Breaking News
Home / ਪੰਜਾਬ / ਕੈਪਟਨ ਬਨਾਮ ਸਿੱਧੂ ਕਲੇਸ਼ : ਰੰਧਾਵਾ, ਬਾਜਵਾ ਅਤੇ ਆਸ਼ਾ ਕੁਮਾਰੀ ਵੀ ਨਵਜੋਤ ਸਿੱਧੂ ਕੋਲੋਂ ਨਰਾਜ਼

ਕੈਪਟਨ ਬਨਾਮ ਸਿੱਧੂ ਕਲੇਸ਼ : ਰੰਧਾਵਾ, ਬਾਜਵਾ ਅਤੇ ਆਸ਼ਾ ਕੁਮਾਰੀ ਵੀ ਨਵਜੋਤ ਸਿੱਧੂ ਕੋਲੋਂ ਨਰਾਜ਼

ਨਵਜੋਤ ਸਿੱਧੂ ‘ਤੇ ਕਾਰਵਾਈ ਚੋਣ ਨਤੀਜਿਆਂ ਤੋਂ ਬਾਅਦ : ਆਸ਼ਾ ਕੁਮਾਰੀ

ਕਿਹਾ – ਪਾਰਟੀ ਦੀ ਸਾਖ਼ ਖਰਾਬ ਕੀਤੀ, ਸੁਨੀਲ ਜਾਖੜ ਕੋਲੋਂ ਮੰਗੀ ਗਈ ਰਿਪੋਰਟ

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਤੋਂ ਕਾਂਗਰਸ ਦੇ ਜ਼ਿਆਦਾਤਰ ਮੰਤਰੀ, ਉਸਦੇ ਖਿਲਾਫ ਹੋ ਗਏ ਹਨ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਸਿੱਧੂ ਤੋਂ ਖਫਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲੋਂ ਰਿਪੋਰਟ ਮੰਗੀ ਗਈ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਸਿੱਧੂ ਦੇ ਬਿਆਨਾਂ ਕਰਕੇ ਕਾਂਗਰਸ ਪਾਰਟੀ ਦੀ ਸਾਖ਼ ਖਰਾਬ ਹੋਈ ਹੈ। ਮਾਮਲਾ ਰਾਹੁਲ ਗਾਂਧੀ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਮਾਮਲੇ ‘ਤੇ ਕਾਰਵਾਈ ਤਾਂ ਜ਼ਰੂਰ ਹੋਵੇਗੀ, ਪਰ ਫੈਸਲਾ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਹੋਵੇਗਾ।

ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਨੇ ਵੀ ਸਿੱਧੂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਵਜੋਤ ਸਿੱਧੂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ ਅਤੇ ਬ੍ਰਹਮ ਮਹਿੰਦਰਾ ਨੇ ਵੀ ਸਿੱਧੂ ਦੀ ਬਿਆਨਬਾਜ਼ੀ ਨੂੰ ਬੇਤੁਕੀ ਅਤੇ ਗੈਰਵਾਜਿਬ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਸਿੱਧੂ ਨੂੰ ਕੋਈ ਨਰਾਜ਼ਗੀ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਕੈਬਨਿਟ ਮੀਟਿੰਗ ਵਿਚ ਗੱਲ ਕਰਨੀ ਚਾਹੀਦੀ ਸੀ ਨਾ ਕਿ ਸਰਵਜਨਕ ਰੂਪ ਵਿਚ ਬਿਆਨਬਾਜ਼ੀ ਕਰਨੀ ਚਾਹੀਦਾ ਸੀ।

ਜੋ ਮੇਰੀ ਆਤਮਾ ਦੀ ਅਵਾਜ਼ ਸੀ ਉਹੀ ਬੋਲਿਆ : ਸਿੱਧੂ

ਂਿੲਸ ਸਬੰਧੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਜੋ ਵੀ ਕਿਹਾ ਆਤਮਾ ਤੋਂ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਦੀ ਆਤਮਾ ‘ਤੇ ਸੱਟ ਹੈ। ਇਸ ਨਾਲ ਸਾਰੀ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ। ਸਿੱਧੂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਨਾਮ ਲਏ ਤੋਂ ਬਿਨਾ ਉਨ੍ਹਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਠੋਕ ਦਿਓ ਉਨ੍ਹਾਂ ਲੋਕਾਂ ਨੂੰ, ਜੋ ਲੋਕ ਮਿਲੀਭੁਗਤ ਕਰਕੇ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਦੇ ਹਨ।

