ਸ਼੍ਰੋਮਣੀ ਕਮੇਟੀ ਨੇ ਸਿਰੋਪਾਓ ਦੇ ਕੇ ਕੀਤਾ ਸਨਮਾਨਿਤ, ਕੈਪਟਨ ਨੇ ਪੰਜਾਬ ‘ਚ ਅਮਨ ਸ਼ਾਂਤੀ ਲਈ ਕੀਤੀ ਅਰਦਾਸ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਗਪਗ ਡੇਢ ਦਹਾਕੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਮੁੱਖ ਮੰਤਰੀ ਮਾਣ-ਸਨਮਾਨ ਦਿੰਦਿਆਂ ਨਿੱਘਾ ਸਵਾਗਤ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮੁੱਖ ਮੰਤਰੀ ਸੋਮਵਾਰ ਸਵੇਰੇ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਤੇ ਵਿਧਾਇਕਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਮ ਸ਼ਰਧਾਲੂਆਂ ਵਾਲੀ ਕਤਾਰ ਵਿੱਚ ਖੜ੍ਹੇ ਹੋ ਕੇ ਮੱਥਾ ਟੇਕਿਆ।
ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਥੀ ਸੋਮਵਾਰ ਸਵੇਰੇ ਲਗਪਗ ਸਾਢੇ ਸੱਤ ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਲੈ ਜਾਇਆ ਗਿਆ। ਪੈਰ ਦੀ ਪੀੜ ਕਾਰਨ ਮੁੱਖ ਮੰਤਰੀ ਇਕ ਦੋ ਥਾਵਾਂ ‘ਤੇ ਰੁਕੇ ਪਰ ਉਨ੍ਹਾਂ ਪੂਰੀ ਪਰਿਕਰਮਾ ਕੀਤੀ ਅਤੇ ਵੀਆਈਪੀ ਕਤਾਰ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਵੀ ਸਨ। ਇਸ ਸਮੇਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਓ, ਫੁੱਲਾਂ ਦਾ ਹਾਰ ਅਤੇ ਪਤਾਸਿਆਂ ਦਾ ਪ੍ਰਸਾਦਿ ਭੇਟ ਕੀਤਾ। ਮਗਰੋਂ ਪਰਿਕਰਮਾ ਵਿੱਚ ਬਣੇ ਸੂਚਨਾ ਕੇਂਦਰ ਦੇ ਕਮਰੇ ਵਿੱਚ ਬਾਬਾ ਬੂਟਾ ਸਿੰਘ, ਮੈਂਬਰ ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ, ਭਗਵੰਤ ਸਿੰਘ ਸਿਆਲਕਾ ਅਤੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਓ, ਲੋਈ, ਸ੍ਰੀ ਹਰਿਮੰਦਰ ਸਾਹਿਬ ਦੀ ਸੁਨਹਿਰੀ ਤਸਵੀਰ, ਸਿਰੀ ਸਾਹਿਬ ਅਤੇ ਧਾਰਮਿਕ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਇੱਥੇ ਸਵਾਗਤ ਲਈ ਨਹੀਂ ਪੁੱਜ ਸਕੇ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਉਹ ਇੱਥੇ ਵਿਧਾਨ ਸਭਾ ਚੋਣਾਂ ਵਿੱਚ ਪ੍ਰਾਪਤ ਹੋਈ ਸ਼ਾਨਦਾਰ ਜਿੱਤ ਉਤੇ ਸ਼ੁਕਰਾਨਾ ਲਈ ਆਏ ਹਨ। ਉਨ੍ਹਾਂ ਗੁਰਦੁਆਰੇ ਵਿੱਚ ਸੂਬੇ ਦੀ ਅਮਨ-ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ ਹੈ। ਦੱਸਣਯੋਗ ਹੈ ਕਿ 2002 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸਨ ਤਾਂ ਉਸ ਵੇਲੇ ਦੋਵਾਂ ਬਾਦਲਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਕਾਰਨ ਸੂਬੇ ਵਿੱਚ ਸਿਆਸੀ ਬਦਲਾਖੋਰੀ ਦੀ ਲਹਿਰ ਸ਼ੁਰੂ ਹੋਈ ਸੀ। ਇਸ ਪ੍ਰਭਾਵ ਹੇਠ ਹੀ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਕੈਪਟਨ ਨੂੰ ਮੁੱਖ ਮੰਤਰੀ ਵਜੋਂ ਹਰਿਮੰਦਰ ਸਾਹਿਬ ਆਉਣ ‘ਤੇ ਸਿਰੋਪਾਓ ਨਹੀਂ ਦਿੱਤਾ ਸੀ। ਇਸ ਮਗਰੋਂ ਵੀ ਉਨ੍ਹਾਂ ਨੂੰ ਅਣਗੌਲਿਆ ਕਰਨ ਦਾ ਰੁਝਾਨ ਜਾਰੀ ਰਿਹਾ ਸੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਮਦ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਲਈ ਮੰਚ ‘ਤੇ ਕੁਰਸੀ ਨਹੀਂ ਲਾਈ ਗਈ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਮੁੱਖ ਮੰਤਰੀ ਨਾਲੋਂ ਕੁਝ ਸਮਾਂ ਪਹਿਲਾਂ ਹਰਿਮੰਦਰ ਸਾਹਿਬ ਪੁੱਜ ਗਏ ਸਨ, ਨੇ ਆਮ ਸ਼ਰਧਾਲੂਆਂ ਵਾਲੀ ਕਤਾਰ ਵਿੱਚ ਖੜ੍ਹੇ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਕੋਈ ਸੁਰੱਖਿਆ ਕਰਮਚਾਰੀ ਵੀ ਨਹੀਂ ਸੀ। ਮਗਰੋਂ ਉਹ ਸੂਚਨਾ ਕੇਂਦਰ ਵਿੱਚ ਰੱਖੇ ਸਨਮਾਨ ਸਮਾਗਮ ਵਿੱਚ ਸ਼ਾਮਲ ਹੋਏ। ਮੁੱਖ ਮੰਤਰੀ ਦੀ ਆਮਦ ਸਮੇਂ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਮੀਡੀਆ ਨੂੰ ਕਵਰੇਜ਼ ਵਿੱਚ ਮੁਸ਼ਕਲ ਪੇਸ਼ ਆਈ। ਵਾਪਸੀ ਮੌਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਸਮੇਂ ਸੁਰੱਖਿਆ ਕਰਮਚਾਰੀਆਂ ਵੱਲੋਂ ਕੀਤੀ ਧੱਕਾਮੁੱਕੀ ਕਾਰਨ ਗੱਲਬਾਤ ਵੀ ਨਹੀਂ ਹੋ ਸਕੀ। ਮੁੱਖ ਮੰਤਰੀ ਨਾਲ ਮੱਥਾ ਟੇਕਣ ਵਾਲਿਆਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕਾਂਗਰਸੀ ਆਗੂ ਅਮਰਜੀਤ ਸਿੰਘ ਟਿੱਕਾ, ਇੰਦਰਜੀਤ ਸਿੰਘ ਬਾਸਰਕੇ, ਜਤਿੰਦਰ ਸਿੰਘ ਬੇਦੀ ਸ਼ਾਮਲ ਸਨ। ਮਗਰੋਂ ਮੁੱਖ ਮੰਤਰੀ ਨੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹ ਦੁਰਗਿਆਣਾ ਮੰਦਿਰ ਅਤੇ ਇਤਿਹਾਸਕ ਰਾਮ ਤੀਰਥ ਵਿੱਚ ਵੀ ਮੱਥਾ ਟੇਕਣ ਗਏ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …