਪੁਰ ਵਿੱਚ ਪ੍ਰਭਾਵਿਤ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ 5 ਮੈਂਬਰੀ ਟੀਮ ਵੱਲੋਂ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਗੱਲਬਾਤ ਅਤੇ ਇਕੱਤਰ ਕੀਤੇ ਠੋਸ ਤੱਥਾਂ ਦੇ ਅਧਾਰ ‘ਤੇ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਸੌਂਪ ਕੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰਦਿਆਂ ਅਸਲੀ ਤੱਥ ਸਾਹਮਣੇ ਲਿਆਂਦੇ ਜਾਣਗੇ। ਚੀਮਾ ਨੇ ਕਿਹਾ ਕਿ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੂੰ ਵੀ ਇਹ ਰਿਪੋਰਟ ਦਿੱਤੀ ਜਾਵੇਗੀ ਤਾਂ ਜੋ ਯੂਪੀ ਅਤੇ ਉਤਰਾਖੰਡ ਦੇ ਪੰਜਾਬੀ ਕਿਸਾਨਾਂ ਦੇ ਦਰਦ ਨੂੰ ਸੰਸਦ ਦੇ ਆਉਣ ਵਾਲੇ ਸੈਸ਼ਨ ਦੌਰਾਨ ਰੱਖਿਆ ਜਾਵੇ। ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਮੁੱਢਲੇ ਤੌਰ ‘ਤੇ ਇਹੀ ਗੱਲ ਸਾਹਮਣੇ ਆਈ ਹੈ ਕਿ ਯੂਪੀ ਸਰਕਾਰ ਵੱਲੋਂ ਪੰਜਾਬੀ ਕਿਸਾਨਾਂ ‘ਤੇ ਉਜਾੜੇ ਦੀ ਤਲਵਾਰ ਲਟਕਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਭਾਵੇਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕਰਕੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਤਾਂ ਕੀਤਾ ਗਿਆ ਹੈ ਪਰ ਕਿਸਾਨਾਂ ਵਿੱਚ ਉਜਾੜੇ ਅਤੇ ਸਹਿਮ ਦਾ ਮਾਹੌਲ ਬਰਕਰਾਰ ਹੈ।
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ 1947 ਦੀ ਵੰਡ ਦੌਰਾਨ ਉਜਾੜੇ ਦਾ ਦਰਦ ਯੂਪੀ ਵਿੱਚ ਵਸੇ ਪੰਜਾਬੀ ਪਰਿਵਾਰਾਂ ਦੇ ਪੁਰਖਿਆਂ ਨੇ ਹੱਡੀਂ ਹੰਢਾਇਆ ਸੀ ਤੇ ਹੁਣ 73 ਸਾਲਾਂ ਬਾਅਦ ਭਾਜਪਾ ਸਰਕਾਰ ਨੇ ਮੁੜ ਪੰਜਾਬੀ ਕਿਸਾਨਾਂ ‘ਤੇ ਤਲਵਾਰ ਲਟਕਾ ਦਿੱਤੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …