Breaking News
Home / ਪੰਜਾਬ / ਵਿਸ਼ੇਸ਼ ਕੈਦੀਆਂ ਨੂੰ ਜੇਲ੍ਹਾਂ ‘ਚ ਨਹੀਂ ਮਿਲਣਗੀਆਂ ‘ਖਾਸ ਸਹੂਲਤਾਂ’

ਵਿਸ਼ੇਸ਼ ਕੈਦੀਆਂ ਨੂੰ ਜੇਲ੍ਹਾਂ ‘ਚ ਨਹੀਂ ਮਿਲਣਗੀਆਂ ‘ਖਾਸ ਸਹੂਲਤਾਂ’

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਜੇਲ੍ਹਾਂ ਵਿਚ ਅਸਰ ਰਸੂਖ ਵਾਲੇ ਕੈਦੀਆਂ ਜਾਂ ਗੈਂਗਸਟਰਾਂ ਦੀਆਂ ਚੱਲ ਰਹੀਆਂ ‘ਪ੍ਰਾਈਵੇਟ’ ਰਸੋਈਆਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਸਾਰਿਆਂ ਨੂੰ ਜੇਲ੍ਹ ਦੀ ਰੋਟੀ ਹੀ ਮਿਲੇ। ਅਜਿਹਾ ਕਦਮ ਉਦੋਂ ਉਠਾਇਆ ਗਿਆ ਹੈ ਜਦੋਂ ਕੁਝ ਰਿਪੋਰਟਾਂ ਮਿਲੀਆਂ ਸਨ ਕਿ ‘ਵਿਸ਼ੇਸ਼’ ਕੈਦੀਆਂ ਨੂੰ ਫਿਲਮੀ ਅੰਦਾਜ਼ ਵਿਚ ਉਨ੍ਹਾਂ ਦੇ ‘ਸੇਵਾਦਾਰ’ ਭੋਜਨ ਛਕਾਉਂਦੇ ਹਨ ਅਤੇ ਕਈ ਤਾਂ ਬਾਹਰੋਂ ਪਿੱਜ਼ਾ ਅਤੇ ਜਨਮ ਦਿਨ ਦੇ ਕੇਕ ਵੀ ਮੰਗਵਾਉਂਦੇ ਹਨ। ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਥੇ ਵਿਸ਼ੇਸ਼ ਇੰਟਰਵਿਊ ਦੌਰਾਨ ਜੇਲ੍ਹਾਂ ਵਿਚ ਸੁਧਾਰ ਲਈ ਉਠਾਏ ਗਏ ਕੁਝ ਕਦਮਾਂ ਬਾਰੇ ਜਾਣਕਾਰੀ ਦਿੱਤੀ।
ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿਚ ਵਾਪਰਦੀਆਂ ਘਟਨਾਵਾਂ ਦੇ ਮੁਕੰਮਲ ਪੋਸਟਮਾਰਟਮ ਲਈ ਸਾਰੀਆਂ ਪੁਰਾਣੀਆਂ ਫਾਈਲਾਂ ਅਤੇ ਵਿਸਾਰੀਆਂ ਜਾ ਚੁੱਕੀਆਂ ਜਾਂਚ ਰਿਪੋਰਟਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਸੂਬੇ ਵਿਚ ਹਿੰਸਕ ਘਟਨਾਵਾਂ ਵਿਚ ਵਾਧੇ ‘ਤੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆਏ ਰੰਧਾਵਾ ਨੇ ਕਿਹਾ ਕਿ ਸ਼ਾਇਦ ਉਹ ਪਹਿਲੇ ਜੇਲ੍ਹ ਮੰਤਰੀ ਹਨ, ਜੋ ਮੌਕੇ ‘ਤੇ ਪਹੁੰਚੇ। ‘ਅਸੀਂ ਹਾਲਾਤ ‘ਤੇ ਤੇਜ਼ੀ ਨਾਲ ਕਾਬੂ ਪਾਇਆ ਜਦਕਿ ਹਿੰਸਾ ਲਈ ਮੇਰਾ ਅਸਤੀਫ਼ਾ ਮੰਗਣ ਵਾਲੇ ਸਿਆਸਤਦਾਨ ਜੇਲ੍ਹਾਂ ਵਿਚ ਜਾਣ ਤੋਂ ਗੁਰੇਜ਼ ਕਰਦੇ ਰਹੇ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਹਿੰਸਾ ‘ਤੇ ਕਾਬੂ ਪਾਉਣ ਲਈ 12 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਾ ਸੀ ਜਦਕਿ ਅਸੀਂ ਲੁਧਿਆਣਾ ਵਿਚ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਹਿੰਸਾ ‘ਤੇ ਕਾਬੂ ਪਾ ਲਿਆ ਸੀ।
ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀਆਂ ਨੇ ਜੇਲ੍ਹ ਅਧਿਕਾਰੀਆਂ ਜਾਂ ਸੂਬੇ ਦੇ ਮੰਤਰੀਆਂ ਨਾਲ ਕੋਈ ਬੈਠਕਾਂ ਨਹੀਂ ਕੀਤੀਆਂ ਤਾਂ ਜੋ ਉਹ ਵੀ ਮੁੱਦੇ ‘ਤੇ ਆਪਣੀ ਫਿਕਰਮੰਦੀ ਜਤਾਉਂਦੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਜੇਲ੍ਹ ਅਧਿਕਾਰੀ ਅਤੇ ਸਿਆਸਤਦਾਨ ਜਾਂ ਤਾਂ ਅਪਰਾਧੀਆਂ ਦੀ ਸਹਾਇਤਾ ਕਰਦੇ ਰਹੇ ਜਾਂ ਮੂੰਹ ਫੇਰ ਲੈਂਦੇ ਸਨ। ‘ਪਟਿਆਲਾ ਜੇਲ੍ਹ ਦੀ ਘਟਨਾ ਸਾਰਿਆਂ ਨੂੰ ਯਾਦ ਹੋਵੇਗੀ ਜਿਥੇ ਗੈਂਗਸਟਰ ਲਈ ਬਾਹਰੋਂ ਜਨਮ ਦਿਨ ਦਾ ਕੇਕ ਆਇਆ ਸੀ। ਇਕ ਹੋਰ ਜੇਲ੍ਹ ਵਿਚ ਅਸਰ ਰਸੂਖ ਵਾਲੇ ਹਵਾਲਾਤੀ ਵੱਲੋਂ ਜੇਲ੍ਹ ਸੁਪਰਡੈਂਟ ਦੇ ਕਮਰੇ ਵਿਚ ਜਨਤਕ ਦਰਬਾਰ ਲਾਇਆ ਗਿਆ ਸੀ।’

Check Also

ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਦਿੱਲੀ ‘ਚ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਗ੍ਰਿਫਤਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਚ …