ਬਰੈਂਪਟਨ/ਡਾ. ਝੰਡ : ਟੀ.ਪੀ.ਏ.ਆਰ. ਕਲੱਬ ਦੇ ਚੇਅਰ ਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਕਲੱਬ ਦੇ ਉੱਘੇ ਦੌੜਾਕ ਧਿਆਨ ਸਿੰਘ ਸੋਹਲ ਨੇ ਅਮਰੀਕਾ ਸ਼ਹਿਰ ਬੋਸਟਨ ਵਿਚ 20 ਅਪ੍ਰੈਲ 2020 ਨੂੰ ਹੋਣ ਵਾਲੀ ਵਿਸ਼ਵ ਪ੍ਰਸਿੱਧ ‘ਬੋਸਟਨ ਮੈਰਾਥਨ’ ਲਈ ਕੁਆਲੀਫ਼ਾਈ ਕਰ ਲਿਆ ਹੈ। ਉਹ ਇੱਥੇ ਜੀ.ਟੀ.ਏ. ਵਿਚ ਹੋਣ ਵਾਲੀਆਂ ਮੈਰਾਥਨ ਦੌੜਾਂ ਵਿਚ ਅਕਸਰ ਭਾਗ ਲੈਂਦੇ ਹਨ ਅਤੇ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ ਕਰਵਾਈ ਜਾਂਦੀ ਇਮੀਗ੍ਰੇਸ਼ਨ ਸਟੈੱਪਸ ਆਦਿ ਦੌੜਾਂ ਵਿਚ ਵਧੀਆ ਸਮਾਂ ਕੱਢਦੇ ਹਨ।
ਪਿਛਲੇ ਕਈ ਸਾਲਾਂ ਤੋਂ ਧਿਆਨ ਸਿੰਘ ਸੋਹਲ ਬੋਸਟਨ ਮੈਰਾਥਨ ਦੇ ਮਹਾਨ ਈਵੈਂਟ ਵਿਚ ਹਿੱਸਾ ਲੈਣ ਲਈ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਪਿਛਲੇ ਸਾਲ ਉਹ ਕੇਵਲ 15 ਸਕਿੰਟਾਂ ਦੇ ਫ਼ਰਕ ਨਾਲ ਇਸ ਮਿਆਰੀ ਦੌੜ ਵਿਚ ਕੁਆਲੀਫ਼ਾਈ ਹੋਣ ਤੋਂ ਪਛੜ ਗਏ ਸਨ। ਇਸ ਸਾਲ ਉਨ੍ਹਾਂ ਦੇ ਕੋਚ ਕਰਮਜੀਤ ਖੰਗੂੜਾ ਨੇ ਉਨ੍ਹਾਂ ਨੂੰ ਹੋਰ ਵਧੇਰੇ ਮਿਹਨਤ ਕਰਵਾਈ ਅਤੇ ਆਖ਼ਰ ਧਿਆਨ ਸਿੰਘ ਇਸ ਵਿਚ ਚੁਣੇ ਜਾਣ ਵਿਚ ਕਾਮਯਾਬ ਹੋਏ ਹਨ। 42 ਕਿਲੋਮੀਟਰ ਫ਼ੁੱਲ ਮੈਰਾਥਨ ਕੁਆਲੀਫ਼ਾਈ ਕਰਨ ਲਈ ਉਨ੍ਹਾਂ ਦਾ ਸਮਾਂ ਇਸ ਵਾਰ 3 ਘੰਟੇ 48 ਮਿੰਟ 21 ਸਕਿੰਟ ਰਿਹਾ। ਟੀ.ਪੀ.ਏ.ਆਰ. ਕਲੱਬ ਦੇ ਸਮੂਹ ਮੈਂਬਰਾਂ ਨੇ ਧਿਆਨ ਸਿੰਘ ਸੋਹਲ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ ਅਤੇ ਅਗਲੇ ਸਾਲ 20 ਅਪ੍ਰੈਲ ਨੂੰ ਇਸ ਵਿਚ ਵਧੀਆ ਕਾਰਗ਼ੁਜ਼ਾਰੀ ਦੀ ਕਾਮਨਾ ਕੀਤੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਬੋਸਟਨ ਮੈਰਾਥਨ ਅੰਤਰ-ਰਾਸ਼ਟਰੀ ਪੱਧਰ ‘ ਤੇ ਕਰਵਾਈ ਜਾਂਦੀ ਸੰਸਾਰ ਦੀਆਂ ਉੱਪਰਲੇ ਦਰਜੇ ਦੀਆਂ 10 ਦੌੜਾਂ ਵਿੱਚੋਂ ਪਹਿਲੀਆਂ ਛੇਆਂ ਵਿਚ ਆਉਦੀ ਹੈ। ਇਨ੍ਹਾਂ ਦਸਾਂ ਮੈਰਾਥਨਾਂ ਵਿਚ ਬੀ.ਐੱਮ.ਡਬਲਿਊ. ਬਰਲਿਨ ਮੈਰਾਥਨ, ਬਰਲਿਨ (ਜਰਮਨੀ), ਟੋਕੀਓ ਮੈਰਾਥਨ , ਟੋਕੀਓ (ਜਾਪਾਨ), ਵਰਜਿਨ ਮਨੀ ਮੈਰਾਥਨ ਲੰਡਨ (ਯੂ.ਕੇ.), ਬੋਸਟਨ ਮੈਰਾਥਨ ਮੈਸੇਚਿਊਟਸ (ਯੂ.ਐੱਸ.ਏ.),ਬਿੱਗ ਸਰ ਮੈਰਾਥਨ, ਕੈਲੇਫ਼ੋਰਨੀਆ(ਯੂ.ਐੱਸ.ਏ), ਗਰੇਟ ਵਾਲ ਮੈਰਾਥਨ (ਚੀਨ), ਮੈਰਾਥਨ ਡੇ ਲਾ ਬੇਈ ਡੂ ਮੌਂਟ ਸੇਂਟ (ਫ਼ਰਾਂਸ), ਦ ਬਿੱਗ ਫ਼ਾਈਵ ਮੈਰਾਥਨ ਲਿੰਪੋਪੋ (ਸਾਊਥ ਅਫ਼ਰੀਕਾ), ਏਥਨਜ਼ ਕਲਾਸਿਕ ਮੈਰਾਥਨ, ਏਥਨਜ਼ (ਗਰੀਸ) ਅਤੇ ਸ਼ਨਾਈਡਰ ਇਲੈੱਕਟ੍ਰਿਕ ਮੈਰਾਥਨ, ਡੇ ਪੈਰਿਸ (ਫ਼ਰਾਂਸ) ਸ਼ਾਮਲ ਹਨ। ਇਨ੍ਹਾਂ ਮੈਰਾਥਨਾਂ ਲਈ ਦੌੜਾਕਾਂ ਦੇ ਚੁਣੇ ਜਾਣ ਦਾ ਆਪੋ ਆਪਣਾ ਢੰਗ ਤਰੀਕਾ ਹੈ ਜੋ ਬੜਾ ਗੁੰਝਲ ਭਰਪੂਰ ਹੈ ਅਤੇ ਇੱਥੇ ਇਸ ਦੇ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ ਹੈ।
ਬੋਸਟਨ ਮੈਰਾਥਨ ਇਸ ਸੰਸਾਰ ਦੀ ਸੱਭ ਤੋਂ ਪੁਰਾਣੀ, ਵੱਡੀ ਅਤੇ ਸਫ਼ਲ ਮੈਰਾਥਨ ਹੈ। ਇਹ ਅਮਰੀਕਾ ਸੱਭ ਤੋਂ ਵੱਡੇ ਈਵੈਂਟ ਵਜੋਂ ਮਨਾਈ ਜਾਂਦੀ ਹੈ ਅਤੇ ਇਸ ਦਾ ਰੂਟ 8 ਸ਼ਹਿਰਾਂ ਤੇ ਕਸਬਿਆਂ ਵਿੱਚੋਂ ਦੀ ਗੁਜ਼ਰਦਾ ਹੈ ਜਿਨ੍ਹਾਂ ਵਿਚ ਹੂਪਕਿਨਟਨ, ਐਸ਼ਲੈਂਡ, ਫ਼ਰੈਮਿੰਘਮ, ਨੈਟਿਕ, ਵੈੱਲਜ਼ਲੇ, ਨਿਊਟਨ, ਬਰੁੱਕਲਾਈਨ ਤੇ ਬੋਸਟਨ ਸ਼ਾਮਲ ਹਨ। ਨਿਊਟਨ ਦਾ ਪਹਾੜੀ ਰਸਤਾ ਇਸ ਮੈਰਾਥਨ ਨੂੰ ਕਾਫ਼ੀ ਮੁਸ਼ਕਲ ਬਣਾ ਦਿੰਦਾ ਹੈ। ਪਹਾੜੀ ਤੋਂ ਹੇਠਾਂ 150 ਫੁੱਟ ਉਤਰਾਈ ਹੈ ਜੋ ਅੱਧੇ ਮੀਲ ਵਿਚ ਹੈ ਜੋ ਇਸ ਨੂੰ ਜ਼ੋਖ਼ਮ ਭਰਪੂਰ ਬਣਾਉਂਦੀ ਹੈ। ਇਸ ਦੌੜ ਵਿਚ ਮਰਦ, ਔਰਤਾਂ ਅਤੇ ਵੀਲ੍ਹ-ਚੇਅਰ ਵਾਲੇ ਸੱਭ ਸ਼ਾਮਲ ਹੁੰਦੇ ਹਨ। ਭਾਵੇਂ ਇਹ ਕੁਝ ਮੁਸ਼ਕਲ ਹੈ ਪਰ ਕਾਫ਼ੀ ਦਿਲਚਸਪ ਹੈ।
ਇਸ ਦੌਰਾਨ ਸੰਧੂਰਾ ਸਿੰਘ ਬਰਾੜ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਸ 124ਵੀਂ ‘ਬੋਸਟਨ ਮੈਰਾਥਨ’ ਦੇ ਪ੍ਰਬੰਧਕਾਂ ਵੱਲੋਂ 25 ਸਤੰਬਰ ਨੂੰ ਪ੍ਰਾਪਤ ਹੋਈ ਈ-ਮੇਲ ਵਿਚ ਧਿਆਨ ਸਿੰਘ ਸੋਹਲ ਨੂੰ 17 -19 ਅਪ੍ਰੈਲ ਵਿਚਕਾਰ ਕਿਸੇ ਵੀ ਦਿਨ ਆਪਣਾ ਬਿੱਬ ਨੰਬਰ ਤੇ ਕਿੱਟ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਕਲੱਬ ਦੇ ਚਾਰ-ਪੰਜ ਮੈਂਬਰ ਧਿਆਨ ਸਿੰਘ ਸੋਹਲ ਦੇ ਨਾਲ ਬੋਸਟਨ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਲਈ ਜਾਣਗੇ ਅਤੇ ਇਸ ਈਵੈਂਟ ਦੌਰਾਨ ਉਨ੍ਹਾਂ ਨੂੰ ਉੱਥੈੰ ‘ਬੱਕ-ਅੱਪ’ ਕਰਨਗੇ।
Home / ਖੇਡਾਂ / ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਅੰਤਰ-ਰਾਸ਼ਟਰੀ ਈਵੈਂਟ ‘124ਵੀਂ ਬੋਸਟਨ ਮੈਰਾਥਨ’ ਲਈ ਕੀਤਾ ਕੁਆਲੀਫ਼ਾਈ
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …