Breaking News
Home / Special Story / ਦੀਵਾਲੀ ਮੌਕੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦੇ ਪਿਛਲੇ ਰਿਕਾਰਡ ਟੁੱਟੇ

ਦੀਵਾਲੀ ਮੌਕੇ ਚੰਡੀਗੜ੍ਹ ‘ਚ ਪ੍ਰਦੂਸ਼ਣ ਦੇ ਪਿਛਲੇ ਰਿਕਾਰਡ ਟੁੱਟੇ

ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਚੰਡੀਗੜ੍ਹ ‘ਚ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਵੀ ਵਧਿਆ
ਚੰਡੀਗੜ੍ਹ : ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਇਸ ਵਾਰ ਚੰਡੀਗੜ੍ਹ ਵਿਚ ਹਵਾ ਤੇ ਸ਼ੋਰ ਪ੍ਰਦੂਸ਼ਣ ਨੇ ਪਿੱਛਲੇ ਸਾਲ ਦੇ ਅੰਕੜੇ ਵੀ ਪਾਰ ਕਰ ਦਿੱਤੇ। ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਿਸ ਸਮੇਤ ਹੋਰ ਸੰਸਥਾਵਾਂ ਨੇ ਇਸ ਵਾਰ ਭਾਵੇਂ ਪਟਾਕੇ ਘੱਟ-ਘੱਟ ਚਲਾਉਣ ਦੀ ਵਿਆਪਕ ਮੁਹਿੰਮ ਚਲਾਈ ਸੀ ਪਰ ਇਸ ਦੇ ਬਾਵਜੂਦ ਦੀਵਾਲੀ ਵਾਲੀ ਰਾਤ ਨਿਰਧਾਰਤ ਸਮੇਂ (8 ਤੋਂ 10 ਵਜੇ ਤਕ) ਤੋਂ ਅੱਗੇ-ਪਿੱਛੇ ਪਟਾਕਿਆਂ ਦਾ ਸ਼ੋਰ ਜਾਰੀ ਰਿਹਾ। ਚੰਡੀਗੜ੍ਹ ਪੁਲਿਸ ਵੱਲੋਂ ਸਖ਼ਤ ਕਦਮ ਚੁੱਕਦਿਆਂ ਭਾਵੇਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਟਾਕੇ ਚਲਾਉਣ ਵਾਲੇ 35 ਵਿਅਕਤੀਆਂ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰੀਆਂ ਕੀਤੀਆਂ ਸਨ ਪਰ ਪ੍ਰਦੂਸ਼ਣ ਦੇ ਮਾਮਲੇ ਵਿਚ ਪਿੱਛਲੇ ਸਾਲ ਦੇ ਰਿਕਾਰਡ ਵੀ ਟੁੱਟ ਗਏ ਹਨ। ਦੀਵਾਲੀ ਦੀ ਰਾਤ ਰੈਸਪੀਰੇਬਲ, ਸਸਪੈਂਡਿਡ ਪਰਟੀਕੁਲੇਟ ਮੈਟਰ (ਆਰਐੱਸਪੀਐੱਮ) ਅਤੇ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੇ ਹਰ ਵਰਗ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ।
ਪਿਛਲੇ ਸਾਲ 19 ਅਕਤੂਬਰ 2017 ਨੂੰ ਦੀਵਾਲੀ ਦੀ ਰਾਤ ਸੈਕਟਰ 22 ਵਿਚ ਪੀਐਮ-10 ਦਾ ਪੱਧਰ 169 ਮਾਈਕ੍ਰੋਗਰਾਮ ਪ੍ਰਤੀ ਕਿਊਬਿਕ ਮੀਟਰ ਸੀ, ਜੋ ਇਸ ਵਾਰ ਦੀਵਾਲੀ ਦੀ ਰਾਤ ਵਧ ਕੇ 187 ਹੋ ਗਿਆ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀਵਾਲੀ ਮੌਕੇ ਸੈਕਟਰ 17, 22 ਅਤੇ 12 ਵਿਚ ਏਅਰ ਕੁਆਲਿਟੀ ਇੰਡੈਕਸ ਕ੍ਰਮਵਾਰ 240, 137 ਤੇ 147 ਸੀ ਜਦਕਿ ਇਸ ਵਾਰ ਦੀਵਾਲੀ ਮੌਕੇ 311, 177 ਅਤੇ 297 ਸੀ। ਇਸੇ ਤਰ੍ਹਾਂ ਸਾਲ 2017 ਦੀ ਦੀਵਾਲੀ ਮੌਕੇ ਪੰਜਾਬ ਇੰਜਨੀਅਰਿੰਗ ਕਾਲਜ ਸੈਕਟਰ 12 ਵਿਚ ਪੀਐੱਮ-10 ਵਿਚ 139 ਸੀ ਜਦਕਿ ਇਸ ਵਰ੍ਹੇ 158 ਤਕ ਪੁਹੰਚ ਗਿਆ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਦੇ ਅੰਕੜਿਆਂ ਅਨੁਸਾਰ ਇਸ ਦੀਵਾਲੀ ਮੌਕੇ ਸ਼ਹਿਰ ਦੇ ਹਰੇਕ ਹਿੱਸੇ ਵਿਚ ਸਲਫਰ ਡਾਇਆਕਸਾਈਡ (ਐੱਸਓ-12) ਅਤੇ ਡਾਇਆਕਸਾਈਡ ਆਫ ਨਾਈਟਰੋਜਨ (ਐੱਨਓ) ਦੀ ਮਾਤਰਾ ਨਿਰਧਾਰਤ ਹੱਦ ਤਕ ਹੀ ਸੀ। ਜਿਸ ਕਾਰਨ ਇਨ੍ਹਾਂ ਦੋਵਾਂ ਤੱਥਾਂ ਵਿਚ ਸ਼ਹਿਰ ਦੀ ਹਵਾ ਦੀ ਹਾਲਤ ਬਹੁਤੀ ਮਾੜੀ ਨਹੀਂ ਸੀ।
ਮਜ਼ੇਦਾਰ ਗੱਲ ਇਹ ਰਹੀ ਕਿ ਚੰਡੀਗੜ੍ਹ ਦਾ ਦਿਲ ਮੰਨੇ ਜਾਂਦੇ ਸੈਕਟਰ 17 ਵਿਚ ਦੀਵਾਲੀ ਮੌਕੇ ਆਮ ਦਿਨਾਂ ਤੋਂ ਵੀ ਪ੍ਰਦੂਸ਼ਣ ਘੱਟ ਸੀ। ਇਸ ਤੋਂ ਇਲਾਵਾ ਅਵਾਜ਼ ਪ੍ਰਦੂਸ਼ਣ ਦੇ ਮਾਮਲੇ ਵਿਚ ਵੀ ਇਸ ਖੇਤਰ ਵਿਚ ਸਭ ਤੋਂ ਘੱਟ ਪ੍ਰਦੂਸ਼ਣ ਰਹਿਣ ਦੀ ਜਾਣਕਾਰੀ ਮਿਲੀ ਹੈ, ਜੋ ਸ਼ੁਭ ਸ਼ਗਨ ਹੈ।
ਜਾਣਕਾਰਾਂ ਅਨੁਸਾਰ ਪ੍ਰਦੂਸ਼ਣ ਵਧਣ ਦਾ ਇਕ ਕਾਰਨ ਤਾਪਮਾਨ ਵੀ ਹੈ। ਪਿਛਲੇ ਸਾਲ ਦੀਵਾਲੀ ਮੌਕੇ ਤਾਪਮਾਨ 23.5 ਡਿਗਰੀ ਸੈਲਸੀਅਸ ਸੀ ਜਦਕਿ ਇਸ ਵਰ੍ਹੇ ਦੀਵਾਲੀ ਮੌਕੇ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਸੀ। ਜਿਸ ਕਾਰਨ ਹੀ ਇਸ ਵਾਰ ਪ੍ਰਦੂਸ਼ਣ ਦਾ ਅੰਕੜਾ ਪਿੱਛਲੇ ਸਾਲ ਦੇ ਮੁਕਾਬਲੇ ਵੱਧ ਦੱਸਿਆ ਜਾ ਰਿਹਾ ਹੈ।
ਚੰਗੀ ਗੱਲ ਇਹ ਹੈ ਕਿ ਚੰਡੀਗੜ੍ਹ ਵਿਚ ਦੀਵਾਲੀ ਤੋਂ ਤੁਰੰਤ ਬਾਅਦ ਪ੍ਰਦੂਸ਼ਣ ਦੀਆਂ ਤਹਿਆਂ ਪੇਤਲੀਆਂ ਪੈਣ ਲੱਗ ਪਈਆਂ ਹਨ। ਸੀਪੀਸੀਸੀ ਦੇ ਅੰਕੜਿਆਂ ਅਨੁਸਾਰ ਏਕਿਊਆਈ 311 ਤੋਂ ਘਟ ਕੇ 127 ‘ਤੇ ਆ ਗਈ ਹੈ, ਜੋ ਰਾਹਤ ਦੇ ਸੰਕੇਤ ਹਨ। ਦੀਵਾਲੀ ਮੌਕੇ ਸੈਕਟਰ 12 ਦਾ ਅੰਕੜਾ 297 ਸੀ, ਜੋ ਗਿਰਾਵਟ ਵੱਲ ਵਧਦਿਆਂ 140 ‘ਤੇ ਆ ਡਿੱਗਾ ਹੈ।
ਦਰਅਸਲ ਚੰਡੀਗੜ੍ਹ ਸ਼ਹਿਰ ਕਈ ਤਰ੍ਹਾਂ ਦੇ ਵਾਹਨਾਂ ਨਾਲ ਤੂੜਿਆ ਪਿਆ ਹੈ, ਜਿਸ ਕਾਰਨ 12 ਮਹੀਨੇ ਇਸ ਸ਼ਹਿਰ ਉਪਰ ਪ੍ਰਦੂਸ਼ਣ ਦਾ ਖਤਰਾ ਮੰਡਰਾਇਆ ਰਹਿੰਦਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਚੰਡੀਗੜ੍ਹ ਦੀ ਆਬਾਦੀ 11 ਲੱਖ ਦੇ ਕਰੀਬ ਹੈ ਜਦਕਿ ਵਾਹਨ 10.50 ਲੱਖ ਦੇ ਕਰੀਬ ਹਨ, ਜੋ ਅਬਾਦੀ ਦੇ ਹਿਸਾਬ ਦੀ ਰੇਸ਼ੋ ਦੇ ਆਧਾਰ ‘ਤੇ ਦੇਸ਼ ਦੇ ਹਰੇਕ ਰਾਜ ਤੋਂ ਵੱਧ ਹਨ। ਇਥੇ ਹੀ ਬੱਸ ਨਹੀਂ ਸ਼ਹਿਰ ਵਿਚ ਰੋਜ਼ਾਨਾ ਔਸਤਨ 100 ਨਵੇਂ ਵਾਹਨ ਰਜਿਸਟਰਡ ਹੋ ਰਹੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੋਣ ਕਾਰਨ ਅਤੇ ਇਥੇ ਹੀ ਦੋਵਾਂ ਦੇਸ਼ਾਂ ਦੀਆਂ ਵਿਧਾਨ ਸਭਾਵਾਂ ਸਕੱਤਰੇਤ ਅਤੇ ਹਾਈਕੋਰਟ ਆਦਿ ਹੋਣ ਕਾਰਨ ਰੋਜ਼ਾਨਾ ਇਸ ਸ਼ਹਿਰ ਵਿਚ ਬਾਹਰੀ ਰਾਜਾਂ ਦੇ ਹਜ਼ਾਰਾਂ ਵਾਹਨ ਦਸਤਕ ਦਿੰਦੇ ਹਨ, ਜਿਸ ਕਾਰਨ ਇਹ ਸ਼ਹਿਰ ਦੀ ਖੂਬਸੂਰਤੀ ਨੂੰ ਹਮੇਸ਼ਾ ਪ੍ਰਦੂਸ਼ਣ ਦਾ ਖਤਰਾ ਬਣਿਆ ਰਹਿੰਦਾ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਦਾ ਰਕਬਾ ਕੇਵਲ 114 ਵਰਗ ਕਿਲੋਮੀਟਰ ਹੀ ਹੈ ਅਤੇ ਸ਼ਹਿਰ ਦੀਆਂ ਸੜਕਾਂ ਦੀ ਲੰਬਾਈ 1612 ਕਿਲੋਮੀਟਰ ਹੀ ਹੈ।
ਇਸ ਛੋਟੇ ਜਿਹੇ ਸ਼ਹਿਰ ਵਿਚ ਵਰਤੇ ਜਾਂਦੇ 10.50 ਲੱਖ ਵਾਹਨ ਖਤਰੇ ਦੀ ਘੰਟੀ ਮੰਨੇ ਜਾਂਦੇ ਹਨ ਕਿਉਂਕਿ ਇਸ ਨਾਲ ਜਿਥੇ ਪ੍ਰਦੂਸ਼ਣ ਦਾ ਖਤਰਾ ਵਧਦਾ ਜਾ ਰਿਹਾ ਹੈ ਉਥੇ ਪਾਰਕਿੰਗ ਦੀ ਸਮੱਸਿਆ ਵੀ ਗੰਭੀਰ ਰੂਪ ਧਾਰ ਰਹੀ ਹੈ।
ੲੲੲ

ਪਟਾਕੇ ਚਲਾਉਣ ਦੇ ਰੁਝਾਨ ਨੂੰ ਪਈ ਠੱਲ੍ਹ
ਪਟਿਆਲਾ : ਬੜੇ ਲੰਮੇ ਅਰਸੇ ਮਗਰੋਂ ਪਹਿਲੀ ਵਾਰ ਪੰਜਾਬ ਵਿਚ ਦੀਵਾਲੀ ਦੀ ਰਾਤ ਤੋਂ ਮਨੁੱਖਤਾ ਹੀ ਨਹੀਂ ਬਲਕਿ ਪਸ਼ੂ ਪੰਛੀਆਂ ਨੂੰ ਵੀ ਜ਼ਹਿਰੀਲੇ ਧੂੰਏਂ ਤੇ ਅਥਾਹ ਸ਼ੋਰ ਤੋਂ ਕੁਝ ਨਿਜਾਤ ਮਿਲੀ ਹੈ। ਅਜਿਹੇ ਰੁਝਾਨ ਤੋਂ ਆਸ ਬੱਝੀ ਹੈ ਕਿ ਪੰਜਾਬ, ਪ੍ਰਦੂਸ਼ਿਤ ਮਾਹੌਲ ਖ਼ਿਲਾਫ਼ ਤੁਰੀਆਂ ਹੋਰ ਮੁਹਿੰਮਾਂ ਨੂੰ ਵੀ ਸਰ ਕਰ ਲਵੇਗਾ। ਅਜਿਹਾ ਸੁਖਾਵਾਂ ਮਾਹੌਲ ਬਣਾਉਣ ਵਿਚ ਸੁਪਰੀਮ ਕੋਰਟ ਦੀ ਵੀ ਅਹਿਮ ਪਹਿਲਕਦਮੀ ਰਹੀ ਹੈ, ਜਿਸ ਵੱਲੋਂ ਐਤਕੀਂ ਪਟਾਕਿਆਂ ਲਈ ਸਿਰਫ਼ ਦੋ ਘੰਟੇ ਹੀ ਨਿਰਧਾਰਤ ਕੀਤੇ ਸਨ। ਪੰਜਾਬੀ ਇਸ ਗੱਲੋਂ ਵਧਾਈ ਦੇ ਪਾਤਰ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਨਰੋਆ ਵਾਤਾਵਰਨ ਉਸਾਰਨ ਲਈ ਦੀਵਾਲੀ ਮੌਕੇ ਪਟਾਕਿਆਂ ਨੂੰ ਅਲਵਿਦਾ ਕਹਿਣ ਦੀ ਆਦਤ ਆਰੰਭੀ ਹੈ।
ਦੀਵਾਲੀ ਦੀ ਰਾਤ ਲੰਘੇ ਸਾਲਾਂ ਦੇ ਮੁਕਾਬਲੇ ਪਹਿਲੀ ਵਾਰ ਪ੍ਰਦੂਸ਼ਣ ਨੂੰ ਕੁਝ ਠੱਲ੍ਹ ਪਈ ਹੈ। ਭਾਵੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਦੇ ਛੇ ਵੱਖ-ਵੱਖ ਸ਼ਹਿਰਾਂ ਦੀ ਹਵਾ ਗੁਣਵੱਤਾ ਮਾਪਣ ਲਈ ਕੀਤੇ ਵਿਸ਼ਲੇਸ਼ਣ ਦੇ ਤੱਥ ਜਾਰੀ ਕਰਕੇ ਦਾਅਵਾ ਵੀ ਕੀਤਾ ਹੈ ਕਿ ਪੰਜਾਬੀ ਐਤਕੀਂ ਹਰੀ ਦੀਵਾਲੀ ਮਨਾਉਣ ਵਿੱਚ ਮੋਹਰੀ ਰਹੇ ਹਨ। ਪ੍ਰੰਤੂ ਅਹਿਮ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਐਤਕੀਂ ਲੋਕਾਂ ਨੇ ਪਟਾਕਿਆਂ ਵੱਲ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਤਵੱਜੋ ਦਿੱਤੀ ਹੈ। ਲੁਧਿਆਣਾ, ਮੰਡੀ ਗੋਬਿੰਦਗੜ੍ਹ, ਜਲੰਧਰ, ਖੰਨਾ, ਅੰਮ੍ਰਿਤਸਰ ਅਤੇ ਪਟਿਆਲਾ ਵਿਚ ਲਗਾਏ ਗਏ ਹਵਾ ਦੀ ਕੁਆਲਿਟੀ ਮਾਪਣ ਵਾਲੇ ਯੰਤਰਾਂ ਦੇ ਇਕੱਤਰ ਕੀਤੇ ਡਾਟੇ ਮੁਤਾਬਕ ਇਸ ਵਰ੍ਹੇ ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ ਔਸਤਨ 234 ਰਿਹਾ, ਜਦ ਕਿ ਇਹ ਪਿਛਲੇ ਵਰ੍ਹੇ 2017 ਵਿੱਚ ਇਹ ਔਸਤਨ 328 ਸੀ, ਜੋ ਕਿ ਪਿਛਲੇ ਵਰ੍ਹੇ ਨਾਲੋਂ 29 ਫੀਸਦੀ ਘੱਟ ਹੈ। ਓਵਰਆਲ ਹਵਾ ਗੁਣਵੱਤਾ ਸੂਚਕ ਅੰਕ ਔਸਤਨ ਪਿਛਲੇ ਸਾਲ ਦੇ ਮੁਕਾਬਲੇ 94 ਅੰਕ ਘੱਟ ਹੈ। ਇਸਦੇ ਨਾਲ ਹੀ ਪੀ.ਐਮ. ਅੰਕੜੇ ਵਿਚ ਵੀ ਗਿਰਾਵਟ ਹੋਣੀ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਵੇਰਵਿਆਂ ਮੁਤਾਬਿਕ ਪਿਛਲੇ ਸਾਲ ਪੰਜਾਬ ਦਾ ਪੀ.ਐਮ.10 ਔਸਤਨ 430 ਅਤੇ ਪੀ.ਐਮ.2.5 ਔਸਤਨ 225.63 ਮਾਈਕ੍ਰੋਗ੍ਰਾਮ ਘਣ ਮੀਟਰ ਸੀ, ਜਦ ਕਿ ਇਸ ਵਰ੍ਹੇ ਇਹ ਔਸਤਨ ਕ੍ਰਮਵਾਰ 277 ਅਤੇ 126 ਮਾਈਕ੍ਰੋਗ੍ਰਾਮ ਘਣ ਮੀਟਰ ਰਿਕਾਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਪੀਐੱਮ 10 ਵਿੱਚ 36 ਫੀਸਦੀ ਅਤੇ ਪੀਐੱਮ 2.5 ਵਿੱਚ 44 ਫੀਦੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਭਾਵੇਂ 2016 ਹਵਾ ਗੁਣਵੱਤਾ ਸੂਚਕ ਅੰਕ ਔਸਤਨ 231 ਸੀ, ਪਰ ਉਦੋਂ ਪੰਜਾਬ ਵਿਚ ਹਵਾ ਮਾਪਣ ਦੇ ਤਿੰਨ ਹੀ ਸਟੇਸ਼ਨ ਅੰਮ੍ਰਿਤਸਰ, ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਹੀ ਸਥਾਪਤ ਸਨ। ਉਸ ਵੇਲੇ ਵੀ ਸ਼ਾਮ 8 ਤੋਂ ਸਵੇਰ 8 ਵਜੇ ਤੱਕ ਮਾਪਿਆ ਗਿਆ ਪ੍ਰਦੂਸ਼ਣ 2017 ਤੇ ਇਸ ਸਾਲ ਤੋਂ ਵੱਧ ਸੀ। ਦੱਸਣਯੋਗ ਹੈ ਕਿ ਜਲੰਧਰ, ਪਟਿਆਲਾ ਤੇ ਖੰਨਾ ਵਿਚ ਹਵਾ ਮਿਆਰ ਮਾਪਣ ਦੇ ਅਜਿਹੇ ਸਟੇਸ਼ਨ ‘ਸੀ.ਏ.ਏ.ਕਿਊ.ਐਮ.ਐਸ’ ਇਸ ਸਾਲ ਹੀ ਸਥਾਪਿਤ ਹੋ ਸਕੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਿਪਟੀ ਡਾਇਰਕੈਟਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਐਤਕੀਂ ਛੇ ਸਟੇਸ਼ਨਾਂ ਤੋਂ ਹਵਾ ਗੁਣਵੱਤਾ ਸੂਚਕ ਅੰਕ ਦਾ ਅੰਕੜਾ ਪਿਛਲੇ ਦੋਵੇਂ ਸਾਲਾਂ ਦੀ ਦੀਵਾਲੀ ਦੀ ਰਾਤ ਤੋਂ ਕਿਤੇ ਸ਼ੁਧ ਬਣਿਆ ਰਿਹਾ ਹੈ।
ਹਵਾ ਦੀ ਗੁਣਵੱਤਾ ਮਾਪਣ ਵਾਲੇ ਯੰਤਰ ਸਥਾਪਤੀ ਵਾਲੀ ਜਗ੍ਹਾ ਤੋਂ 5 ਵਰਗ ਕਿਲੋਮੀਟਰ ਤੱਕ ਹੀ ਮਾਪਣ ਪ੍ਰਕਿਰਿਆ ਕਰ ਸਕਦੇ ਹਨ। ਅਜਿਹੇ ਵਿਚ ਇਹ ਗੱਲ ਸਾਫ ਹੈ ਕਿ ਪੰਜਾਬ ਦੇ ਛੇ ਸਥਾਪਿਤ ਸਟੇਸ਼ਨ ਪੂਰੇ ਪੰਜਾਬ ਨੂੰ ਨਹੀਂ ਮਾਪ ਸਕੇ, ਪਰ ਲੋਕਾਂ ਨੇ ਮੰਨਿਆ ਹੈ ਕਿ ਦੀਵਾਲੀ ਮੌਕੇ ਐਤਕੀਂ ਪਟਾਕਿਆਂ ਤੋਂ ਕਾਫ਼ੀ ਰਾਹਤ ਰਹੀ ਹੈ। ਪੇਂਡੂ ਤੇ ਸ਼ਹਿਰੀ ਦੋਵੇਂ ਤਬਕਿਆਂ ਨੇ ਸਪਸ਼ਟ ਆਖਿਆ ਕਿ ਪਹਿਲੀ ਵਾਰ ਆਮ ਲੋਕਾਂ ਦਾ ਪਟਾਕਿਆਂ ਤੋਂ ਮੋਹ ਮੁੜਿਆ ਵੇਖਿਆ ਹੈ। ਦੱਸਣ ਵਿਚ ਆਇਆ ਹੈ ਕਿ ਕਈ ਸ਼ਹਿਰਾਂ ਤੇ ਪਿੰਡਾਂ ਦੇ ਕਈ ਕਈ ਮੁਹੱਲਿਆਂ ਵਿਚੋਂ ਪਟਾਕਿਆਂ ਦੀ ਗਰਜ਼ ਸੁਣਾਈ ਨਹੀਂ ਦਿੱਤੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਟਾਕੇ ਚਲਾਉਣ ਦੀ ਰਵਾਇਤ ਐਤਕੀਂ ਕਾਫ਼ੀ ਹੱਦ ਜਵਾਕਾਂ ਤੱਕ ਹੀ ਸੀਮਤ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚ ਦੀਵਾਲੀ ਦੀ ਰਾਤ ਮਾਹੌਲ ਬਿਲਕੁਲ ਸ਼ਾਂਤ ਰਿਹਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਨੇ ਪੰਜਾਬ ਦੇ ਲੋਕਾਂ ਨੂੰ ਹਰੀ ਦੀਵਾਲੀ ਪ੍ਰਤੀ ਰੁਚਿਤ ਹੋਣ ਦੀ ਵਧਾਈ ਦਿੰਦਿਆਂ ਆਖਿਆ ਹੈ ਕਿ ਵੱਡੀ ਆਸ ਬੱਝੀ ਹੈ ਕਿ ਪੰਜਾਬੀ ਅੱਗੋਂ ਵੀ ਆਬੋ ਹਵਾ ਦੀ ਗੁਣਵੱਤਾ ਲਈ ਪਹਿਰੇਦਾਰ ਬਣੇ ਰਹਿਣਗੇ।

ਅਸਮਾਨੀ ਚੜ੍ਹੇ ਧੂੰਏਂ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਬਣਾਇਆ ਨਿਸ਼ਾਨਾ
ਬਠਿੰਡਾ : ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਦਿਨ ਕਿਆਮਤ ਤੋਂ ਘੱਟ ਨਹੀਂ। ਅਸਮਾਨੀ ਚੜ੍ਹੇ ਧੂੰਏਂ ਨੇ ਪਹਿਲਾਂ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ। ਨਾਲ ਹੀ ਬਜ਼ੁਰਗਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਪੰਜਾਬ ਭਰ ਵਿਚ ਹੁਣ ਤੱਕ 40 ਹਜ਼ਾਰ ਕੇਸ ਪਰਾਲੀ ਸਾੜੇ ਜਾਣ ਦੇ ਆ ਚੁੱਕੇ ਹਨ ਜਦੋਂ ਕਿ ਪਿਛਲੇ ਵਰ੍ਹੇ ਇਸ ਦਿਨ ਤੱਕ ਕੇਸਾਂ ਦੀ ਗਿਣਤੀ 40,510 ਸੀ। ਪੂਰੇ ਪੰਜਾਬ ਦੇ ਕੇਸਾਂ ਵਿਚੋਂ ਇਕੱਲੇ ਮਾਲਵਾ ਦੇ ਸੱਤ ਜ਼ਿਲ੍ਹਿਆਂ ਦੇ ਕੇਸਾਂ ਦੀ ਗਿਣਤੀ 52 ਫ਼ੀਸਦੀ ਬਣਦੀ ਹੈ। ਹੁਣ ਦੋ ਤਿੰਨ ਦਿਨਾਂ ਤੋਂ ਧੂੰਏਂ ਨੇ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ। ਹਰ ਨਿਆਣਾ-ਸਿਆਣਾ ਇਸ ਨੇ ਝੰਬ ਸੁੱਟਿਆ ਹੈ। ਨੌਜਵਾਨਾਂ ਦੀ ਝੱਲਣ ਸਮਰੱਥਾ ਹੁੰਦੀ ਹੈ ਪਰ ਬੱਚੇ ਅਤੇ ਬਜ਼ੁਰਗ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ ਹਨ। ਡਾਕਟਰਾਂ ਕੋਲ ਇਨ੍ਹਾਂ ਦਿਨਾਂ ਵਿਚ ਧੂੰਏਂ ਦੀ ਮਾਰ ਵਾਲੇ ਕੇਸਾਂ ਦੀ ਗਿਣਤੀ ਵਧੀ ਹੈ।
ਬੱਸਾਂ ਵਿਚ ਦੋ ਦਿਨਾਂ ਤੋਂ ਬਜ਼ੁਰਗਾਂ ਦੀ ਗਿਣਤੀ ਵਧੀ ਹੈ, ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰਾਂ ਵਿਚ ਜਾਣਾ ਪੈ ਰਿਹਾ ਹੈ। ਟਰਾਂਸਪੋਰਟਰ ਤੀਰਥ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤਾਂ ਬਿਮਾਰੀ ਵਾਲੇ ਬਜ਼ੁਰਗ ਮਿੰਨੀ ਬੱਸਾਂ ਵਿਚ ਜ਼ਿਆਦਾ ਨਜ਼ਰ ਪੈਂਦੇ ਹਨ। ਧੂੰਏਂ ਦੇ ਗ਼ੁਬਾਰ ਨੇ ਸਭ ਨੂੰ ਸੱਟ ਮਾਰੀ ਹੈ। ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਹਵਾਈ ਉਡਾਣਾਂ ਵੀ ਰੱਦ ਕਰਨੀ ਪੈ ਰਹੀਆਂ ਹਨ। ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਵੀ ਆਪਣੀ ਜ਼ਿੰਦਗੀ ਦਾਅ ‘ਤੇ ਲਾਈ ਹੋਈ ਹੈ। ਬਠਿੰਡਾ, ਮੁਕਤਸਰ, ਮਲੋਟ, ਮਾਨਸਾ, ਰਾਮਪੁਰਾ, ਫ਼ਰੀਦਕੋਟ, ਮੋਗਾ, ਫ਼ਿਰੋਜ਼ਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਦੋ ਤਿੰਨ ਦਿਨਾਂ ਤੋਂ ਵਧ ਗਈ ਹੈ। ਮਾਲਵਾ ਹਸਪਤਾਲ ਬਠਿੰਡਾ ਦੇ ਡਾ. ਰੁਪਿੰਦਰ ਸਿੱਧੂ ਦਾ ਪ੍ਰਤੀਕਰਮ ਸੀ ਕਿ ਧੂੰਏਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਬੱਚੇ ਤੇ ਬਜ਼ੁਰਗ ਹਨ। ਪ੍ਰਦੂਸ਼ਣ ਕਰਕੇ ਲਿਵਰ ਅਤੇ ਪੀਲੀਏ ਵਾਲੇ ਮਰੀਜ਼ ਮੁੜ ਬਿਮਾਰ ਹੋ ਜਾਂਦੇ ਹਨ। ਬਜ਼ੁਰਗਾਂ ਨੂੰ ਨਮੂਨੀਆ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਓ.ਪੀ.ਡੀ ਇਨ੍ਹਾਂ ਦਿਨਾਂ ਵਿਚ ਵਧੀ ਹੈ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਛੁੱਟੀਆਂ ਨੇ ਰਾਹਤ ਦੇ ਦਿੱਤੀ ਹੈ। ਸਰਕਾਰੀ ਸਕੂਲਾਂ ਵਿਚ 6 ਨਵੰਬਰ ਤੋਂ 11 ਨਵੰਬਰ ਤੱਕ ਛੁੱਟੀਆਂ ਸਨ, ਜਿਸ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ ਹੈ। ਉਂਜ, ਪਰਾਲੀ ਦੇ ਧੂੰਏਂ ਨੇ ਉਨ੍ਹਾਂ ਦੇ ਸਰੀਰ ਵੀ ਜਾਮ ਕਰ ਦਿੱਤੇ ਹਨ। ਉੱਪਰੋਂ ਦੀਵਾਲੀ ਦੇ ਪਟਾਕਿਆਂ ਨੇ ਬੱਚਿਆਂ ਦੀ ਸਿਹਤ ਵਿਗਾੜ ਦਿੱਤੀ ਹੈ। ਬੱਚਿਆਂ ਦੇ ਮਹੇਸ਼ਵਰੀ ਹਸਪਤਾਲ ਦੇ ਡਾ. ਰੌਬਿਨ ਮਹੇਸ਼ਵਰੀ ਦੱਸਦੇ ਹਨ ਕਿ ਦੀਵਾਲੀ ਮਗਰੋਂ ਬੱਚਿਆਂ ਦੀ ਓ.ਪੀ.ਡੀ ਵਿਚ ਇਕਦਮ ਵਾਧਾ ਹੋ ਗਿਆ ਹੈ। ਧੂੰਏਂ ਕਾਰਨ ਬੱਚਿਆਂ ਦੀ ਛਾਤੀ ਜਾਮ ਹੋਣ ਦੇ ਕੇਸਾਂ ਵਿਚ ਵਾਧਾ ਹੋਇਆ ਹੈ।
ਇਸੇ ਦੌਰਾਨ ਡੇਂਗੂ ਵੀ ਹਸਪਤਾਲਾਂ ਨੂੰ ਸਾਹ ਨਹੀਂ ਲੈਣ ਦੇ ਰਿਹਾ ਹੈ। ਪਿੰਡਾਂ ਦੇ ਆਰ.ਐਮ.ਪੀ ਡਾਕਟਰਾਂ ਕੋਲ ਵੀ ਮਰੀਜ਼ ਵਧੇ ਹਨ। ‘ਬਰਾੜ ਅੱਖਾਂ ਦਾ ਹਸਪਤਾਲ’ ਬਠਿੰਡਾ ਦੇ ਡਾ. ਐਮ.ਐੱਸ. ਬਰਾੜ ਨੇ ਦੱਸਿਆ ਕਿ ਵਾਹਨ ਚਾਲਕਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ, ਜਿਨ੍ਹਾਂ ਦੀਆਂ ਅੱਖਾਂ ਵਿਚੋਂ ਪਾਣੀ ਨਿਕਲਣਾ ਅਤੇ ਰੜਕ ਪੈਣੀ ਹੁਣ ਆਮ ਹੋ ਗਿਆ ਹੈ। ਇਸੇ ਦੌਰਾਨ ਪਿੰਡ ਮੰਡੀ ਕਲਾਂ ਦੇ ਆਰ.ਐਮ.ਪੀ ਡਾਕਟਰ ਭਰਥਰੀ ਨੇ ਦੱਸਿਆ ਕਿ ਬਜ਼ੁਰਗਾਂ ਜ਼ਿਆਦਾ ਬਿਮਾਰ ਹੋ ਰਹੇ ਹਨ ਅਤੇ ਦਮੇ ਦੇ ਕੇਸ ਜ਼ਿਆਦਾ ਵਧੇ ਹਨ।
ਦੱਸਣਯੋਗ ਹੈ ਕਿ ਗ਼ੈਰਸਰਕਾਰੀ ਸੰਸਥਾਵਾਂ ਅਤੇ ਪ੍ਰਸ਼ਾਸਨ ਤਰਫ਼ੋਂ ਵੀ ਸੰਕੇਤਕ ਤੌਰ ‘ਤੇ ਵਾਹਨ ਚਾਲਕਾਂ ਨੂੰ ਮਾਸਕ ਵੰਡੇ ਜਾ ਰਹੇ ਹਨ। ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਸਮੱਸਿਆ ਆ ਰਹੀ ਹੈ। ਇਸੇ ਤਰ੍ਹਾਂ ਖਿਡਾਰੀ ਵੀ ਇਸ ਮਾਰ ਨੂੰ ਝੱਲ ਰਹੇ ਹਨ ਜਿਨ੍ਹਾਂ ਦੇ ਅੱਜ ਕੱਲ੍ਹ ਖੇਡ ਟੂਰਨਾਮੈਂਟ ਚੱਲ ਰਹੇ ਹਨ। ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰੋ. ਸੁਰਜੀਤ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਦੀ ਕਾਰਗੁਜ਼ਾਰੀ ਏਦਾਂ ਦੇ ਮੌਸਮ ਵਿਚ ਪ੍ਰਭਾਵਿਤ ਹੁੰਦੀ ਹੈ। ਦੱਸਣਯੋਗ ਹੈ ਕਿ ਖੇਤੀ ਮਹਿਕਮੇ ਤਰਫ਼ੋਂ ਖੇਤੀ ਅਫ਼ਸਰਾਂ ਨੂੰ ਬੀਟਾਂ ਦੀ ਵੰਡ ਕਰਕੇ ਪਰਾਲੀ ਨੂੰ ਜਲਾਏ ਜਾਣ ਤੋਂ ਰੋਕਣ ਲਈ ਉਪਰਾਲੇ ਕੀਤੇ ਗਏ ਹਨ। ਕਿਸਾਨ ਧਿਰਾਂ ਇਸ ਮਾਮਲੇ ਵਿਚ ਕੁੱਦੀਆਂ ਹੋਈਆਂ ਹਨ ਜੋ ਸਰਕਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੀਆਂ ਹਨ।
ਵਿਆਹਾਂ ਦੇ ਰੰਗ ਵਿਚ ਭੰਗ
ਪਰਾਲੀ ਦੇ ਧੂੰਏਂ ਨੇ ਵਿਆਹਾਂ ਦੇ ਰੰਗ ਵਿਚ ਭੰਗ ਪਾ ਦਿੱਤੀ ਹੈ। ਇਨ੍ਹਾਂ ਦਿਨਾਂ ਵਿਚ ਵਿਆਹ ਸਾਹੇ ਸ਼ੁਰੂ ਹੋ ਜਾਂਦੇ ਹਨ। ਧੂੰਏਂ ਕਰਕੇ ਜਿੱਥੇ ਹਾਦਸਿਆਂ ਦੀ ਗਿਣਤੀ ਵਧ ਜਾਂਦੀ ਹੈ, ਉੱਥੇ ਵਿਆਹ ਸਮਾਰੋਹਾਂ ਦੇ ਮਹਿਮਾਨਾਂ ਦਾ ਮਜ਼ਾ ਵੀ ਕਿਰਕਿਰਾ ਹੋ ਜਾਂਦਾ ਹੈ। ਖ਼ਾਸ ਕਰਕੇ ਖੁੱਲ੍ਹੇ ਪੰਡਾਲ ਵਿਚ ਹੋਣ ਵਾਲੇ ਸਮਾਰੋਹ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸੇ ਕਰਕੇ ਭੋਗ ਸਮਾਗਮਾਂ ਵਿਚ ਪੁੱਜਣ ਵਾਲਿਆਂ ਨੂੰ ਵੀ ਮੁਸ਼ਕਲ ਪੈਦਾ ਹੋ ਜਾਂਦੀ ਹੈ। ਖਾਣ ਪੀਣ ਦੇ ਸਮਾਨ ਨੂੰ ਸਮਾਰੋਹਾਂ ਵਿਚ ਧੂੰਏਂ ਦੀ ਮਾਰ ਤੋਂ ਬਚਾਉਣ ਲਈ ਢਕ ਕੇ ਰੱਖਣਾ ਪੈਂਦਾ ਹੈ।

Check Also

ਗੁਰਦੁਆਰਾ ਸੰਸਥਾ ਕਿੰਜ ਬਣੇ ਸਿੱਖ ਸਮਾਜ ਦੇ ਬਹੁਪੱਖੀ ਜੀਵਨ ਦਾ ਚਾਨਣ ਮੁਨਾਰਾ?

ਤਲਵਿੰਦਰ ਸਿੰਘ ਬੁੱਟਰ ਪੰਜਾਬ ‘ਚ ਲਗਭਗ 13 ਹਜ਼ਾਰ ਪਿੰਡ ਹਨ ਅਤੇ ਹਰ ਪਿੰਡ ਵਿਚ ਔਸਤਨ …