Breaking News
Home / ਰੈਗੂਲਰ ਕਾਲਮ / ਛੋਲੀਆ ਖਾਣ ਦੇ ਦਿਨ ਆਏ

ਛੋਲੀਆ ਖਾਣ ਦੇ ਦਿਨ ਆਏ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਦੁਪੈਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰਿਆਂ ਰੋਡਵੇਜ਼ ਦੀ ਬੱਸ ‘ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ ‘ਤੇ ਰੌਣਕ ਹੈ, ਮੇਰੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ ‘ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ ਅਗੇਤੇ ਹੀ। ਹਾਲੇ ਪਿਛਲੇ ਹਫਤੇ ਹੀ ਚੰਡੀਗੜ੍ਹ ਜਾਂਦਾ ਘਰੇ ਕੱਦੂ, ਘੀਆ ਤੋਰੀ, ਚੌਲੇ, ਕਰੇਲੇ, ਭਿੰਡੀਆਂ ਤੇ ਹੋਰ ਨਿੱਕ-ਸੁਕ ਦੇ ਬੀਜ ਬੋ ਕੇ ਗਿਆ ਸਾਂ। ਹੁਣ ਤੱਕ ਤਾਂ ਬੀਜ ਫੁੱਟ ਪਏ ਹੋਣੇ! ਮਗਰੋਂ ਹਲਕਾ ਜਿਹਾ ਮੀਂਹ ਵੀ ਪੈ ਹਟਿਆ ਹੈ, ਬੀਜਾਂ ਦੇ ਫੁੱਟਣ ਬਾਰੇ ਸੋਚ ਕੇ ਮਨ ਨੂੰ ਹੁਲਾਰਾ ਆਇਆ ਲੱਗਿਐ। ਦੇਖ ਰਿਹਾਂ ਕਿ ਸਾਡੇ ਪਿੰਡ ਦੇ ਮਿਹਨਤਕਸ਼ ਬੌਰੀਏ, ਧਰਤੀ ਉਤੇ ਬੋਰੀਆਂ ਵਿਛਾਈ ਹਰਾ-ਕਚੂਚ ਛੋਲੀਆ ਰੱਖੀ ਬੈਠੇ ਨੇ, ਹਾਕਾਂ ਮਾਰ ਰਹੇ, ”ਆਜੋ ਬਈ ਲੈ ਜੋ…ਵੀਹਾਂ ਦਾ ਕਿੱਲੋ…ਤਾਜ਼ਾ ਤੇ ਕਰਾਰਾ ਛੋਲੀਆ…ਆਜੋ ਬਈ ਆਜੋ, ਫੇਰ ਨਾ ਆਖਿਓ ਕਿ ਮੁੱਕ ਗਿਆ…ਰੁੱਤ ਛੋਲੀਆ ਖਾਣ ਦੀ ਆਈ…।” ਗਾਹਕਾਂ ਵੱਲ ਬੌਰੀਆਂ ਦੀ ਵੱਜ ਰਹੀਆਂ ਹਾਕਾਂ ਵਿਚੋਂ ਸਾਹਿਤਕਤਾ ਲੱਭਣ ਲਗਦਾ ਹਾਂ ਖੜ੍ਹਾ-ਖਲੋਤਾ। ਪਥਰੀਲੇ ਸ਼ਹਿਰ ਵਿਚੋਂ ਪਿੰਡ ‘ਚ ਆਇਆ ਹਾਂ, ਖਵਰੈ ਮਨ ਤਦੇ ਈ ਹਲਕਾ-ਫੁਲਕਾ ਜਿਹਾ ਹੋ ਗਿਆ ਜਾਪਦੈ! ਹਫਤੇ ਮਗਰੋਂ ਆਇਆ ਹੋਵਾਂ ਤੇ ਘਰ ਛੋਲੀਆ ਲਿਜਾਣ ਨੂੰ ਦਿਲ ਨਾ ਕਰੇ! 16-ਸੈਕਟਰ ਵਿਚ ਤਾਂ ਛੋਲੀਏ ਦਾ ਸੁਫ਼ਨਾ ਵੀ ਨਹੀਂ ਆਉਂਦਾ, ਲੱਭਣਾ ਕਿੱਥੋਂ! ਨਾ ਲੱਭੇ ਨਹੀਂ ਲੱਭਦਾ ਤਾਂ…ਬਰਗਰ, ਨੂਡਲਜ, ਬਰੈਡ,ਬੜੇ ਤੇ ਪੀਜ਼ੇ ਖਾਣ ਵਾਲੇ ਕੀ ਜਾਨਣ ਏਹਦੀ ਤਰੀ ਦਾ ਸੁਆਦ! ਦੋ ਕਿਲੱੋ ਤੁਲਵਾਇਆ ਤੇ ਚੱਲ ਪਿਆਂ ਪਿੰਡ ਨੂੰ!
ਤਾਇਆ ਰਾਮ ਚੇਤੇ ਆ ਰਿਹੈ, ਉਸਦਾ ਖੂਹ ਵਾਲੇ ਖੇਤੋਂ ਆਥਣੇ ਛੋਲੀਆ ਪੁੱਟ ਕੇ ਲਿਆਉਣਾ ਤੇ ਦਾਦੀ ਤੇ ਭੂਆ ਨੂੰ ਕੱਢਣ ਲਈ ਕਹਿਣਾ, ਬਾਲਪਨ ਵਿਚ ਬੜਾ ਚੰਗਾ-ਚੰਗਾ ਲਗਦਾ ਸੀ ਤਦੇ ਹੀ ਨਹੀਂ ਹੁਣ ਤੀਕ ਭੁੱਲਿਆ। ਦਾਦੀ ਤੇ ਭੂਆ ਛੰਨੇ ਵਿਚ ਛੋਲੀਆ ਕੱਢਦੀਆਂ, ਕੱਢੇ ਦਾਣਿਆਂ ਦੇ ਫੱਕੇ ਮਾਰਦਾ ਤੇ ਨਾਲ ਭੂਆ ਤੋਂ ਝਿੜਕਾਂ ਖਾਂਦਾ ਸਾਂ। ਪੱਕੀਆਂ ਡੋਡੀਆਂ ਦੀਆਂ ਹੋਲਾਂ ਭੁੰਨੀਆਂ ਜਾਂਦੀਆਂ ਤੇ ਹਰੇ ਦਾਣਿਆਂ ਨੂੰ ਮਸਾਲਾ ਭੁੰਨ ਕੇ ਰਿੰਨ੍ਹਿਆਂ ਜਾਂਦਾ। ਚਾਹੇ ਖੇਤੋਂ ਛੋਲੀਆ ਲਿਆਉਣ ਵਾਲਾ ਤਾਇਆ ਵੀ ਨਹੀਂ ਹੈ ਹੁਣ, ਤੇ ਨਾ ਹੀ ਦਾਦੀ ਤੇ ਭੂਆ ਹੀ ਰਹੀਆਂ, ਪਰ ਚੌਂਕੇ ਵਿਚ ਭੁੱਜ ਰਹੇ ਮਸਾਲੇ ਦੀ ਮਹਿਕ ਹਾਲੇ ਤੀਕ ਵੀ ਨਹੀਂ ਮਰੀ।
ਖੂਹ ਵਾਲੇ ਖੇਤ ਵਾਲਾ ਟਿੱਬਾ ਬਥੇਰਾ ਕੁਝ ਦਿੰਦਾ ਰਿਹਾ ਸਾਡੇ ਟੱਬਰ ਨੂੰ। ਛੋਲੀਏ ਤੋਂ ਬਿਨਾਂ ਤੋਰੀਆ, ਤੇ ਤਾਰਾ-ਮੀਰਾ ਵੀ ਬਥੇਰਾ ਹੁੰਦਾ। ਉਹਨੀਂ ਦਿਨੀਂ ਉਥੇ ਸਰੋਂ ਦੀ ਵੀ ਕੋਈ ਤੋਟ ਨਾ ਰਹਿੰਦੀ ਤੇ ਸਰ੍ਹੋਂ ਵੇਚਣ ਬਾਅਦ ਵਧੀ ਸਰੋਂ ਦਾ ਘਰ ਲਈ ਤੇਲ ਕਢਾ ਕੇ ਲਿਆਉਂਦੇ ਕੋਹਲੂ ਤੋਂ। ਸਿਵਿਆਂ ਦੇ ਖੱਬੇ ਹੱਥ, ਟਿੱਬੇ ‘ਤੇ ਖਲੋਤੀ ਵੱਡੀ ਟਾਹਲੀ ਜਦ ਬਹੁਤੀ ਫੈਲ ਜਾਂਦੀ ਤਾਂ ਜਿਵੇਂ ਆਪਣੇ ਆਪ ਹੀ ਬੋਲ ਕੇ ਆਖਦੀ ਹੋਵੇ, ”ਛਾਂਗ ਲਵੋ ਹੁਣ, ਬਥੇਰੀ ਵਧ-ਫੁੱਲ ਗਈ ਆਂ, ਘਰੇ ਬਾਲਣ ਵੀ ਮੁੱਕ ਗਿਆ ਹੋਣੈ…।” ਬੇਰੀਆਂ ਨੂੰ ਬੂਰ ਪੈਣਾ ਤਾਂ ਤਾਏ ਨੇ ਪਿਤਾ ਨੂੰ ਕਹਿਣਾ, ”ਬਈ ਬਿੱਲੂ, ਐਤਕੀਂ ਬੇਰ ਬਹੁਤ ਲੱਥੂ…।” ਬੇਰੀਆਂ ਬੇਰ ਦਿੰਦੀਆਂ ਨਾ ਥਕਦੀਆਂ, ਨਾ ਤੋੜਨ ਤੇ ਚੁਗਣ ਵਾਲੇ ਤੇ ਨਾ ਹੀ ਖਾਣ ਵਾਲੇ ਥਕਦੇ। ਕੌੜ-ਤੁੰਮਿਆਂ ਦੀਆਂ ਵੇਲਾਂ ਆਪ-ਮੁਹਾਰੀਆਂ ਵਧੀ ਜਾਂਦੀਆਂ। ਕੌੜ-ਤੁੰਮਿਆਂ ਵਿਚ ਅਜਵੈਨ ‘ਤੇ ਹੋਰ ਕਈ ਕੁਝ ਪਾ ਕੇ ਘਰ ਵਾਸਤੇ ਚੂਰਨ ਵੱਖਰਾ ਬਣਾ ਲੈਂਦੇ ਤੇ ਪਸ਼ੂਆਂ ਨੂੰ ਚਾਰਨ ਵਾਸਤੇ ਵੱਖਰਾ। ਚਿੱਬੜਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਚਿੱਬੜਾਂ ਦੀ ਚਟਣੀ ਬਿਨਾਂ ਨਾਗਾ ਕੁੱਟੀ ਜਾਂਦੀ। ਅਚਾਰ ਵੀ ਪਾਉਂਦੇ ਤੇ ਚੀਰ ਕੇ ਸੁਕਾ ਵੀ ਲੈਂਦੇ। ਤਦੇ ਹੀ ਤਾਂ ਕਿਹੈ ਕਿ ਓਸ ਟਿੱਬੇ ਬਥੇਰਾ ਕੁਝ ਦਿੱਤਾ ਸਾਡੇ ਟੱਬਰ ਨੂੰ! ਜਦ ਟਿੱਬਾ ਥੋੜਾ ਕੁ ਪੱਧਰਾ ਕੀਤਾ ਤਾਂ ਇੱਕ ਸਾਲ ਵਾਸਤੇ ਕਰਤਾਰੇ ਬੌਰੀਏ ਨੂੰ ਹਿੱਸੇ ‘ਤੇ ਦੇ ਦਿੱਤਾ, ਉਸ ਨੇ ਮਤੀਰੇ, ਖੱਖੜੀਆਂ ਤੇ ਖਰਬੂਜੇ ਖੂਬ ਉਗਾਏ। ਉਥੇ ਹੀ ਝੁੱਗੀ ਪਾ ਲਈ ਤੇ ਇੱਕ ਰਹਿੰਦਾ ਰਿਹਾ ਕਰਤਾਰਾ।
ਸਕੂਟਰੀ ਵਿਹੜੇ ਲਿਆ ਵਾੜੀ ਹੈ। ਗੁਰਦਵਾਰੇ ਬਾਬਾ ਰਹਿਰਾਸ ਕਰ ਰਿਹੈ। ਅੱਜ ਪਤਾ ਨਹੀਂ ਕਿਉਂ, ਆਪ-ਮੁਹਾਰੇ ਜਿਹੇ ਹੀ ਮੂੰਹੋਂ ਨਿਕਲ ਗਿਐ, ”ਹੇ ਸੱਚੇ ਪਾਤਸ਼ਾ…ਤੇਰਾ ਈ ਆਸਰਾ…ਚੜ੍ਹਦੀਆਂ ਕਲਾਂ ਰੱਖੀਂ…ਸਰਬੱਤ ਦਾ ਭਲਾ ਹੋਵੇ…।”

Check Also

ਕੁਝ ਪਲਮੇਰੇ – ਕੁਝ ਪਲਤੇਰੇ

ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਧਣੀਏ ਦੀਕਿਆਰੀ ਵੱਲ ਵਧੇ ਹੱਥ ਆਪ-ਮੁਹਾਰੇ ਪਿਛਾਂਹ ਮੁੜੇ! ਵਿਹੜੇ …