Breaking News
Home / Special Story / ਧੰਨੁ ਧੰਨੁ ਰਾਮਦਾਸ ਗੁਰੁ…

ਧੰਨੁ ਧੰਨੁ ਰਾਮਦਾਸ ਗੁਰੁ…

ਭਾਈ ਨਿਸ਼ਾਨ ਸਿੰਘ ਗੰਡੀਵਿੰਡ
ਸ੍ਰੀ ਗੁਰੂ ਰਾਮਦਾਸ ਜੀ ਨੇ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 25 ਅੱਸੂ ਸੰਮਤ 1591 ਨੂੰ ਪ੍ਰਕਾਸ਼ ਧਾਰਿਆ। ਮਾਤਾ-ਪਿਤਾ ਜੀ ਆਪ ਜੀ ਨੂੰ ਵੱਡਾ ਪਲੇਠੀ ਦਾ ਪੁੱਤਰ ਹੋਣ ਕਰਕੇ ‘ਜੇਠਾ ਜੀ’ ਹੀ ਬੁਲਾਉਂਦੇ। ਵੈਸੇ ਆਪ ਜੀ ਦਾ ਨਾਮ ਬਚਪਨ ਵਿਚ ਹੀ ‘ਰਾਮਦਾਸ’ ਰੱਖਿਆ ਗਿਆ ਸੀ।
ਆਪ ਜੀ ਅਜੇ ਛੋਟੀ ਉਮਰ ਦੇ ਹੀ ਸਨ ਜਦੋਂ ਮਾਤਾ ਦਇਆ ਕੌਰ ਜੀ ਅਕਾਲ-ਚਲਾਣਾ ਕਰ ਗਏ। ਵਾਹਿਗੁਰੂ ਦਾ ਐਸਾ ਭਾਣਾ ਵਰਤਿਆ ਕਿ ਪਿਤਾ ਹਰਿਦਾਸ ਜੀ ਵੀ ਕੁਝ ਹੀ ਸਮੇਂ ਮਗਰੋਂ ਪ੍ਰਭੂ ਨੂੰ ਪਿਆਰੇ ਹੋ ਗਏ। ਇਸ ਸਮੇਂ ਬਾਲਕ ਰਾਮਦਾਸ ਜੀ ਦੀ ਆਯੂ ਕੇਵਲ 7 ਕੁ ਸਾਲ ਸੀ। ਮਾਤਾ ਜੀ ਦੀ ਗੋਦ ਦਾ ਪਿਆਰ, ਨਿੱਘ, ਅਸੀਸਾਂ ਅਤੇ ਪਿਤਾ ਜੀ ਦਾ ਪਿਆਰ-ਸਹਾਰਾ ਬਚਪਨ ਵਿਚ ਹੀ ਆਪ ਜੀ ਦੇ ਸਿਰ ਤੋਂ ਉੱਠ ਗਿਆ। ਇਸ ਦੁੱਖ ਦੀ ਘੜੀ ਸਮੇਂ ਆਪ ਜੀ ਦੇ ਨਾਨੀ ਜੀ ਉਂਗਲੀ ਲਾ ਕੇ ਆਪ ਜੀ ਨੂੰ ਆਪਣੇ ਪਿੰਡ ਬਾਸਰਕੇ ਗਿੱਲਾਂ ਲੈ ਆਏ। ਇਥੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਨਕੇ ਸਨ। ਇਸ ਡਾਢੇ ਦੁੱਖ ਦੇ ਸਮੇਂ ਉਨ੍ਹਾਂ ਦੇ ਈਰਖਾਲੂਆਂ/ਸ਼ਰੀਕਾਂ ਆਦਿ ਦੀ ਵੀ ਈਰਖਾ ਜ਼ਾਹਰ ਹੋਣੋਂ ਨਾ ਰਹਿ ਸਕੀ।
ਨਗਰ ਬਾਸਰਕੇ ਗਿੱਲਾਂ ਦੇ ਵਸਨੀਕ ਨਾਨੀ-ਦੋਹਤੇ ਨੂੰ ਹੌਂਸਲਾ, ਧੀਰਜ ਦਿੰਦੇ ਰਹਿੰਦੇ। ਇਸੇ ਹੀ ਪਿੰਡ ਦੇ ਵਸਨੀਕ ਸ੍ਰੀ ਗੁਰੂ ਅਮਰਦਾਸ ਜੀ ਜਦੋਂ ਖਡੂਰ ਸਾਹਿਬ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੰਗਤ ਕਰ ਕੇ ਤੇ ਗੁਰੂ ਪਦਵੀ ਪਾ ਕੇ ਵਾਪਸ ਆਪਣੇ ਪਿੰਡ ਆਏ ਤਾਂ ਉਹ ਵੀ ਨਾਨੀ-ਦੋਹਤੇ ਦੇ ਦੁੱਖ ਵਿਚ ਸ਼ਰੀਕ ਹੋਏ ਅਤੇ ਗੁਰਬਾਣੀ-ਉਪਦੇਸ਼ਾਂ ਰਾਹੀਂ ਹੌਂਸਲਾ/ਧਰਵਾਸ ਦਿੰਦੇ। ਜਿੱਥੇ ਸ੍ਰੀ ਰਾਮਦਾਸ ਜੀ ਦੀ ਅਨਾਥਤਾ ਨੇ ਆਪ ਜੀ ਦੇ ਹਿਰਦੇ ਡੂੰਘੀ ਖਿੱਚ ਪਾਈ ਉਥੇ ਉਨ੍ਹਾਂ ਵੱਲੋਂ ਦਿੱਤੇ ਗੁਰਬਾਣੀ ਉਪਦੇਸ਼ਾਂ ਤੇ ਪਿਆਰ-ਅਸੀਸ ਸ੍ਰੀ ਰਾਮਦਾਸ ਜੀ ਨੂੰ ਮਾਤਾ-ਪਿਤਾ ਦੇ ਪਿਆਰ ਵਰਗਾ ਸੁਖ-ਆਰਾਮ ਤੇ ਨਿੱਘ ਦਿੰਦਾ।
ਆਪ ਜੀ ਬਹੁਤ ਸੁੰਦਰ, ਸੁਡੋਲ, ਹੱਸਮੁਖ ਤੇ ਤੀਖਣ ਬੁੱਧ ਦੇ ਮਾਲਕ ਸਨ। ਆਪ ਜੀ ਨੂੰ ਜਿਸ ਤਰ੍ਹਾਂ ਦਾ ਵੀ ਖਾਣ-ਪਹਿਨਣ ਨੂੰ ਮਿਲਦਾ ਉਸ ਵਿਚ ਹੀ ਖੁਸ਼-ਅਨੰਦ ਰਹਿੰਦੇ। ਕਦੇ ਵੀ ਸਾਧਾਰਨ ਬੱਚਿਆਂ ਵਾਂਗ ਰੋਂਦੇ-ਕਰਲਾਉਂਦੇ ਨਾ ਤੇ ਸਭ ਨਿਆਣੇ-ਸਿਆਣੇ ਆਪ ਜੀ ਨਾਲ ਬਹੁਤ ਪਿਆਰ ਕਰਦੇ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਮੂਜਬ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਨਗਰ ਵਸਾ ਕੇ ਸਭ ਸਾਕ-ਸੰਬੰਧੀਆਂ ਸਮੇਤ ਇਥੇ ਆ ਵੱਸੇ। ਉਸ ਸਮੇਂ ਸ੍ਰੀ ਰਾਮਦਾਸ ਜੀ ਵੀ ਆਪਣੇ ਨਾਨਕੇ ਪਰਵਾਰ ਨਾਲ ਗੋਇੰਦਵਾਲ ਆ ਵੱਸੇ। ਆਪ ਜੀ ਨੇ ਪਰਵਾਰਿਕ ਨਿਰਬਾਹ ਲਈ ਘੁੰਗਣੀਆਂ ਵੇਚਣ ਦੀ ਕਾਰ ਕਰਦਿਆਂ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਗਤ ਕਰ ਕੇ ਆਤਮਿਕ ਗਿਆਨ ਦੀ ਵੀ ਪ੍ਰਾਪਤੀ ਕੀਤੀ। ਇਸ ਤਰ੍ਹਾਂ ਆਪ ਕਿਰਤ ਤੇ ਸੇਵਾ-ਸਿਮਰਨ ਦੇ ਰੰਗ ਵਿਚ ਰੱਤੇ ਕਾਦਰ ਤੇ ਕੁਦਰਤ ਨਾਲ ਇਕ-ਸੁਰ ਹੋ ਕੇ ਚੱਲਦੇ ਰਹੇ। ਪਰਉਪਕਾਰ ਤੇ ਵੰਡ ਛਕਣ ਵਰਗੇ ਪਵਿੱਤਰ ਉਪਦੇਸ਼ ‘ਤੇ ਪਹਿਰਾ ਦਿੰਦਿਆਂ ਹੋਇਆਂ ਆਪ ਜੀ ਕਈ ਵਾਰ ਗ਼ਰੀਬ-ਗੁਰਬਿਆਂ ਤੇ ਲੋੜਵੰਦਾਂ ਨੂੰ (ਮੁਫ਼ਤ ਹੀ) ਘੁੰਗਣੀਆਂ ਛਕਾ ਆਉਂਦੇ।
ਇਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਦੀ ਧਰਮ ਸੁਪਤਨੀ ਨਾਲ ਸਲਾਹ ਕੀਤੀ ਕਿ ”ਬੱਚੀ/ਬੀਬੀ ਭਾਨੀ ਜੀ ਦੇ ਹੱਥ ਪੀਲੇ ਕਰ ਦੇਈਏ ਭਾਵ ਵਿਆਹ ਕਰ ਦੇਈਏ,” ਨਾਲ ਹੀ ਉਨ੍ਹਾਂ ਨੇ ਸੇਵਾ-ਸਿਮਰਨ ਵਿਚ ਲੀਨ ਸ੍ਰੀ ਰਾਮਦਾਸ ਜੀ ਵੱਲ ਇਸ਼ਾਰਾ ਕਰ ਕੇ ਬਚਨ ਕੀਤਾ ਕਿ, ”ਇਸ ਗੱਭਰੂ ਵਰਗਾ ਸੁਹਣਾ ਜਵਾਨ ਤੇ ਚੰਗੇ ਜੀਵਨ ਵਾਲਾ ਨੀਂਗਰ ਹੋਣਾ ਚਾਹੀਦਾ ਹੈ।” ਇਹ ਬਚਨ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਹੱਸ ਕੇ ਕਹਿਣ ਲੱਗੇ, ”ਰਾਮੋ ਜੀ! ਇਸ ਵਰਗਾ ਤੇ ਇਹ ਹੀ ਹੈ।”
ਸ੍ਰੀ ਗੁਰੂ ਅਮਰਦਾਸ ਜੀ ਨੇ 22 ਫੱਗਣ ਸੰਮਤ 1610 ਵਿਚ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੀ ਸ਼ਾਦੀ ਸ੍ਰੀ ਰਾਮਦਾਸ ਜੀ ਨਾਲ ਕਰ ਦਿੱਤੀ। ਬੀਬੀ ਜੀ ਦੀ ਕੁੱਖੋਂ ਪ੍ਰਿਥੀ ਚੰਦ, ਮਹਾਂਦੇਵ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ।
ਜਾਤ-ਪਾਤ, ਛੂਤ-ਛਾਤ ਦੇ ਕੋਹੜ ਨੂੰ ਖ਼ਤਮ ਕਰਨ ਵਾਸਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤਾ ਕਿ ‘ਗੁਰੂ ਦੇ ਦਰਬਾਰ ਵਿਚ ਆਉਣ ਵਾਲਾ ਹਰੇਕ ਪ੍ਰਾਣੀ ਸਭ ਵਿਤਕਰਿਆਂ ਤੇ ਭੇਦ-ਭਾਵ ਨੂੰ ਛੱਡ ਕੇ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ/ਪ੍ਰਸ਼ਾਦ ਛਕੇ ਅਤੇ ਬਾਅਦ ਵਿਚ ਸੰਗਤ ਕਰੇ’ ਪਰ ਇਹ ਉਪਦੇਸ਼ ਜਾਤ-ਅਭਿਮਾਨੀ ਕਾਜ਼ੀ, ਮੌਲਵੀ, ਹਿੰਦੂ ਬ੍ਰਾਹਮਣ, ਗੋਂਦੇ ਖੱਤਰੀ ਤੇ ਤਪੇ ਨੂੰ ਚੰਗਾ ਨਾ ਲੱਗਿਆ। ਉਨ੍ਹਾਂ ਨੇ ਆਪਣੇ ਅੰਦਰ ਦੀ ਨੀਚਤਾ ਨੂੰ ਬਾਹਰ ਕੱਢਦਿਆਂ ਗੁਰੂ-ਘਰ ਦੇ ਵਿਰੁੱਧ ਬਾਦਸ਼ਾਹ ਅਕਬਰ ਪਾਸ ਖ਼ੂਬ ਕੁਫ਼ਰ ਤੋਲਿਆ। ਜਦੋਂ ਬਾਦਸ਼ਾਹ ਅਕਬਰ ਨੇ ਆਪਣੀ ਸਫ਼ਾਈ ਪੇਸ਼ ਕਰਨ ਵਾਸਤੇ ਸੱਦਾ ਭੇਜਿਆ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ-ਘਰ ਦੀ ਵਕਾਲਤ ਕਰਨ ਵਾਸਤੇ ਸ੍ਰੀ ਰਾਮਦਾਸ ਜੀ ਨੂੰ ਭੇਜਿਆ। ਆਪ ਜੀ ਨੇ ਇੰਨੇ ਸੁਚੱਜੇ ਢੰਗ ਨਾਲ ਬਾਦਸ਼ਾਹ ਅਕਬਰ ਦੇ ਸਾਹਮਣੇ ਸਿੱਖ ਧਰਮ ਦੇ ਆਦਰਸ਼ (ਸਿੱਖ ਸਿਧਾਂਤ ਤੇ ਰਹੁ-ਰੀਤਾਂ) ਨੂੰ ਪੇਸ਼ ਕੀਤਾ ਕਿ ਸਭ ਦੀ ਪੂਰੀ-ਪੂਰੀ ਨਿਸ਼ਾ ਹੋ ਗਈ। ਬਾਦਸ਼ਾਹ ਅਕਬਰ ਨੇ ਸ਼ਕਾਇਤ ਕਰਤਾਵਾਂ ਨੂੰ ਲਾਹਨਤਾਂ ਪਾਈਆਂ ਅਤੇ ਆਪ ਸਿੱਖ ਧਰਮ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਕੇ ਸ੍ਰੀ ਗੁਰੂ ਅਮਰਦਾਸ ਜੀ ਦਾ ਪਵਿੱਤਰ ਦਰਸ਼ਨ ਉਪਦੇਸ਼ ਲੈ ਕੇ ਅਤੇ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕ ਕੇ ਆਤਮਿਕ ਅਨੰਦ ਪ੍ਰਾਪਤ ਕੀਤਾ। ਇਹ ਖ਼ਬਰ ਸੁਣ ਕੇ ਗੁਰੂ-ਘਰ ਦੇ ਦੋਖੀ ਹੋਰ ਵੀ ਲੋਹੇ-ਲਾਖੇ ਹੋਏ ਤੇ ਸਿੱਖ ਤੇ ਸਿੱਖੀ ਨੂੰ ਢਾਹ ਲਾਉਣ ਵਾਸਤੇ ਕਈ ਮਨਸੂਬੇ ਘੜਨ ਲੱਗੇ।
ਸੰਨ 1559 ਵਿਚ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਤੇ ਜਾਤ-ਅਭਿਮਾਨੀਆਂ ਦੇ ਮੂੰਹ ‘ਤੇ ਇਕ ਤਰ੍ਹਾਂ ਚਪੇੜ ਮਾਰਨ ਵਾਸਤੇ ਗੋਇੰਦਵਾਲ ਸਾਹਿਬ ਵਿਖੇ ‘ਬਾਉਲੀ’ ਦੀ ਖੁਦਾਈ ਕਰਨ ਦੀ ਸੇਵਾ ਅਰੰਭ ਕੀਤੀ ਤਾਂ ਹਉਮੈ ਅਹੰਕਾਰ ਤੋਂ ਅਲਿਪਤ ਸ੍ਰੀ ਰਾਮਦਾਸ ਜੀ ਨਾਮ-ਸਿਮਰਨ ਦੇ ਰੰਗ ਵਿਚ ਰੰਗੇ ਹੋਏ ਗਾਰਾ, ਮਿੱਟੀ, ਚੂਨਾ ਆਦਿ ਦੀਆਂ ਟੋਕਰੀਆਂ ਚੁੱਕਣ ਦੀ ਅਥਾਹ ਸੇਵਾ ਕਰਦੇ ਅਤੇ ਪਰਵਾਰਿਕ ਨਿਰਬਾਹ ਵਾਸਤੇ ਕਿਰਤ ਵੀ ਕਰਦੇ ਸਨ।
ਇਕ ਵਾਰ ਆਪ ਜੀ ਦੇ ਲਾਹੌਰ ਨਿਵਾਸੀ ਸੋਢੀ/ਸ਼ਰੀਕ ਗੋਇੰਦਵਾਲ ਸਾਹਿਬ ਪਹੁੰਚੇ ਤਾਂ ਉਨ੍ਹਾਂ ਨੇ ਸ੍ਰੀ ਰਾਮਦਾਸ ਜੀ ਨੂੰ ਗਾਰੇ ਦੀ ਟੋਕਰੀ ਚੁੱਕੀ ਆਉਂਦਿਆਂ ਵੇਖ ਕੇ ਅਹੰਕਾਰੀ ਮਨਾਂ ਨਾਲ ਕਿਹਾ, ”ਜੇ ਸਹੁਰੇ ਘਰ ਰਹਿ ਕੇ ਮਜ਼ਦੂਰੀ ਹੀ ਕਰਨੀ ਸੀ ਤਾਂ ਲਾਹੌਰ ਹੀ ਇਹ ਕੰਮ ਕਰ ਲੈਣਾ ਸੀ, ਇਥੇ ਆ ਕੇ ਸਾਡਾ ਨੱਕ ਕਿਉਂ ਵੱਢਿਓ ਈ? ਆਪਣੇ ਟੱਬਰ ਨੂੰ ਨਾਲ ਲੈ ਕੇ ਆਪਣੇ ਸ਼ਰੀਕੇ ਵਿਚ ਵੱਸ…।” ਲਾਗੇ ਖੜ੍ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮੁਸਕਰਾ ਕੇ ਕਹਿਣ ਲੱਗੇ, ”ਭੋਲਿਓ, ਤੁਸੀਂ ਕੀ ਜਾਣੋ? ਇਹ ਰਾਮਦਾਸ ਦੇ ਸਿਰ ਉੱਪਰ ਗਾਰੇ ਦੀ ਟੋਕਰੀ ਨਹੀਂ, ਸਗੋਂ ਇਹ ਤਾਂ ਦੀਨ-ਦੁਨੀਆਂ ਦਾ ਛਤਰ ਹੈ।” ਸ੍ਰੀ ਰਾਮਦਾਸ ਜੀ ਦੋਵੇਂ ਹੱਥ ਜੋੜ ਕੇ ਬੜੇ ਵੈਰਾਗ ਨਾਲ ਬੋਲੇ, ”ਪਾਤਸ਼ਾਹ ਜੀਓ! ਇਹ ਅਣਜਾਣ ਹਨ, ਬਖ਼ਸ਼ ਦੇਵੋ, ਜਿਵੇਂ ਆਪ ਆਪਣੇ ਵਿਰੋਧੀਆਂ ਨੂੰ ਤੇ ਅਹੰਕਾਰੀਆਂ ਨੂੰ ਬਖ਼ਸ਼ਦੇ ਹੋ।” ਇਹ ਸੀ ਮੇਰੇ ਸਤਿਗੁਰੂ ਪਿਆਰੇ ਦੇ ਅੰਦਰੋਂ ਹਰ ਵੇਲੇ ਫੁੱਟਦਾ ਸ਼ਾਂਤੀ-ਨਿਮਰਤਾ ਦਾ ਇਲਾਹੀ ਝਰਨਾ। ਆਪ ਜੀ ਨੇ ਗੁਰੂ-ਘਰ ਵਿਚ ਸੇਵਾ ਕਰਦਿਆਂ ਇਹ ਜਤਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਸ੍ਰੀ ਗੁਰੂ ਅਮਰਦਾਸ ਜੀ ਦਾ ਜਵਾਈ ਹਾਂ, ਬਲਕਿ ਇਹ ਸਮਝਦਿਆਂ ਸੇਵਾ ਕੀਤੀ ਸੀ ਕਿ ਮੈਂ ਪਿਆਰੇ ਸਤਿਗੁਰੂ ਜੀ ਦਾ ਨਿਮਾਣਾ ਸਿੱਖ/ਸੇਵਕ ਹਾਂ।
ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਮੂਜਬ ਨਵਾਂ ਧਰਮ ਪ੍ਰਚਾਰ ਕੇਂਦਰ ਤੇ ਸ਼ਹਿਰ ਸਥਾਪਿਤ ਕਰਨ ਵਾਸਤੇ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਤੋਖਸਰ, ਰਾਮਦਾਸ ਸਰੋਵਰ ਦੀ ਖੁਦਵਾਈ ਕਰਨ ਤੋਂ ਬਾਅਦ ਹੋਰ ਵੀ ਸਰੋਵਰ ਖੁਦਵਾਏ। ਇਸ ਨਗਰ ਦਾ ਨਾਮ ਪਹਿਲਾਂ ‘ਚੱਕ ਰਾਮਦਾਸ’ ਤੇ ਫਿਰ ‘ਰਾਮਦਾਸਪੁਰ’ ਪ੍ਰਸਿੱਧ ਹੋਇਆ।
ਆਪ ਜੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਹਰ ਹੁਕਮ ਦੀ ਖ਼ੁਸ਼ ਹੋ ਕੇ ਪਾਲਣਾ ਕਰਦੇ ਅਤੇ ਗੁਰੂ ਜੀ ਦੀ ਖ਼ੁਸ਼ੀ ਵਿਚ ਆਪਣੀ ਖ਼ੁਸ਼ੀ ਮਹਿਸੂਸ ਕਰਦੇ। ਭਾਵੇਂ ਕਿ ਸਤਿਗੁਰੂ ਜੀ ਜਾਣਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਧਰਮ ਪ੍ਰਚਾਰ ਦੀ ਸੇਵਾ ਕਰਨ ਵਾਲਾ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਚੌਥੇ ਵਾਰਸ ਸ੍ਰੀ ਰਾਮਦਾਸ ਜੀ ਹੀ ਹੋਣਗੇ ਫਿਰ ਵੀ ਉਨ੍ਹਾਂ ਨੇ ਆਪਣੇ ਪਰਵਾਰ ਤੇ ਸੰਗਤਾਂ ਦੇ ਸਾਹਮਣੇ ਭਾਈ ਰਾਮਾ ਜੀ ਅਤੇ ਸ੍ਰੀ ਰਾਮਦਾਸ ਜੀ ਕੋਲੋਂ ਬਾਉਲੀ ਦੇ ਪਾਸ ਥੜ੍ਹੇ ਬਣਵਾਉਣ ਦੀ ਪ੍ਰੀਖਿਆ ਲਈ ਜਿਸ ਵਿਚ ਗੁਰੂ ਜੀ ਦੇ ਹੁਕਮ/ਰਜ਼ਾ ਨੂੰ ਸਤਿ ਕਰ ਕੇ ਮੰਨਣ ਵਿਚ ਸ੍ਰੀ ਰਾਮਦਾਸ ਜੀ ਨੇ ਸਫਲਤਾ ਪ੍ਰਾਪਤ ਕੀਤੀ। ਜਦੋਂ:
ਸਭ ਬਿਧਿ ਮਾਨਿ૳ਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ (ਪੰਨਾ 1399)
ਰੋਮ-ਰੋਮ ਵਿਚ ਵੱਸੀ ਗੁਰਮਤਿ, ਸ੍ਰੇਸ਼ਟ ਮਤਿ ਆਦਿ ਸ਼ੁਭ ਗੁਣਾਂ ਦੇ ਧਾਰਨੀ ਸ੍ਰੀ ਰਾਮਦਾਸ ਜੀ ‘ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਮਨ ਪੂਰੀ ਤਰ੍ਹਾਂ ਪਤੀਜ ਗਿਆ ਤਦੋਂ ਉਨ੍ਹਾਂ ਨੇ ਖ਼ੁਸ਼ ਹੋ ਕੇ ਸਾਰੀ ਸੰਗਤ ਦੀ ਇਕੱਤਰਤਾ ਵਿਚ 2 ਅੱਸੂ ਸੰਮਤ 1631 ਨੂੰ ਗੁਰੂ-ਘਰ ਦੇ ਮਹਾਨ ਸਿੱਖ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦੀ ਰਸਮ ਕਰਵਾ ਕੇ ਸ੍ਰੀ ਰਾਮਦਾਸ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ (ਭਾਵ ਧਰਮ ਪ੍ਰਚਾਰ ਕਰਨ) ਵਾਸਤੇ ਚੌਥਾ ਵਾਰਸ ਥਾਪ ਦਿੱਤਾ।
ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਤਾਂ ਆਪ ਵੈਰਾਗ ਵਿਚ ਬੋਲ ਉੱਠੇ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
(ਪੰਨਾ 167)
ਪਾਤਸ਼ਾਹ! ਤੂੰ ਆਪ ਜਾਣਦਾ ਹੈਂ, ਮੈਂ ਤਾਂ ਲਾਹੌਰ ਦੀਆਂ ਗਲੀਆਂ ਵਿਚ ਕੱਖਾਂ ਵਾਂਗ ਰੁਲਣ ਵਾਲਾ ਸੀ, ਮੇਰੇ ਯਤੀਮ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਪਾਤਸ਼ਾਹ! ਇਹ ਤੇਰੀ ਹੀ ਮਿਹਰ ਹੈ ਕਿ ਤੂੰ ਮੇਰੇ ਵਰਗੇ ਨਿਮਾਣੇ ਨੂੰ ਪਿਆਰ ਨਾਲ ਤੱਕਿਆ ਤੇ ਅੱਜ ਅਰਸ਼ਾਂ ਤਕ ਪਹੁੰਚਾ ਦਿੱਤਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ, ਉਨ੍ਹਾਂ ਦੇ ਸਪੁੱਤਰ ਬਾਬਾ ਮੋਹਰੀ ਜੀ ਤੇ ਸਭ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀਂ ਮੱਥਾ ਟੇਕਿਆ। ਅਗਰ ਕੋਈ ਈਰਖਾ/ਦਵੈਸ਼ ਕਰਕੇ ਚਰਨੀਂ ਨਹੀਂ ਪਿਆ ਤਾਂ ਉਸ ਨੂੰ ਵੀ ਅਕਾਲ ਪੁਰਖ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀਂ ਨਿਵਾਇਆ:
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ॥ (ਪੰਨਾ 924)
ਹਰ ਪਾਸੇ ਤੋਂ ਖ਼ੁਸ਼ੀ ਤੇ ਗੁਰ-ਸਿਫ਼ਤ ਦੇ ਰੰਗ ਵਿਚ ਮਿੱਠੀ ਪਿਆਰੀ ਆਵਾਜ਼ ਆ ਰਹੀ ਸੀ:
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ॥
ਜਿਨਵੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ॥ (ਪੰਨਾ 968)
ਹਰ ਥਾਂ ਇਕ ਹੀ ਗੱਲ ਹੋ ਰਹੀ ਸੀ ਕਿ ਸ੍ਰੀ ਹਰਿਦਾਸ ਜੀ ਦੇ ਸਪੁੱਤਰ ਸ੍ਰੀ ਗੁਰੂ ਰਾਮਦਾਸ ਜੀ ਹਿਰਦੇ ਰੂਪੀ ਖ਼ਾਲੀ ਸਰੋਵਰਾਂ ਨੂੰ ਨਾਮ-ਰੂਪੀ ਜਲ ਨਾਲ ਭਰਨ ਵਾਲੇ ਹਨ; ਨਾਮ ਰਸੀਏ, ਗੁਣਾਂ ਦੇ ਗਾਹਕ, ਅਕਾਲ ਪੁਰਖ ਦੇ ਪ੍ਰੇਮੀ ਅਤੇ ਸਮਦ੍ਰਿਸ਼ਟਤਾ ਦੇ ਸਰੋਵਰ ਹਨ; ਉੱਚੀ ਮਤ ਉਨ੍ਹਾਂ ਦੀ ਮਾਤਾ ਅਤੇ ਸੰਤੋਖ ਉਨ੍ਹਾਂ ਦਾ ਪਿਤਾ ਹੈ। ਆਪ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਪਵਿੱਤਰ ਜੀਭ ਤੋਂ ਪ੍ਰਭੂ ਦੀ ਸਿਫ਼ਤ-ਸਲਾਹ ਕਰਦੇ ਹੋਏ ਸੰਗਤਾਂ ਨੂੰ ਤਾਰ ਰਹੇ ਹਨ:
ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ॥
ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ
ਸਬਦ ਸਾਰੁ ਏਕ ਲਿਵ ਲਾਈ ਹੈ॥ (ਪੰਨਾ 1398)
ਜਦੋਂ ਗੁਰੂ ਜੀ ਦੀ ਇਹ ਸਿਫ਼ਤ-ਸਲਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਦੇ ਕੰਨੀਂ ਪਈ ਕਿ:
ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ।
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।… (ਵਾਰ1:47)
ਤਾਂ ਇਕ ਦਿਨ ਬਾਬਾ ਸ੍ਰੀ ਚੰਦ ਜੀ ਨਗਰ ‘ਬਾਰਠ’ (ਗੁਰਦਾਸਪੁਰ) ਤੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਸ੍ਰੀ ਅੰਮ੍ਰਿਤਸਰ ਆਏ। ਗੁਰੂ ਜੀ ਨੇ ਉਨ੍ਹਾਂ ਦਾ ਬਹੁਤ ਅਦਬ-ਸਤਿਕਾਰ ਕੀਤਾ। ਬਾਬਾ ਜੀ ਗੁਰਬਾਣੀ ਦਾ ਕੀਰਤਨ ਸ੍ਰਵਣ ਕਰ ਕੇ ਬੜੇ ਪ੍ਰਸੰਨ ਹੋਏ।
ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਚਲਾਈਆਂ ਗਈਆਂ 22 ਮੰਜੀਆਂ (ਧਰਮ ਪ੍ਰਚਾਰ ਕੇਂਦਰ) ਤੋਂ ਇਲਾਵਾ ਗੁਰਮਤਿ ਦਾ ਪ੍ਰਚਾਰ ਕਰਨ ਅਤੇ ਗੁਰੂ-ਘਰ ਦੇ ਕਾਰਜਾਂ ਵਾਸਤੇ ਦਸਵੰਧ ਇਕੱਠਾ ਕਰਨ ਵਾਸਤੇ ਗੁਰਮਤਿ ਵਿਚ ਪਰਪੱਕ, ਸਿਆਣੇ ਹੋਰ ਸਿੱਖ ਨਾਮਜ਼ਦ ਕੀਤੇ। ਸਿੱਖ ਇਤਿਹਾਸ ਵਿਚ ਇਨ੍ਹਾਂ ਨਵੇਂ ਬਣੇ ਪ੍ਰਚਾਰਕਾਂ ਨੂੰ ‘ਮਸੰਦ’ ਕਿਹਾ ਜਾਂਦਾ ਹੈ।
ਆਪ ਜੀ ਨੇ ਸੰਗਤਾਂ ਨੂੰ ਪਹਿਲੇ ਤਿੰਨ ਗੁਰੂ ਸਾਹਿਬਾਨ ਅਤੇ ਸ਼੍ਰੋਮਣੀ ਭਗਤਾਂ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜੋ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸ਼ੋਭਿਤ ਹੈ। ਗੁਰਮਤਿ ਦੀ ਕਸਵੱਟੀ/ਪਰਖ ‘ਤੇ ਖਰੇ ਉਤਰਨ ਵਾਲੇ, ਕਲਯੁਗੀ ਜੀਵਾਂ ਦਾ ਉੱਧਾਰ ਕਰਨ ਦੇ ਸਮਰੱਥ, ਦੀਨ-ਧਰਮ ਹੇਤ ਕੁਰਬਾਨ/ਸ਼ਹੀਦ ਹੋ ਜਾਣ ਵਾਲਾ ਜਜ਼ਬਾ ਰੱਖਣ ਵਾਲੇ ਆਪਣੇ ਛੋਟੇ ਸਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਸਿੱਖ ਸੰਗਤਾਂ ਦੀ ਮੌਜੂਦਗੀ ਵਿਚ ਗੁਰੂ-ਘਰ ਦੇ ਅਨਿੰਨ ਸਿੱਖ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦੀ ਰਸਮ ਅਦਾ ਕਰਵਾ ਕੇ ਪਹਿਲੇ ਗੁਰੂ ਸਾਹਿਬਾਨ, ਸ਼੍ਰੋਮਣੀ ਭਗਤਾਂ ਦੀ ਬਾਣੀ ਅਤੇ ਆਪਣੇ ਵੱਲੋਂ ਉਚਾਰਨ ਕੀਤੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਪੰਜਵਾਂ ਵਾਰਸ ਸਥਾਪਿਤ ਕੀਤਾ। ਮਥੁਰਾ ਭੱਟ ਜੀ ਗੁਰਬਾਣੀ ਅੰਦਰ ਇਉਂ ਫ਼ੁਰਮਾਨ ਕਰਦੇ ਹਨ:
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ॥
(ਪੰਨਾ 1409)
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਸੌਂਪ ਕੇ ਸ੍ਰੀ ਗੁਰੂ ਰਾਮਦਾਸ ਜੀ ਬੀਬੀ ਭਾਨੀ ਜੀ ਸਮੇਤ ਸ੍ਰੀ ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਚਲੇ ਗਏ ਤੇ ਇਥੇ ਹੀ 2 ਅੱਸੂ ਸੰਮਤ 1638 ਵਿਚ ਜੋਤੀ-ਜੋਤਿ ਸਮਾ ਗਏ। ੲੲੲ

Check Also

ਖੁਦਕੁਸ਼ੀਆਂ ਦੀ ਖੇਤੀ : ਕੈਪਟਨ ਸਰਕਾਰ ਦੇ ਵਾਅਦੇ ਨਾ ਹੋਏ ਵਫਾ

ਨਵੀਆਂ-ਨਵੀਆਂ ਸ਼ਰਤਾਂ ਲਗਾ ਕੇ ਅਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਰੱਦ ਚੰਡੀਗੜ੍ਹ : ਕੈਪਟਨ ਸਰਕਾਰ ਤੀਜਾ …