Breaking News
Home / ਨਜ਼ਰੀਆ / ਵਾਤਾਵਰਣੀ ਚੇਤਨਾ ਸੰਬੰਧਤ ਬਾਲ ਨਾਟਕ

ਵਾਤਾਵਰਣੀ ਚੇਤਨਾ ਸੰਬੰਧਤ ਬਾਲ ਨਾਟਕ

ਕਚਰਾ ਘਟਾਓ… ਪ੍ਰਦੂਸ਼ਣ ਭਜਾਓ
ਡਾ. ਡੀ ਪੀ ਸਿੰਘ
ਪਾਤਰ
ਰਾਜੇਸ਼ : ਪਿਤਾ, ਉਮਰ 44 ਸਾਲ
ਦੇਵਕੀ : ਮਾਤਾ, ਉਮਰ 40 ਸਾਲ
ਆਰਤੀ : ਬੇਟੀ, ਉਮਰ 14 ਸਾਲ
ਦੀਪਕ : ਬੇਟਾ, ਉਮਰ 10 ਸਾਲ
ਜਾਨਵੀ : ਗੁਆਢਣ, ਉਮਰ 38 ਸਾਲ
ਲਕਸ਼ਮੀ : ਨਿਊਯਾਰਕ ਤੋਂ ਆਈ ਭੂਆ
ਦਾਦੀ ਮਾਂ : 70 ਸਾਲ ਦੀ ਉਮਰ ਦੀ ਔਰਤ
ਮੌਨਿਕਾ : ਆਰਤੀ ਦੀ ਸਹੇਲੀ, ਉਮਰ 15 ਸਾਲ
ਸਮਾਨ : ਮੇਜ਼, ਕੁਰਸੀਆਂ, ਕੂੜੇਦਾਨ, ਪੁਰਾਣਾ ਰੇਡੀਓ
(ਪਰਦਾ ਉੱਠਦਾ ਹੈ।)
ਝਾਕੀ ਪਹਿਲੀ
ਸਥਾਨ ਤੇ ਸਮਾਂ: ਰਾਜੇਸ਼, ਦੇਵਕੀ, ਆਰਤੀ ਤੇ ਦੀਪਕ ਡਾਇਨਿੰਗ ਟੇਬਲ ਦੇ ਗਿਰਦ ਬੈਠੇ ਰਾਤ ਦਾ ਖਾਣਾ ਖਾ ਰਹੇ ਹਨ।
ਰਾਜ਼ੇਸ : ਦੀਪਕ ਬੇਟਾ! ਅੱਜ ਕੀ ਕੁਝ ਨਵਾਂ ਸਿੱਖਿਆ ਸਕੂਲ ਵਿਚ?
ਦੀਪਕ : ਪਾਪਾ ! ਅੱਜ ਅਸੀਂ ਕਚਰੇ ਬਾਰੇ ਬਹੁਤ ਕੁਝ ਜਾਣਿਆ।
ਰਾਜ਼ੇਸ਼ : ਕੱਚਰਾ? ਲਗਦਾ ਹੈ ਤੂੰ ਮਜ਼ਾਕ ਕਰ ਰਿਹਾ ਹੈ? ਦੀਪਕ! ਖਾਣੇ ਸਮੇਂ ਅਜਿਹੇ ਵਿਸ਼ੇ ਦੀ ਚਰਚਾ ਕਰਨਾ ਚੰਗੀ ਗੱਲ ਨਹੀਂ।
ਦੀਪਕ: ਓਹ ਹੋਂ। …… ਇਹ ਮਜ਼ਾਕ ਨਹੀਂ । ਮਿਸ ਸੁਨੈਨਾ ਤਾਂ ਕਹਿ ਰਹੀ ਸੀ ਕਿ ਇਕ ਵਿਅਕਤੀ ਹਰ ਰੋਜ਼ ਡੇਢ ਤੋਂ 2 ਕਿਲੋ ਕਚਰਾ ਪੈਦਾ ਕਰਦਾ ਹੈ। ਉਸ ਨੇ ਤਾਂ ਸਾਨੂੰ ਘਰ ਦੇ ਕਚਰੇ ਵਿਚ ਸੁੱਟੀਆਂ ਜਾ ਰਹੀਆਂ ਚੀਜ਼ਾਂ ਦੀ ਲਿਸਟ ਬਨਾਉਣ ਲਈ ਵੀ ਕਿਹਾ ਹੈ।
ਆਰਤੀ: ਮੈਂ ਤਾਂ 2 ਕਿਲੋ ਕਚਰਾ ਪੈਦਾ ਨਹੀਂ ਕਰਦੀ ਹਰ ਰੋਜ਼।
ਦੀਪਕ: ਮਿਸ ਸੁਨੈਨਾ ਤਾਂ ਕਹਿੰਦੀ ਸੀ ਕਿ ਨੋਜੁਆਨ ਕੁੜੀਆਂ ਮੁੰਡੇ ਤਾਂ ਹਰ ਰੋਜ਼ ਦੋ ਕਿਲੋ ਤੋਂ ਵੀ ਵੱਧ ਕਚਰਾ ਪੈਦਾ ਕਰਦੇ ਹਨ।
ਆਰਤੀ: ਮੈਂ ਨਹੀਂ ਮੰਨਦੀ ਇਹ ਗੱਲ। ਸ਼ਰਤ ਲਗਾ ਲੈ ਬੇਸ਼ਕ, ਤੂੰ ਮੈਥੋਂ ਵੱਧ ਕਚਰਾ ਪੈਦਾ ਕਰਦਾ ਏ।
ਦੀਪਕ: ਨਹੀਂ ਨਹੀਂ । ਮੈਂ ਤਾਂ ਅਜਿਹਾ ਨਹੀਂ ਕਰਦਾ।
ਆਰਤੀ: ਚਲੋ ਮੁਕਾਬਲਾ ਹੋ ਜਾਏ। ਦੇਖਦੇ ਹਾਂ ਇਕ ਹਫ਼ਤੇ ਵਿਚ ਸੱਭ ਤੋਂ ਘੱਟ ਕਚਰਾ ਕੌਣ ਪੈਦਾ ਕਰਦਾ ਹੈ।
ਦੀਪਕ: ਅਸੀਂ ਸਾਰੇ ਇਸ ਵਿਚ ਭਾਗ ਲੈ ਸਕਦੇ ਹਾਂ। …… ਕਿਉਂ ਪਾਪਾ-ਮੰਮੀ? ਠੀਕ ਹੈ ਨਾ।
(ਰਾਜੇਸ਼ ਤੇ ਦੇਵਕੀ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਦੇ ਹੋਏ।) ਮੈਂ ਤਾਂ ਇਸ ਮੁਕਾਬਲੇ ਦੀ ਰਿਪੋਰਟ ਸਕੂਲ ਮੈਗਜ਼ੀਨ ਵਿਚ ਵੀ ਛਾਪਣਾ ਚਾਹਾਂਗਾ।
ਰਾਜੇਸ਼ : ਠੀਕ ਹੈ, ਪਰ ਮੁਕਾਬਲਾ ਹੋਵੇਗਾ ਸਿਰਫ਼ ਇਕ ਹਫ਼ਤੇ ਲਈ ਹੀ।
ਦੇਵਕੀ : ਮੇਰਾ ਸੁਝਾਅ ਹੈ ਕਿ ਮੁਕਾਬਲੇ ਦੀ ਥਾਂ ਇਸ ਨੂੰ ਅਸੀਂ ਫੈਮਲੀ ਪ੍ਰਾਜੈਕਟ ਕਹੀਏ। ਕਿਉਂ ਠੀਕ ਹੈ ਨਾ? (ਸੱਭ ਵੱਲ ਸਵਾਲੀਆਂ ਨਜ਼ਰ ਨਾਲ ਦੇਖਦੇ ਹੋਏ।) …… ਸੱਭ ਤੋਂ ਪਹਿਲਾਂ ਤਾ ਸਾਨੂੰ
ਕਚਰੇ ਵਿਚ ਸੁੱਟੀਆਂ ਜਾਂਦੀਆਂ ਚੀਜ਼ਾਂ ਵਿਚੋਂ ਉਹ ਚੀਜ਼ਾਂ ਅਲੱਗ ਕਰਨੀਆਂ ਪੈਣਗੀਆਂ ਜਿਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ।
ਦੀਪਕ: ਇਸ ਤਰ੍ਹਾਂ ਕੂੜੇਦਾਨ ਵਿਚ ਜਾਣ ਵਾਲੇ ਕਚਰੇ ਨੂੰ ਘਟਾਇਆ ਜਾ ਸਕਦਾ ਹੈ। ਕਿਉਂ ਠੀਕ ਹੈ ਨਾ ਮੰਮੀ?
ਦੇਵਕੀ: ਬਿਲਕੁਲ ਠੀਕ ! ਕਿਉਂ ਬਈ ਸਾਰੇ ਤਿਆਰ ਹੋ ਫੈਮਲੀ ਪ੍ਰਾਜੈਕਟ ਲਈ? (ਦੇਵਕੀ ਸੱਭ ਨੁੰ ਸੰਬੋਧਤ ਕਰਦੇ ਹੋਏ ਪੁੱਛਦੀ ਹੈ।)
ਸਾਰੇ : ਬਿਲਕੁਲ! ਅਸੀਂ ਤਿਆਰ ਹਾਂ। (ਰਾਜੇਸ਼, ਆਰਤੀ ਤੇ ਦੀਪਕ ਇਕੱਠੇ ਬੋਲਦੇ ਹਨ।)
ਝਾਕੀ ਦੂਸਰੀ
(ਸਵੇਰ ਦਾ ਸਮਾਂ ਹੈ। ਆਰਤੀ ਤੇ ਦੀਪਕ ਨਾਸ਼ਤਾ ਕਰ ਰਹੇ ਹਨ।)
ਦੀਪਕ: ਆਰਤੀ ਦੀਦੀ! ਯਾਦ ਹੈ ਨਾ …… ਅਖ਼ਬਾਰਾਂ ਦੀ ਢੇਰੀ ਵੱਖਰੀ ਲਗਾਉਣੀ ਹੈ। ਪਲਾਸਟਿਕ ਦੀਆਂ ਬੋਤਲਾਂ ਅਲੱਗ ਤੇ ਕੱਚ ਦੀਆ ਅਲੱਗ ਰਖਣੀਆਂ ਹਨ। ਕੋਲਡ ਡਰਿੰਕਸ ਵਾਲੇ ਕੈਨ (ਡਿੱਬੇ) ਅਲੱਗ ਤੇ ਸਬਜ਼ੀਆਂ ਦੇ ਛਿਲਕੇ ਅਲੱਗ ……
ਆਰਤੀ : ਮੈਂ ਨਹੀਂ ਰੱਖ ਸਕਦੀ ਇੰਨ੍ਹਾਂ ਕੁਝ ਯਾਦ। ਗੋਲੀ ਮਾਰ ਕੱਚਰੇ ਨੂੰ, ਮੈਨੂੰ ਹੋਰ ਵੀ ਬਹੁਤ ਕੰਮ ਨੇ।
ਦੀਪਕ: ਇਹ ਤਾਂ ਬਹੁਤ ਜ਼ਰੂਰੀ ਕੰਮ ਹੈ। ਜੇ ਅਸੀਂ ਕਚਰੇ ਬਾਰੇ ਅਜੇ ਵੀ ਕੁਝ ਨਹੀਂ ਕਰਾਂਗੇ ਤਾਂ ਸਾਨੂੰ ਬਹੁਤ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੋਵੇਗਾ।
ਆਰਤੀ : ਕਿਹੜੀਆਂ ਮੁਸ਼ਕਲਾਂ?
ਦੀਪਕ: ਪਹਿਲੀ ਗੱਲ ਤਾਂ, ਜਦ ਸਾਰੇ ਪਾਸੇ ਕੱਚਰੇ ਦੇ ਢੇਰ ਲੱਗ ਜਾਣਗੇ ਤਾ ਸਾਡੇ ਕੋਲ ਕਚਰਾ ਸੁਟਣ ਲਈ ਥਾਂ ਹੀ ਨਹੀਂ ਬਚਣੀ। ਦੂਜਾ ਇਹ ਪਾਣੀ ਨੂੰ ਵੀ ਖ਼ਰਾਬ ਕਰਦਾ ਹੈ ਤੇ ਅਨੇਕ ਬਿਮਾਰੀਆਂ ਦੀ ਜੜ੍ਹ ਵੀ ਹੈ।
ਆਰਤੀ : ਇਨ੍ਹਾਂ ਗੱਲਾਂ ਨਾਲ ਮੇਰਾ ਕੀ ਲੈਣਾ ਦੇਣਾ? ਕਿਉਂ ਠੀਕ ਨਹੀਂ ਮੇਰੀ ਗੱਲ?
ਦੇਵਕੀ: ਸੁਣੋ ਬੱਚਿਓ! ਜਲਦੀ ਕਰੋ, ਦੇਰ ਹੋ ਰਹੀ ਹੈ ਸਕੂਲ ਜਾਣ ਲਈ। ਦਪਿਕ਼! ਤੇਰਾ ਲੰਚ ਬਾਕਸ ਮੇਜ਼ ਉੱਤੇ ਰੱਖਿਆ ਹੈ।
ਦੀਪਕ: ਪਰ ਮੰਮੀ ! ਤੁਸੀਂ ਇਸ ਨੂੰ ਪਲਾਸਟਿਕ ਦੇ ਲਿਫ਼ਾਫੇ ਵਿਚ ਪਾ ਦਿੱਤਾ ਹੈ। ਪਲਾਸਟਿਕ ਤਾਂ ਮੁੜ-ਵਰਤੋਂ ਯੋਗ ਨਹੀਂ ਹੁੰਦਾ।
ਦੇਵਕੀ : ਦੀਪਕ! ਦੱਸ ਖਾਂ ਭਲਾ ਮੈਂ ਹੋਰ ਕੀ ਕਰਾਂ?
ਦੀਪਕ : ਹੂੰ! ਮੈਂਨੂੰ ਪਲਾਸਟਿਕ ਦਾ ਇਹ ਲਿਫ਼ਾਫ਼ਾ ਕੱਲ ਨੂੰ ਵਰਤੋਂ ਲਈ ਵੀ ਬਚਾ ਕੇ ਰੱਖਣਾ ਠੀਕ ਰਹੇਗਾ।
‘ ‘ ‘ ‘ ‘ ‘ ‘ ‘ ”
ਝਾਕੀ ਤੀਸਰੀ
(ਸ਼ਾਮ ਦਾ ਸਮਾਂ ਹੈ। ਦਾਦੀ ਮਾਂ ਮੰਜੇ ਉੱਤੇ ਬੈਠੀ ਕੱਪੜੇ ਉੱਤੇ ਕਢਾਈ ਕੱਢ ਰਹੀ ਹੈ। ਦੇਵਕੀ ਘਰ ਦੀ ਸਫ਼ਾਈ ਕਰ ਰਹੀ ਹੈ। ਭੂਆ ਲਕਸ਼ਮੀ ਤਿਾਬ ਪੜ੍ਹ ਰਹੀ ਹੈ। ਗੁਆਂਢਣ ਜਾਨਵੀ ਉਨ੍ਹਾਂ ਨੂੰ ਮਿਲਣ ਆਉਂਦੀ ਹੈ।)
ਜਾਨਵੀ: ਪਤਾ ਲਗਾ ਹੈ ਕਿ ਤੁਸੀਂ ਕੱਚਰਾ ਘਟਾਓ ਮੁਹਿੰਮ ਚਲਾਈ ਹੈ।
ਦੇਵਕੀ: ਜੀ! ਪਰ ਇਸ ਨਾਲ ਕੰਮ ਬਹੁਤ ਵੱਧ ਗਿਆ ਹੈ।
ਦਾਦੀ ਮਾਂ: ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੀਆਂ ਕਿ ਜਦ ਮੈਂ ਛੋਟੀ ਸਾਂ ਤਦ ਅੱਜਕਲ ਵਰਗੀ ਕੱਚਰੇ ਦੀ ਮੁਸ਼ਕਲ ਕਿਧਰੇ ਵੀ ਨਹੀਂ ਸੀ ਹੁੰਦੀ।
ਆਰਤੀ (ਹੈਰਾਨੀ ਭਰੇ ਅੰਦਾਜ਼ ਵਿਚ ਦਾਦੀ ਮਾਂ ਨੂੰ ਦੇਖਦੇ ਹੋਏ): ਕੋਈ ਕਚਰਾ ਨਹੀਂ ? ਉਹ ਕਿਵੇਂ ? ਦਾਦੀ ਮਾਂ!
ਦਾਦੀ ਮਾਂ: ਤਦ ਅਜੇ ਪਲਾਸਟਿਕ ਦੀ ਵਰਤੋਂ ਸ਼ੁਰੂ ਨਹੀਂ ਸੀ ਹੋਈ। ਬੋਤਲਾਂ ਤੇ ਕੈਨ ਵੀ ਕਾਫ਼ੀ ਘੱਟ ਵਰਤੇ ਜਾਂਦੇ ਸਨ।
ਦੇਵਕੀ: ਮਾਂ ਜੀ! ਸਬਜ਼ੀਆਂ ਤੇ ਫਲਾਂ ਦੇ ਛਿਲਕੇ ਤੇ ਖਾਣੇ ਦੀ ਰਹਿੰਦ ਖੂੰਹਦ ਦਾ ਕੀ ਕਰਦੇ ਸਨ ਲੋਕ ਤਦ? ਕੋਈ ਤਾਂ ਲੈ ਕੇ ਜਾਂਦਾ ਹੋਵੇਗਾ ਉਸ ਨੂੰ ਕਿਧਰੇ ਕਚਰੇ ਦੇ ਢੇਰ ਉੱਤੇ ਸੁੱਟਣ ਲਈ।
ਦਾਦੀ ਮਾਂ: ਕੋਈ ਵੀ ਇਸ ਰਹਿੰਦ ਖੂੰਹਦ ਨੂੰ ਕਿਧਰੇ ਲੈ ਕੇ ਨਹੀਂ ਸੀ ਜਾਂਦਾ । ਅਸੀਂ ਘਰ ਦੀ ਬਗੀਚੀ ਦੇ ਇਕ ਕੋਨੇ ਵਿਖੇ ਪੁੱਟੇ ਟੋਏ ਵਿਚ ਸੁੱਟ, ਇਸ ਕਚਰੇ ਦੀ ਖਾਦ ਬਣਾ ਲੈਂਦੇ ਸਾਂ।
ਜਾਨਵੀ: ਮੈਂ ਵੀ ਇੰਝ ਹੀ ਕਰਦੀ ਹਾਂ। ਮੈਂ ਆਪਣੇ ਘਰ ਦੇ ਪਿਛਲੇ ਪਾਸੇ ਬਣਾਏ ਇਕ ਟੋਏ ਵਿਚ ਖਾਣੇ, ਫਲਾਂ ਤੇ ਸਬਜ਼ੀਆਂ ਦੀ ਰਹਿੰਦ ਖੂੰਹਦ ਸੁਟਦੀ ਰਹਿੰਦੀ ਹਾਂ। ਕੁਝ ਅਰਸੇ ਬਾਅਦ ਜਦ ਇਹ ਗਲ ਸੜ੍ਹ ਜਾਂਦੀ ਹੈ ਤਾਂ ਮੈਂ ਇਨ੍ਹਾਂ ਤੋਂ ਬਣੀ ਖਾਦ ਨੂੰ ਆਪਣੀਆਂ ਫੁੱਲਾਂ ਦੀਆਂ ਕਿਆਰੀਆਂ ਵਿਚ ਬਿਖੇਰ ਦਿੰਦੀ ਹਾਂ। ਇੰਝ ਬੂਟੇ ਵੀ ਸੋਹਣੇ ਪਲਰਦੇ ਨੇ ਤੇ ਉਨ੍ਹਾਂ ਨੂੰ ਫੁੱਲ ਵੀ ਖੂਬ ਲਗਦੇ ਨੇ।
ਦੇਵਕੀ: ਮੈਂ ਨਹੀਂ ਚਾਹੁੰਦੀ ਕਿ ਮੇਰੇ ਘਰ ਦੇ ਵਿਹੜੇ ਵਿਚ ਗਲ ਸੜ ਰਹੇ ਖਾਣੇ ਆਦਿ ਦੀ ਬਦਬੂ ਫੈਲੀ ਹੋਵੇ।
ਜਾਨਵੀ: ਜੇ ਇਸ ਨੂੰ ਮਹੀਨੇ ਵਿਚ ਇਕ ਦੋ ਵਾਰ ਖੁਰਪੇ ਜਾਂ ਬੇਲਚੇ ਨਾ ਥੋੜ੍ਹਾ ਹਿਲਾ ਦੇਈਏ ਤਾਂ ਇਹ ਬਦਬੂ ਨਹੀਂ ਛੱਡਦਾ।
ਆਰਤੀ: ਇੰਝ ਕੰਮ ਤਾਂ ਵੱਧ ਹੀ ਗਿਆ।
ਦਾਦੀ ਮਾਂ : ਹਾਂ ਆਰਤੀ ਗੱਲ ਤਾਂ ਤੇਰੀ ਠੀਕ ਹੈ। ਪਰ ਚੰਗੇ ਕੰਮ ਨੇਪਰੇ ਚਾੜਣ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਇਹ ਕੰਮ ਵੀ ਅਸੀਂ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ। ਉਦਾਹਰਣ ਦੇ ਤੌਰ ‘ਤੇ ਤੇਰੇ ਪਾਪਾ ਸਾਰਾ ਦਿਨ ਦਫਤਰ ਦਾ ਕੰਮ ਕਰਦੇ ਨੇ ਤੇ ਮੰਮੀ ਘਰ ਦਾ ਕੰਮ-ਕਾਜ ਸੰਭਾਲਦੀ ਹੈ।
ਇਸ ਲਈ ਅਸੀਂ ਪਰਿਵਾਰ ਦੇ ਬਾਕੀ ਮੈਂਬਰ ਇਸ ਕੰਮ ਨੂੰ ਕਰਨ ਵਿਚ ਮਦਦ ਕਰ ਸਕਦੇ ਹਾਂ।
