ਅਟਾਰੀ ਸਰਹੱਦ : ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਾਕਿਸਤਾਨ ਸਥਿਤ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿਖੇ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਰਦਾਸ ਗੁਰਦੁਆਰਾ ਕਮੇਟੀ ਦੇ ਹੈਡ ਗ੍ਰੰਥੀ ਭਾਈ ਮਨਿੰਦਰ ਸਿਘ ਨੇ ਕੀਤੀ। ਇਸ ਮੋਕੇ ਪੂਰੇ ਪਾਕਿਸਤਾਨ ਤੋਂ ਪੁੱਜੇ ਰਾਗੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸ਼ਬਦ ਗਾਇਨ ਕਰਕੇ ਨਿਹਾਲ ਕੀਤਾ। ਇਸ ਬਾਰੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮੈਂਬਰ ਬਿਸ਼ਨ ਸਿੰਘ ਨੇ ਦੱਸਿਆ ਕਿ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿਚ ਸਿੰਧ, ਪਿਸ਼ਾਵਰ, ਨਨਕਾਣਾ ਸਾਹਿਬ, ਪੰਜਾ ਸਾਹਿਬ ਵਿਚ ਵਸਦੇ 400 ਦੇ ਕਰੀਬ ਸਿੱਖ ਸ਼ਰਧਾਲੂ ਤਿੰਨਾਂ ਦਿਨਾਂ ਤੋਂ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਧਾਰਮਿਕ ਦੀਵਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿਖੇ ਸਜਾਏ ਗਏ, ਜਿਨ੍ਹਾਂ ਵਿਚ ਰਾਗੀ ਜਥੇ ਭਾਈ ਮਨਮੋਹਨ ਸਿੰਘ, ਭਾਈ ਵਿਕਾਸ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਗੁਰਚਰਨ ਸਿੰਘ ਤੇ ਸਾਥੀਆਂ ਨੇ ਨਿਹਾਲ ਕੀਤਾ। ਭੋਗ ਪਿੱਛੋਂ ਪਾਕਿਸਤਾਨ ਓਕਾਫ ਬੋਰਡ ਨੂੰ ਜਨਮ ਅਸਥਾਨ ਗੁਰੂ ਰਾਮਦਾਸ ਜੀ ਦੇ ਗੁਰਦੁਆਰੇ ਨਾਲ ਸਾਂਝੀ ਕੰਧ ਗੁਰੂ ਅਰਜਨ ਦੇਵ ਜੀ ਦੇ ਅਸਥਾਨ (ਜਿੱਥੇ ਗੁਰੂ ਸਾਹਿਬ ਨੇ ਸ਼ਬਦ ਹਜ਼ਾਰੇ ਉਚਾਰੇ ਸਨ) ਦੀਵਾਨ ਖਾਨਾਂ ਦੀ ਜਗ੍ਹਾ ਜਿਸ ਤੋਂ ਨਜਾਇਜ਼ ਕਬਜ਼ੇ ਛੁਡਵਾਏ ਗਏ ਹਨ, ਉਥੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਛੇਤੀ ਯਾਦਗਾਰ ਕਾਇਮ ਕਰਕੇ ਦਰਸ਼ਨਾਂ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਦੀ ਯਾਦ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਪਾਕਿਸਤਾਨ ਓਕਾਫ ਬੋਰਡ ਦੇ ਵਧੀਕ ਸਕੱਤਰ ਜਨਾਬ ਤਾਰਿਕ ਵਜ਼ੀਰ ਖਾਨ, ਵਧੀਕ ਸਕੱਤਰ ਜਨਾਬ ਫਰਾਸ਼ ਅੱਬਾਸ ਨੇ ਵਿਚਾਰਾਂ ਦੀ ਸਾਂਝ ਪਾਈ। ਪ੍ਰਧਾਨ ਤਾਰਾ ਸਿੰਘ ਤੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਕੇਅਰ ਟੇਕਰ ਜਨਾਬ ਅਜ਼ਹਰ ਅੱਬਾਸ ਨੇ ਸਾਂਝੇ ਤੌਰ ‘ਤੇ ਕਰਮਜੀਤ ਸਿੰਘ ਸੈਣੀ ਕੈਨੇਡਾ, ਸਾਬਕਾ ਪ੍ਰਧਾਨ ਕਿਸ਼ਨ ਸਿੰਘ, ਮੈਂਬਰ ਮਨਿੰਦਰ ਸਿੰਘ, ਮੈਂਬਰ ਅਮਰਜੀਤ ਸਿੰਘ, ਪ੍ਰੋ. ਕਲਿਆਣ ਸਿੰਘ, ਡਾ.ਮਹੀਂਪਾਲ ਸਿੰਘ ਨੂੰ ਸਨਮਾਨਿਤ ਕੀਤਾ।
Check Also
ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ
11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …