Breaking News
Home / ਮੁੱਖ ਲੇਖ / ਪੰਜਾਬ ਦੇ ਬਦਲ ਰਹੇ ਸਿਆਸੀ ਸਮੀਕਰਨਾਂ ਦੀ ਅਸਲੀਅਤ

ਪੰਜਾਬ ਦੇ ਬਦਲ ਰਹੇ ਸਿਆਸੀ ਸਮੀਕਰਨਾਂ ਦੀ ਅਸਲੀਅਤ

316844-1rZ8qx1421419655-300x225ਬਲਕਾਰ ਸਿੰਘ (ਪ੍ਰੋ.)
ਪੰਜਾਬ ਦੀ ਸਿਆਸਤ ਵਿੱਚ ਕੇਜਰੀਵਾਲ ਵਰਤਾਰੇ ਨਾਲ ਬਹੁਤ ਕੁਝ ਨਵਾਂ ਵਾਪਰਦਾ ਲੱਗ ਰਿਹਾ ਹੈ ਅਤੇ ਨਵੀਂ ਕਿਸਮ ਦੇ ਸਿਆਸੀ ਭੇੜ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ઠਆਮ ਬੰਦੇ ਵਾਸਤੇ ਬਣੀ ਇਸ ਖ਼ਾਸ ਪਾਰਟੀ ਨੇ ਜਿਸ ਤਰ੍ਹਾਂ ਦਾ ਸਿਆਸੀ ਭੂਚਾਲ ਦਿੱਲੀ ਵਿੱਚ ਲਿਆਂਦਾ ਸੀ, ਉਸੇ ਤਰ੍ਹਾਂ ਦੇ ਸਿਆਸੀ ਭੂਚਾਲ ਦੀ ਆਸ ਦੇ ਆਲੇ-ਦੁਆਲੇ ਪੰਜਾਬ ਦੀ ਸਿਆਸਤ ਘੁੰਮਣ ਲੱਗ ਪਈ ਹੈ। ઠਸਿਆਸੀ ਅਪ੍ਰਸੰਗਕਿਤਾ ਦੀ ਸ਼ਿਕਾਰ ਸਿਆਸੀ ਚੇਤਨਾ ਨੂੰ ਪੰਜਾਬ ਵਿੱਚ ਸਿਆਸੀ ਬਦਲਾਅ ਦੀਆਂ ਸੰਭਾਵਨਾਵਾਂ ਦੇ ਹੱਕ ਵਿੱਚ ਲੋਕ ਲਹਿਰ ਨਜ਼ਰ ਆਉਣ ਲੱਗ ਪਈ ਹੈ। ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ‘ਆਪ’ ਨੂੰ ਮਿਲੀਆਂ ਚਾਰ ਸੀਟਾਂ ਨੂੰ ਹੂੰਝਾਫੇਰ ਜਿੱਤ ਵਾਂਗ ਪੇਸ਼ ਕਰਕੇ ਅਤੇ ਦਿੱਲੀ ਵਾਲੀ ਜਿੱਤ ਨੂੰ ਪੰਜਾਬ ਦੀਆਂ ਚੋਣਾਂ ਜਿੱਤਣ ਦਾ ਆਧਾਰ ਬਣਾਇਆ ਜਾ ਰਿਹਾ ਹੈ।
ਦੇਸ਼ ਦਾ ਸਿਆਸੀ ਮਾਹੌਲ ਜਿਸ ਤਰ੍ਹਾਂ ਸਿਧਾਂਤਕਤਾ ਦੀ ਥਾਂ ਜਜ਼ਬਾਤੀ ਸ਼ੋਸ਼ਣ ਵਾਲੀ ਸਿਆਸਤ ਨਾਲ ਜੁੜਦਾ ਜਾ ਰਿਹਾ ਹੈ, ਉਸ ਨਾਲ ਕਿਸੇ ਵੀ ਸਿਆਸੀ ਪਾਰਟੀ ਵਾਸਤੇ ਕੁਝ ਵੀ ਸੌਖਾ ਨਹੀਂ ਰਿਹਾ। ਸਿਆਸਤਦਾਨਾਂ ਦੀਆਂ ਦਾਅਵੇਦਾਰੀਆਂ ਦੀ ਅਕਸਰ ਕੋਈ ਅਹਿਮੀਅਤ ਨਹੀਂ ਹੁੰਦੀ ਕਿਉਂਕਿ ਥੋਕ ਵਿੱਚ ਜਮਾਨਤਾਂ ਜਬਤ ਕਰਾਉਣ ਵਾਲੀਆਂ ਪਾਰਟੀਆਂ ਦੇ ਲੀਡਰ ਸਾਰੀਆਂ ਸੀਟਾਂ ਲੜਣ ਅਤੇ ਸਰਕਾਰ ਬਣਾਉਣ ਦੀਆਂ ਦਾਅਵੇਦਾਰੀਆਂ ਕਰਦੇ ਰਹਿੰਦੇ ਹਨ। ઠਪੰਜਾਬ ਦਾ ਸਿਆਸੀ ਅਖਾੜਾ ਕਦੇ ਵੀ ਕੌਮੀ ਸਿਆਸੀ ਅਖਾੜੇ ਵਰਗਾ ਨਹੀਂ ਰਿਹਾ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਦਿੱਲੀ ਵਿਰੋਧੀ ਜਜ਼ਬਾ ਸਦਾ ਹੀ ਭਾਰੂ ਰਿਹਾ ਹੈ। ਅਕਾਲੀਆਂ ਦਾ ਦਿੱਲੀ ਵਿਰੋਧੀ ਸਿਆਸੀ ਪੈਂਤੜਾ ਅਕਾਲੀ ਵੋਟ ਬੈਂਕ ਨੂੰ ਲਗਾਤਾਰ ਪੱਕਿਆਂ ਕਰਦਾ ਰਿਹਾ ਹੈ। ਇਸ ਵੇਲੇ ਅਕਾਲੀਆਂ ਲਈ ਇਹੋ ਪੈਂਤੜਾ ਸਮੱਸਿਆ ਹੋ ਗਿਆ ਹੈ ਕਿਉਂਕਿ ਕਾਂਗਰਸ ਵਾਲੀ ਦਿੱਲੀ ਅਤੇ ਭਾਜਪਾ ਵਾਲੀ ਦਿੱਲੀ ਵਿੱਚ ਬਹੁਤਾ ਫ਼ਰਕ ਨਾ ਹੋਣ ਦੇ ਬਾਵਜੂਦ ਅਕਾਲੀਆਂ ਨੂੰ ਪਹਿਲੀ ਵਾਰ ਦਿੱਲੀ ਦੇ ਹੱਕ ਵਿੱਚ ਭੁਗਤਣਾ ਪੈ ਰਿਹਾ ਹੈ। ਇਸ ਨਾਲ ਪੈਦਾ ਹੋ ਗਏ ਸਿਆਸੀ ਖਲਾਅ ਵਿੱਚ ‘ਆਪ’ ਟਿਕਦੀ ਨਜ਼ਰ ਆਉਣ ਲੱਗ ਪਈ ਹੈ। ઠਇਸ ਨੇ ਸੂਬੇ ਦੀਆਂ ਰਵਾਇਤੀ ਵੱਡੀਆਂ ਸਿਆਸੀ ਪਾਰਟੀਆਂ ਨੂੰ ਫ਼ਿਕਰਮੰਦ ਕਰ ਦਿੱਤਾ ਹੈ। ਫ਼ਿਕਰਮੰਦੀ, ਸਿਆਸੀ ਪ੍ਰਸੰਗ ਵਿੱਚ ਹੁੰਦੀ ਹੀ ਕੁਝ ਗੁਆਉਣ ਦੀ ਸਿਆਸਤ ਹੈ। ‘ਆਪ’ ਕੋਲ ਗੁਆਉਣ ਵਾਸਤੇ ਕੁਝ ਨਹੀਂ ਅਤੇ ਇਸੇ ਦਾ ਹੀ ਉਹ ਲਾਹਾ ਲੈ ਰਹੇ ਹਨ। ઠਕੇਜਰੀਵਾਲ ਵਰਤਾਰਾ ਇਸ ਕਰਕੇ ਅਹਿਮ ਹੋ ਗਿਆ ਹੈ ਕਿਉਂਕਿ ਸਿਆਸਤਦਾਨਾਂ ਦੀ ਸਿਆਸੀ ਸ਼ਾਖ ਨੂੰ ਲੱਗੇ ਖੋਰੇ ਦੇ ਵਿਰੋਧ ਨੂੰ ਦਿੱਲੀ ਦੀਆਂ ਚੋਣਾਂ ਵਿੱਚ ਸਫਲਤਾ ਸਹਿਤ ਵਰਤਿਆ ਜਾ ਚੁੱਕਾ ਹੈ। ઠਸਵਾਲ ਵੋਟ ਬੈਂਕ ਦੀ ਚੇਤਨਾ ਦਾ ਨਹੀਂ ਬਲਕਿ ਸਿਆਸੀ ਉਬਾਲ ਦਾ ਲਾਹਾ ਲੈ ਰਹੀ ਲੀਡਰਸ਼ਿਪ ਦਾ ਹੈ। ઠਕੇਜਰੀਵਾਲ ਦੀ ਦਿੱਲੀ ਵਾਲੀ ਪ੍ਰਾਪਤੀ ‘ਆਪ’ ਦਾ ਗਾਂਧੀ ਹੋ ਜਾਣ ਵਰਗੀ ਸੀ ਪਰ ਪੰਜਾਬ ਦੀ ਪ੍ਰਾਪਤੀ ਉਹ ਪੰਜਾਬ ਦਾ ਕੀ ਹੋ ਕੇ ਕਰਨਾ ਚਾਹੁੰਦਾ ਹੈ, ਇਸ ਦਾ ਫ਼ੈਸਲਾ ਅਜੇ ਹੋਣਾ ਹੈ।ਸਿਆਸਤ ਦੀ ਸੁਰ ਸਥਾਪਤੀ ਵਿੱਚ ਸੱਭਿਆਚਾਰ ਦਾ ਅਹਿਮ ਰੋਲ ਹੁੰਦਾ ਹੈ। ਇਹ ਮਹਾਤਮਾ ਗਾਂਧੀ ਨਾਲ ਸ਼ੁਰੂ ਹੋਇਆ ਸੀ ਅਤੇ ਮੋਦੀ ਨਾਲ ਸਿਖਰ ‘ਤੇ ਪਹੁੰਚ ਗਿਆ ਹੈ। ਪੰਜਾਬ ਨੇ ਨਾ ਕਦੇ ਮਹਾਤਮਾ ਗਾਂਧੀ ਦੀ ਸਿਆਸਤ ਨੂੰ ਸਵੀਕਾਰਿਆ ਸੀ ਅਤੇ ਨਾ ਮੋਦੀ ਦੀ ਸਿਆਸਤ ਨੂੰ ਸਵੀਕਾਰਿਆ ਹੈ। ઠਕੇਜਰੀਵਾਲ ਦੀ ਦਿੱਲੀ ਜਿੱਤਣ ਦੀ ਖਲਿਲ ਸਿਆਸਤ, ਪੰਜਾਬ ਵਿੱਚ ਚੱਲਣੀ ਮੁਸ਼ਕਲ ਹੈ ਕਿਉਂਕਿ ਪੰਜਾਬ ਵਿੱਚ ਇਹ ਸਿਆਸਤ ਵਾਰ-ਵਾਰ ਫੇਲ੍ਹ ਹੋ ਚੁੱਕੀ ਹੈ। ਅਕਾਲੀਆਂ ਦੀ ਅਗਵਾਈ ਵਿੱਚ ਸੱਭਿਆਚਾਰ ‘ਤੇ ਆਧਾਰਿਤ ਸਿਆਸਤ ਦੀ ਸਿਖਰ ਬਾਦਲ ਸਾਹਿਬ ਹੋ ਗਏ ਹਨ ਅਤੇ ਇਸ ਦਾ ਬਦਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੈਪਟਨ ਸਾਹਿਬ ਸਨ ਅਤੇ ਹੁਣ ਵੀ ਉਹੀ ਦਾਅਵੇਦਾਰ ਹਨ। ਕੈਪਟਨ ਸਾਹਿਬ ਨੂੰ ਕਾਂਗਰਸੀ ਸ਼ਿਕੰਜੇ ਵਿੱਚ ਕਸਣ ਦੀ ਸਿਆਸਤ ਨੇ ਪਿਛਲੀ ਵਾਰ ਵੀ ਨੁਕਸਾਨ ਪਹੁੰਚਾਇਆ ਸੀ ਅਤੇ ਹੁਣ ਵੀ ਨੁਕਸਾਨ ਪਹੁੰਚ ਸਕਦਾ ਹੈ। ਕੇਜਰੀਵਾਲ ਦੀ ਅਗਵਾਈ ਵਿੱਚ ਤੀਜੀ ਸਿਆਸੀ ਧਿਰ ਦੇ ਦਾਖ਼ਲ ਹੋ ਜਾਣ ਨਾਲ ਜਿਹੋ ਜਿਹਾ ਸਿਆਸੀ ਵਰਤਾਰਾ ਪੈਦਾ ਹੋ ਗਿਆ ਹੈ, ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੇ ਬਾਕੀ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਜਿਤਾਉਣ ਦੀ ਭੂਮਿਕਾ ਨਿਭਾਉਣੀ ਹੈ।
ਬੇਸ਼ੱਕ ਆਮ ਪੰਜਾਬੀ ਵੋਟਰ ਦੀ ਮਾਨਸਿਕਤਾ ਦਾ ਝੁਕਾਅ ਤੁਰੰਤ ਤਾਂ ‘ਆਪ’ ਵੱਲ ਲਗਦਾ ਹੈ, ਪਰ ਇਸ ਝੁਕਾਅ ਨੇ ਅਜੇ ਕਈ ਰੰਗ ਬਦਲਣੇ ਹਨ। ઠਅਕਾਲੀ ਭਾਜਪਾ, ਕਾਂਗਰਸ ਅਤੇ ਆਪ ਤਿੰਨੇ ਹੀ ਕ੍ਰਮਵਾਰ ਮੋਦੀ, ਰਾਹੁਲ ਅਤੇ ਕੇਜਰੀਵਾਲ ਦੀ ਕੇਂਦਰੀਕਰਨ ਵਾਲੀ ਦੀ ਸਿਆਸਤ ਦਾ ਸ਼ਿਕਾਰ ਹਨ। ਚੇਤੰਨ ਵੋਟਰ ਦਾ ਮੋਹ ਭੰਗ ਜਿੰਨਾ ਕਾਂਗਰਸ ਨੇ ਦਹਾਕਿਆਂ ਵਿੱਚ ਕੀਤਾ ਸੀ, ਉਹੋ ਜਿਹੇ ਮੋਹ ਭੰਗ ਵੱਲ ਭਾਜਪਾ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ‘ਆਪ’ ਮੌਕਾ ਮਿਲੇ ਤੋਂ ਬਿਨਾ ਹੀ ਇਸ ਪਾਸੇ ਤੁਰੀ ਹੋਈ ਹੈ। ઠਨਤੀਜੇ ਵਜੋਂ ਸਿਆਸੀ ਲੀਡਰਸ਼ਿਪ ਦੀ ਸ਼ਾਖ ਦਿਨੋਂ-ਦਿਨ ਕਿਰਦੀ ਜਾ ਰਹੀ ਹੈ। ઠਹਰ ਲੀਡਰ ਦੀ ਉਂਗਲ ਦੂਜੇ ਵੱਲ ਉਠੀ ਹੋਈ ਹੈ।ઠਇਸ ਹਾਲਤ ਵਿੱਚ ਮੋਦੀ, ਰਾਹੁਲ ਅਤੇ ਕੇਜਰੀਵਾਲ ਦੇ ਨਾਮ ‘ਤੇ ਪੰਜਾਬੀ ਵੋਟਰ ਨੇ ਭੁਗਤਣਾ ਹੈ ਜਾਂ ਨਹੀਂ ਪਰ ਇਸ ਨੇ ਨਤੀਜਿਆਂ ਨੂੰ ਪ੍ਰਭਾਵਿਤ ਜ਼ਰੂਰ ਕਰਨਾ ਹੈ। ਕਾਂਗਰਸ, ਖੇਤਰੀ ਲੀਡਰਸ਼ਿਪ ਨੂੰ ਲਗਾਤਾਰ ਮਧੋਲਦੀ ਰਹੀ ਹੈ ਅਤੇ ਮੋਦੀ ਸਾਹਿਬ ਦੀ ਅਗਵਾਈ ਵਿੱਚ ਭਾਜਪਾ ਵੀ ਉਸੇ ਰਾਹ ਪਈ ਹੋਈ ਹੈ। ઠ’ਆਪ’ ਨੂੰ ਦਿੱਲੀ ਤੋਂ ਪਿੱਛੋਂ ਪੰਜਾਬ ਵਿੱਚੋਂ ਜੋ ਹੁੰਗਾਰਾ ਮਿਲਿਆ ਉਸ ਨਾਲ ਪੰਜਾਬ ਦਾ ਕੋਈ ਖੇਤਰੀ ਲੀਡਰ ਸਾਹਮਣੇ ਨਹੀਂ ਆਇਆ, ਜਿਸ ਤਰ੍ਹਾਂ ਬਾਦਲ ਸਾਹਿਬ ਅਤੇ ਕੈਪਟਨ ਸਾਹਿਬ ਹਨ। ਛੋਟੇਪੁਰ ਦੀ ਅਗਵਾਈ ਵਿੱਚ ਜਿਸ ਕਿਸਮ ਦੇ ਪਰਿਵਰਤਨ ਦਾ ਸਿਆਸੀ ਭਰਮ ਆਮ ਬੰਦੇ ਦੀ ਮਾਨਸਿਕਤਾ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਨੂੰ ਪੰਜਾਬ ਤੋਂ ਬਾਹਰਲੀ ਲੀਡਰਸ਼ਿਪ ਦੀਆਂ ਫਹੁੜੀਆਂ ਨਾਲ ਕਾਇਮ ਰੱਖਣਾ ਮੁਸ਼ਕਲ ਹੋ ਜਾਏਗਾ? ‘ਆਪ’ ਦਾ ਉਹ ਕੁਦਰਤੀ ਉਭਾਰ ਜੋ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਸਾਹਮਣੇ ਆਇਆ ਸੀ, ਨੂੰ ਅਕਾਲੀ ਵਿਰੋਧ ਜਾਂ ਕਾਂਗਰਸੀ ਵਿਰੋਧ ਦੀ ਸਿਆਸਤ ਵਜੋਂ ਬਹਾਲ ਨਹੀਂ ਰੱਖਿਆ ਜਾ ਸਕਦਾ ਪਰ ਇਸ ਨਾਲ ਪੰਜਾਬ ਵਿੱਚ ਗਹਿਗੱਚ ਸਿਆਸੀ ਭੇੜ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।
ਦੁਨੀਆਂ ਵਿੱਚ ਜਦੋਂ ਵੀ ਸਿਆਸੀ ਤਬਦੀਲੀਆਂ ਆਈਆਂ ਹਨ, ਉਨ੍ਹਾਂ ਦਾ ਆਧਾਰ ਕਿਸੇ ਨਾ ਕਿਸੇ ਰੂਪ ਵਿੱਚ ਹੈਂਕੜੀ ਸਿਆਸਤ ਨੂੰ ਸਜ਼ਾ ਦੇਣ ਦੀ ਮਾਨਸਿਕਤਾ ਰਹੀ ਹੈ। ਵਕਤੀ ਖਲਾਅ ਵਿੱਚੋਂ ਪੈਦਾ ਹੋਏ ਸਿਆਸੀ ਉਭਾਰ ਨੂੰ ਸਿਆਸੀ ਬਦਲ ਦਾ ਉਲਾਰ, ਗੁਸੈਲਾ ਅਤੇ ਜਜ਼ਬਾਤੀ ਵਹਿਣ, ઠਸਦਾ ਹੀ ਵਕਤੀ ਸਿਆਸੀ ਜਿੱਤਾਂ ਦੇ ਰਾਹ ਪਾਉਂਦਾ ਵੀ ਰਿਹਾ ਹੈ ਅਤੇ ਇਸ ਨਾਲ ਸਰਚਦਾ ਵੀ ਰਿਹਾ ਹੈ। ਇਸ ਦਾ ਸਮਰਥਨ ਇਸ ਸਚਾਈ ਨਾਲ ਹੋ ਜਾਂਦਾ ਹੈ ਕਿ ਜੋ ਸਥਿਤੀ ਅੰਨਾ ਹਜ਼ਾਰੇ ਦੀ ਲੋਕ ਲਹਿਰ ਨਾਲ ਪੈਦਾ ਹੋਈ ਸੀ, ਉਸ ਦਾ ਸਿਆਸੀ ਲਾਹਾ ਦਿੱਲੀ ਦੀਆਂ ਚੋਣਾਂ ਵਿੱਚ ਲੈ ਲੈਣ ਪਿੱਛੋਂ ਲਹਿਰ ਦਾ ਭੋਗ ਪੈ ਗਿਆ ਸੀ। ਸਿਧਾਂਤਕਤਾ ਦਾ ਬਦਲ, ਜਜ਼ਬਾਤੀ ਉਭਾਰ ਕਦੇ ਵੀ ਨਹੀਂ ਬਣ ਸਕਦਾ। ਦਿੱਲੀ ਵਿੱਚ ਇਹ ਤਜਰਬਾ ਹੋ ਚੁੱਕਾ ਹੈ ਅਤੇ ਪੰਜਾਬ ਵਿੱਚ ਹੋ ਵੀ ਜਾਵੇ ਤਾਂ ਵੀ ਇਸ ਨੂੰ ਪਾਏਦਾਰ ਸਿਆਸਤ ਵਜੋਂ ਇਸ ਲਈ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਿੱਲੀ ਦੀ ਜਿੱਤ ਨਾਲ ਬਦਲਾਅ ਦੀਆਂ ਸੰਭਾਵਨਾਵਾਂ ਦਾ ਰਸਤਾ ਖੁੱਲ੍ਹਣ ਦੀ ਥਾਂ ਬੰਦ ਹੁੰਦਾ ਨਜ਼ਰ ਆ ਰਿਹਾ ਹੈ। ਇਸ ਪ੍ਰਸੰਗ ਵਿੱਚ ਕੈਪਟਨ ਸਾਹਿਬ ਦੀ ਇਸ ਟਿਪਣੀ ‘ਤੇ ਬਹਿਸ ਹੋਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਦਿੱਲੀ ਵਰਗਾ ਸਿਆਸੀ ਤਜਰਬਾ ਕਰਨ ਦਾ ਜ਼ੋਖ਼ਮ ਨਹੀਂ ਉਠਾਉਣਾ ਚਾਹੀਦਾ। ਯੋਗਿੰਦਰ ਯਾਦਵ ਨੇ ਜਿਸ ਤਰ੍ਹਾਂ ਦੀ ਬਹਿਸ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਦਾ ਖ਼ਮਿਆਜ਼ਾ ਉਸ ਨੂੰ ਪਹਿਲਾਂ ਪਾਰਟੀ ਵਿੱਚ ਹਾਸ਼ੀਆਗ੍ਰਸਤ ਹੋ ਕੇ ਅਤੇ ਫਿਰ ਬਾਹਰ ਹੋ ਕੇ ਭੁਗਤਣਾ ਪਿਆ ਸੀ। ਇਸ ਨਾਲ ਕੇਜਰੀਵਾਲ ਵਰਤਾਰੇ ਦੀ ਦਿਸ਼ਾ ਅਤੇ ਦਸ਼ਾ ਸਾਹਮਣੇ ਆ ਗਈ ਸੀ। ਪੰਜਾਬ ਦੀਆਂ ਚੋਣਾਂ ਨੇ ਇਸ ਨੂੰ ਚੰਗੀ ਤਰ੍ਹਾਂ ਸਾਹਮਣੇ ਲੈ ਆਉਣਾ ਹੈ ਅਤੇ ਪੰਜਾਬ ਦੀਆਂ ਚੋਣਾਂ ਕੇਜਰੀਵਾਲ ਸਿਆਸਤ ਬਾਰੇ ਰੈਫਰੈਂਡਮ ਵੀ ਹੋ ਸਕਦੀਆਂ ਹਨ। ਪੰਜਾਬ ਜਦੋਂ ਵੰਡਿਆ ਨਹੀਂ ਸੀ ਗਿਆ ਉਦੋਂ ਵੀ ਪੰਜਾਬ ਹਰ ਕਿਸਮ ਦੇ ਬਦਲਾਅ ਨੂੰ ਹੁੰਗਾਰਾ ਭਰਦਾ ਰਿਹਾ ਸੀ। ઠਲੋੜ ਪੈਣ ‘ਤੇ ਬਦਲਾਅ ਦੇ ਵਿਰੋਧ ਵਿੱਚ ਨਾਬਰੀ ਮੁਹਿੰਮਾਂ ਵੀ ਚਲਦੀਆਂ ਰਹੀਆਂ ਸਨ ਪਰ ਪੰਜਾਬ ਸਿਆਸਤ ਵਾਸਤੇ ਵਰਤੇ ਜਾਣ ਤੋਂ ਇਨਕਾਰੀ ਵੀ ਹੁੰਦਾ ਰਿਹਾ ਹੈ। ਮਿਸਾਲ ਦੇ ਤੌਰ ‘ਤੇ ਅਕਾਲੀ ਸਰਕਾਰ ਵਿਰੁੱਧ ਉੱਠਿਆ ਕਿਸਾਨ ਵਿਦਰੋਹ ਕਿਸੇ ਤਰ੍ਹਾਂ ਦੀ ਸਿਆਸਤ ਦਾ ਸਿਆਸੀ ਹੱਥਠੋਕਾ ਨਹੀਂ ਬਣਿਆ ਸੀ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਤੱਤੀ ਸਿਆਸਤ ਦੇ ਦਖ਼ਲ ਨਾਲ ਹੀ ਠੰਢਾ ਪੈ ਗਿਆ ਸੀ। ਸਰਬੱਤ ਖ਼ਾਲਸਾ ਨੂੰ ਸਿੱਖ ਹੁੰਗਾਰਾ, ਸਿਆਸੀ ਦਖ਼ਲ ਨਾਲ ਹੀ ਚੁੱਪ ਵਿੱਚ ਢਲ ਗਿਆ ਸੀ। ਜਿਸ ਤਰ੍ਹਾਂ ‘ਆਪ’ ਵੱਲੋਂ ਲੋਕਾਂ ਦੇ ਗੁੱਸੇ ਨੂੰ ਸਿਆਸਤ ਦਾ ਹਥਿਆਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਇੱਛਤ ਨਤੀਜਿਆਂ ਵਿੱਚ ਢਲਦੀ ਨਜ਼ਰ ਨਹੀਂ ਆਉਂਦੀ ਕਿਉਂਕਿ ‘ਆਪ’ ਦਾ ਪੰਜਾਬੀ ਚਿਹਰਾ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ। ਸੰਜੇ ਤੇ ਦੁਰਗੇਸ਼ ਦੀ ਜੋੜੀ ਦੀ ਪੰਜਾਬ ਵਿਚਲੀ ਭੂਮਿਕਾ ਨਾਲ ਜੋ ਕੁਝ ਸਾਹਮਣੇ ਆ ਰਿਹਾ ਹੈ ਉਸ ਨਾਲ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਕੇਜਰੀਵਾਲ, ਪੰਜਾਬੀਆਂ ਦਾ ਸਿਆਸੀ ਮਸੀਹਾ ਕਿਵੇਂ ਅਤੇ ਕਿਉਂ ਹੋ ਸਕੇਗਾ?
