Breaking News
Home / ਮੁੱਖ ਲੇਖ / ਇਤਿਹਾਸ ‘ਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖਲਾਕੀ ਕਿਰਦਾਰ

ਇਤਿਹਾਸ ‘ਚ ਬੁਲੰਦ ਰਿਹਾ ਹੈ ਸਿੱਖਾਂ ਦਾ ਇਖਲਾਕੀ ਕਿਰਦਾਰ

ਤਲਵਿੰਦਰ ਸਿੰਘ ਬੁੱਟਰ
ਨੌਂ ਸਾਲ ਦੀ ਉਮਰ ਵਿਚ ਜਦ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰਕ ਵਿੱਦਿਆ ਸੰਪੂਰਨ ਕਰ ਲਈ ਤਾਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੋਲ ਸੱਦ ਕੇ ਜ਼ਿੰਦਗੀ ਭਰ ਇਕ ਪ੍ਰਣ ਨਿਭਾਉਣ ਲਈ ਆਖਿਆ। ਸਪੁੱਤਰ ਗੋਬਿੰਦ ਰਾਇ ਜੀ ਨੇ ਸਿਰ ਝੁਕਾ ਕੇ ਸਾਰੀ ਉਮਰ ਉਸ ਪ੍ਰਣ ਨੂੰ ਤੋੜ ਨਿਭਾਉਣ ਦਾ ਵਚਨ ਦਿੱਤਾ। ਦਸਮ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਚਰਿੱਤਰ ਦੀ ਵਚਿੱਤਰ ਉਸਾਰੀ ਅਤੇ ਨੈਤਿਕਤਾ ਦੀ ਸੁੱਚਮਤਾ’ ਦੀ ਉਚੇਰੀ ਮਹਾਨਤਾ ਦਰਸਾਉਂਦੇ ਇਸ ਪ੍ਰਣ ਦਾ ਨਫ਼ੀਸ ਸ਼ਬਦਾਂ ‘ਚ ਜ਼ਿਕਰ ਕੀਤਾ ਹੈ:
ਸੁਧਿ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ॥
ਪੂਤ ਇਹੈ ਪ੍ਰਨ ਤੋਹਿ, ਪ੍ਰਾਨ ਜਬ ਲਗ ਘਟ ਧਾਰੇ।
ਨਿਜ ਨਾਰੀ ਕੇ ਸੰਗ, ਨੇਹੁ ਤੁਮ ਨਿਤ ਬਢੈਯਹੁ॥
ਪਰ ਨਾਰੀ ਕੀ ਸੇਜ, ਭੂਲਿ ਸੁਪਨੇ ਹੂੰ ਨਾ ਜੈਯਹੂ॥
ਗੁਰੂ ਸਾਹਿਬ ਨੇ ਇਸ ਪ੍ਰਣ ਨੂੰ ਕਿਸ ਗੰਭੀਰਤਾ ਨਾਲ ਨਿਭਾਇਆ, ਉਸ ਦੀ ਇਕ ਸੁੰਦਰ ਸਾਖ਼ੀ ਇਤਿਹਾਸ ਵਿਚ ਆਉਂਦੀ ਹੈ। ਸਮੇਂ ਦੀ ਸਭ ਤੋਂ ਸੁੰਦਰ ਇਸਤਰੀ, ਚੰਬਾ ਰਿਆਸਤ ਦੀ ਰਾਣੀ ਪਦਮਨੀ ਆਪ ਦੇ ਦਰਬਾਰ ਵਿਚ ਆਈ। ਆਪ ਜੀ ਦਾ ਇਹ ਸੁਭਾਅ-ਕਰਮ ਸੀ ਕਿ ਜੋ ਦਰਬਾਰ ਵਿਚ ਆ ਸਿਰ ਝੁਕਾਏ, ਉਸ ਨੂੰ ਹਜ਼ੂਰ ਆਪਣੇ ਤੀਰ ਨਾਲ ਹੀ ਅਸ਼ੀਰਵਾਦ ਦਿੰਦੇ ਸਨ। ਜੇਕਰ ਵਧੇਰੇ ਪ੍ਰਸੰਨ ਹੋਣ ਤਾਂ ਬਖ਼ਸ਼ਿਸ਼ ਵਜੋਂ ਤੀਰ ਹੀ ਉਸ ਵਿਅਕਤੀ ਨੂੰ ਦੇ ਦਿੰਦੇ ਸਨ। ਰਾਣੀ ਪਦਮਨੀ ਨੇ ਜਦ ਸੀਸ ਝੁਕਾਇਆ ਤਾਂ ਆਪ ਨੇ ਇਕ ਤੀਰ ਨਾਲ ਅਸ਼ੀਰਵਾਦ ਦਿੱਤਾ। ਮਹਾਰਾਣੀ ਨੇ ਬੇਨਤੀ ਕਰਦਿਆਂ ਕਿਹਾ, ‘ਮਹਾਰਾਜ ਮੈਂ ਤੁਹਾਡੀ ਸੇਵਕਾ ਹਾਂ, ਆਪਣੇ ਕਰ-ਕਮਲਾਂ ਨਾਲ ਅਸ਼ੀਰਵਾਦ ਦਿਓ।’ ਉਸ ਇਖ਼ਲਾਕ ਦੇ ਦੇਵਤੇ ਨੇ ਉੱਤਰ ਵਜੋਂ ਫੁਰਮਾਇਆ, ‘ਪਦਮਨੀ ਇਨ੍ਹਾਂ ਹੱਥਾਂ ਨਾਲ ਅੱਜ ਤੱਕ ਸਿਰਫ਼ ਆਪਣੀ ਪਤਨੀ ਨੂੰ ਹੀ ਛੂਹਿਆ ਹੈ, ਹੋਰ ਕਿਸੇ ਨੂੰ ਨਹੀਂ।’
ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਵਾਰ ਮੁਗ਼ਲਾਂ ‘ਤੇ ਕੀਤੇ ਹਮਲੇ ਦੌਰਾਨ ਮਾਲ-ਅਸਬਾਬ ਦੇ ਨਾਲ ਹੀ ਸਿੱਖ ਫ਼ੌਜ ਰੰਘੜਾਂ ਦੀ ਇਕ ਕੁੜੀ ਨੂੰ ਵੀ ਬੰਦੀ ਬਣਾ ਨਾਲ ਲੈ ਆਈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਸ ਕੁੜੀ ਨੂੰ ਬੰਦੀ ਵਿਚ ਵੇਖਿਆ ਤਾਂ ਸਖ਼ਤ ਨਾਖ਼ੁਸ਼ੀ ਜ਼ਾਹਰ ਕਰਦਿਆਂ ਉਸ ਬੱਚੀ ਨੂੰ ਸਨਮਾਨ ਤੇ ਇੱਜ਼ਤ ਨਾਲ ਵਾਪਸ ਉਸ ਦੇ ਘਰ ਪਹੁੰਚਾਉਣ ਦਾ ਹੁਕਮ ਦਿੱਤਾ। ਸਿੱਖ ਫ਼ੌਜਾਂ ਨੇ ਫਿਰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ, ਤੁਰਕ ਬੇਖ਼ੌਫ਼ ਹੋ ਕੇ ਹਿੰਦੂਆਂ ਦੀਆਂ ਬਹੂ-ਬੇਟੀਆਂ ਦੀ ਬੇਪਤੀ ਕਰ ਰਹੇ ਹਨ। ਸਾਨੂੰ ਵੀ ਬਦਲਾ ਲੈਣ ਦੀ ਆਗਿਆ ਹੋਣੀ ਚਾਹੀਦੀ ਹੈ। ਬਦਲੇ ਤੋਂ ਬਗ਼ੈਰ ਤੁਰਕ ਸਿੱਧੇ ਨਹੀਂ ਹੋਣ ਲੱਗੇ। ਨਾਲ ਹੀ ਜੰਗ-ਨੀਤੀ ਵੀ ਇਹੋ ਹੈ। ਚਾਣਕ-ਨੀਤੀ ਵੀ ਇਹ ਹੀ ਹੈ:
ਸਗਲ ਸਿੱਖ ਪੁਛਣ ਗੁਣ ਖਾਣੀ। ਸਗਲ ਤੁਰਕ ਭੁਗਵੇ ਹਿੰਦਵਾਨੀ।
ਸਿਖ ਬਦਲਾ ਲੈ ਭਲਾ ਜਣਾਵੈ। ਗੁਰੂ ਸ਼ਾਸਤ੍ਰ ਕਿਉ ਵਰਜ ਹਟਾਵੈ।
ਸਿੱਖਾਂ ਦੇ ਵਿਚਾਰ ਸੁਣ ਕੇ ਦਸਮੇਸ਼ ਪਿਤਾ ਕਹਿਣ ਲੱਗੇ, ‘ਮੈਂ ਤਾਂ ਐਸੇ ਸਿੱਖ ਬਣਾਉਣੇ ਹਨ, ਜੋ ਜੰਗਾਂ-ਯੁੱਧਾਂ ਵਿਚ ਵੀ ਆਪਣਾ ਆਚਰਣ ਬੁਲੰਦ ਰੱਖਣ। ਹਰ ਵੇਲੇ ਉਹ ਆਚਰਣ ਦੀ ਮੂਰਤ ਦਿਸਣ। ਅਸੀਂ ਬਦਲੇ ਨਹੀਂ ਲੈਣੇ। ਨੀਵੀਂ ਖੱਡ ਵਿਚ ਨਹੀਂ ਡਿਗਣਾ।’
ਸੁਣ ਸਤਿਗੁਰ ਬੋਲੇ ਤਿਸ ਬੇਰੇ। ਹਮ ਲੈ ਜਾਣਹੁ ਪੰਥ ਉਚੇਰੇ।
ਨਾਹਿ ਅਧੋਗਤੀ ਬਿਖ-ਪੁਹਚਾਵੈ। ਤਾਂ ਤੇ ਰਲ ਮਲ ਕਰਨ ਹਟਾਵੈ।
ਇਖ਼ਲਾਕ ਦੇ ਮੁਜੱਸਮੇ ਗੁਰੂ ਨੇ ਸਿੰਘਾਂ ਵਿਚ ਇਖ਼ਲਾਕ ਦੇ ਉੱਚੇ ਗੁਣ ਭਰੇ, ਜਿਸ ਦੇ ਸਦਕਾ ਸਿੱਖਾਂ ਨੇ ਜੰਗਾਂ ਅਤੇ ਅਮਨ, ਦੋਹਾਂ ਸਮਿਆਂ ਵਿਚ ਆਪਣਾ ਆਚਰਣ ਨਾ ਡਿੱਗਣ ਦਿੱਤਾ। ਇਸ ਦੀਆਂ ਗਵਾਹੀਆਂ ਗ਼ੈਰ-ਸਿੱਖ ਇਤਿਹਾਸਕਾਰਾਂ ਨੇ ਹੀ ਨਹੀਂ ਸਗੋਂ ਦੁਸ਼ਮਣਾਂ ਨੇ ਵੀ ਭਰੀਆਂ ਹਨ।
ਸੰਨ 1764 ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ‘ਤੇ ਸੱਤਵੇਂ ਹਮਲੇ ਵੇਲੇ ਉਸ ਦਾ ਇਕ ਮੀਰ ਮੁਨਸ਼ੀ ਕਾਜ਼ੀ ਨੂਰ ਮੁਹੰਮਦ ਉਸ ਦੇ ਨਾਲ ਪੰਜਾਬ ਆਇਆ। ਉਸ ਨੇ ਸਿੰਘਾਂ ਨੂੰ ਮੈਦਾਨ-ਏ-ਜੰਗ ‘ਚ ਲੜਦਿਆਂ ਵੇਖਿਆ ਤਾਂ ਉਹ ਦੁਸ਼ਮਣ ਹੁੰਦੇ ਹੋਏ ਵੀ ਸਿੰਘਾਂ ਦੇ ਗੁਣਾਂ ਤੋਂ ਪ੍ਰਭਾਵਿਤ ਹੋਏ ਬਗ਼ੈਰ ਰਹਿ ਨਾ ਸਕਿਆ। ਅਬਦਾਲੀ ਦੇ ਲਸ਼ਕਰ ਦੇ ਤੁਰਨ ਤੋਂ ਲੈ ਕੇ ਵਾਪਸੀ ਤੱਕ ਦੇ ਅੱਖੀਂ ਡਿੱਠੇ ਹਾਲ ਨੂੰ ਬਿਆਨਦੇ ਉਹ ਆਪਣੇ 55 ਬਿਆਨਾਤ ਵਾਲੇ ‘ਜੰਗਨਾਮੇ’ ਵਿਚ ਲਿਖਦਾ ਹੈ ਕਿ: ‘ਇਨ੍ਹਾਂ ਸਿੰਘਾਂ ਨੂੰ ‘ਸਗ’ (ਕੁੱਤੇ) ਨਾ ਆਖੋ, ਇਹ ਤੇ ਸ਼ੇਰ ਹਨ। ਮਰਦਾਨਗੀ ਦੇ ਮੈਦਾਨ ਵਿਚ ਸ਼ੇਰਾਂ ਵਾਂਗ ਦਲੇਰ ਹਨ। ਰਣ ਦਾ ਉਹ ਸੂਰਮਾ ਜੋ ਲੜਾਈ ਵਿਚ ਸ਼ੇਰ ਵਾਂਗ ਬੁੱਕੇ, ਉਹ ‘ਸਗ’ ਕਿਵੇਂ ਹੋ ਸਕਦਾ ਹੈ? ੩ਇਨ੍ਹਾਂ ਵਿਚ ਵਿਭਚਾਰ ਬਿਲਕੁਲ ਨਹੀਂ ਹੈ ਤੇ ਨਾ ਹੀ ਇਨ੍ਹਾਂ ਭੈੜੀਆਂ ਰਗਾਂ ਵਾਲਿਆਂ ਵਿਚ ਚੋਰੀ ਹੈ। ਔਰਤ ਭਾਵੇਂ ਉਹ ਜਵਾਨ ਹੈ, ਭਾਵੇਂ ਬਜ਼ੁਰਗ੩ਜੇਕਰ ਜੰਗ ਦੇ ਮੈਦਾਨ ਵਿਚ ਇਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਇਹ ਕਹਿੰਦੇ ਹਨ ਪਾਸੇ ਹਟ ਜਾ ਬੁੱਢੀਏ੩। ਔਰਤ, ਬੱਚੇ ਤੇ ਬਜ਼ੁਰਗ ‘ਤੇ ਕਦੇ ਹੱਥ ਨਹੀਂ ਚੁੱਕਦੇ।’ ਇਸੇ ਤਰ੍ਹਾਂ ਜਦੋਂ ਅਬਦਾਲੀ ਵਰਗੇ ਵਿਦੇਸ਼ੀ ਜਰਵਾਣੇ ਹਿੰਦੁਸਤਾਨ ‘ਤੇ ਹਮਲਿਆਂ ਦੌਰਾਨ ਮਾਲ-ਅਸਬਾਬ ਲੁੱਟਣ ਦੇ ਨਾਲ-ਨਾਲ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਵੀ ਅਗਵਾ ਕਰਕੇ ਗੱਡਿਆਂ ‘ਤੇ ਲੱਦ ਕੇ ਵਾਪਸ ਜਾਣ ਲੱਗਦੇ ਸਨ ਤਾਂ ਬਿਆਸ ਦਰਿਆ ਟੱਪਣ ਵੇਲੇ ਸਿੰਘ ਉਨ੍ਹਾਂ ਦੀਆਂ ਫ਼ੌਜਾਂ ‘ਤੇ ਹਮਲੇ ਕਰਕੇ ਅਗਵਾ ਔਰਤਾਂ ਨੂੰ ਆਜ਼ਾਦ ਕਰਵਾ ਕੇ ਬਾਇੱਜ਼ਤ ਘਰੋ-ਘਰੀ ਛੱਡ ਕੇ ਆਉਂਦੇ ਸਨ।
ਅਠਾਰ੍ਹਵੀਂ ਸਦੀ ‘ਚ ਜਦੋਂ ਸਰਦਾਰ ਹਰੀ ਸਿੰਘ ਨਲੂਆ ਨੇ ਦੱਰਾ-ਏ-ਖੈਬਰ ‘ਤੇ ਹਮਲਾ ਕੀਤਾ ਤਾਂ ਉੱਥੋਂ ਦੇ ਬਹਾਦਰ ਪਠਾਣਾਂ ਨੂੰ ਭਾਜੜਾਂ ਪੈ ਗਈਆਂ। ਹਰ ਪਾਸੇ ‘ਹਰੀਆ ਰਾਗਲੇ’, ‘ਹਰੀਆ ਰਾਗਲੇ’ (ਭਾਵ: ਹਰੀ ਸਿੰਘ ਆ ਰਿਹੈ) ਦਾ ਕੋਹਰਾਮ ਮਚ ਗਿਆ। ਹਰੀ ਸਿੰਘ ਨਲੂਆ ਦੀ ਬਹਾਦਰੀ ਕਾਰਨ ਪਠਾਣਾਂ ‘ਚ ਮਚੀ ਹਫੜਾ-ਦਫੜੀ ਤੋਂ ਪ੍ਰਭਾਵਿਤ ਹੋ ਕੇ ਇਕ ਜਵਾਨ ਪਠਾਣ ਮੁਟਿਆਰ ਹਰੀ ਸਿੰਘ ਨਲੂਆ ਨੂੰ ਮਿਲਣ ਲਈ ਪਹੁੰਚ ਗਈ। ਹਰੀ ਸਿੰਘ ਨੇ ਜਮਰੌਦ ਵਿਚ ਆਪਣੀ ਫ਼ੌਜ ਸਮੇਤ ਡੇਰੇ ਲਾਏ ਹੋਏ ਸਨ। ਜਦੋਂ ਉਹ ਸਿੰਘਾਂ ਦੀ ਛਾਉਣੀ ਵਿਚ ਹਰੀ ਸਿੰਘ ਨਲੂਆ ਦੇ ਤੰਬੂ ਨੇੜੇ ਪਹੁੰਚੀ ਤਾਂ ਅਣਜਾਣ ਔਰਤ ਨੂੰ ਵੇਖ ਕੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕ ਲਿਆ। ਉਹ ਉੱਚੀ-ਉੱਚੀ ਰੌਲਾ ਪਾਉਣ ਲੱਗੀ ਕਿ ਉਹ ‘ਹਰੀਆ’ ਨੂੰ ਮਿਲਣਾ ਚਾਹੁੰਦੀ ਹੈ। ਜਦੋਂ ਹਰੀ ਸਿੰਘ ਨਲੂਆ ਨੇ ਤੰਬੂ ਅੰਦਰ ਆਵਾਜ਼ ਸੁਣੀ ਤਾਂ ਉਸ ਨੇ ਪਹਿਰੇਦਾਰਾਂ ਨੂੰ ਹੁਕਮ ਕੀਤਾ ਕਿ ਉਸ ਔਰਤ ਨੂੰ ਅੰਦਰ ਆਉਣ ਦਿੱਤਾ ਜਾਵੇ। ਪਠਾਣ ਮੁਟਿਆਰ ਹਰੀ ਸਿੰਘ ਨਲੂਆ ਨੂੰ ਕੁਝ ਸਵਾਲ-ਜਵਾਬ ਕਰਨ ਤੋਂ ਬਾਅਦ ਏਨੀ ਪ੍ਰਭਾਵਿਤ ਹੋਈ ਕਿ ਆਖਣ ਲੱਗੀ, ‘ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖੋਂ ਵੀ ਤੁਹਾਡੇ ਵਰਗਾ ਬਹਾਦਰ ਅਤੇ ਜਰਨੈਲ ਪੁੱਤਰ ਪੈਦਾ ਹੋਵੇ।’ ਹਰੀ ਸਿੰਘ ਕਹਿਣ ਲੱਗਾ, ‘ਅੱਲ੍ਹਾ ਕੋਲ ਦੁਆ ਕਰਿਆ ਕਰ ਕਿ ਉਹ ਤੈਨੂੰ ਨੇਕ ਪੁੱਤਰ ਦੇਵੇ।’ ਵਾਰ-ਵਾਰ ਹਰੀ ਸਿੰਘ ਨਲੂਆ ਵਲੋਂ ਇਕੋ ਉੱਤਰ ਦੇਣ ਤੋਂ ਬਾਅਦ ਪਠਾਣ ਮੁਟਿਆਰ ਕਹਿਣ ਲੱਗੀ, ‘ਮੈਂ ਆਪਣੀ ਕੁੱਖੋਂ ਬਿਲਕੁਲ ਤੇਰੇ ਵਰਗਾ ਪੁੱਤਰ ਚਾਹੁੰਦੀ ਹਾਂ।’ ਹਰੀ ਸਿੰਘ ਨਲੂਆ ਉਸ ਦੇ ਹਾਵ-ਭਾਵ ਵੇਖ ਕੇ ਉਸ ਦੀ ਨੀਅਤ ਸਮਝ ਗਿਆ ਤੇ ਗੁੱਸੇ ਵਿਚ ਲਾਲ ਹੋ ਗਿਆ। ਉਸ ਨੇ ਸ਼ਮਸ਼ੀਰ ਧੂਹ ਕੇ ਮਿਆਨੋਂ ਕੱਢ ਲਈ ਤੇ ਆਖਣ ਲੱਗਾ,’ਪਠਾਣ ਦੀਏ ਬੱਚੀਏ! ਤੂੰ ਸਿੱਖ ਦਾ ਕਿਰਦਾਰ ਪਰਖਣ ਆਈ ਏਂ। ਜਾ ਚਲੀ ਜਾ ਇੱਥੋਂ।’ ਪਠਾਣ ਮੁਟਿਆਰ ਡਰ ਨਾਲ ਕੰਬਦੀ ਤੇ ਰੋਂਦੀ ਹੋਈ ਕਾਹਲੀ ਵਿਚ ਤੰਬੂ ਵਿਚੋਂ ਬਾਹਰ ਨੂੰ ਤੁਰ ਪਈ ਤੇ ਦਰ ਕੋਲ ਜਾ ਕੇ ਕਹਿਣ ਲੱਗੀ, ‘ਮੈਂ ਤਾਂ ਸੁਣਿਆ ਸੀ ਕਿ ਗੁਰੂ ਦੇ ਖ਼ਾਲਸੇ ਦੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ, ਪਰ ਅੱਜ ਇਹ ਪਠਾਣ ਬੱਚੀ ਇਸ ਦਰ ਤੋਂ ਖ਼ਾਲੀ ਜਾ ਰਹੀ ਹੈ੩।’
ਇਹ ਸੁਣ ਕੇ ਹਰੀ ਸਿੰਘ ਨਲੂਆ ਗਰਜ਼ਵੀਂ ਆਵਾਜ਼ ‘ਚ ਬੋਲਿਆ, ‘ਨਹੀਂ, ਇਹ ਫ਼ਰਿਆਦਣ ਖ਼ਾਲਸੇ ਦੇ ਦਰ ਤੋਂ ਖ਼ਾਲੀ ਨਹੀਂ ਮੁੜੇਗੀ। ਬੀਬੀ ਤੂੰ ਚਾਹੁੰਦੀ ਹੈ ਕਿ ਤੇਰੇ ਘਰ ਮੇਰੇ ਵਰਗਾ ਪੁੱਤਰ ਹੋਵੇ੩ ਤੇ ਜਾ ਅੱਜ ਤੋਂ ਇਹ ਹਰੀ ਸਿੰਘ ਤੇਰਾ ਪੁੱਤਰ ਏ ਤੇ ਤੂੰ ਹਰੀ ਸਿੰਘ ਦੀ ਧਰਮ ਦੀ ਮਾਂ।’ ਇਹ ਕਹਿੰਦਿਆਂ ਹਰੀ ਸਿੰਘ ਨੇ ਪਹਿਰੇਦਾਰ ਕੋਲੋਂ ਇਕ ਦੁਸ਼ਾਲਾ ਮੰਗਵਾ ਕੇ ਪਠਾਣ ਮੁਟਿਆਰ ਦੇ ਸਿਰ ‘ਤੇ ਦਿੰਦਿਆਂ ਉਸ ਦੇ ਪੈਰਾਂ ‘ਤੇ ਆਪਣਾ ਸਿਰ ਧਰ ਦਿੱਤਾ। ਪਠਾਣ ਮੁਟਿਆਰ ਸਰੀਰ ਤੋਂ ਲੈ ਕੇ ਰੂਹ ਤੱਕ ਪਵਿੱਤਰਤਾ ਦੇ ਨਾਲ ਸਰਸ਼ਾਰ ਹੋ ਗਈ ਤੇ ਅਸਚਰਜਤਾ ਤੇ ਵੈਰਾਗ ‘ਚ ਉਸ ਦੀਆਂ ਅੱਖਾਂ ‘ਚੋਂ ਵਾਹੋਦਾਹੀ ਹੰਝੂ ਵਹਿਣ ਲੱਗੇ। ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਹ ਪਠਾਣ ਮੁਟਿਆਰ ਦੱਰਾ-ਏ-ਖੈਬਰ ਦੇ ਸ਼ਾਸਕ ਦੇ ਪੁੱਤਰ ਗੁਲਫਾਮ ਖ਼ਾਨ ਦੀ ਮੰਗੇਤਰ ਬਾਨੋ ਸੀ, ਜਿਸ ਨੂੰ ਪਠਾਣ ਸ਼ਾਸਕ ਨੇ ਜਾਣ-ਬੁੱਝ ਕੇ ਹਰੀ ਸਿੰਘ ਨਲੂਆ ਨੂੰ ਆਚਰਣ ਤੋਂ ਡੇਗ ਕੇ ਉਸ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਚਾਲ ਨਾਲ ਉਸ ਕੋਲ ਭੇਜਿਆ ਸੀ। ਕਿਉਂਕਿ ਦੁਨੀਆ ਦੇ ਇਤਿਹਾਸ ‘ਚ ਕਈ ਬਹਾਦਰ ਕੌਮਾਂ ਤੇ ਬਹੁਤ ਸਾਰੇ ਬਹਾਦਰ ਜਰਨੈਲ ਅਨੇਕਾਂ ਖ਼ੂਬੀਆਂ ਦੇ ਬਾਵਜੂਦ ਵਿਭਚਾਰ ਦੀ ਮਨੁੱਖੀ ਕਮਜ਼ੋਰੀ ਦਾ ਸ਼ਿਕਾਰ ਹੋ ਕੇ ਫ਼ਨਾਹ ਹੋ ਗਏ, ਪਰ ਖ਼ਾਲਸੇ ਨੂੰ ਇਸ ਦੇ ਗੁਰੂ ਨੇ ਬੜੀ ਸਖ਼ਤੀ ਨਾਲ ਆਚਰਣ ਦੀ ਉੱਚਤਾ ਕਾਇਮ ਰੱਖਣ ਦੀ ਹਦਾਇਤ ਕੀਤੀ ਹੈ।
ਭਾਰਤ-ਪਾਕਿ ਵੰਡ ਤੋਂ ਬਹੁਤ ਸਾਲ ਪਹਿਲਾਂ ਇਕ ਅਮਰੀਕਨ ਮੁਟਿਆਰ ਭਾਰਤ ਯਾਤਰਾ ਲਈ ਆਈ। ਉਸ ਨੇ ਯਾਤਰਾ ਤੋਂ ਵਾਪਸ ਪਰਤ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਤੇਜਾ ਸਿੰਘ ਨੂੰ ਇਕ ਚਿੱਠੀ ਲਿਖੀ । ਉਸ ਬੀਬੀ ਨੇ ਲਿਖਿਆ ਕਿ, ‘ਮੈਂ ਬੰਬਈ ਤੋਂ ਦੋ ਦਿਨ ਤੇ ਦੋ ਰਾਤਾਂ ਦਾ ਰੇਲ ਵਿਚ ਸਫ਼ਰ ਤੁਹਾਡੇ ਇਕ ਆਗੂ ਮਾਸਟਰ ਤਾਰਾ ਸਿੰਘ ਨਾਲ ਇਕੋ ਡੱਬੇ ਵਿਚ ਕੀਤਾ, ਜਿਸ ਸਾਰੇ ਸਫ਼ਰ ਦੌਰਾਨ ਰੇਲ ਦੇ ਉਸ ਡੱਬੇ ਵਿਚ ਸਾਡੇ ਦੋਵਾਂ ਤੋਂ ਇਲਾਵਾ ਹੋਰ ਕੋਈ ਤੀਜਾ ਮੁਸਾਫ਼ਰ ਨਾ ਆਇਆ। ਇੰਨੇ ਲੰਬੇ ਸਫ਼ਰ ਵਿਚ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਤੁਹਾਡੇ ਇਸ ਨੌਜਵਾਨ ਆਗੂ ਨੇ ਇਕ ਵਾਰੀ ਵੀ ਮੇਰੇ ਵੱਲ ਸਿੱਧੀ ਜਾਂ ਚੁਰਾਵੀਂ ਅੱਖ ਨਾਲ ਨਹੀਂ ਵੇਖਿਆ। ਅਸੀਂ ਅਮਰੀਕਾ ਨਿਵਾਸੀ ਆਪਣੇ ਦੇਸ਼ ਵਿਚ ਸੁਣਦੇ ਹਾਂ ਕਿ ਭਾਰਤ ਦੇ ਇਤਿਹਾਸ ‘ਚ ਇਕ ਲਛਮਣ ਜਤੀ ਹੋਇਆ ਹੈ ਪਰ ਤੁਹਾਡੇ ਆਗੂ ਦੇ ਇਸ ਅਦੁੱਤੀ ਮਾਨਸਿਕ ਸੰਜਮ ਦੇ ਗੁਣ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਦੇਸ਼ ਵਿਚ ਲਛਮਣ ਜਤੀ ਅਜੇ ਵੀ ਮੌਜੂਦ ਹਨ।’ ਸਿੱਖਾਂ ਦੇ ਉੱਚੇ ਇਖ਼ਲਾਕ ਕਾਰਨ ਹੀ, ਹੁਣ ਤੱਕ ਮੁੰਬਈ ਵਰਗੇ ਮਹਾਂਨਗਰਾਂ ‘ਚ ਜੇਕਰ ਰਾਤ-ਬਰਾਤੇ ਕਿਸੇ ਇਕੱਲੀ ਔਰਤ ਨੂੰ ਸਫ਼ਰ ਕਰਨਾ ਪੈ ਜਾਵੇ ਤਾਂ ਉਹ ਕਿਸੇ ਸਰਦਾਰ ਦੀ ਟੈਕਸੀ ‘ਚ ਬੈਠਣ ਨੂੰ ਤਰਜੀਹ ਦਿੰਦੀ ਹੈ, ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਕਿਸੇ ਮੁਸੀਬਤ ਵੇਲੇ ਇਕੱਲੀ ਔਰਤ ਦੀ ਸੁਰੱਖਿਆ ਕਰਨੀ ਸਿੱਖਾਂ ਤੋਂ ਵੱਧ ਕੋਈ ਨਹੀਂ ਜਾਣਦਾ। ਉਹ ਹਰੇਕ ਔਰਤ ਨੂੰ ਆਪਣੀ ਮਾਂ, ਭੈਣ ਤੇ ਧੀ ਵਾਂਗ ਵੇਖਦੇ ਹਨ। ਪਿੱਛੇ ਜਿਹੇ ਇਕ ਅਖ਼ਬਾਰ ‘ਚ ਬਾਲੀਵੁੱਡ ਦੇ ਫ਼ਿਲਮ ਮੇਕਰ ਸ਼ੇਖਰ ਕਪੂਰ ਨੇ ਆਪਣੀ ਇੰਟਰਵਿਊ ‘ਚ ਸਿੱਖਾਂ ਦੇ ਆਚਰਣ ਦੀ ਇਕ ਮਿਸਾਲ ਦਿੰਦਿਆਂ ਆਖਿਆ ਸੀ, ‘ਬਚਪਨ ਵਿਚ ਸਾਡਾ ਪਰਿਵਾਰ ਦਿੱਲੀ ਰਹਿੰਦਾ ਸੀ ਤਾਂ ਉਦੋਂ ਕੁੜੀਆਂ ਨੂੰ ਕਿਹਾ ਜਾਂਦਾ ਸੀ ਕਿ ਜੇਕਰ ਤੁਸੀਂ ਕਿਸੇ ਖ਼ਤਰੇ ‘ਚ ਇਕੱਲੇ ਹੋਵੋ ਤਾਂ ਨੇੜੇ ਕਿਸੇ ਸਰਦਾਰ ਕੋਲ ਚਲੇ ਜਾਵੋ, ਉਹ ਆਪਣੀ ਜਾਨ ਦੇ ਕੇ ਵੀ ਤੁਹਾਡੀ ਰੱਖਿਆ ਕਰੇਗਾ।’
ਦਰਅਸਲ ਇਤਿਹਾਸ ‘ਚ ਸਿੱਖਾਂ ਦੇ ਬੁਲੰਦ ਇਖ਼ਲਾਕੀ ਕਿਰਦਾਰ ਦੀ ਸਿਰਜਣਾ ਦੀ ਆਧਾਰਸ਼ਿਲਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਰੱਖ ਦਿੱਤੀ ਸੀ। ਗੁਰੂ ਸਾਹਿਬ ਨੇ ਜਿੱਥੇ ਪੰਦ੍ਹਰਵੀਂ ਸਦੀ ‘ਚ ਸਮਾਜ ਵਲੋਂ ਤ੍ਰਿਸਕਾਰੀ ਤੇ ਲਿਤਾੜੀ ਔਰਤ ਨੂੰ ”ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਦਾ ਸੰਦੇਸ਼ ਦੇ ਕੇ ਸਤਿਕਾਰ ਨਾਲ ਨਿਵਾਜਿਆ, ਉਥੇ ਸੱਭਿਅਕ ਮਨੁੱਖ ਬਣਨ ਲਈ ਉੱਚਾ-ਸੁੱਚਾ ਆਚਰਣ ਰੱਖਣਾ ਸਭ ਤੋਂ ਉਤਮ ਦੱਸਿਆ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਸਿਰੀ ਰਾਗੁ ਮ. ੧, ਪੰਨਾ 62)
ਭਾਈ ਗੁਰਦਾਸ ਜੀ ਵੀ ਇਕ ਉਤਮ ਸੇਧ ਇਉਂ ਦਿੰਦੇ ਹਨ:
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ॥ (ਵਾਰਾਂ ਭਾਈ ਗੁਰਦਾਸ ਜੀ, 29-11)
ਸ੍ਰੀ ਗੁਰੂ ਅਰਜਨ ਦੇਵ ਜੀ ਪਰਾਈ ਇਸਤਰੀ ਦੇ ਸੰਗ ਨੂੰ ਮਨੁੱਖ ਲਈ ਸੱਪ ਦਾ ਸਾਥ ਕਰਨ ਬਰਾਬਰ ਦੱਸਦੇ ਹਨ।
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੁ ਪਰ ਗ੍ਰਿਹੁ॥ (ਆਸਾ ਮ. ੫, ਅੰਗ : 403)
ਜੰਗ ਦੌਰਾਨ ਵੀ ਸਿੱਖਾਂ ਵਲੋਂ ਔਰਤ ਪ੍ਰਤੀ ਸਤਿਕਾਰਤ ਨਜ਼ਰੀਆ ਅਤੇ ਅਦੁੱਤੀ ਮਾਨਸਿਕ ਸੰਜਮ ਬਰਕਰਾਰ ਰੱਖਣ ਪਿੱਛੇ ਗੁਰੂ ਸਾਹਿਬਾਨ ਵਲੋਂ ਉਨ੍ਹਾਂ ਨੂੰ ਦਿੱਤੀ ਉਹ ਦੈਵੀ ਪ੍ਰੇਰਨਾ ਉਚੇਚੀ ਵਰਤਦੀ ਰਹੀ, ਜਿਹੜੀ ਦੁਨੀਆ ਦੀ ਹੋਰ ਕਿਸੇ ਵੀ ਫ਼ੌਜੀ ਸਿਖਲਾਈ ‘ਚ ਨਹੀਂ ਮਿਲਦੀ। ਸਿੱਖਾਂ ਨੂੰ ਰਣ ਤੱਤੇ ਅੰਦਰ ਆਪਣੇ ਸਰੀਰਕ ਬਲ ਤੇ ਸਾਹਸ ਦੁਆਰਾ ਦੁਸ਼ਮਣ ਨਾਲ ਜੂਝਣ ਤੋਂ ਪਹਿਲਾਂ, ਆਪਣੇ ਅੰਦਰੋਂ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ ਮੂਲੋਂ ਮਾਰ ਮੁਕਾਉਣ ਦੀ ਸਿਖਲਾਈ ਮਿਲਦੀ ਹੈ। ਪਹਿਲਾਂ ਪੰਜ ਵਿਕਾਰਾਂ ਨੂੰ ਮਾਰ ਕੇ, ਨੇਕੀ ਲਈ ਬਦੀ ਦੇ ਖ਼ਿਲਾਫ਼ ਮੈਦਾਨ-ਏ-ਜੰਗ ‘ਚ ਜੂਝਣ ਵਾਲੇ ਨੂੰ ਹੀ ਗੁਰਮਤਿ ਨੇ ਅਸਲ ਸੂਰਮਾ ਦੱਸਿਆ ਹੈ।
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ॥੧॥
(ਆਸਾ ਮ: ੫, ਪੰਨਾ : 404)
ੲੲੲ

Check Also

ਆਇਲਿਟਸ, ਮਜ਼ਬੂਰੀ-ਬਸ ਪਰਵਾਸ ਤੇ ਪੰਜਾਬ ਦੇ ਨੌਜਵਾਨ

ਗੁਰਮੀਤ ਸਿੰਘ ਪਲਾਹੀ ਪਰਵਾਸੀਆਂ ਦੇ ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਦੇ ਦੁਆਬੇ ਖਿੱਤੇ ਤੱਕ ਸੀਮਿਤ …