ਲਕਸ਼ਮੀ : ਸਾਡੇ ਸ਼ਹਿਰ ਵਿਚ ਤਾਂ ਕਚਰੇ ਦੀ ਮੁੜ-ਵਰਤੋਂ ਕਾਫ਼ੀ ਸੌਖੀ ਹੈ। ਸਿਰਫ਼ ਦੋ ਡਰੰਮਾਂ ਦੀ ਲੋੜ ਹੁੰਦੀ ਹੈ। ਇਕ ਡਰੰਮ ਵਿਚ ਮੁੜ-ਵਰਤੋਂ ਯੋਗ ਚੀਜ਼ਾਂ ਪਾਈਦੀਆਂ ਹਨ ਤੇ ਦੂਸਰੇ ਡਰੰਮ ਵਿਚ ਨਾਵਰਤੋਂ ਯੋਗ।
ਆਰਤੀ: ਪਰ ਦਾਦੀ ਮਾਂ! ਖਾਣੇ ਵਾਲੇ ਖ਼ਾਲੀ ਪੈਕਟਾਂ ਦਾ ਤੁਸੀਂ ਕੀ ਕਰਦੇ ਸੀ।
ਦਾਦੀ ਮਾਂ: ਉਸ ਸਮੇਂ ਪੈਕਟ ਬਹੁਤ ਹੀ ਘੱਟ ਹੁੰਦੇ ਸਨ।
ਦੀਪਕ: ਤਦ ਤਾਂ ਤੁਸੀਂ ਭੁੱਖੇ ਹੀ ਰਹਿੰਦੇ ਹੋਵੋਗੇ।
ਦਾਦੀ ਮਾਂ: ਅੱਜ ਕਲ ਵਾਂਗ ਪਕਿਆ ਪਕਾਇਆ ਖਾਣਾ ਮਿਲਣਾ ਤਦ ਆਮ ਨਹੀਂ ਸੀ। ਪਰ ਗੁਜ਼ਾਰਾ ਹੋ ਜਾਂਦਾ ਸੀ।
ਆਰਤੀ: ਪਰ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਸੀ?
ਦਾਦੀ ਮਾਂ: ਹਰ ਕੋਈ ਆਪਣੇ ਘਰ ਦੇ ਵਿਹੜੇ ਜਾਂ ਪਿਛਵਾੜੇ ਵਿਚ ਸਬਜ਼ੀਆਂ ਤੇ ਫਲਾਂ ਦੇ ਬੂਟੇ ਉਗਾ ਲੈਂਦਾ ਸੀ। ਗਰਮੀਆਂ ਦੇ ਮੌਸਮ ਦੌਰਾਨ ਪੈਦਾ ਹੋਏ ਵਾਧੂ ਫਲਾਂ ਜਿਵੇਂ ਕਿ ਸੇਬਾਂ ਦਾ ਮੁਰੱਬਾ, ਤੇ ਸ਼ਬਜ਼ੀਆਂ ਜਿਵੇਂ ਕਿ ਸਲਗ਼ਮ, ਗਾਜਰਾਂ, ਫੁੱਲ ਗੋਭੀ, ਲਸੂੜਾ, ਕੱਚੀਆਂ ਅੰਬੀਆਂ ਦਾ ਆਚਾਰ ਤਿਆਰ ਕਰ ਲਿਆ ਜਾਂਦਾ ਸੀ। ਗੁਲਾਬ ਦੇ ਫੁੱਲਾਂ ਦਾ ਗੁੱਲਕੰਦ ਬਣਾ ਲਿਆ ਜਾਂਦਾ ਸੀ। ਇਸ ਤਰ੍ਹਾਂ ਤਿਆਰ ਕੀਤੇ ਖਾਜੇ ਨੂੰ ਕੱਚ ਦੇ ਮਰਤਬਾਨਾਂ ਵਿਚ ਸੰਭਾਲ ਲਿਆ ਜਾਂਦਾ ਸੀ। ਜੋ ਲੰਮੇ ਸਮੇਂ ਤਕ ਠੀਕ ਰਹਿੰਦਾ ਸੀ। ਅਨਾਜ, ਆਲੂ ਤੇ ਸ਼ਕਰਕੰਦੀ ਆਦਿ ਨੂੰ ਮਿੱਟੀ ਦੀਆਂ ਮੱਟੀਆਂ ਵਿਚ ਸੰਭਾਲ ਲਿਆ ਜਾਂਦਾ ਸੀ। ਉਸ ਸਮੇਂ ਨਾ ਪਲਾਸਟਿਕ ਦੇ ਡੱਬੇ ਹੁੰਦੇ ਸਨ ਨਾ ਧਾਤ ਦੇ ਪੀਪੇ। ਤਦ ਗੱਤੇ ਦੇ ਬਕਸੇ ਵੀ ਨਹੀਂ ਸਨ ਹੁੰਦੇ।
ਦੇਵਕੀ: ਅਤੇ ਇਹ ਸਭ ਕੁਝ ਫਰਵਰੀ ਮਹੀਨੇ ਦੇ ਆਉਣ ਤਕ ਖ਼ਤਮ ਹੋ ਜਾਂਦਾ ਹੋਵੇਗਾ।
ਦਾਦੀ ਮਾਂ: ਨਹੀਂ। ਆਮ ਕਰ ਕੇ ਅਜਿਹੇ ਮਾੜੇ ਹਾਲਾਤ ਨਹੀਂ ਸਨ ਹੁੰਦੇ। ਪਰ ਕਦੇ ਕਦਾਈ ਅਜਿਹਾ ਹੋ ਵੀ ਜਾਂਦਾ ਸੀ। _____ ਪਰ ਹਾਂ! ਪੈਕਟਾਂ ਦੇ ਲਾਭ ਵੀ ਹਨ ਤੇ ਹਾਨੀਆਂ ਵੀ।
ਦੀਪਕ: ਦਾਦੀ ਮਾਂ ਜਦੋਂ ਤੁਸੀਂ ਛੋਟੇ ਹੁੰਦੇ ਸੀ ਤਾਂ ਕੀ ਦੁਕਾਨਾਂ ਨਹੀਂ ਸੀ ਹੁੰਦੀਆਂ?