ਆਪਣੇ ਤਿੰਨ ਮੰਤਰੀਆਂ ਸਮੇਤ ਦੂਜੇ ਦਲਾਂ ਦੇ ਨਿਸ਼ਾਨੇ ‘ਤੇ ਵੀ ਸਿੱਧੂ

{ਰੰਧਾਵਾ ਬੋਲੇ : ਜਦ ਬੇਅਦਬੀ ਹੋਈ ਤਦ ਅਸਤੀਫਾ ਦਿੱਤਾ ਨਹੀਂ, ਹੁਣ ਕਾਰਵਾਈ ਹੋ ਰਹੀ ਤਾਂ ਬੋਲ ਰਹੇ ਅਸਤੀਫਾ ਦਿਆਂਗੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ਕੈਪਟਨ ਸਰਕਾਰ ਬੇਅਦਬੀ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ। ਐਸਆਈਟੀ  ਆਰੋਪੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ, ਪਰ ਸਿੱਧੂ ਬਿਨਾ ਕਾਰਨ ਆਰੋਪੀਆਂ ਨੂੰ ਸਜ਼ਾ ਦਿਵਾਉਣ ਦੀ ਸਰਕਾਰ ਦੀ ਮਨਸ਼ਾ ‘ਤੇ ਸਵਾਲ ਉਠਾ ਰਹੇ ਹਨ। ਸਿੱਧੂ ਨੇ 2015 ਵਿਚ ਉਸ ਸਮੇਂ ਅਸਤੀਫਾ ਕਿਉਂ ਨਹੀਂ ਦਿੱਤਾ, ਜਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਤਦ ਸਿੱਧੂ ਭਾਜਪਾ ਵਿਚ ਸੀ ਅਤੇ ਉਨ੍ਹਾਂ ਦੀ ਪਤਨੀ ਐਮ ਐਲ ਏ ਸੀ। ਸਿੱਧੂ ਨੇ ਚੋਣਾਂ ਦੇ ਵਿਚਕਾਰ ਬਿਆਨਬਾਜ਼ੀ ਕੀਤੀ, ਜੋ ਗਲਤ ਹੈ।

ਅਸਤੀਫਾ ਦੇਵੇ ਸਿੱਧੂ : ਧਰਮਸੋਤ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਜੇਕਰ ਸਿੱਧੂ ਕੈਪਟਨ ਦੇ ਨਾਲ ਕੰਮ ਨਹੀਂ ਕਰ ਸਕਦੇ ਹਾਂ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਦਾਇਰੇ ਵਿਚ ਰਹਿਣ ਸਿੱਧੂ : ਬਾਜਵਾ

ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਨੂੰ ਦਾਇਰੇ ਵਿਚ ਰਹਿ ਕੇ ਬੋਲਣਾ ਚਾਹੀਦਾ ਹੈ। ਇਸ ਨਾਲ ਪਾਰਟੀ ਦਾ ਅਕਸ ਧੁੰਦਲਾ ਹੋਇਆ ਹੈ। ਸਿੱਧੂ ਨੂੰ ਆਪਣੇ ਮਤਭੇਦਾਂ, ਨਰਾਜ਼ਗੀਆਂ ਨੂੰ ਸਹੀ ਸਮੇਂ ‘ਤੇ ਉਠਾਉਣਾ ਚਾਹੀਦਾ ਸੀ, ਨਾ ਕਿ ਚੋਣਾਂ ਦੇ ਵਿਚਕਾਰ। ਸਰਕਾਰ ਵਿਚ ਹਰ ਮੰਤਰੀ ਨੂੰ ਆਪਣੇ ਵਿਚਾਰ ਅਤੇ ਸਿਕਾਇਤਾਂ ਦੱਸਣ ਦਾ ਹੱਕ ਹੈ। ਪਰ ਪਾਰਟੀ ਦੀ ਸਾਖ਼ ਨੂੰ ਧਿਆਨ ਵਿਚ ਰੱਖਦੇ ਹੋਏ ਮਰਿਆਦਾ ਵਿਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ।

ਇਮਰਾਨ ਦੀ ਪਾਰਟੀ ਵਿਚ ਜਾਵੇ ਸਿੱਧੂ : ਅਨਿਲ ਵਿੱਜ :  ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸਿੱਧੂ ਨੂੰ ਉਨ੍ਹਾਂ ਦੇ ਸਾਥੀ ਮੰਤਰੀ ਹੀ ਬਾਹਰ ਦਾ ਰਸਤਾ ਦਿਖਾਉਣ ਲਈ ਕਾਹਲੇ ਹਨ। ਸਿੱਧੂ ਦੇ ਇਮਰਾਨ ਖਾਨ ਨਾਲ ਚੰਗੇ ਸਬੰਧ ਹਨ, ਉਹ ਪਾਕਿਸਤਾਨ ਜਾ ਕੇ ਇਮਰਾਨ ਖਾਨ ਦੀ ਪਾਰਟੀ ਵਿਚ ਸ਼ਾਮਲ ਹੋ ਜਾਣ।

ਮੈਨੂੰ ਹਟਾ ਕੇ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਸਿੱਧੂ : ਕੈਪਟਨ ਅਮਰਿੰਦਰ

ਪਟਿਆਲਾ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੋਣ ਸਬੰਧੀ ਕੀਤੀ ਗਈ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਹ ਮਸਲਾ ਅਢੁਕਵੇਂ ਸਮੇਂ ‘ਤੇ ਉਠਾਇਆ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਐਨ ਪਹਿਲਾਂ ਅਜਿਹੇ ਬਿਆਨ ਦਾਗ਼ਣ ਦੀ ਕਾਰਵਾਈ ਪਾਰਟੀ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਕੈਪਟਨ ਨੇ ਕਿਹਾ, ”ਸਿੱਧੂ ਸ਼ਾਇਦ ਵੱਡੀਆਂ ਖਾਹਿਸ਼ਾਂ ਰੱਖਦੇ ਹਨ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।” ਮੁੱਖ ਮੰਤਰੀ ਨੇ ਕਿਹਾ ਕਿ ਜੇ ਕਿਸੇ ਸੀਟ ‘ਤੇ ਕੋਈ ਨੁਕਸਾਨ ਹੋਇਆ ਤਾਂ ਉਸ ਲਈ ਸਿੱਧੂ ਦੀ ਬਿਆਨਬਾਜ਼ੀ ਜ਼ਿੰਮੇਵਾਰ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਉਹ ਹਾਈ ਕਮਾਂਡ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਲਈ ਵੀ ਆਸਵੰਦ ਹਨ। ਭਾਵੇਂ ਕਿ ਉਨ੍ਹਾਂ ਦਲੀਲ ਦਿੱਤੀ ਕਿ ਇਸ ਸਬੰਧੀ ਫ਼ੈਸਲਾ ਹਾਈ ਕਮਾਂਡ ਨੇ ਕਰਨਾ ਹੈ, ਪਰ ਹਾਈ ਕਮਾਂਡ ਪਾਰਟੀ ਵਿਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰੇਗੀ। ਪਟਿਆਲਾ ‘ਚ ਵੋਟ ਪਾਉਣ ਲਈ ਪਹੁੰਚੇ ਕੈਪਟਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ”ਜੇਕਰ ਸਿੱਧੂ ਸੱਚੇ ਕਾਂਗਰਸੀ ਹਨ, ਤਾਂ ਉਨ੍ਹਾਂ ਨੂੰ ਗਿਲੇ-ਸ਼ਿਕਵੇ ਦਾ ਪ੍ਰਗਟਾਵਾ ਕਰਨ ਲਈ ਢੁਕਵੇਂ ਸਮੇਂ ਦੀ ਚੋਣ ਕਰਨੀ ਚਾਹੀਦੀ ਸੀ ਨਾ ਕਿ ਪੰਜਾਬ ਵਿਚ ਵੋਟਾਂ ਪੈਣ ਤੋਂ ਤੁਰੰਤ ਪਹਿਲਾਂ ਅਜਿਹਾ ਕੋਈ ਬਿਆਨ ਦੇਣਾ ਚਾਹੀਦਾ ਸੀ।” ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਆਖਿਆ ਸੀ ਕਿ ਉਨ੍ਹਾਂ ਦੀ ਪਤਨੀ ਨੂੰ ਟਿਕਟ ਨਾ ਦਿੱਤੇ ਜਾਣ ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ। ਅਜਿਹੇ ਬਿਆਨ ਨੂੰ ਹੀ ਕੈਪਟਨ ਗ਼ੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਾਰ ਦਿੰਦਿਆਂ, ਪਾਰਟੀ ਲਈ ਨੁਕਸਾਨਦਾਇਕ ਦੱਸ ਰਹੇ ਹਨ।

 

 

 

ਹਿਸਾਬ ਕਿਤਾਬ : 2014 ‘ਚ ਚੁਣੇ ਗਏ 13 ਸੰਸਦ ਮੈਂਬਰਾਂ ਵਿਚੋਂ ਇਕ ਵੀ ਸੰਸਦ ਮੈਂਬਰ ਅਜਿਹਾ ਨਹੀਂ ਜਿਸ ਨੇ ਸੰਸਦ ਨਿਧੀ ਦਾ ਪੂਰਾ ਪੈਸਾ ਖਰਚ ਕੀਤਾ ਹੋਵੇ

ਸੰਸਦ ਨਿਧੀ ਦਾ ਪੈਸਾ ਖਰਚ ਕਰਨ ‘ਚ ਧਰਮਵੀਰ ਗਾਂਧੀ ਅੱਗੇ

ਗਾਂਧੀ ਨੇ 25.65 ਕਰੋੜ ਰੁਪਏ ਵਿਚੋਂ 24.88 ਕਰੋੜ ਰੁਪਏ ਵਿਕਾਸ ਕਾਰਜਾਂ ‘ਤੇ ਕੀਤੇ ਖਰਚ

ਚੰਡੀਗੜ੍ਹ : 16ਵੀਆਂ ਲੋਕ ਸਭਾ ਚੋਣਾਂ ਵਿਚ ਜਿਨ੍ਹਾਂ 13 ਸੰਸਦ ਮੈਂਬਰਾਂ ਨੂੰ ਜਿਤਾ ਕੇ ਸੰਸਦ ਵਿਚ ਭੇਜਿਆ ਸੀ, ਉਨ੍ਹਾਂ ਨੇ ਆਪਣੇ ਲੋਕ ਸਭਾ ਖੇਤਰ ਲਈ ਕਿੰਨੇ ਪੈਸੇ ਖਰਚ ਕੀਤੇ, ਇਸ ਦਾ ਰਿਪੋਰਟ ਕਾਰਡ ਉਨ੍ਹਾਂ ਦੇ ਐਮਪੀ ਲੈਂਡ ਫੰਡ ਵਿਚੋਂ ਖਰਚ ਰਾਸ਼ੀ ਤੋਂ ਪਤਾ ਲੱਗਦਾ ਹੈ। 2014 ਵਿਚ 13 ਸੰਸਦ ਮੈਂਬਰਾਂ ਵਿਚੋਂ ਇਕ ਵੀ ਅਜਿਹਾ ਨਹੀਂ ਹੈ, ਜਿਸ ਨੇ ਆਪਣੇ ਇਲਾਕੇ ਵਿਚ ਪੂਰਾ ਪੂਰਾ ਪੈਸਾ ਖਰਚ ਕੀਤਾ ਹੋਵੇ।

ਸੰਸਦ ਨਿਧੀ ਕੋਸ਼ ਦਾ ਸਭ ਤੋਂ ਜ਼ਿਆਦਾ ਪੈਸਾ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਖਰਚ ਕੀਤਾ। ਉਨ੍ਹਾਂ ਦੇ ਐਮਪੀ ਲੈਂਡ ਫੰਡ ਵਿਚੋਂ ਕੁਝ ਲੱਖ ਰੁਪਏ ਹੀ ਬਚੇ ਹਨ। ਸੰਸਦ ਨਿਧੀ ਦਾ ਸਭ ਤੋਂ ਘੱਟ ਪੈਸਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਖਰਚ ਕੀਤਾ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਗੁਰਦਾਸਪੁਰ ਵਿਚ ਜ਼ਿਮਨੀ ਚੋਣ ਹੋਈ ਸੀ। ਜਿੱਤਣ ਤੋਂ ਬਾਅਦ ਜਾਖੜ ਨੂੰ ਬਹੁਤ ਘੱਟ ਸਮਾਂ ਇਲਾਕੇ ਦੇ ਵਿਕਾਸ ਲਈ ਮਿਲਿਆ ਸੀ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ 294.17 ਕਰੋੜ ਰੁਪਏ ਮਨਜੂਰ ਹੋਏ ਸਨ, ਖਰਚ 268.52 ਕਰੋੜ ਰੁਪਏ ਹੀ ਹੋਏ

1. ਪਟਿਆਲਾ ਤੋਂ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਨੇ ਸਭ ਤੋਂ ਜ਼ਿਆਦਾ 25.65 ਕਰੋੜ ਰੁਪਏ ਵਿਚੋਂ 24.88 ਕਰੋੜ ਰੁਪਏ ਖਰਚੇ।

2.ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ 24.17 ਕਰੋੜ ਰੁਪਏ ਵਿਚੋਂ 23.24 ਕਰੋੜ ਰੁਪਏ ਖਰਚ ਕੀਤੇ।

3.ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ 23.30 ਕਰੋੜ ਰੁਪਏ ਵਿਚੋਂ 20.98 ਕਰੋੜ ਰੁਪਏ ਖਰਚ ਕੀਤੇ।

ਚੌਥੇ ਨੰਬਰ ‘ਤੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ (ਕਾਂਗਰਸ) ਨੇ 23.88 ਵਿਚੋਂ 21.45 ਕਰੋੜ ਰੁਪਏ ਅਤੇ 5ਵੇਂ ਸਥਾਨ ‘ਤੇ ਬਠਿੰਡਾ ਤੋਂ ਹਰਸਿਮਰਤ ਨੇ 21.13 ਵਿਚੋਂ 18.56 ਕਰੋੜ ਰੁਪਏ ਖਰਚ ਕੀਤੇ।

ਇਸ ਤਰ੍ਹਾਂ ਖਰਚ ਹੁੰਦਾ ਹੈ ਐਮਪੀ ਲੈਂਡ ਫੰਡ ਦਾ ਪੈਸਾ

ਐਮਪੀ ਲੈਂਡ ਫੰਡ ਤੋਂ ਜਾਰੀ ਹੋਣ ਵਾਲਾ ਪੈਸਾ ਸਿੱਧਾ ਸੰਸਦ ਮੈਂਬਰ ਖਰਚ ਨਹੀਂ ਕਰ ਸਕਦਾ। ਸੰਸਦ ਨਿਧੀ ਦਾ ਪੈਸਾ ਪਹਿਲਾਂ ਸਬੰਧਤ ਜ਼ਿਲਾ ਅਥਾਰਿਟੀ ਕੋਲ ਜਾਂਦਾ ਹੈ। ਇਸ ਤੋਂ ਬਾਅਦ ਉਸ ਕੰਮ ਦਾ ਅੰਦਾਜ਼ਾ ਬਣਵਾਉਣ ਤੋਂ ਬਾਅਦ ਪੈਸਾ ਸਬੰਧਿਤ ਪ੍ਰੋਜੈਕਟ ‘ਤੇ ਖਰਚ ਕੀਤਾ ਜਾਂਦਾ ਹੈ। ਸਬੰਧਿਤ ਸੰਸਦ ਮੈਂਬਰ ਵਲੋਂ ਆਪਣੇ ਹਲਕੇ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਸਿਫਾਰਸ਼ ਕੀਤੇ ਗਏ ਕੰਮਾਂ ਨੂੰ ਜ਼ਿਲ੍ਹਾ ਅਥਾਰਿਟੀ ਵਲੋਂ ਪੂਰਾ ਕਰਵਾਇਆ ਜਾਂਦਾ ਹੈ।

ਸੰਸਦ ਮੈਂਬਰਾਂ ਨੇ ਕਿੰਨਾ ਖਰਚ ਕੀਤਾ ਫੰਡ

ਕੁੱਲ ਰਾਸ਼ੀ ਸੰਸਦ ਨਿਧੀ ਜਾਰੀ ਹੋਣ ਤੋਂ ਬਾਅਦ ਵਿਆਜ਼ ਸਮੇਤ ਹੈ …

ਖੇਤਰ  ਸੰਸਦ       ਮੈਂਬਰ ਰਿਲੀਜ਼ ਰਾਸ਼ੀ  ਖਰਚ (ਕਰੋੜ)

ਪਟਿਆਲਾ ਡਾ. ਧਰਮਵੀਰ ਗਾਂਧੀ (ਆਪ) 25.65 24.88

ਖਡੂਰ ਸਾਹਿਬ ਜਥੇ.ਰਣਜੀਤ ਸਿੰਘ (ਸ਼੍ਰੋ.ਅ.ਦ.) 24.17 23.24

ਫਰੀਦਕੋਟ ਪ੍ਰੋ. ਸਾਧੂ ਸਿੰਘ (ਆਪ) 23.30 20.98

ਜਲੰਧਰ ਸੰਤੋਖ ਚੌਧਰੀ (ਕਾਂਗਰਸ) 23.88 21.45

ਬਠਿੰਡਾ ਹਰਸਿਮਰਤ ਬਾਦਲ (ਸ਼੍ਰੋ.ਅ.ਦ.) 21.13 18.56

ਫਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ (ਸ਼੍ਰੋ.ਅ.ਦ.) 25.90 22.61

ਸੰਗਰੂਰ ਭਗਵੰਤ ਮਾਨ (ਆਪ) 25.77 20.91

ਫਤਹਿਗੜ੍ਹ ਸਾਹਿਬ ਹਰਿੰਦਰ ਸਿੰਘ ਖਾਲਸਾ (ਆਪ) 26.90 21.99

ਲੁਧਿਆਣਾ ਰਵਨੀਤ ਸਿੰਘ ਬਿੱਟੂ (ਕਾਂਗਰਸ) 26.60 21.68

ਆਨੰਦਪੁਰ ਸਾਹਿਬ ਪ੍ਰੇਮ ਸਿੰਘ ਚੰਦੂਮਾਜਰਾ (ਸ਼੍ਰੋ.ਅ.ਦ.) 26.17 21.19

ਹੁਸ਼ਿਆਰਪੁਰ ਵਿਜੇ ਸਾਂਪਲਾ (ਭਾਜਪਾ) 23.28 18.09

ਅੰਮ੍ਰਿਤਸਰ ਕੈਪਟਨ ਅਮਰਿੰਦਰ (ਕਾਂਗਰਸ) 16.47 14.05

ਗੁਰਦਾਸਪੁਰ ਵਿਨੋਦ ਖੰਨਾ (ਭਾਜਪਾ) 10.29 6.43

ਗੁਰਦਾਸਪੁਰ ਸੁਨੀਲ ਜਾਖੜ (ਕਾਂਗਰਸ) 12.39 20 ਲੱਖ

(ਰਾਸ਼ੀ ਕਰੋੜਾਂ ਵਿਚ)

ਕਿੰਨੇ ਪੈਸੇ ਖਰਚ ਹੋਏ 13 ਸੀਟਾਂ ‘ਤੇ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸੰਸਦ ਨਿਧੀ ਤੋਂ ਕੁੱਲ 330 ਕਰੋੜ ਰੁਪਏ ਲਈ ਸੰਸਦ ਇਨਟਾਈਟਲਡ ਸਨ। ਇਨਾਂ ਵਿਚੋਂ 305 ਕਰੋੜ ਰੁਪਏ ਰਿਲੀਜ਼ ਕੀਤੇ ਗਏ ਅਤੇ ਵਿਆਜ਼ ਲੱਗਣ ਤੋਂ ਬਾਅਦ ਇਹ ਰਾਸ਼ੀ 324.51 ਕਰੋੜ ਰੁਪਏ ਹੋ ਗਈ। ਇਸ ਵਿਚੋਂ 13 ਸੀਟਾਂ ਲਈ 348.23 ਕਰੋੜ ਰੁਪਏ ਦੇ ਵਿਕਾਸ ਕੰਮ ਮਨਜੂਰ ਹੋਏ। ਇਨਾਂ ਵਿਚੋਂ 294.17 ਕਰੋੜ ਰੁਪਏ ਵਿਕਾਸ ਕੰਮਾਂ ਲਈ ਮਨਜੂਰ ਹੋਏ ਅਤੇ ਇਸ ਵਿਚੋਂ 268.52 ਕਰੋੜ ਰੁਪਏ ਵਿਕਾਸ ਕੰਮਾਂ ਲਈ ਖਰਚ ਕੀਤੇ ਗਏ।

 

 

 

 

Check Also

ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਵੀ 27 ਸਤੰਬਰ ਤੋਂ ਹੋਵੇਗੀ ਸ਼ੁਰੂ

ਹਰਦੀਪ ਪੁਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ …