Breaking News
Home / Special Story / ਗੁਰਦੁਆਰਾ ਸੰਸਥਾ ਕਿੰਜ ਬਣੇ ਸਿੱਖ ਸਮਾਜ ਦੇ ਬਹੁਪੱਖੀ ਜੀਵਨ ਦਾ ਚਾਨਣ ਮੁਨਾਰਾ?

ਗੁਰਦੁਆਰਾ ਸੰਸਥਾ ਕਿੰਜ ਬਣੇ ਸਿੱਖ ਸਮਾਜ ਦੇ ਬਹੁਪੱਖੀ ਜੀਵਨ ਦਾ ਚਾਨਣ ਮੁਨਾਰਾ?

ਤਲਵਿੰਦਰ ਸਿੰਘ ਬੁੱਟਰ
ਪੰਜਾਬ ‘ਚ ਲਗਭਗ 13 ਹਜ਼ਾਰ ਪਿੰਡ ਹਨ ਅਤੇ ਹਰ ਪਿੰਡ ਵਿਚ ਔਸਤਨ ਤਿੰਨ ਗੁਰਦੁਆਰੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦਾ ਵਰਪਾਲ ਪਿੰਡ ਅਜਿਹਾ ਹੈ, ਜਿੱਥੇ ਸਭ ਤੋਂ ਵੱਧ, 45 ਗੁਰਦੁਆਰੇ ਹਨ। ਪਿੱਛੇ ਜਿਹੇ ‘ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼’ ਵਲੋਂ ਪੰਜਾਬ ‘ਚ ਗੁਰਦੁਆਰਿਆਂ ਸਬੰਧੀ ਕੀਤੇ ਇਕ ਸਰਵੇਖਣ ਅਨੁਸਾਰ ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹੇ ‘ਚ ਹਰ 650 ਸਿੱਖਾਂ ਪਿੱਛੇ ਇਕ ਗੁਰਦੁਆਰਾ ਹੈ। ਦੁਆਬਾ ਖੇਤਰ ‘ਚ ਬਹੁਤ ਥਾਈਂ ਪਰਿਵਾਰਾਂ ਨੇ ਨਿੱਜੀ ਗੁਰਦੁਆਰੇ ਤੱਕ ਉਸਾਰੇ ਹੋਏ ਹਨ। ਹੁਣ ਵਿਦੇਸ਼ਾਂ ‘ਚ ਵੀ ਸੰਪਰਦਾਵਾਂ, ਜਾਤਾਂ-ਗੋਤਾਂ ਅਤੇ ਇਲਾਕਿਆਂ ਦੇ ਆਧਾਰ ‘ਤੇ ਕਿਰਾਏ ਦੀਆਂ ਇਮਾਰਤਾਂ ‘ਚ ਸੰਸਥਾਵਾਂ, ਸੁਸਾਇਟੀਆਂ ਬਣਾ ਕੇ ਨਿੱਜੀ ਗੁਰਦੁਆਰੇ ਉਸਾਰਨ ਦਾ ਰੁਝਾਨ ਤੇਜ਼ ਹੋ ਰਿਹਾ ਹੈ।
ਹਾਲਾਂਕਿ ਇਕ ਪਿੰਡ ‘ਚ ਇਕ ਤੋਂ ਜ਼ਿਆਦਾ ਗੁਰਦੁਆਰਿਆਂ ਲਈ ਰਾਜਨੀਤਕ ਧੜੇਬੰਦੀਆਂ, ਚੌਧਰ ਅਤੇ ਹਉਮੈ ਦੀ ਭੁੁੱਖ ਵੀ ਮੁੱਖ ਕਾਰਨ ਹਨ ਪਰ ਜਾਤ-ਪਾਤ ‘ਤੇ ਆਧਾਰਤ ਗੁਰਦੁਆਰਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਪਿੰਡਾਂ ਦੇ ਗੁਰਦੁਆਰੇ ਸਿਰਫ਼ ‘ਗੁਰਦੁਆਰਾ ਸਾਹਿਬ’ ਨਹੀਂ, ਸਗੋਂ ‘ਜੱਟਾਂ ਦਾ ਗੁਰਦੁਆਰਾ’, ਰਾਮਗੜ੍ਹੀਆਂ ਦਾ ਗੁਰਦੁਆਰਾ’, ‘ਮਜ੍ਹਬੀ ਸਿੱਖਾਂ ਦਾ ਗੁਰਦੁਆਰਾ’ ਅਤੇ ‘ਰਵੀਦਾਸੀਆਂ ਦਾ ਗੁਰਦੁਆਰਾ’ ਆਦਿ ਨਾਂਵਾਂ ਨਾਲ ਜਾਣੇ ਜਾਂਦੇ ਹਨ। ਇਹ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਕਿਉਂਕਿ ਦਸ ਗੁਰੂ ਸਾਹਿਬਾਨ ਨੇ ਆਪਣੀ ਉਮਤਿ ਵਿਚੋਂ ਜਾਤ-ਪਾਤ ਅਤੇ ਊਚ-ਨੀਚ ਦਾ ਖ਼ਾਤਮਾ ਕਰਦਿਆਂ ਸੰਸਾਰ ਨੂੰ ‘ਰੱਬੀ ਏਕਤਾ’ ਅਤੇ ‘ਸਰਬ-ਸਾਂਝੀਵਾਲਤਾ’ ਦਾ ਸੰਦੇਸ਼ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨ ਤੋਂ ਇਲਾਵਾ ਵੱਖ-ਵੱਖ ਜਾਤਾਂ, ਧਰਮਾਂ ਤੇ ਖਿੱਤਿਆਂ ਨਾਲ ਸਬੰਧਤ 15 ਭਗਤਾਂ, 11 ਭੱਟਾਂ ਅਤੇ ਗੁਰੂ-ਘਰ ਦੇ ਚਾਰ ਗੁਰਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਕਰਕੇ ‘ਸਰਬ-ਸਾਂਝੀਵਾਲਤਾ’ ਦਾ ਨਾਯਾਬ ਉਪਦੇਸ਼ ਦਿੱਤਾ ਗਿਆ ਹੈ। ਪਰ ਸਮੇਂ ਦੇ ਨਾਲ ਵਰਣ-ਵੰਡ ਸੋਚ ਦੇ ਪ੍ਰਭਾਵ ਅਤੇ ਸਮਾਜਿਕ ਪੱਧਰ ‘ਤੇ ਸੂਖ਼ਮ ਤੌਰ ‘ਤੇ ਧਸੀ ਜਾਤ-ਪਾਤ ਅਤੇ ਚੌਧਰਾਂ ਦੀ ਲਾਲਸਾ ਕਾਰਨ ਸਿੱਖਾਂ ਨੇ ਗੁਰਦੁਆਰੇ ਹੀ ਜਾਤਾਂ ਦੇ ਆਧਾਰ ‘ਤੇ ਵੰਡ ਲਏ ਅਤੇ ਇੱਥੋਂ ਤੱਕ ਕਿ ਦੂਜੀਆਂ ਜਾਤਾਂ ਦੇ ਲੋਕਾਂ ਨੂੰ ਮੱਥਾ ਟੇਕਣ ਅਤੇ ਖ਼ੁਸ਼ੀ-ਗ਼ਮੀ ਦੇ ਸਮਾਗਮ ਤੱਕ ਕਰਨ ਤੋਂ ਰੋਕਿਆ ਜਾਣ ਲੱਗਾ ਹੈ। ਇਸ ਤਰ੍ਹਾਂ ਪਿੰਡਾਂ ‘ਚ ਇਕ ਤੋਂ ਵਧੇਰੇ ਗੁਰਦੁਆਰੇ ਧੜੇਬੰਦੀਆਂ, ਨਫ਼ਰਤ ਅਤੇ ਭਾਈਚਾਰਕ ਵੰਡੀਆਂ ਦਾ ਕਾਰਨ ਬਣ ਰਹੇ ਹਨ। ਜਾਤ-ਪਾਤ ਜਾਂ ਧੜੇਬੰਦੀਆਂ ਦੇ ਆਧਾਰ ‘ਤੇ ਗੁਰਦੁਆਰਿਆਂ ਦੀ ਬਹੁਤਾਤ ਕਾਰਨ ਅੱਜ ਗੁਰਦੁਆਰਾ ਸੰਸਥਾ ਗ਼ੈਰ-ਪ੍ਰਸੰਗਿਕ ਅਤੇ ਅਸਰਹੀਣ ਸਾਬਤ ਹੋ ਰਹੀ ਹੈ, ਕਿਉਂਕਿ ਗੁਰਦੁਆਰਾ ਸਿੱਖ ਧਰਮ ਅਤੇ ਸਮਾਜ ਦਾ ਕੇਵਲ ਇਕ ਧਰਮ ਅਸਥਾਨ ਹੀ ਨਹੀਂ, ਸਗੋਂ ਇਹ ਸਮੁੱਚੇ ਸਿੱਖੀ ਜੀਵਨ ਅਤੇ ਸਮਾਜਿਕ-ਮਨੁੱਖੀ ਸਰੋਕਾਰਾਂ ਦਾ ਕੇਂਦਰੀ ਧੁਰਾ ਹੈ।
ਗੁਰਦੁਆਰਾ ਸੰਸਥਾ ਦਾ ਮੂਲ ਮਕਸਦ ਧਰਮ ਦੇ ਨਾਲ-ਨਾਲ ਸਮਾਜ ਭਲਾਈ ਦੇ ਬਹੁਪੱਖੀ ਕਾਰਜ ਕਰਦਿਆਂ ਸਿੱਖੀ ਦੇ ਸੁਨੇਹੇ ਨੂੰ ਸਿੱਖ ਪੰਥ ਤੇ ਸਮਾਜ ਦੇ ਚਾਰੇ ਪਾਸੇ ਪਹੁੰਚਾਉਣਾ ਸੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਗੁਰਦੁਆਰਾ ਉਹ ਪਵਿੱਤਰ ਅਸਥਾਨ ਹੈ ਜਿਥੇ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਵੇ। ਗੁਰਦੁਆਰੇ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤ ਦੀ ਪੱਤ ਰੱਖਣ ਲਈ ਲੋਹਮਈ ਦੁਰਗਾ ਤੇ ਮੁਸਾਫ਼ਰਾਂ ਲਈ ਵਿਸ਼ਰਾਮ ਘਰ ਹੁੰਦੇ ਹਨ।’ ਨਿਰਸੰਦੇਹ ਗੁਰੂ ਸਾਹਿਬਾਨ ਦੀ ਸਿਧਾਂਤਕ ਵਿਚਾਰਧਾਰਾ ਦਾ ਮਰਿਯਾਦਾਬੱਧ ਪ੍ਰਚਾਰ ਗੁਰਦੁਆਰਾ ਸੰਸਥਾ ਦਾ ਮੁੱਖ ਕਾਰਜ ਹੈ, ਪਰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਸਿੱਟੇ ਹਾਸਲ ਕਰਨ ਲਈ ਜਗਿਆਸੂਆਂ ਲਈ ਗਿਆਨ ਦੀ ਪਾਠਸ਼ਾਲਾ, ਯਾਤਰੂਆਂ ਲਈ ਰਿਹਾਇਸ਼, ਭੁੱਖਿਆਂ ਲਈ ਲੰਗਰ, ਲੋੜਵੰਦ ਬਿਮਾਰਾਂ ਲਈ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਉਣਾ ਇਸ ਦੇ ਲਾਜ਼ਮੀ ਸੰਸਥਾਗਤ ਉਦੇਸ਼ ਹਨ। ਇਨ੍ਹਾਂ ਵਿਚੋਂ ਕਿਸੇ ਵੀ ਇਕ ਕੜੀ ਦਾ ਕਮਜ਼ੋਰ ਹੋ ਜਾਣਾ, ਗੁਰਦੁਆਰਾ ਸੰਸਥਾ ਨੂੰ ਸੰਕਲਪਹੀਣ ਕਰ ਦਿੰਦਾ ਹੈ।
ਗੁਰਦੁਆਰਾ ਸੰਸਥਾ ਦੀ ਪੁਰਾਤਨ ਸਮਿਆਂ ‘ਚ ਸਾਡੇ ਮੁੱਢਲੇ ਸਮਾਜਿਕ ਅਤੇ ਮਨੁੱਖੀ ਜੀਵਨ ਦੇ ਵਿਕਾਸ ‘ਚ ਵੀ ਬਹੁਤ ਵੱਡੀ ਦੇਣ ਰਹੀ ਹੈ। ਗੁਰਦੁਆਰੇ ‘ਚੋਂ ਗੁਰੂ ਦੀ ਮੱਤ (ਧਾਰਮਿਕ ਅਤੇ ਨੈਤਿਕ ਗੁਣ) ਧਾਰਨ ਕਰਕੇ ਗੁਰਸਿੱਖ ਅੱਗੋਂ ਆਦਰਸ਼ਕ ਸਮਾਜ ਦੀ ਸਿਰਜਣਾ ਕਰਦੇ ਰਹੇ ਹਨ। ਗੁਰਦੁਆਰਾ ਸਾਹਿਬਾਨ ਦਾ ਮੁੱਢਲੇ ਤੌਰ ‘ਤੇ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ ‘ਚ ਵੀ ਵੱਡਾ ਯੋਗਦਾਨ ਰਿਹਾ ਹੈ। ਪੁਰਾਣੇ ਸਮਿਆਂ ‘ਚ ਬਹੁਤ ਸਾਰੇ ਅਨਪੜ੍ਹ ਲੋਕ, ਜੋ ਕਦੇ ਸਕੂਲ ਵੀ ਨਹੀਂ ਗਏ, ਉਹ ਚੰਗੀ ਤਰ੍ਹਾਂ ਗੁਰਮੁਖੀ ਲਿਖਣੀ-ਪੜ੍ਹਨੀ ਗੁਰਦੁਆਰਿਆਂ ਵਿਚੋਂ ਹੀ ਸਿੱਖਦੇ ਸਨ। ਪਿੰਡਾਂ ਦੇ ਗੁਰੂ-ਘਰ ਭਾਈਚਾਰੇ, ਏਕਤਾ ਅਤੇ ਸਦਭਾਵਨਾ ਦਾ ਵੀ ਮੁੱਖ ਕੇਂਦਰ ਹੁੰਦੇ ਸਨ। ਪਿੰਡਾਂ ਦੇ ਸਾਂਝੇ ਫ਼ੈਸਲੇ ਗੁਰਦੁਆਰਿਆਂ ‘ਚ ਬੈਠ ਕੇ ਲਏ ਜਾਂਦੇ ਸਨ। ਭਾਈ-ਗ੍ਰੰਥੀ ਸਾਂਝੀਵਾਲਤਾ ਦੇ ਜ਼ਾਮਨ ਹੁੰਦੇ ਸਨ। ਹੁਣ ਇਕ ਤੋਂ ਵੱਧ ਗਰਦੁਆਰਿਆਂ ਵਾਲੇ ਪਿੰਡਾਂ ‘ਚ ਧੜੇਬੰਦੀਆਂ, ਸਿਆਸੀ ਖਿੱਚੋਤਾਣ ਅਤੇ ਸਮਾਜਿਕ ਤੰਦਾਂ ਜ਼ਿਆਦਾ ਉਲਝੀਆਂ ਹੋਣੀਆਂ ਨਜ਼ਰ ਆਉਂਦੀਆਂ ਹਨ। ਨਾ ਤਾਂ ਭਾਈ-ਗ੍ਰੰਥੀਆਂ ਦਾ ਉਹ ਸਤਿਕਾਰ ਰਿਹਾ, ਜਿਸ ਦੇ ਉਹ ਹੱਕਦਾਰ ਹਨ ਅਤੇ ਨਾ ਹੀ ਜ਼ਿਆਦਾਤਰ ਪਿੰਡਾਂ ‘ਚ ਕਾਬਲ, ਗਿਆਨਵਾਨ, ਯੋਗਤਾ ਪ੍ਰਾਪਤ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਭਾਈ-ਗ੍ਰੰਥੀ ਮਿਲਦੇ ਹਨ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸਤਿਕਾਰ ਅਤੇ ਮਾਣ-ਮਰਿਯਾਦਾ ਦੀ ਪਾਲਣਾ ਵੀ ਬਿਹਤਰ ਤਰੀਕੇ ਨਾਲ ਨਹੀਂ ਹੁੰਦੀ। ਪਿਛਲੇ ਸਮਿਆਂ ਦੌਰਾਨ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਇਕ ਅਹਿਮ ਕਾਰਨ ਪਿੰਡਾਂ ਦੇ ਗੁਰਦੁਆਰਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ‘ਚ ਪ੍ਰਬੰਧਕੀ ਅਵੇਸਲਾਪਨ ਵੀ ਸਾਹਮਣੇ ਆਇਆ ਸੀ।
ਬੇਸ਼ੱਕ ਕਾਫ਼ੀ ਅਰਸਾ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਕ ਪਿੰਡ ‘ਚ ਇਕੋ ਗੁਰਦੁਆਰਾ ਸਾਹਿਬ ਹੋਣ ਸਬੰਧੀ ਆਦੇਸ਼ ਜਾਰੀ ਹੋਇਆ ਸੀ, ਪਰ ਇਸ ਨੂੰ ਅਮਲ ਵਿਚ ਲਿਆਉਣ ਲਈ ਯਤਨਸ਼ੀਲਤਾ ਅਤੇ ਲੋੜੀਂਦੀ ਸਮਾਜਿਕ ਚੇਤਨਾ ਦੀ ਘਾਟ ਰਹੀ ਹੈ। ਅਜਿਹੇ ਅਵੇਸਲੇਪਨ ਕਾਰਨ ਹੀ ਸ਼੍ਰੋਮਣੀ ਕਮੇਟੀ ਸਿੱਖ ਸਮਾਜ ਦੀ ਅਲੋਚਨਾ ਦਾ ਸ਼ਿਕਾਰ ਹੁੰਦੀ ਰਹੀ। ਇਸ ਅਵੇਸਲੇਪਨ ਨੂੰ ਦੂਰ ਕਰਨ ਦੀ ਦਿਸ਼ਾ ‘ਚ ਦਿਲਚਸਪੀ ਦਿਖਾਉਂਦਿਆਂ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਦੀ ਸ਼ੁਰੂਆਤ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਚਾਇਤਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਸੀ, ਜੋ ਆਪਣੇ ਪਿੰਡਾਂ ‘ਚ ਇਕ ਗੁਰਦੁਆਰਾ ਸਾਹਿਬ ਰੱਖਣ ਦਾ ਫ਼ੈਸਲਾ ਕਰਨਗੀਆਂ। ਸ਼੍ਰੋਮਣੀ ਕਮੇਟੀ ਨੇ ਇਕ ਤੋਂ ਵੱਧ ਗੁਰਦੁਆਰਿਆਂ ਤੋਂ ਇਕ ਗੁਰਦੁਆਰਾ ਕਰਨ ਵਾਲੇ ਪਿੰਡਾਂ ‘ਚ ਬਾਕੀ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਪਿੰਡ ਦੇ ਲੋਕਾਂ ਲਈ ਹੋਰ ਸਮਾਜਿਕ ਤੇ ਸਾਰਥਿਕ ਕਾਰਜਾਂ; ਜਿਵੇਂ ਲਾਇਬ੍ਰੇਰੀਆਂ, ਡਿਸਪੈਂਸਰੀਆਂ, ਖੇਡ ਕਲੱਬ ਜਾਂ ਗੁਰਬਾਣੀ-ਕੀਰਤਨ ਸਿਖਲਾਈ ਕੇਂਦਰਾਂ ਲਈ ਵਰਤਣ ਦਾ ਸੁਝਾਅ ਦਿੱਤਾ ਸੀ, ਜੋ ਸਮਾਜ ਦੀ ਭਲਾਈ ਲਈ ਗੁਰਮਤਿ ਦੇ ਸਰਬ-ਸਾਂਝੀਵਾਲਤਾ ਵਾਲੇ ਸੰਦਰਭ ‘ਚ ਬਿਹਤਰ ਸੰਕਲਪ ਹੈ।
ਸਾਲ ਕੁ ਅੰਦਰ ਸ਼੍ਰੋਮਣੀ ਕਮੇਟੀ ਦੋ ਦਰਜਨ ਦੇ ਕਰੀਬ ਪਿੰਡਾਂ ‘ਚ ‘ਇਕ ਗੁਰਦੁਆਰਾ ਸਾਹਿਬ’ ਕਰਵਾ ਚੁੱਕੀ ਹੈ, ਪਰ ਗੁਰਦਾਸਪੁਰ ਜ਼ਿਲ੍ਹੇ ਦਾ 1200 ਕੁ ਆਬਾਦੀ ਵਾਲਾ ਸਰਹੱਦੀ ਪਿੰਡ ਸਰਫਕੋਟ ਇਕਲੌਤਾ ਪਿੰਡ ਹੈ, ਜਿੱਥੋਂ ਦੇ ਨੌਜਵਾਨਾਂ ਨੇ ਖ਼ੁਦ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਤੋਂ ਪ੍ਰਭਾਵਿਤ ਹੁੰਦਿਆਂ ਪੰਜ ਗੁਰਦੁਆਰਿਆਂ ਤੋਂ ਇਕ ਗੁਰਦੁਆਰਾ ਸਾਹਿਬ ਕਰ ਲਿਆ।
ਬੇਸ਼ੱਕ ਦੂਜੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਤੋਂ ਬਾਅਦ ਮੁੜ ਭਾਈ ਗੋਬਿੰਦ ਸਿੰਘ ਲੌਂਗੋਵਾਲ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਨੂੰ ਸਰਗਰਮ ਕਰਨ ਦੇ ਯਤਨ ਕਰ ਰਹੇ ਹਨ, ਪਰ ਇਸ ਮੁਹਿੰਮ ਨੂੰ ਜਿਹੜੇ ਸਾਰਥਿਕ ਨਤੀਜੇ ਮਿਲਣੇ ਚਾਹੀਦੇ ਸਨ, ਪਿੰਡਾਂ ਦੇ ਲੋਕਾਂ ਦੀ ਭਰਵੀਂ ਸਮਾਜਿਕ ਸ਼ਮੂਲੀਅਤ ਦੀ ਘਾਟ ਕਾਰਨ ਉਹ ਨਹੀਂ ਮਿਲ ਸਕੇ। ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੀਆਂ ਚੌਧਰਾਂ ਦੀ ਲਾਲਸਾ ਅਤੇ ਅੜੀ ਛੱਡ ਕੇ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਅੱਗੇ ਆਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜੇਕਰ ਪਿੰਡ-ਪਿੰਡ ‘ਚ ਗੁਰਦੁਆਰਾ ਕਮੇਟੀਆਂ ਤੇ ਪੰਚਾਇਤਾਂ ਨਾਲ ਨਿੱਜੀ ਮਿਲਣੀਆਂ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਨ, ਉਨ੍ਹਾਂ ਨਾਲ ਸੰਵਾਦ ਕਰਨ, ਤਾਂ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਸਮਾਜਿਕ ਉਥਾਨ ਦਾ ਆਧਾਰ ਬਣ ਸਕਦੀ ਹੈ। ਪੰਚਾਇਤਾਂ ਨੂੰ ਸਮਾਜਿਕ ਏਕਤਾ ਅਤੇ ਧਾਰਮਿਕ ਸਦਭਾਵਨਾ ਲਈ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਜਾਗਰੂਕ ਕਰਨ ‘ਚ ਘਰੇਲੂ ਔਰਤਾਂ ਵਧੇਰੇ ਚੰਗੀ ਭੂਮਿਕਾ ਨਿਭਾਅ ਸਕਦੀਆਂ ਹਨ। ਪੜ੍ਹੇ-ਲਿਖੇ ਵਰਗ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਕਿਉਂਕਿ ਸਿੰਘ ਸਭਾ ਲਹਿਰ ਵਾਂਗ ਆਮ ਸਿੱਖ ਸਮਾਜ ਨੂੰ ਵੀ ਇਸ ਲਹਿਰ ਦੀ ਸਫਲਤਾ ਲਈ ਲਾਮਬੰਦ ਕਰਨਾ ਪਵੇਗਾ। ਨਾਂਹ-ਪੱਖੀ ਰੁਚੀਆਂ, ਨਿੱਜਵਾਦ ਅਤੇ ਉਪਰਾਮਤਾ ਦੀ ਸ਼ਿਕਾਰ ਹੋ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਵੀ ਇਸ ਸੰਦਰਭ ‘ਚ ਆਪਣੀ ਸ਼ਕਤੀ ਅਤੇ ਸੰਭਾਵਨਾਵਾਂ ਨੂੰ ਤਰਾਸ਼ਣ ਦੀ ਲੋੜ ਹੈ। ਸੋਸ਼ਲ ਮੀਡੀਆ ‘ਤੇ ਸਮਾਂ ਵਿਅਰਥ ਕਰਨ ਦੀ ਥਾਂ ਨੌਜਵਾਨਾਂ ਨੂੰ ਆਪਣੇ ਪਿੰਡ ਦੇ ਗੁਰੂ-ਘਰ ਅੰਦਰ ਸਵੇਰੇ ਸ਼ਾਮ ਦੇ ਨਿੱਤਨੇਮ ਅਤੇ ਕਥਾ, ਕੀਰਤਨ ਵਿਚ ਨਿੱਜੀ ਤੌਰ ‘ਤੇ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸਮਾਜਿਕ ਗਤੀਵਿਧੀਆਂ, ਵਾਤਾਵਰਨ, ਕੁਦਰਤੀ ਖੇਤੀ, ਹਸਤ ਕਲਾਵਾਂ ਅਤੇ ਹੋਰ ਕੋਮਲ ਹੁਨਰਾਂ ਦੀ ਗੱਲ ਵੀ ਨੌਜਵਾਨ ਗੁਰੂ-ਘਰਾਂ ਦੇ ਮੰਚ ਤੋਂ ਤੋਰ ਸਕਦੇ ਹਨ। ਇਸ ਨਾਲ ਜਿੱਥੇ ਨੌਜਵਾਨ ਮਾਰੂ ਕੁਰੀਤੀਆਂ ਅਤੇ ਢਾਹੂ ਬਿਰਤੀਆਂ ਤੋਂ ਬਚ ਕੇ ਨਰੋਈ ਸੋਚ ਦੇ ਧਾਰਨੀ ਬਣਨਗੇ, ਉਥੇ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰ ਕੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਮੌਕਾ ਵੀ ਮਿਲੇਗਾ। ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਨੂੰ ਸਿੱਟਾਮੁਖੀ ਬਣਾਉਣ ਲਈ ਸਾਰੇ ਵਰਗਾਂ ਨੂੰ ਆਪੋ-ਆਪਣੇ ਸੁਝਾਅ ਵੀ ਦੇਣੇ ਚਾਹੀਦੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਖਿੜੇ ਮੱਥੇ ਸਵੀਕਾਰ ਕਰਕੇ ਲਹਿਰ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸਾਡੇ ਸਮਾਜ ਦੇ ਸਾਰੇ ਹਿੱਸਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੰਗੀ ਪਹਿਲ ‘ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ’ ਨੂੰ ਸਫਲ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਲਹਿਰ ਵਿਦੇਸ਼ਾਂ ‘ਚ ਵੀ ਪਹੁੰਚਣੀ ਚਾਹੀਦੀ ਹੈ, ਜਿੱਥੇ ਸੰਪਰਦਾਵਾਂ, ਇਲਾਕਿਆਂ ਅਤੇ ਜਾਤਾਂ ਦੇ ਆਧਾਰ ‘ਤੇ ਬਣੇ ਗੁਰਦੁਆਰੇ ਆਏ ਦਿਨੀਂ ਸਿੱਖਾਂ ਵਿਚ ਆਪਸੀ ਧੜੇਬੰਦੀਆਂ ਅਤੇ ਟਕਰਾਅ ਦਾ ਕਾਰਨ ਬਣ ਰਹੇ ਹਨ।
ਜੇਕਰ ਇਕ ਪਿੰਡ ‘ਚ ਇਕ ਗੁਰਦੁਆਰਾ ਹੋਵੇਗਾ ਤਾਂ ਪਿੰਡ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾਬੱਧ ਸੇਵਾ-ਸੰਭਾਲ ਬਿਹਤਰੀਨ ਨਿਭਾਉਣ ‘ਚ ਵਧੇਰੇ ਯਤਨਸ਼ੀਲ ਹੋ ਸਕਣਗੇ। ਗ੍ਰੰਥੀ ਸਿੰਘ ਵਧੇਰੇ ਕਾਬਲ ਅਤੇ ਸਿੱਖਿਅਤ ਰੱਖੇ ਜਾ ਸਕਣਗੇ। ਗੁਰਦੁਆਰਾ ਸੰਸਥਾ ਆਪਣੇ ਮੂਲ ਸੰਕਲਪ ਵੱਲ ਸੇਧਿਤ ਹੋਵੇਗੀ ਅਤੇ ਸਿੱਖੀ ਦੇ ਬਹੁਪੱਖੀ ਪ੍ਰਚਾਰ-ਪ੍ਰਸਾਰ ਦਾ ਸਹੀ ਰੂਪ ‘ਚ ਕੇਂਦਰ ਬਣੇਗੀ। ਪਿੰਡ ‘ਚ ਇਕੋ ਗੁਰਦੁਆਰਾ ਹੋਣ ਕਾਰਨ ਚੜ੍ਹਤ ਇਕੋ ਥਾਂ ਇਕੱਠੀ ਹੋਵੇਗੀ ਅਤੇ ਦਸਵੰਧ ਰੂਪ ‘ਚ ਇਸ ਚੜ੍ਹਾਵੇ ਦੀ ਗ਼ਰੀਬਾਂ, ਲੋੜਵੰਦਾਂ ਦੀ ਸਹਾਇਤਾ, ਸਿੱਖਿਆ, ਸਿਹਤ ਤੇ ਧਰਮ-ਗਿਆਨ ਦੇ ਪ੍ਰਸਾਰ ਅਤੇ ਹੋਰ ਸਮਾਜਿਕ ਸਰੋਕਾਰਾਂ ਲਈ ਇਸ ਦੀ ਸਦਵਰਤੋਂ ਹੋ ਸਕੇਗੀ। ਅਜਿਹੀ ਲਹਿਰ ਜਿੱਥੇ ਸਿੱਖ ਸਮਾਜ ਅੰਦਰ ਜਾਤ-ਪਾਤ ਦੀਆਂ ਵੰਡੀਆਂ ਨੂੰ ਖ਼ਤਮ ਕਰਕੇ ਗੁਰੂ ਸਾਹਿਬਾਨ ਦੇ ‘ਸਰਬ-ਸਾਂਝੀਵਾਲਤਾ’ ਅਤੇ ‘ਰੱਬੀ ਏਕਤਾ’ ਵਾਲੇ ਫ਼ਲਸਫ਼ੇ ਦੇ ਪ੍ਰਚਾਰ ਨੂੰ ਮੁਖਾਤਿਬ ਹੋ ਸਕਦੀ ਹੈ, ਉਥੇ ਸਮਾਜਿਕ ਏਕਤਾ ਵਿਚ ਵੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ।

Check Also

ਇਕ ਫ਼ਲਸਫ਼ੇ ਦਾ ਨਾਂਅ ਹੈ ‘ਅਨੰਦਪੁਰ ਸਾਹਿਬ’

ਤਲਵਿੰਦਰ ਸਿੰਘ ਬੁੱਟਰ ਸ੍ਰੀ ਅਨੰਦਪੁਰ ਸਾਹਿਬ ਨਾ-ਸਿਰਫ਼ ਖ਼ਾਲਸੇ ਦੀ ਜਨਮ ਭੂਮੀ ਹੋਣ ਕਾਰਨ ਹੀ ਸਿੱਖਾਂ …