ਦਾਦੀ ਮਾਂ: ਦੁਕਾਨਾਂ ਤਾਂ ਸਨ, ਪਰ ਉਥੋਂ ਚੀਜ਼ਾਂ ਲਿਆਉਣ ਲਈ ਆਪਣਾ ਝੋਲਾ ਜਾਂ ਬਰਤਨ ਲੈ ਕੇ ਜਾਣਾ ਹੁੰਦਾ ਸੀ। ਕਦੇ ਕਦਾਈ ਦੁਕਾਨ ਵਾਲਾ ਵੀ ਕੋਈ ਚੀਜ਼ ਕਿਸੇ ਬਰਤਨ ਵਿਚ ਪਾ ਕੇ ਦੇ ਦਿੰਦਾ ਪਰ ਉਹ ਬਰਤਨ ਦੁਕਾਨਦਾਰ ਨੂੰ ਵਾਪਸ ਕਰਨਾ ਪੈਂਦਾ ਸੀ।
ਲਕਸ਼ਮੀ: ਲਗਦਾ ਹੈ ਕਿ ਸ਼ਹਿਰਾਂ ਦੇ ਲੋਕਾਂ ਲਈ ਕੂੜੇ ਕਚਰੇ ਦੀ ਸਮੱਸਿਆ ਗੰਭੀਰ ਹੈ ਹੋਰ ਥਾਵਾਂ ਦੇ ਵਾਸੀਆਂ ਨਾਲੋਂ।
ਦੇਵਕੀ: ਕਿਉਂ ਕਿ ਸ਼ਹਿਰਾਂ ਵਿਚ ਪੀਣ ਵਾਲਾ ਪਾਣੀ, ਜ਼ਮੀਨ ਹੇਠ ਦੱਬੀਆਂ ਪਾਇਪਾਂ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਹੈ। ਜਦੋਂ ਕੂੜੇ-ਕੱਚਰੇ ਨੂੰ ਜ਼ਮੀਨ ਉੱਤੇ ਸੁੱਟਦੇ ਹਾਂ, (ਜੇ ਇਸ ਨੂੰ ਸਹੀ ਢੰਗ ਨਾਲ ਨਾ ਸੰਭਾਲਿਆ ਜਾਵੇ) ਤਾਂ ਇਸ ਕਚਰੇ ਦੇ ਅੰਸ਼, ਮੀਂਹ ਦੇ ਪਾਣੀ ਵਿਚ ਘੁਲ ਕੇ ਪੀਣ ਵਾਲੇ ਪਾਣੀ ਦੇ ਸਰੋਤਾਂ ਨੂੰ ਖ਼ਰਾਬ ਕਰ ਦਿੰਦੇ ਹਨ।
ਆਰਤੀ: ਇਸ ਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਜ਼ਮੀਨ ਉੱਤੇ ਕਦੇ ਵੀ ਕੁਝ ਵੀ ਨਹੀਂ ਸੁੱਟ ਸਕਦੇ।
ਦੇਵਕੀ: ਆਰਤੀ! ਇੰਨ੍ਹੀ ਵੱਡੀ ਸਮੱਸਿਆ ਵੀ ਨਹੀਂ ਹੈ ਇਹ। ਉਸ ਪੁਰਾਣੇ ਰੇਡੀੳ ਦੀ ਹੀ ਗੱਲ ਲੈ ਲਵੋ ਜੋ ਅੱਜ ਸਵੇਰੇ ਤੂੰ ਕੂੜੇ ਵਿਚ ਸੁੱਟ ਦਿੱਤਾ ਸੀ।
ਆਰਤੀ: ਮੰਮੀ! ਉਹ ਰੇਡੀਓ ਤਾਂ ਖ਼ਰਾਬ ਹੋ ਗਿਆ ਸੀ।
ਦਾਦੀ ਮਾਂ: ਮੈਨੂੰ ਯਕੀਨ ਹੈ ਕਿ ਤੇਰੇ ਸਕੂਲ ਵਿਚ ਬਿਜਲੀ ਬਾਰੇ ਤਾਂ ਪੜ੍ਹਾਇਆ ਹੀ ਜਾਂਦਾ ਹੋਵੇਗਾ।
ਆਰਤੀ: ਓਹ! ਇਹ ਤਾਂ ਮੈਂ ਸੋਚਿਆ ਹੀ ਨਹੀਂ। ਸ਼ਾਇਦ ਸਕੂਲ ਵਰਕਸ਼ਾਪ ਵਾਲੇ ਅੰਕਲ ਇਸ ਨੂੰ ਠੀਕ ਹੀ ਕਰ ਦਿੰਦੇ। ਪਰ ਮੈਨੂੰ ਉਹ ਰੇਡੀਓ ਪਸੰਦ ਹੀ ਨਹੀਂ।
ਦਾਦੀ ਮਾਂ: ਠੀਕ ਹੈ ਜੇ ਤੈਨੂੰ ਇਹ ਪਸੰਦ ਨਹੀਂ। ਪਰ ਅਜਿਹੇ ਵੀ ਕਈ ਲੋਕ ਹਨ ਜਿੰਨ੍ਹਾਂ ਕੋਲ ਕੋਈ ਰੇਡੀਓ ਹੀ ਨਹੀਂ। ਮੈਨੂੰ ਯਕੀਨ ਹੈ ਕਿ ਉਹ ਮੁਰੰਮਤ ਕੀਤਾ ਰੇਡੀਓ ਲੈ ਕੇ ਹੀ ਬਹੁਤ ਖੁਸ਼ ਹੋ ਸਕਦੇ ਹਨ।
ਆਰਤੀ : ਦਾਦੀ ਮਾਂ! ਸੱਚ ਹੀ ਤੁਸੀਂ ਬੜੇ ਸਿਆਣੇ ਹੋ।
ਦੀਪਕ: ਦਾਦੀ ਮਾਂ ਸਿਆਣੀ ਨਹੀਂ, ਬੁੱਢੀ ਹੈ।
ਰਾਜੇਸ਼: (ਗੁੱਸੇ ਵਿਚ) ਆਰਿਫ਼! ਕੀ ਵੱਡਿਆ ਬਾਰੇ ਇੰਝ ਬੋਲੀਦਾ ਹੈ?
ਦਾਦੀ ਮਾਂ: (ਰਾਜੇਸ਼ ਨੂੰ ਸੰਬੋਧਤ ਕਰਦੇ ਹੋਏ) ਬੇਟਾ! ਦੀਪਕ ਠੀਕ ਹੀ ਕਹਿੰਦਾ ਹੈ। ਲੋਕ ਆਪਣੀਆਂ ਗਲਤੀਆਂ ਤੋਂ ਸਿੱਖਦੇ ਹਨ। ਜਿੰਨਾ ਬੁੱਢਾ ਕੋਈ ਹੁੰਦਾ ਹੈ, ਉਨ੍ਹੀਆਂ ਵਧੇਰੇ ਗਲਤੀਆਂ ਉਹ ਕਰ ਚੁੱਕਾ ਹੁੰਦਾ ਹੈ, ਤੇ ਇੰਝ ਉਨ੍ਹਾਂ ਵਧੇਰੇ ਹੀ ਉਹ ਸਿਆਣਾ ਹੋ ਜਾਂਦਾ ਹੈ।
ਰਾਜੇਸ਼ : ਇਸੇ ਕਰਕੇ ਤਾ ਹੁਣ ਚੀਜ਼ਾਂ ਦੀ ਮੁੜ-ਵਰਤੋਂ ਸ਼ੁਰੂ ਹੋ ਗਈ ਹੈ। ਇਹ ਗੱਲ ਤਾਂ ਇੰਝ ਹੈ ਜਿਵੇਂ ਹਰ ਕੋਈ ਕਹਿ ਰਿਹਾ ਹੋਵੇ, “ਅਸੀਂ ਗਲਤੀਆਂ ਕੀਤੀਆਂ ਸਨ, ਪਰ ਹੁਣ ਅਸੀਂ ਸਿਆਣੇ ਹੋ ਗਏ ਹਾਂ।” ਦਰਅਸਲ ਇਹ ਵੀ ਸੱਚ ਹੈ ਕਿ ਬੇਸ਼ਕ ਅਸੀਂ ਪੁਰਾਣੀਆਂ ਚੀਜ਼ਾਂ ਦੀ ਮੁਰੰਮਤ ਕਰ ਕੇ ਮੁੜ-ਵਰਤੋਂ ਯੋਗ ਬਣਾ ਲਈਏ, ਜਾਂ ਕੂੜੇ-ਕੱਚਰੇ ਦੀ ਮਾਤਰਾ ਘਟਾ ਲਈਏ, ਪਰ ਫਿਰ ਵੀ ਤਾਂ ਕੁਝ ਨਾ ਕੁਝ ਅਜਿਹਾ ਕਚਰਾ ਬਚ ਹੀ ਜਾਵੇਗਾ ਜਿਸ ਨੂੰ ਜਾਂ ਤਾ ਜਲਾਣਾ ਪਵੇਗਾ ਜਾਂ ਟੋਇਆ ਟਿੱਬਿਆਂ ਵਿਚ ਸੁੱਟਣਾ ਪਵੇਗਾ।
ਦਾਦੀ ਮਾਂ: ਰਾਜੇਸ਼ ! ਭਲਾ ਤੂੰ ਕੀ ਸੋਚਦਾ ਹੈ ਇਸ ਸਮੱਸਿਆ ਬਾਰੇ?
ਅਰਸ਼ਦ : ਮੈਨੂੰ ਡਰ ਸੀ ਕਿ ਤੁਸੀਂ ਮੈਂਨੂੰ ਇਹੋ ਸਵਾਲ ਪੁੱਛੋਗੇ। ਮੈਂਨੂੰ ਤਾਂ ਲਗਦਾ ਹੈ ਕਿ ਕਚਰਾ ਘਟਾਉਣਾ ਬਹੁਤ ਔਖਾ ਕੰਮ ਹੈ।
ਦੀਪਕ : ਪਾਪਾ! ਪਰ ਇਹ ਜ਼ਰੂਰੀ ਹੈ ਨਾ?
ਰਾਜੇਸ਼ : ਹਾਂ ਬੇਟਾ!
ਜਾਨਵੀ : ਕੱਚਰਾ ਘਟਾਉਣ ਬਾਰੇ ਗੱਲਾਂ-ਬਾਤਾਂ ਕਰਨੀਆਂ ਹੀ ਕਾਫ਼ੀ ਨਹੀਂ। ਸਾਨੁੰ ਸੱਭ ਨੂੰ ਇਸ ਬਾਰੇ ਕੁਝ ਨਾ ਕੁੱਝ ਕਰਨਾ ਜ਼ਰੂਰੀ ਹੈ।
ਮੈਂ ਤਾਂ ਸਮਝਦੀ ਹਾਂ ਕਿ ਜੇ ਸਾਡੇ ਸ਼ਹਿਰ ਦੇ ਸਾਰੇ ਵਾਸੀ ਹੀ ਕੱਚਰਾ ਘਟਾਉਣ ਦਾ ਨਿਸ਼ਚਾ ਕਰ ਲੈਣ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ।
ਆਰਤੀ : ਤਦ ਤਾਂ ਸਾਡੇ ਸ਼ਹਿਰ ਵਿਚ ਦੁਨੀਆਂ ਦਾ ਸੱਭ ਤੋਂ ਛੋਟਾ ਕੱਚਰੇ ਦਾ ਢੇਰ ਹੋਵੇਗਾ।
ਦੇਵਕੀ: ਤਦ ਅਸੀਂ ਵਧੇਰੇ ਸਾਫ਼ ਪਾਣੀ ਵੀ ਪੀ ਸਕਾਂਗੇ। ਵਾਹ ਦੀਪਕ ਵਾਹ! ਤੂੰ ਸਾਨੂੰ ਇਸ ਬਾਰੇ ਸੁਚੇਤ ਕੀਤਾ ਹੈ।
(ਦਰਵਾਜ਼ੇ ਦੀ ਘੰਟੀ ਵੱਜਣ ਦੀ ਆਵਾਜ਼ ਆਉਂਦੀ ਹੈ।)
ਦੇਵਕੀ: (ਆਰਤੀ ਵੱਲ ਦੇਖਦੇ ਹੋਏ) ਤੇਰੀ ਸਹੇਲੀ ਮੌਨਿਕਾ ਆਈ ਹੈ।
ਮੌਨਿਕਾ : ਹੈਲੋ ਆਰਤੀ! ਚੱਲ ਬਾਜ਼ਾਰ ਚਲੀਏ।
ਆਰਤੀ: ਜ਼ਰੂਰ ਚਲਦੇ ਹਾਂ ਮੌਨਿਕਾ। ਪਹਿਲਾਂ ਮੈਂ ਕਚਰੇ ਦੇ ਢੇਰ ਦੀ ਥੋੜ੍ਹੀ ਫਰੋਲਾ-ਫਰਾਲੀ ਕਰਨੀ ਹੈ।
ਮੌਨਿਕਾ: (ਸਵਾਲੀਆਂ ਨਜ਼ਰਾਂ ਨਾਲ ਦੇਖਦੀ ਹੋਈ) ਕਚਰੇ ਦੇ ਢੇਰ ਦੀ ਫਰੋਲਾ-ਫਰਾਲੀ???
ਆਰਤੀ:ਹਾਂ! ਮੈਂ ਇਕ ਪੁਰਾਣਾ ਰੇਡੀਓ ਉਸ ਵਿਚੋਂ ਕੱਢਣਾ ਚਾਹੁੰਦੀ ਹਾਂ ਜੋ ਅੱਜ ਸਵੇਰੇ ਹੀ ਮੈਂ ਇਸ ਢੇਰ ਵਿਚ ਸੁੱਟਿਆ ਸੀ।
ਮੌਨਿਕਾ: ਠੀਕ ਹੈ । ਪਰ ਹੈ ਇਹ ਬੜੀ ਅਜੀਬ ਗੱਲ।
ਆਰਤੀ਼: ਇਹ ਅਜੀਬ ਗੱਲ ਨਹੀਂ। ਤੂੰ ਚਾਹੁੰਦੀ ਹੈ ਕਿ ਤੈਨੂੰ ਪੀਣ ਲਈ ਸਾਫ਼ ਪਾਣੀ ਮਿਲੇ?
ਮੌਨਿਕਾ: ਹਾਂ ਤਾਂ।
ਆਰਤੀ: ਤਾਂ ਫਿਰ ਗੱਲਾਂ ਨਾਲੋਂ ਵੱਧ, ਸਾਨੂੰ ਸੱਭ ਨੂੰ ਕੂੜੇ-ਕਚਰੇ ਦੇ ਸੁੱਟਣ ਦਾ ਸਹੀ ਪ੍ਰਬੰਧ ਕਰਨ ਦੀ ਲੋੜ ਹੈ।
ਰਾਜੇਸ਼: ਬਿਲਕੁਲ ਠੀਕ! ਅੱਜ ਦੀ ਲੋੜ ਹੈ ਕਿ ਅਸੀਂ ਕੂੜੇ-ਕਚਰੇ ਨੂੰ ਘਟਾਈਏ, ਤਾਂ ਜੋ ਸਾਡੀ ਧਰਤੀ ਪ੍ਰਦੂਸ਼ਣ ਮੁਕਤ ਹੋ, ਪਹਿਲਾਂ ਵਾਂਗ ਸੋਹਣੀ ਤੇ ਸਾਫ਼ ਸੁਥਰੀ ਲਗ ਸਕੇ।
(ਪਰਦਾ ਗਿਰਦਾ ਹੈ।)
[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …