Breaking News
Home / ਭਾਰਤ / ਜੰਮੂ-ਕਸ਼ਮੀਰ ‘ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਜੰਮੂ-ਕਸ਼ਮੀਰ ‘ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਜੰਮੂ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਜੰਮੂ ਅਤੇ ਕਸ਼ਮੀਰ ਘਾਟੀ ਵਿਚ ਕਹਿਰ ਦੀ ਠੰਢ ਅਤੇ ਬਰਫ਼ਬਾਰੀ ਦੇ ਬਾਵਜੂਦ ਸੰਗਤ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸ੍ਰੀਨਗਰ ਸਮੇਤ ਵਾਦੀ ਦੇ ਕਈ ਸਥਾਨਾਂ ‘ਤੇ ਦੀਵਾਨ ਸਜਾਏ ਗਏ।
ਅੱਤ ਦੀ ਸਰਦੀ ਅਤੇ ਭਾਰੀ ਬਰਫ਼ਬਾਰੀ ਦਰਮਿਆਨ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬਾਨ ਵਿਚ ਹਾਜ਼ਰੀ ਭਰ ਕੇ ਪ੍ਰਕਾਸ਼ ਪੁਰਬ ਮਨਾਇਆ। ਜੰਮੂ ਦੇ ਸਟੇਟ ਗੁਰਦੁਆਰਾ ਪ੍ਰਬੰਧਕ ਬੋਰਡ ਅਤੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਜੀ.ਪੀ.ਸੀ.) ਜੰਮੂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚਾਂਦ ਨਗਰ ਜੰਮੂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਡੀ.ਜੀ.ਪੀ.ਸੀ. ਜੰਮੂ ਦੇ ਰਾਗੀ ਭਾਈ ਰਣਧੀਰ ਸਿੰਘ, ਭਾਈ ਦਵਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਦੇ ਜਥੇ ਨੇ ਗੁਰਬਾਣੀ ਸ਼ਬਦ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ। ਇਸ ਸਮਾਗਮ ਵਿਚ ਭਾਈ ਸਰਬਜੀਤ ਸਿੰਘ ਨੂਰਪੁਰੀ ਜਲੰਧਰ ਵਾਲੇ ਅਤੇ ਅਨਹਦ ਬਾਣੀ ਜਥਾ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਾਲਿਆਂ ਨੇ ਹਾਜ਼ਰੀ ਭਰੀ ਅਤੇ ਤੰਤੀ ਸਾਜ਼ਾਂ ਨਾਲ ਰਾਗ ਆਧਾਰਿਤ ਗੁਰਬਾਣੀ ਸ਼ਬਦ ਕੀਰਤਨ ਗਾਇਨ ਕਰ ਕੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ। ਇਸ ਮੌਕੇ ਪ੍ਰਚਾਰਕ ਭਾਈ ਹਰਭਿੰਦਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਸਿੱਖ ਇਤਿਹਾਸ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਿੱਖ ਨੇਤਾਵਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਿੱਖ ਭਾਈਚਾਰੇ ਲਈ ਸੂਬੇ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਕਾਨੂੰਨੀ ਮੰਗਾਂ ਪੂਰੀਆਂ ਕਰਵਾਉਣ ਲਈ ਮੰਗ-ਪੱਤਰ ਵੀ ਪੜ੍ਹਿਆ ਗਿਆ।

Check Also

ਭਾਰਤ ‘ਚ ਅੱਤਵਾਦ ਖਿਲਾਫ ਸਖਤ ਕਾਰਵਾਈ

ਈ.ਡੀ. ਨੇ ਖਤਰਨਾਕ ਅੱਤਵਾਦੀ ਸਲਾਹੂਦੀਨ ਦੀਆਂ ਜੰਮੂ ਕਸ਼ਮੀਰ ‘ਚ 13 ਸੰਪਤੀਆਂ ਕੀਤੀਆਂ ਜਬਤ ਨਵੀਂ ਦਿੱਲੀ/ਬਿਊਰੋ …