Breaking News
Home / ਰੈਗੂਲਰ ਕਾਲਮ / ਉਸਤਾਦ ਯਮਲਾ ਜੱਟ ਦਾ ਫਰਜੰਦ ਜਸਦੇਵ ਯਮਲਾ ਤੁਰ ਗਿਆ

ਉਸਤਾਦ ਯਮਲਾ ਜੱਟ ਦਾ ਫਰਜੰਦ ਜਸਦੇਵ ਯਮਲਾ ਤੁਰ ਗਿਆ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ, 94174-21700
15 ਸਤੰਬਰ ਦੀ ਸਵੇਰ ਸੋਗੀ ਹੋ ਗਈ। ਉਦਾਸੀ ਲੱਦਿਆ ਸੁਨੇਹਾ ਲੈ ਕੇ ਮੱਥੇ ਲੱਗੀ ਹੈ ਅੱਜ ਦੀ ਸਵੇਰ। ਪ੍ਰੋ.ਗੁਰਭਜਨ ਗਿੱਲ ਦਾ ਵੈਟਸ-ਐਪ ‘ਤੇ ਸੁਨੇਹਾ ਆਇਆ ਹੈ ਕਿ ਉਸਤਾਦ ਯਮਲਾ ਜੱਟ ਦਾ ਫਰਜੰਦ ਜਸਦੇਵ ਯਮਲਾ ਤੁਰ ਗਿਆ।
ਸਾਡੇ ਉਸਤਾਦ ਜੀ ਦਾ ਇਹ ਹੋਣਹਾਰ ਸਪੁੱਤਰ ਆਪਣੇ ਪਿਤਾ ਦੀ ਤੂੰਬੀ ਦੇ ਆਸਰੇ ਦਿਨ-ਕਟੀ ਕਰ ਰਿਹਾ ਸੀ ਤੇ ਨਾਲੋ-ਨਾਲ ਪਿਤਾ ਦੀ ਮਿੱਠੀ ਯਾਦ ਨੂੰ ਲੋਕਾਂ ਵਿਚ ਵੰਡਦਾ ਆ ਰਿਹਾ ਸੀ। ਚੇਤੇ ਦੀ ਚੰਗੇਰ ਨੂੰ ਹਲੂਣਿਆਂ ਤਾਂ ਚੇਤੇ ਆਇਆ ਕਿ ਨਿੱਕੇ ਨਿੱਕੇ ਹੁੰਦੇ ਸਾਂ, ਜਦ ਐਚ.ਐਮ.ਵੀ.ਕੰਪਨੀ ਵਿਚ ਰਿਕਾਰਡ ਹੋਇਆ ਉਹਦਾ ਕਾਲਾ ਤਵਾ ਗੂੰਜਦਾ ਹੁੰਦਾ, ”ਹਾਲਾਅ ਵਈ, ਯਮਲੇ ਜੱਟ ਦਿਆ ਮੁੰਡਿਆ, ਦੱਸੀਂ ਖਾਂ ਤੇਰੇ ਪਿਓ ਦੀ ਬਣਾਈ ਤੂੰਬੀ ਗੁਰੂ ਨਾਨਕ ਦੇ ਗੀਤਾਂ ‘ਤੇ ਕਿਵੇਂ ਬੋਲਦੀ ਏ…।” ਤੂੰਬੀ ਦੀ ਟੁਣਕਾਰ ਉਚੀ ਉਠਦੀ ਤੇ ਗੀਤ ਵਜਦਾ:
ਮੱਝਾਂ ਚਾਰਦਾ ਜਗਤ ਦਾ ਵਾਲੀ, ਜੱਗ ਤੋਂ ਪਿਆਰਾ ਡਾਂਗਰੀ,
ਪਿਆ ਭਰਦਾ ਝੋਲੀਆਂ ਖਾਲੀ ਸਭ ਤੋਂ ਨਿਆਰਾ ਡਾਂਗਰੀ
ਵਿਸਾਖੀ ਵਾਲੇ ਦਿਨ ਧਾਰਮਿਕ ਅਸਥਾਨਾਂ ਉਤੇ ਗੀਤ ਅਜੇ ਵੀ ਗੂੰਜਦਾ ਸੁਣਦਾ ਏ, ਮਨ ਨੂੰ ਧਾਰਮਿਕ ਰੰਗ ਵਿਚ ਰੰਗ ਦੇਣ ਵਾਲਾ :