ਚਰਚਾ ਇਸ ਮੁੱਦੇ ‘ਤੇ ਹੋਣੀ ਚਾਹੀਦੀ ਹੈ ਕਿ ਸਿਆਸਤ ਦੇ ਮੰਡੀਕਰਨ ਨੇ ਮੁੱਦਿਆਂ ਦੀ ਸਿਆਸਤ ਦਾ ਰਸਤਾ ਕਿਉਂ ਅਤੇ ਕਿਵੇਂ ਰੋਕ ਦਿੱਤਾ ਹੈ?ਮੰਡੀਕਰਨ ਦੇ ਰੋੜ੍ਹ ਵਿੱਚ ‘ਆਪ’ ਵਰਗੀਆਂ ਪਰਚੂਨ ਪਰਤਾਂ ਦੀ ਸੰਭਾਵਿਤ ਭੂਮਿਕਾ ਬਾਰੇ ਚਰਚਾ ਕਰਦਿਆਂ ਵੇਖਣਾ ਚਾਹੀਦਾ ਹੈ ਕਿ ਪ੍ਰਬੰਧ ਅਤੇ ਪ੍ਰਬੰਧਕ ਨੂੰ ਇੱਕ ਦੂਜੇ ਦੀ ਪੂਰਕਤਾ ਵਿੱਚ ਲਿਆਉਣ ਲਈ ਸਿਆਸਤ ਕੀ ਭੂਮਿਕਾ ਨਿਭਾ ਸਕਦੀ ਹੈ?ਇਸ ਸਵਾਲ ਬਾਰੇ ਵੀ ਚਰਚਾ ਹੋਣੀ ਚਾਹੀਦੀ ਹੈ ਕਿ ਸੱਭਿਆਚਾਰ ਨੂੰ ਸਿਆਸਤ ਮੁਤਾਬਿਕ ਬਦਲਣਾ ਚਾਹੀਦਾ ਹੈ ਕਿ ਸਿਆਸਤ ਨੂੰ ਸੱਭਿਆਚਾਰ ਮੁਤਾਬਿਕ ਬਦਲਣਾ ਚਾਹੀਦਾ ਹੈ? ‘ਆਪ’ ਦਾ ਪੰਜਾਬੀ ਚਿਹਰਾ ਹੋ ਸਕਣ ਦਾ ਰਾਹ ਅਜੇ ਰੁਕਿਆ ਹੋਇਆ ਹੈ। ਇਸ ਦੇ ਪੰਜਾਬੀ ਲੀਡਰਾਂ ਕੋਲ ਅਹੁਦੇਦਾਰੀਆਂ ਤਾਂ ਹਨ ਪਰ ਅਹੁਦੇਦਾਰੀਆਂ ਮੁਤਾਬਿਕ ਤਾਕਤ ਕਿਧਰੇ ਨਜ਼ਰ ਨਹੀਂ ਆਉਂਦੀ। ਸਥਿਤੀ ਇਹ ਹੈ ਕਿ ਅਕਾਲੀਆਂ ਅਤੇ ਕਾਂਗਰਸੀਆਂ ਦੇ ਇੱਕ ਸੀਟ ਵਾਸਤੇ ਦੋ ਜਾਂ ਤਿੰਨ ਦਾਅਵੇਦਾਰ ਹਨ, ਪਰ ‘ਆਪ’ ਦੇ ਦਾਅਵੇਦਾਰਾਂ ਦੀ ਗਿਣਤੀ ਦਸ ਤੋਂ ਟੱਪਦੀ ਨਜ਼ਰ ਆ ਰਹੀ ਹੈ। ਇਸ ਨਾਲ ਜੋ ਸਥਿਤੀ ਉਮੀਦਵਾਰਾਂ ਦੇ ਐਲਾਨ ਤੋਂ ਪਿੱਛੋਂ ਪੈਦਾ ਹੋਣੀ ਹੈ, ਉਸ ਨੂੰ ਧਿਆਨ ਵਿੱਚ ਰੱਖੇ ਬਿਨਾਂ ਨਤੀਜਿਆਂ ‘ਤੇ ਨਹੀਂ ਪਹੁੰਚਿਆ ਜਾ ਸਕਦਾ। ਪਹਿਲੀ ਵਾਰ ਪੰਜਾਬ ਵਿੱਚ ਤਿੰਨ ਧਿਰਾਂ ਦੀ ਫਸਵੀਂ ਟੱਕਰ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …