Breaking News
Home / ਰੈਗੂਲਰ ਕਾਲਮ / ਜਦ ਮੇਰਾ ਲਿਖਣ ਲਈ ਦਿਲ ਕਰਦੈ!

ਜਦ ਮੇਰਾ ਲਿਖਣ ਲਈ ਦਿਲ ਕਰਦੈ!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਅਕਸਰ ਹੀ ਪੁੱਛਿਆ ਜਾਂਦਾ ਹੈ ਕਿ ਕਦੋਂ ਲਿਖਦੇ ਹੋ? ਕਿੱਥੇ ਬਹਿ ਕੇ ਲਿਖਦੇ ਹੋ…? ਹਾਲੇ ਕੋਈ ਜੁਆਬ ਨਹੀਂ ਦਿੱਤਾ ਹੁੰਦਾ, ਸਿਰਫ਼ ਸੁਣਿਆ ਹੀ ਹੁੰਦਾ ਹੈ, ਤਾਂ ਸੁਆਲ ਪੁੱਛਣ ਵਾਲਾ ਆਪੇ ਹੀ ਸਵਾਲਾਂ ਵਰਗੇ ਜੁਆਬ ਦੇ ਦਿੰਦਾ ਹੈ, ਜਦੋਂ ਬਿਲਕੁਲ ਇਕਾਂਤ ਹੋਵੇ, ਉਦੋਂ ਲਿਖਦੇ ਹੋਵੋਗੇ…ਜਾਂ ਫਿਰ ਕਿਸੇ ਨਦੀ ਜਾਂ ਝੀਲ ਦੇ ਕਿਨਾਰੇ ਬਹਿ ਕੇ ਲਿਖਦੇ ਹੋਵੋਗੇ, ਜਾਂ ਫਿਰ ਕਦੀ ਜਾਗ ਟੁੱਟੇ, ਉਦੋਂ ਲਿਖਦੇ ਹੋਵੋਗੇ!
ਸੁਣ ਲੈਂਦਾ ਹਾਂ, ਚੁੱਪ ਰਹਿੰਦਾ ਹਾਂ, ਕਿਉਂਕਿ ਇਹਨਾਂ ਪੁੱਛਾਂ-ਦੱਸਾਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਮੈਨੂੰ ਲਿਖਣ ਵਾਸਤੇ ਰਤਾ ਵੀ ਇਕਾਂਤ ਨਹੀਂ ਚਾਹੀਦੀ, ਨਾ ਝੀਲ ਜਾਂ ਨਦੀ ਕਿਨਾਰਾ ਹੀ ਚਾਹੀਦੈ ਤੇ ਨਾ ਹੀ ਚੁੱਪ ਚੰਗੀ ਲਗਦੀ ਹੈ ਮੈਨੂੰ। ਹੁਣ ਕਦੇ-ਕਦੇ ਜਦ ਪੈੱਨ ਤੇ ਡਾਇਰੀ ਰੁੱਸ ਜਾਂਦੇ ਨੇ ਤਾਂ ਲਿਖਣ ਲਈ ਮੋਬਾਈਲ ਫੋਨ ਦੀ ਕੀ-ਪੈਡ ਸਾਥ ਦੇਂਦੀ ਹੈ। (ਇੱਕ ਦਿਨ ਸ਼ੀਸ਼ਾ ਦੇਖਣ ਲੱਗਿਆ ਤਾਂ ਸ਼ੀਸ਼ੇ ਨੇ ਹਿਰਖ ਨਾਲ ਕਿਹਾ, ਕਿਉਂ…? ਪੈ ਗਈ ਮੇਰੀ ਲੋੜ ਤੈਨੂੰ…ਤੂੰ ਮੋਬਾਈਲ ‘ਚੋਂ ਆਪਣਾ ਚਿਹਰਾ ਤੱਕਦਾ ਨਹੀਂ ਥੱਕਦਾ। ਮੈਂ ਸ਼ੀਸ਼ਾ ਹਾਂ, ਹਰੇਕ ਨੂੰ ਉਸਦਾ ਅਸਲ ਚਿਹਰਾ ਵਿਖਾਉੰਦਾ ਹਾਂ, ਅੱਜ ਤੈਨੂੰ ਆਪਣਾ ਅਸਲ ਚਿਹਰਾ ਦੇਖਣ ਦੀ ਕਿੱਥੋਂ ਅਹੁੜੀ ਹੈ? ਸ਼ੀਸ਼ੇ ਤੋਂ ਬੜਾ ਡਰ ਲੱਗਿਆ ਸੀ। ਕਦੇ ਕਦੇ ਕਲਮ ਤੇ ਡਾਇਰੀ ਤੋਂ ਵੀ ਡਰਦਾ ਹਾਂ ਕਿ ਕਿਤੇ ਸ਼ੀਸ਼ੇ ਵਾਂਗਰਾਂ ਇਹ ਵੀ ਆਪਣਾ ਉਲਾਂਭਾਂ ਨਾ ਦੇ ਦੇਣ ਰਲਕੇ! ਘੜੀ ਵੱਲ ਦੇਖ ਮੂੰਹ ਭੁਆ ਲਈ ਸੀ ਪਾਸੇ, ਲਗਦੈ ਇਹ ਵੀ ਸੀਸੇ ਦੀ ਭੈਣ ਹੈ ਤੇ ਬੋਲਣੋਂ ਨਹੀਂ ਰਹਿ ਸਕੇਗੀ…ਮੈਂ ਘੜੀ ਹਾਂ, ਰਹਿਮ ਦਿਲ ਵੀ ਬੜੀ ਹਾਂ ਪਰ ਜੇ ਵਿਗੜ ਗਈ ਤਾਂ ਸਾਰਾ ਕੁਝ ਵਿਗਾੜ ਧਰੂੰ…ਗੁੱਟ ‘ਤੇ ਸਜਾਉਂਦਾ ਸੈ ਤੇ ਹੁਣ ਮੋਬਾਈਲ ਫੋਨ ਤੋਂ ਵਕਤ ਪੁਛਦਾ ਹੈਂ ਕਿ ਕਿੰਨੇ ਵੱਜ ਗਏ…ਮੈਂ ਘੜੀ ਹਾਂ, ਮੈਂ ਤੇਰੇ ਘੜਿਆਲ ਖੜਕਾ ਦੇਊਂਗੀ…ਸੁਣ ਲੈ, ਕੰਨ ਖੋਲ੍ਹ ਕੇ ਗੱਲ!)
ਛੋਹੀ ਗੱਲ ਦੀ ਤੰਦੀ ਫੜਾਂ…ਮੇਰਾ ਜੁਆਬ ਹੈ ਕਿ ਮੈਂ ਉਦੋਂ ਲਿਖਦਾ ਹਾਂ, ਜਦ ਕਦੀ ਰੇਲ ‘ਤੇ ਸਫ਼ਰ ਕਰ ਰਿਹਾ ਹੋਵਾਂ, ਸੂਰਜ ਅਸਤ ਹੋ ਰਿਹਾ ਹੋਵੇ, ਦੂਰ ਅਕਾਸ਼ ਵਿਚ ਪੰਛੀਆਂ ਦੀ ਡਾਰ ਉੱਡ ਰਹੀ ਹੋਵੇ ਇੱਕ ਦੂਜੇ ਦੇ ਆਸਰੇ। ਕਿਸੇ ਧਾਰਮਿਕ ਅਸਥਾਨ ਦਾ ਗੁੰਬਦ ਜਦ ਨਜ਼ਰੀਂ ਪੈ ਜਾਵੇ ਤਾਂ ਮਨ ਸੀਤਲ-ਸੀਤਲ ਹੋ ਜਾਂਦੈ। ਰੇਲਵੇ ਸਟੇਸ਼ਨ ਦੇ ਕਿਤੇ ਪਰ੍ਹੇ ਜਿਹੇ ਖਾਲੀ ਪਏ ਬੈਂਚ ਉੱਤੇ ਘੰਟਿਆਂ ਬੱਧੀ ਇਕੱਲਾ ਬੈਠ ਕੇ, ਬਿਨਾਂ ਸੈੱਲ ਫੋਨ ਦੇ ਸਾਥ ਤੋਂ…ਆਪਣੇ ਟਿਕਾਣੇ ਵੱਲ ਪਰਤਾਂ, ਉਦੋਂ ਕੁਝ ਲਿਖਣ ਲਈ ਦਿਲ ਕਰਦੈ! ਰੇਲ ਦੇ ਸਫ਼ਰ ਸਮੇਂ ਕਾਗਜ਼ੀ ਗਲਾਸ ‘ਚ ਪੀਤੀ ਧੁਆਂਖੀ ਚਾਹ ਥਕੇਵਾਂ ਲਾਹ ਦਿੰਦੀ ਹੈ, ਫਿਰ ਕੁਝ ਲਿਖਣ ਲਈ ਚਾਹ ਉਠਦੀ ਹੈ ਤੇ ਆਪ-ਮੁਹਾਰੇ ਪੈੱਨ ਹੱਥ ਪੈਂਨ ਵੱਲ ਵਧਦਾ ਹੈ, ਸੁੱਤੀ ਡਾਇਰੀ ਦੇ ਪੰਨੇ ਜਾਗ ਪੈਂਦੇ ਨੇ।
ਜਦ ਕਿਧਰੇ ਕੱਲ-ਮੁਕੱਲਾ ਬੁੱਢਾ-ਬੁੱਢੀ, ਸੜਕੇ ਜਾਂਦਾ ਦਿਸ ਜਾਵੇ ਕਿਸੇ ਆਪਣੇ ਨੂੰ ਢੂੰਡਦਾ ਤੇ ਮੈਨੂੰ ਝੌਲਾ ਪਵੇ ਆਪਣੇ ਦਾਦੇ ਜਾਂ ਦਾਦੀ ਦਾ…ਫਿਰ ਕੁਝ ਲਿਖਣ ਨੂੰ ਦਿਲ ਕਰਦੈ!
ੲੲੲੲੲ
ਗਰਮੀਂ ਦਾ ਦਿਨ ਹੈ। ਰੇਲ ਦਾ ਸਫ਼ਰ ਲੰਮੇਰਾ। ਸੰਧਿਆ ਹੋਣ ‘ਤੇ ਆਈ। ਉਠ ਕੇ ਡੱਬੇ ਦੇ ਬੂਹੇ ‘ਚ ਖਲੋ ਗਿਆ ਹਾਂ। ਨੇੜੇ ਖੇਤ ‘ਚ ਇੱਕ ਕੱਚੇ ਕੋਠੇ ਦੇ ਨਾਲ ਕਾਨਿਆਂ ਦਾ ਛੱਪਰ ਹੈ। ਚੁੱਲ੍ਹੇ ਹੇਠ ਬਲ ਰਹੀ ਅੱਗ ਤੇ ਦੂਰ ਉੱਡ ਰਿਹਾ ਪਤਲਾ ਧੂੰਆਂ। ਨੇੜੇ ਖੁਰਲੀ ‘ਤੇ ਖੜ੍ਹੀ ਢਾਡੀ ਨੀਰੇ ਨੂੰ ਮੂੰਹ ਮਾਰ ਰਹੀ। ਬੁੱਢਾ ਮੰਜੀ ‘ਤੇ ਬੈਠਾ ਰੇਲ ਦੇ ਡੱਬੇ ਗਿਣ ਰਿਹੈ…ਮੈਂ ਕੁਝ ਲਿਖਣ ਲਈ ਉਤੇਜਿਤ ਹੋ ਰਿਹਾਂ।

Check Also

ਧੂੰਏਂ ਦੀਆਂ ਧਾਹਾਂ ਤੇ ਲਾਟਾਂ ਦੀਆਂ ਲੇਰਾਂ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 (ਘਸਮੈਲੀਡਾਇਰੀ ਦੇ ਪੁਰਾਣੇ ਪੰਨੇ ਫੋਲਦਿਆਂ ਟੋਰਾਂਟੋ ਫੇਰੀਚੇਤੇ …