ਅੱਜ ਦਿਨ ਵਿਸਾਖੀ ਦਾ ਲੋਕੋ, ਹਰ ਤਾਂ ਮਨਾਇਆ ਜਾ ਰਿਹਾ
ਗੁਰੂਆਂ ਦੇ ਕੁੰਡ ਸਰੋਵਰੋਂ ਅੰਮ੍ਰਿਤ ਛਕਾਇਆ ਜਾ ਰਿਹਾ
ੲੲੲ
ਆਜਾ ਮੱਝੀਆਂ ਵਾਲਿਆ, ਜੀ ਓ ਬਾਬਾ ਨਾਨਕਾ
ੲੲੲ
ਹੱਥ ਵਿਚ ਉਹਦੇ ਬਾਜ ਸੁਹਾਵੇ ਕਲਗੀ ਚਮਕਾਂ ਮਾਰਦੀ
ਬੱਦਲਾਂ ਉਹਲੇ ਝਲਕ ਪਵੇ, ਸ਼ਾਹ ਨੀਲੇ ਦੇ ਅਸਵਾਰ ਦੀ
ਗੀਤ ਉਹਨੇ ਬਥੇਰੇ ਗਾਏ ਤੇ ਰਿਕਾਰਡ ਕਰਵਾਏ। ਉਸਨੇ ਤੂੰਬੀ ਨਾਲ ‘ਛੱਲਾ’ ਗਾ ਕੇ ਨਿਵੇਕਲਾ ਸੰਗੀਤਕ ਤਜੱਰਬਾ ਸਿੱਧ ਕੀਤਾ ਸੀ। ਤੂੰਬੀ ਦੀਆਂ ਤਾਂ ਉਹ ਬੜੁੱਚੀਆਂ ਦਿੰਦਾ ਸੀ ਤੇ ਵੱਡੇ-ਵੱਡੇ ਤੂੰਬੀ ਵਾਦਕ ਮੂੰਹ ‘ਚ ਉਂਗਲਾਂ ਪਾ ਲੈਂਦੇ ਸਨ। ਜਦ ਉਹ ਸਟੇਜ ਉਤੇ ਚ੍ਹੜਦਾ ਸੀ ਤਾਂ ਉਸਤਾਦ ਯਮਲੇ ਜੱਟ ਦਾ ਭੁਲੇਖਾ ਭੋਰਾ ਭਰ ਨਹੀਂ, ਸਗੋਂ ਸਾਰੇ ਦਾ ਸਾਰਾ ਪੈਂਦਾ ਤੇ ਉਸਤਾਦ ਦੀ ਨਿੱਘੀ ਯਾਦ ਸਰੋਤਿਆਂ ਵਿਚ ਤਾਜ਼ਾ ਹੋ ਜਾਂਦੀ। ਉਸਦਾ ਪਹਿਰਾਵਾ, ਲਾਲ ਰੰਗ ਦੀ ਤੂੰਬੀ ਅਤੇ ਚਿਹਰਾ-ਮੁਹਰਾ ਆਪਣੇ ਪਿਓ ਨਾਲ ਹੂਬਹੂ ਮਿਲਦਾ-ਜੁਲਦਾ ਸੀ। ਕਈ ਤਾਂ ਆਖਦੇ ਕਿ ਆਹ ਯਮਲਾ ਜੱਟ ਮੁੜ ਜੀਂਦਾ ਹੋ ਗਿਆ ਏ। ਮੈਂ ਅਕਸਰ ਉਹਦੇ ਨਾਲ ਦੂਰ-ਦੂਰ ਤੀਕ ਉਸਤਾਦ ਜੀ ਦੇ ਚੇਲਿਆਂ- ਬਾਲਕਿਆਂ ਦੇ ਦੁੱਖਾਂ-ਸੁੱਖਾਂ ਵਿਚ ਸ਼ਰੀਕ ਹੋਣ ਲਈ ਜਾਂਦਾ ਰਿਹਾ ਤੇ ਜਦ ਵੀ ਆਪਣੇ ਪਿਮਡ ਜਾਂ ਇਲਾਕੇ ਵਾਸਤੇ ਸੁਨੇਹਾ ਘੱਲਦਾ ਤਾਂ ਉਹ ਸਮੇਤ ਪਰਿਵਾਰ ਆਣ ਪੁੱਜਦਾ ਸੀ। ਦੇਸ਼-ਬਦੇਸ਼ ਗਾਹੁੰਦਾ ਉਹ ਸਰੀਰ ਸੰਭਾਲਣ ਪੱਖੋਂ ਪੂਰੀ ਤਰ੍ਹਾਂ ਅਵੇਸਲਾ ਰਿਹਾ ਤੇ ਭਾਬੀ ਸਰਬਜੀਤ ਸਾਨੂੰ ਲੜਦੀ ਹੁੰਦੀ, ”ਆਖੋ ਖਾਂ ਆਵਦੇ ਭਰਾ ਨੂੰ ਆਵਦੀ ਸਿਹਤ ਸੰਭਾਲੇ, ਦੁਵਾਈ ਨੀ ਖਾਂਦਾ…।” ਬੜੀ ਵਾਰ ਸਖਤ ਬੀਮਾਰ ਹੁੰਦਾ ਸੀ। ਮੌਤ ਬਹੁਤ ਵਾਰ ਉਹਦੇ ਨੇੜਿਓ ਦੀ ਲੰਘਦੀ ਰਹੀ ਖਹਿਸਰ-ਖਹਿਸਰ ਕੇ ਤੇ ਹਰ ਵਾਰ ਮੌਤ ਨੂੰ ਝਕਾਨੀ ਦੇ ਕੇ ਫਿਰ ਤੂੰਬੀ ਫੜ ਸਟੇਜ ਉਤੇ ਖਲੋਤਾ ਹੁੰਦਾ, ਪਰ ਇਸ ਵਾਰ 14 ਸਤੰਬਰ ਦੀ ਅੱਧੀ ਰਾਤ ਮੌਤ ਨੇ ਕਰੜਾ ਪੰਜਾ ਮਾਰਿਆ। ਹਾਲੇ ਸਭ ਤੋਂ ਵੱਡਾ ਭਰਾਅ ਕਰਤਾਰ ਚੰਦ ਬੈਠਾ ਹੈ ਕਿਸਮਤ ਨੂੰ ਕੋਸਦਾ, ਚਾਰ ਛੋਟੇ ਭਰਾਅ ਹੱਥੀਂ ਪਾਲ-ਪਲੋਸ ਕੇ ਜੁਆਨ ਕੀਤੇ ਤੇ ਹੱਥੀਂ ਸੰਸਾਰੋਂ ਤੋਰੇ। ਜਦ ਉਸਤਾਦ ਤੁਰਿਆ ਸੀ ਤਾਂ ਉਸਦੀ ਤੂੰਬੀ ਡਾਹਢੀ ਉਦਾਸ ਹੋ ਗਈ ਸੀ, ਜਸਦੇਵ ਨੇ ਤੂੰਬੀ ਨੂੰ ਦਿਲਾਸਾ ਦਿੱਤਾ ਸੀ ਤੇ ਇਹ ਕਹਿ ਕੇ ਗਲ ਨਾਲ ਲਾਇਆ ਸੀ, ”ਹਾਲੇ ਤੂੰ ਬਹੁਤ ਚਿਰ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨਾ ਏਂ, ਦਿਲ ਨਾ ਢਾਅ।” ਅੱਜ ਉਸਦੇ ਸੁਰੀਲੇ ਪੋਟਿਆਂ ਤੋਂ ਤੂੰਬੀ ਵਿਚਾਰੀ ਵਿਰਵੀ ਹੋ ਗਈ ਹੈ। ਅੱਜ 23 ਸਤੰਬਰ ਐਤਵਾਰ ਦੇ ਦਿਨ ਉਸਤਾਦ ਦੇ ਡੇਰੇ ਅੰਤਿਮ ਅਰਦਾਸ ਵਿਚ ਸ਼ਰਧਾਂਜਲੀਆਂ ਭੇਟ ਕਰ ਕੇ ਘਰਾਂ ਨੂੰ ਪਰਤ ਆਵਾਂਗੇ ਇੱਕ ਅਣਮੁੱਲੇ ਸੰਗਤਿਕ ਹੀਰੇ ਦੇ ਗੁਆਚ ਜਾਣ ਨੂੰ ਚੇਤੇ ਕਰਦੇ ਹੋਏ।

Check Also

ਚੰਡੀਗੜ੍ਹੋਂ ਪਿੰਡ ਨੂੰ ਮੁੜਦਿਆਂ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 21 ਜਨਵਰੀ, 2019 ਦੀਸਵੇਰ।ਸਾਢੇ ਛੇ ਵਜੇ ਹਨ।ਸੈਕਟਰ …