Breaking News
Home / ਦੁਨੀਆ / ਐਚ-1ਬੀ ਵੀਜ਼ਾ ‘ਚ ਬਦਲਾਅ ਚਾਹੁੰਦੇ ਹਨ ਟਰੰਪ

ਐਚ-1ਬੀ ਵੀਜ਼ਾ ‘ਚ ਬਦਲਾਅ ਚਾਹੁੰਦੇ ਹਨ ਟਰੰਪ

ਉਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਜ਼ਿਆਦਾ ਵੀਜ਼ਾ ਦੇਣ ਦੇ ਪੱਖ ਵਿਚ, ਐਚ-4 ਵੀਜ਼ਾ ‘ਤੇ ਸਖਤੀ ਕਰਨ ਦੇ ਮੂਡ ‘ਚ ਅਮਰੀਕੀ ਰਾਸ਼ਟਰਪਤੀ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀਆਂ ਵਿਚ ਲੋਕਪ੍ਰਿਆ ਐੱਚ-1ਬੀ ਵੀਜ਼ਾ ਦੇ ਮੌਜੂਦਾ ਨਿਯਮਾਂ ਵਿਚ ਬਦਲਾਅ ਕੀਤੇ ਜਾਣ ਦੀ ਇੱਛਾ ਪ੍ਰਗਟਾਈ ਹੈ। ਉਹ ਇਸ ਰਾਹੀਂ ਉੱਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ।
ਵ੍ਹਾਈਟ ਹਾਊਸ ਦੇ ਨੀਤੀ ਨਿਰਮਾਣ ਮਾਮਲਿਆਂ ਦੇ ਡਿਪਟੀ ਚੀਫ ਆਫ ਸਟਾਫ ਕ੍ਰਿਸ ਲਿਡੇਲ ਨੇ ਕਿਹਾ ਕਿ ਰਾਸ਼ਟਰਪਤੀ ਕਈ ਵਾਰ ਖੁੱਲੇ ਤੌਰ ‘ਤੇ ਇਹ ਕਹਿ ਚੁੱਕੇ ਹਨ ਕਿ ਅਜਿਹੇ ਰਸਤਿਆਂ ਦੀ ਭਾਲ ਕੀਤੀ ਜਾਏ ਜਿਸ ਨਾਲ ਤਕਨੀਕ ਜਿਹੇ ਉੱਚ ਹੁਨਰਮੰਦ ਖੇਤਰਾਂ ਵਿਚ ਬੀਏ ਕਰਨ ਵਾਲੇ ਲੋਕ ਦੇਸ਼ ਛੱਡ ਕੇ ਨਾ ਜਾਣ। ਨਵੀਂ ਤਕਨੀਕ ਮਾਮਲੇ ‘ਤੇ ਚਰਚਾ ਦੌਰਾਨ ਐੱਚ-1ਬੀ ਵੀਜ਼ਾ ਮਾਮਲੇ ਵਿਚ ਟਰੰਪ ਦੇ ਰੁਖ਼ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਲਿਡੇਲ ਨੇ ਕਿਹਾ ਕਿ ਉਨ੍ਹਾਂ ਨੇ ਯੋਗਤਾ ਆਧਾਰਤ ਇਮੀਗ੍ਰੇਸ਼ਨ ਦੀ ਗੱਲ ਕਹੀ ਹੈ। ਇਸ ਮਾਮਲੇ ਵਿਚ ਐੱਚ-1ਬੀ ਸਹੀ ਬੈਠਦਾ ਹੈ। ਇਹ ਬਦਕਿਸਮਤੀ ਦੀ ਗੱਲ ਹੈ ਕਿ ਇਹ ਵੀਜ਼ਾ ਘੱਟ ਹੁਨਰਮੰਦ ਵਾਲੀਆਂ ਆਊਟਸੋਰਸਿੰਗ ਨੌਕਰੀਆਂ ਨੂੰ ਚਲਿਆ ਜਾਂਦਾ ਹੈ। ਟਰੰਪ ਪ੍ਰਸ਼ਾਸਨ ਇਸ ਤਰੀਕੇ ਵਿਚ ਬਦਲਾਅ ਕਰਨਾ ਪਸੰਦ ਕਰੇਗਾ ਤਾਂਕਿ ਉੱਚ ਤਕਨੀਕ ਵਰਗੇ ਖੇਤਰ ਵਿਚ ਪੀਐੱਚਡੀ ਕਰਨ ਵਾਲੇ ਲੋਕ ਜ਼ਿਆਦਾ ਆਉਣ।
ਐੱਚ-1ਬੀ ਵੀਜ਼ਾ ਰੋਕਣ ਦੇ ਮਾਮਲੇ ਵਧੇ
ਗੂਗਲ, ਫੇਸਬੁੱਕ ਅਤੇ ਮਾਈਕ੍ਰੋਸਾਫਟ ਵਰਗੀਆਂ ਆਈਟੀ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ‘ਕੰਪੀਟ ਅਮਰੀਕਾ’ ਨੇ ਦਾਅਵਾ ਕੀਤਾ ਹੈ ਕਿ ਐੱਚ-1ਬੀ ਵੀਜ਼ਾ ਰੋਕਣ ਦੇ ਮਾਮਲਿਆਂ ਵਿਚ ਖ਼ਾਸਾ ਇਜ਼ਾਫਾ ਹੋਇਆ ਹੈ। ਵੀਜ਼ਾ ਮਾਮਲਿਆਂ ਨੂੰ ਵੇਖਣ ਵਾਲੀ ਏਜੰਸੀ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਆਪਣੇ ਹੀ ਨਿਯਮਾਂ ਤੋਂ ਪਰੇ ਜਾ ਕੇ ਇਸ ਤਰ੍ਹਾਂ ਦਾ ਕੰਮ ਕਰ ਰਹੀ ਹੈ। ਗ੍ਰਹਿ ਸੁਰੱਖਿਆ ਮਾਮਲਿਆਂ ਦੀ ਮੰਤਰੀ ਕਿਸਰਟਜੇਨ ਨੀਲਸਨ ਨੂੰ ਲਿਖੇ ਪੱਤਰ ਵਿਚ ‘ਕੰਪੀਟ ਅਮਰੀਕਾ’ ਨੇ ਵੀਜ਼ਾ ਅਰਜ਼ੀਆਂ ਦੇ ਪ੍ਰਕਿਰਿਆ ਮਾਨਕਾਂ ਵਿਚ ਹਾਲੀਆ ਬਦਲਾਅ ਦੇ ਸਬੰਧ ਵਿਚ ਕਾਨੂੰਨੀ ਸਮੱਸਿਆ ਖੜ੍ਹੀ ਹੋਣ ਦੀ ਚਿੰਤਾ ਜ਼ਾਹਿਰ ਕੀਤੀ ਹੈ।
ਭਾਰਤੀਆਂ ‘ਚ ਲੋਕਪ੍ਰਿਆ ਹੈ ਐੱਚ-1ਬੀ ਵੀਜ਼ਾ
ਭਾਰਤੀ ਪੇਸ਼ੇਵਰਾਂ ਵਿਚਕਾਰ ਖ਼ਾਸ ਤੌਰ ‘ਤੇ ਲੋਕਪ੍ਰਿਆ ਐੱਚ-1ਬੀ ਵੀਜ਼ਾ ਰਾਹੀਂ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ ਵਿਚ ਉੱਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ ਵਿਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਪਿੱਛੋਂ ਹੀ ਇਸ ‘ਤੇ ਲਗਾਮ ਕੱਸੀ ਜਾ ਰਹੀ ਹੈ। ਹਰ ਸਾਲ ਕੁੱਲ 85 ਹਜ਼ਾਰ ਐੱਚ-1ਬੀ ਵੀਜ਼ੇ ਜਾਰੀ ਕੀਤੇ ਜਾਂਦੇ ਹਨ।
ਐੱਚ-4 ਵੀਜ਼ੇ ‘ਤੇ ਲੋਕਾਂ ਦੀ ਰਾਇ ਲਵੇਗਾ ਟਰੰਪ ਪ੍ਰਸ਼ਾਸਨ
ਟਰੰਪ ਪ੍ਰਸ਼ਾਸਨ ਨੇ ਅਮਰੀਕੀ ਐੱਮਪੀਜ਼ ਅਤੇ ਕਾਰਪੋਰੇਟ ਸੈਕਟਰ ਨੂੰ ਭਰੋਸਾ ਦਿੱਤਾ ਹੈ ਕਿ ਐੱਚ-4 ਵੀਜ਼ਾ ਨਾਲ ਜੁੜੇ ਇਕ ਨਿਯਮ ਨੂੰ ਖ਼ਤਮ ਕਰਨ ਦੇ ਪ੍ਰਸਤਾਵ ‘ਤੇ ਅੱਗੇ ਵਧਣ ਤੋਂ ਪਹਿਲੇ ਲੋਕਾਂ ਦੀ ਰਾਇ ਲਈ ਜਾਵੇਗੀ। ਇਹ ਵੀਜ਼ਾ ਐੱਚ-1ਬੀ ਧਾਰਕਾਂ ਦੇ ਜੀਵਨ ਸਾਥੀ ਲਈ ਜਾਰੀ ਕੀਤਾ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਵਰਕ ਪਰਮਿਟ ਹੈ। ਇਸ ਨਾਲ ਉਨ੍ਹਾਂ ਨੂੰ ਅਮਰੀਕਾ ਵਿਚ ਨੌਕਰੀ ਕਰਨ ਦੀ ਇਜਾਜ਼ਤ ਮਿਲਦੀ ਹੈ। ਟਰੰਪ ਪ੍ਰਸ਼ਾਸਨ ਇਸੇ ਨਿਯਮ ਨੂੰ ਖ਼ਤਮ ਕਰਨ ਦੀ ਤਿਆਰੀ ਵਿਚ ਹੈ। ਇਸ ਕਦਮ ‘ਤੇ ਕਈ ਐੱਮਪੀ ਅਤੇ ਕਾਰਪੋਰੇਟ ਸੈਕਟਰ ਚਿੰਤਾ ਪ੍ਰਗਟਾ ਚੁੱਕੇ ਹਨ। ਇਸ ਬਦਲਾਅ ਨਾਲ ਸਭ ਤੋਂ ਜ਼ਿਆਦਾ ਭਾਰਤੀ ਪ੍ਰਭਾਵਿਤ ਹੋਣਗੇ।
ਟਰੰਪ ਨੇ ਵਾਈਟ ਹਾਊਸ ‘ਚ ਭਾਰਤੀ ਅਧਿਕਾਰੀਆਂ ਨਾਲ ਮਨਾਈ ਦੀਵਾਲੀ
ਦੋ ਦਰਜਨ ਤੋਂ ਵੱਧ ਭਾਰਤੀ ਟਰੰਪ ਪ੍ਰਸ਼ਾਸਨ ‘ਚ ਹਨ ਨਿਯੁਕਤ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਪ੍ਰਸ਼ਾਸਨ ਵਿੱਚ ਕੰਮ ਕਰਦੇ ਭਾਰਤੀ-ਅਮਰੀਕੀਆਂ ਵੱਲੋਂ ਵਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਸਾਲ 2017 ਵਿੱਚ ਮੁਲਕ ਦੇ ਸਰਵਉੱਚ ਅਹੁਦੇ ‘ਤੇ ਬੈਠਣ ਮਗਰੋਂ ਟਰੰਪ ਨੇ ਦੋ ਦਰਜਨ ਤੋਂ ਵੱਧ ਭਾਰਤੀਆਂ ਨੂੰ ਅਮਰੀਕੀ ਪ੍ਰਸ਼ਾਸਨ ਵਿੱਚ ਸੀਨੀਅਰ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ।ਇਥੇ ਵ੍ਹਾਈਟ ਹਾਊਸ ਦੇ ਇਤਿਹਾਸਕ ਰੂਸਵੈਲਟ ਰੂਮ ਵਿੱਚ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘ਮੈਂ ਭਾਰਤੀ ਤੇ ਦੱਖਣ-ਪੂਰਬੀ ਏਸ਼ਿਆਈ ਵਿਰਾਸਤ ਸਾਂਭੀ ਬੈਠੇ ਉਨ੍ਹਾਂ ਅਮਰੀਕੀਆਂ ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਮੇਰੇ ਪ੍ਰਸ਼ਾਸਨ ਵਿੱਚ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਆਪਣਾ ਕੰਮ ਸ਼ਾਨਦਾਰ ਤੇ ਬਾਖੂਬੀ ਤਰੀਕੇ ਨਾਲ ਕੀਤਾ ਹੈ।’ਖਾਸ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਇਸ ਸਮਾਗਮ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੂੰ ਛੱਡ ਕੇ ਦੋ ਦਰਜਨ ਦੇ ਕਰੀਬ ਸਿਖਰਲੇ ਭਾਰਤੀ-ਅਮਰੀਕੀ ਅਧਿਕਾਰੀ ਮੌਜੂਦ ਸਨ।
ਅਮਰੀਕੀ ਸਦਰ ਨੇ ਇਸ ਮੌਕੇ ਡੀਸੀ ਸਰਕਿਟ ਦੀਆਂ ਅਪੀਲਾਂ ਬਾਰੇ ਅਮਰੀਕੀ ਅਦਾਲਤ ਲਈ ਨਿਓਮੀ ਜਹਾਂਗੀਰ ਰਾਓ (45) ਦੀ ਨਾਮਜ਼ਦਗੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਟਰੰਪ ਨੇ ਜਹਾਂਗੀਰ ਦੀ ਨਾਮਜ਼ਦਗੀ ਨੂੰ ਦੀਵਾਲੀ ਦਾ ਤੋਹਫ਼ਾ ਦੱਸਿਆ। ਹਰੀ ਝੰਡੀ ਮਿਲਣ ਮਗਰੋਂ ਰਾਓ ਸੁਪਰੀਮ ਕੋਰਟ ਦੇ ਜਸਟਿਸ ਬਰੈੱਟ ਕੈਵਾਨੌਗ ਦੀ ਥਾਂ ਲੈਣਗੇ।
ਜਦੋਂ ਟਰੰਪ ਹਿੰਦੂਆਂ ਦਾ ਜ਼ਿਕਰ ਕਰਨਾ ਭੁੱਲੇ : ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਵੇਂ ਵ੍ਹਾਈਟ ਹਾਊਸ ਵਿੱਚ ਦੀਵਾਲੀ ਦੇ ਜਸ਼ਨ ਧੂਮਧਾਮ ਨਾਲ ਮਨਾਇਆ, ਪਰ ਉਹ ਇਸ ਤਿਓਹਾਰ ਦੀ ਵਧਾਈ ਦੇਣ ਲਈ ਕੀਤੇ ਟਵੀਟ ਵਿਚ ਹਿੰਦੂਆਂ ਦਾ ਜ਼ਿਕਰ ਕਰਨ ਤੋਂ ਉੱਕ ਗਏ, ਜਿਨ੍ਹਾਂ ਲਈ ਰੌਸ਼ਨੀਆਂ ਦਾ ਇਹ ਤਿਓਹਾਰ ਸਭ ਤੋਂ ਵੱਡਾ ਹੈ। ਟਰੰਪ ਨੇ ਟਵੀਟ ਵਿਚ ਕਿਹਾ, ‘ਅੱਜ ਅਸੀਂ ਦੀਵਾਲੀ ਦਾ ਤਿਓਹਾਰ ਮਨਾਉਣ ਲਈ ਇਕੱਤਰ ਹੋਏ ਹਾਂ, ਜਿਸ ਨੂੰ ਬੋਧੀ, ਸਿੱਖ ਤੇ ਜੈਨ ਫਿਰਕਿਆਂ ਨਾਲ ਸਬੰਧਤ ਲੋਕ ਅਮਰੀਕਾ ਤੇ ਪੂਰੀ ਦੁਨੀਆਂ ਵਿਚ ਮਨਾਉਂਦੇ ਹਨ। ਟਰੰਪ ਨੇ ਹਾਲਾਂਕਿ ਮਗਰੋਂ ਹਿੰਦੂਆਂ ਦਾ ਜ਼ਿਕਰ ਕਰਕੇ ਆਪਣੀ ਭੁੱਲ ਸੁਧਾਰ ਲਈ।

Check Also

ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ‘ਚ ਅੰਨ੍ਹੇਵਾਹ ਗੋਲੀਬਾਰੀ

49 ਵਿਅਕਤੀਆਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਵਾਲ-ਵਾਲ …