Breaking News
Home / ਪੰਜਾਬ / ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਮਾਮਲਾ ਗਰਮਾਇਆ

ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਮਾਮਲਾ ਗਰਮਾਇਆ

ਮ੍ਰਿਤਕ ਦੇ ਪਿਤਾ ਤੇ ਨਾਨੇ ਵੱਲੋਂ ਆਤਮਦਾਹ ਦੀ ਕੋਸ਼ਿਸ਼
ਫ਼ਰੀਦਕੋਟ : ਸੀਆਈਏ ਸਟਾਫ਼ ਫਰੀਦਕੋਟ ਵੱਲੋਂ 18 ਮਈ ਦੀ ਰਾਤ ਨੂੰ ਹਿਰਾਸਤ ਵਿਚ ਲੈਣ ਮਗਰੋਂ ਕਥਿਤ ਕਤਲ ਹੋਏ ਪਿੰਡ ਪੰਜਾਵਾ ਦੇ ਨੌਜਵਾਨ ਜਸਪਾਲ ਸਿੰਘ (22) ਦੇ ਪਿਤਾ ਹਰਬੰਸ ਸਿੰਘ ਤੇ ਨਾਨਾ ਹੀਰਾ ਸਿੰਘ ਨੇ ਇਨਸਾਫ਼ ਨਾ ਮਿਲਣ ਦੇ ਦੁੱਖੋਂ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਦੋਵਾਂ ਨੂੰ ਬਚਾਅ ਲਿਆ। ਜਸਪਾਲ ਦੇ ਨਾਨਾ ਹੀਰਾ ਸਿੰਘ (70) ਨੇ ਕਿਹਾ ਕਿ ਪੁਲਿਸ ਉਸ ਨੂੰ ਜਿਊਂਦਾ ਲੈ ਕੇ ਗਈ ਸੀ ਅਤੇ ਹੁਣ ਲਾਸ਼ ਵੀ ਨਹੀਂ ਲੱਭ ਰਹੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਧਰਨੇ ਦੇ ਆਸ-ਪਾਸ ਸੁਰੱਖਿਆ ਘੇਰਾ ਕਾਫ਼ੀ ਮਜ਼ਬੂਤ ਕਰ ਦਿੱਤਾ ਹੈ। ਤਣਾਅ ਕਾਰਨ ਪੁਲਿਸ ਮੁਖੀ ਪੂਰਾ ਦਿਨ ਆਪਣੇ ਦਫ਼ਤਰ ਨਹੀਂ ਆਏ। ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਸਮੁੱਚੇ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ ਤੇ ਉਹ ਇਸ ਮਾਮਲੇ ‘ਚ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਬਲਕਿ ਸੱਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਦੀਆਂ ਤਿੰਨ ਟੀਮਾਂ ਰਾਜਸਥਾਨ ਫੀਡਰ ਵਿਚੋਂ ਦੇਹ ਲੱਭਣ ਲੱਗੀਆਂ ਹੋਈਆਂ ਹਨ। ਪੁਲਿਸ ਨੇ ਕਤਲ ਕਾਂਡ ਵਿੱਚ ਸ਼ਾਮਲ ਸੀ.ਆਈ.ਏ ਸਟਾਫ਼ ਦੇ ਦੋ ਪੁਲਿਸ ਮੁਲਾਜ਼ਮਾਂ ਸੰਤਰੀ ਸੁਖਮੰਦਰ ਸਿੰਘ ਅਤੇ ਮੁੱਖ ਮੁਣਸ਼ੀ ਦਰਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਸਟਾਫ਼ ਇੰਚਾਰਜ ਨਰਿੰਦਰ ਸਿੰਘ ਦੇ ਗੰਨਮੈਨ ਗੁਰਪ੍ਰੀਤ ਸਿੰਘ ਖਿਲਾਫ਼ ਵੀ ਪਰਚਾ ਦਰਜ ਕੀਤਾ ਗਿਆ ਹੈ। ਕਤਲ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਤੇ ਮ੍ਰਿਤਕ ਦੀ ਦੇਹ ਲੈਣ ਲਈ ਪਰਿਵਾਰਕ ਮੈਂਬਰਾਂ, ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨੇ ਐੱਸਐੱਸਪੀ ਦਫ਼ਤਰ ਅੱਗੇ ਸਵੇਰੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਨੂੰ ਬੀਬੀ ਪਰਮਜੀਤ ਕੌਰ ਖਾਲੜਾ, ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ, ਲੱਖਾ ਸਿਧਾਣਾ, ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ।

Check Also

ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ

ਦਿੱਲੀ ‘ਚ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਵਿਅਕਤੀ ਗ੍ਰਿਫਤਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਵਿਚ …