Breaking News
Home / ਕੈਨੇਡਾ / ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਰੱਖੀ ਮੀਟਿੰਗ ‘ਚ ਸਿਟੀ ਕੌਂਸਲ ਮੈਬਰਾਂ ਨੇ ਕੀਤੀ ਸ਼ਮੂਲੀਅਤ

ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ ਰੱਖੀ ਮੀਟਿੰਗ ‘ਚ ਸਿਟੀ ਕੌਂਸਲ ਮੈਬਰਾਂ ਨੇ ਕੀਤੀ ਸ਼ਮੂਲੀਅਤ

ਡੱਗ ਫੋਰਡ ਵਲੋਂ ਯੂਨੀਵਰਸਿਟੀ ਦੇ 90 ਮਿਲੀਅਨ ਦੇ ਫੰਡ ਰੋਕੇ ਜਾਣ ‘ਤੇ ਹੋਈ ਮੁੱਖ ਚਰਚਾ
ਬਰੈਂਪਟਨ/ਨਾਹਰ ਸਿੰਘ ਔਜਲਾ
3 ਮਾਰਚ ਦਿਨ ਐਤਵਾਰ ਨੂੰ ਬਰੈਂਪਟਨ ਐਕਸ਼ਨ ਕੋਲੀਸ਼ਨ ਵਲੋਂ 35 ਦੇ ਕਰੀਬ ਲੋਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਉਨਟਾਰੀਓ ਗੁਰੂਘਰ ਵਿਖੇ ਕੀਤੀ ਗਈ। ਇਹ ਮੀਟਿੰਗ ਬਰੈਂਪਟਨ ਵਿਚ ਹੈਲਥ ਕੇਅਰ ਤੇ ਯੂਨੀਵਰਸਿਟੀ ਦੇ ਮਸਲਿਆਂ ਨੂੰ ਲੈ ਕੇ ਰੱਖੀ ਗਈ ਸੀ। ਬਰੈਪਟਨ ਸ਼ਹਿਰ ਦੇ ਭਾਵੇਂ ਹੋਰ ਵੀ ਬਹੁਤ ਸਾਰੇ ਮਸਲੇ ਹਨ ਜਿਵੇਂ ਵਹੀਕਲ ਇੰਸੋਰੈਂਸ, ਵਧ ਰਹੀ ਹਿੰਸਾ, ਚੋਰੀਆਂ ਦੀ ਭਰਮਾਰ, ਟਰੈਫਿਕ ਤੇ ਡਰੱਗ ਦਾ ਮਸਲਾ, ਜਿਨ੍ਹਾਂ ‘ਤੇ ਵੀ ਗੱਲ ਕੀਤੀ ਜਾਂਦੀ ਹੈ ਪਰ ਜੱਥੇਬੰਦੀ ਵਲੋਂ ਇਸ ਸਮੇਂ ਦੋ ਮੁੱਖ ਮਸਲਿਆਂ ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਇਹਨਾਂ ਦੋ ਮਸਲਿਆਂ ਤੇ ਗੱਲ-ਬਾਤ ਕਰਨ ਲਈ ਚਾਰ ਕੌਂਸਲ ਮੈਬਰਾਂ, ਹਰਕੀਰਤ ਸਿੰਘ, ਸ਼ਰਮਨ ਵਿਲੀਅਮਜ਼, ਰਵੀਨਾ ਸੈਂਟੋਜ਼ ਤੇ ਪਾਲ ਵੀਸਿੰਟੇ ਨੇ ਇਸ ਮੀਟਿੰਗ ਵਿਚ ਸਮੂਲੀਅਤ ਕੀਤੀ।
ਕੌਂਸਲਰ ਮੈਂਬਰਾਂ ਦੇ ਪਹੁਚੰਣ ‘ਤੇ ਉਹਨਾਂ ਨੂੰ ਹੈਲਥ ਕੇਅਰ ਦੇ ਸਬੰਧ ਵਿਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਤੇ ਛੇ ਲੱਖ ਦੀ ਅਬਾਦੀ ਵਾਲੇ ਸ਼ਹਿਰ ਵਿਚ ਬਣਨ ਜਾ ਰਹੀ ਯੂਨੀਵਰਸਿਟੀ ਦੇ 90 ਮਿਲੀਅਨ ਡਾਲਰ ਫੰਡ, ਡੱਗ ਫੋਰਡ ਦੀ ਸਰਕਾਰ ਵਲੋਂ ਕੈਂਸਲ ਕੀਤੇ ਜਾਣ ਵਾਲੀ ਜਾਣਕਾਰੀ ਸਾਂਝੀ ਕੀਤੀ ਗਈ। ਕੌਂਸਲਰਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਬਰੈਪਟਨ ਦੇ ਲੋਕ ਵੱਧ ਟੈਕਸ ਪੇ ਕਰਨ ਦੇ ਬਾਵਜੂਦ ਵੀ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ‘ਚ ਫਾਡੀ ਰੱਖੇ ਗਏ ਹਨ, ਇਹਨਾਂ ਨੂੰ ਬਣਦਾ ਫੇਅਰ ਸ਼ੇਅਰ ਨਹੀਂ ਮਿਲਿਆ। ਯੂਨੀਵਰਸਿਟੀ ਦੇ ਸਬੰਧ ਵਿਚ ਗੱਲ-ਬਾਤ ਕੀਤੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਰੈਅਰਸਨ ਯੂਨੀਵਰਸਿਟੀ, ਬਰੈਪਟਨ ‘ਚ ਯੂਨੀਵਰਸਿਟੀ ਬਣਾਉਣ ਲਈ ਵਚਨਬੱਧ ਹੈ ਤੇ ਉਹਨਾਂ ਵਲੋਂ ਸਾਈਬਰ ਸਕਿਊਰਿਟੀ ਵਾਲਾ ਪ੍ਰੋਜੈਕਟ ਜਲਦੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਕਾਫੀ ਲੋਕਾਂ ਦੇ ਇਹ ਵਿਚਾਰ ਸਨ ਕਿ ਵੱਡੇ ਸ਼ਹਿਰਾਂ ਦੀਆਂ ਹੋਰ ਯੂਨੀਵਰਸਿਟੀਆਂ ਦੀ ਤਰ੍ਹਾਂ ਹੀ ਬਰੈਪਟਨ ਵਿਚ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਨਾ ਕਿ ਕਿਸੇ ਇੱਕ ਬਿਲਡਿੰਗ ‘ਚ ਛੋਟੇ ਮੋਟੇ ਕੋਰਸ ਸ਼ੁਰੂ ਕਰ ਕੇ ਲੋਕਾਂ ਨੂੰ ਭੁਲੇਖੇ ‘ਚ ਰੱਖਿਆ ਜਾਵੇ। ਪਰ ਕੌਂਸਲਰਾਂ ਦਾ ਵਿਚਾਰ ਸੀ ਕਿ ਇਹ ਸਾਰਾ ਪ੍ਰੋਜੈਕਟ ਇੱਕ ਵਾਰ ‘ਚ ਹੀ ਨਹੀਂ ਬਣੇਗਾ ਸਗੋਂ ਪੂਰੀ ਯੂਨੀਵਰਸਿਟੀ ਬਣਨ ਲਈ ਛੋਟੇ ਪ੍ਰੋਜੈਕਟ ਤੋਂ ਹੀ ਸ਼ੁਰੂ ਕਰਨਾ ਪੈਂਦਾ ਹੈ ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਓਕਸਫੋਰਡ ਯੂਨੀਵਰਸਿਟੀ ਵੀ ਪਹਿਲਾਂ ਛੋਟੇ ਲੈਵਲ ‘ਤੇ ਹੀ ਬਣੀ ਸੀ। ਸ਼ਰਮਨ ਵਿਲੀਅਮਜ਼ ਨੇ ਕਿਹਾ ਕਿ ਉਹ ਲੋਕਾਂ ਦੇ ਨਾਲ ਹਨ ਅਗਰ ਲੋਕ ਕਿਸੇ ਥਾਂ ਰੈਲੀ ਵੀ ਕਰਦੇ ਹਨ ਤਾਂ ਵੀ ਉਹ ਲੋਕਾਂ ਦੇ ਨਾਲ ਖੜ੍ਹਨਗੇ। ਸਾਰੇ ਕੌਂਸਲਰਾਂ ਦਾ ਕਹਿਣਾ ਸੀ ਕਿ ਫੰਡ ਮੰਗਣ ਲਈ ਉਨਟਾਰੀਓ ਤੇ ਫੈਡਰਲ ਸਰਕਾਰ ਦੇ ਨੁਮਾਇੰਦਿਆਂ ‘ਤੇ ਜ਼ੋਰ ਪਾਉਣਾ ਬਹੁਤ ਜ਼ਰੂਰੀ ਹੈ। ਬਰੈਂਪਟਨ ਦੇ ਲੋਕਾਂ ਤੇ ਟੈਕਸਾਂ ਦਾ ਹੋਰ ਬੋਝ ਪਾ ਕੇ ਇਹ ਸੇਵਾਵਾਂ ਬਿਹਤਰ ਨਹੀਂ ਬਣਾਈਆਂ ਜਾ ਸਕਦੀਆਂ। ਅੰਤ ਵਿਚ ਇਕੱਠੇ ਹੋਏ ਸਾਰੇ ਲੋਕਾਂ ਨੇ ਇਹ ਮੰਗ ਕੀਤੀ ਹੈ ਡੱਗ ਫੋਰਡ ਦੀ ਸਰਕਾਰ ਨੂੰ ਚਾਹੀਦਾ ਕਿ ਉਹ 90 ਮਿਲੀਅਨ ਡਾਲਰ ਫੰਡ ਬਰੈਪਟਨ ਸਿਟੀ ਲਈ ਦੇਣ ਤਾਂ ਕਿ ਜਲਦੀ ਤੋਂ ਜਲਦੀ ਯੂਨੀਵਰਸਿਟੀ ਬਣਨੀ ਸ਼ੁਰੂ ਹੋ ਸਕੇ। ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਬਰੈਪਟਨ ਵਿਚ ਦੂਸਰਾ ਪਬਲਿਕ ਹਸਪਤਾਲ ਵੀ ਬਣਾਇਆ ਜਾਵੇ ਤਾਂ ਕਿ ਮਰੀਜ਼ਾਂ ਨੂੰ ਹਾਲਵੇਅ ਵਿਚ ਟਰੀਟਮੈਂਟ ਦੇਣਾ ਬੰਦ ਕੀਤਾ ਜਾਵੇ। ਲੋਕਾਂ ਦੇ ਮਿਲੇ ਹੁੰਗਾਰੇ ਤੋਂ ਇਹ ਗੱਲ ਸਾਫ ਹੈ ਕਿ ਲੋਕ ਹੁਣ ਜਾਗਰਿਤ ਹੋ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਵੱਡੇ ਇਕੱਠ ਹੋਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿੰਦਰ ਹੁੰਦਲ ਨੇ ਸਿਹਤ ਸੇਵਾਵਾਂ ‘ਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਵੀ ਚਾਨਣਾ ਪਾਇਆ। ਨਵੀ ਔਜਲਾ ਤੇ ਜਗਜੀਤ ਸਿੰਘ ਸਿੱਧੂ ਨੇ ਸਟੇਜ ਦੀ ਕਰਵਾਈ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ। ਹੋਰ ਜਾਣਕਾਰੀ ਲਈ 416-728-5686 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ

ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ …