Breaking News
Home / Special Story / ਪੰਜਾਬ ਦੇ ਡਿਗਰੀ ਕਾਲਜਾਂ ਦੀ ਹਾਲਤ ਬਣੀ ਚਿੰਤਾਜਨਕ

ਪੰਜਾਬ ਦੇ ਡਿਗਰੀ ਕਾਲਜਾਂ ਦੀ ਹਾਲਤ ਬਣੀ ਚਿੰਤਾਜਨਕ

ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਪੇਂਡੂ ਖੇਤਰ ਦੇ ਕਾਲਜਾਂ ਨੂੰ ‘ਸਿੱਕ’ ਐਲਾਨਣ ਦੀ ਆਈ ਨੌਬਤ
ਚੰਡੀਗੜ੍ਹ : ਪੰਜਾਬ ਵਿੱਚ ਤਕਨੀਕੀ ਸੰਸਥਾਵਾਂ ਤੋਂ ਬਾਅਦ ਹੁਣ ਡਿਗਰੀ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ। ਪੰਜਾਬ ਦੇ ਪੇਂਡੂ ਖੇਤਰ ਦੇ ਪੰਜ ਸਰਕਾਰੀ ਕਾਲਜਾਂ ਨੂੰ ਤਾਂ ਬਿਮਾਰ (ਸਿੱਕ) ਐਲਾਨਣ ਦੀ ਨੌਬਤ ਆ ਗਈ ਹੈ।
ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਮੁਫ਼ਤ ਵਿਦਿਆ ਅਤੇ ਜੂਨ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੜਕੀਆਂ ਲਈ ਪੀਐਚ.ਡੀ ਤੱਕ ਦੀ ਪੜ੍ਹਾਈ ਮੁਫ਼ਤ ਕਰਨ ਦੇ ਵਿਧਾਨ ਸਭਾ ਵਿੱਚ ਕੀਤੇ ਐਲਾਨ ਧਰੇ-ਧਰਾਏ ਰਹਿ ਗਏ ਹਨ। ਜਿੱਥੇ ਪ੍ਰਾਈਵੇਟ ਕਾਲਜਾਂ ਦੀਆਂ ਮੋਟੀਆਂ ਫੀਸਾਂ ਗ਼ਰੀਬ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਹਨ, ਉਥੇ ਸਰਕਾਰੀ ਕਾਲਜ ਵੀ ਵਿਦਿਆਰਥੀਆਂ ਦੀਆਂ ਜੇਬਾਂ ਸਹਾਰੇ ਚੱਲ ਰਹੇ ਹਨ। ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚੇ ਉੱਚ ਵਿਦਿਆ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਛੋਟੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਕਮੀ ਕਾਰਨ ਪੀਟੀਏ ਫੰਡ ਦੀ ਘਾਟ ਕਰਕੇ ਅਸਾਮੀਆਂ ਹੀ ਨਹੀਂ ਭਰੀਆਂ ਜਾ ਰਹੀਆਂ।
ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ (ਕੁੱਲ 618) ਕਾਲਜਾਂ ਵਿੱਚੋਂ 49 ਸਰਕਾਰੀ ਕਾਲਜਾਂ ਵਿੱਚ ਬੀਏ ਭਾਗ ਪਹਿਲਾ, ਬੀਐੱਡ ਤੋਂ ਐਮ.ਏ. ਤੱਕ ਦੀਆਂ ਕਲਾਸਾਂ ਵਿੱਚ 2013-14 ਦੌਰਾਨ 85 ਹਜ਼ਾਰ ਵਿਦਿਆਰਥੀ ਦਾਖ਼ਲ ਹੋਏ ਸਨ। 2017-18 ਦੌਰਾਨ ਵਿਦਿਆਰਥੀਆਂ ਦੀ ਗਿਣਤੀ ਘਟ ਕੇ 73421 ਰਹਿ ਗਈ। ਇਹ ਉਸ ਸਮੇਂ ਹੋ ਰਿਹਾ ਹੈ ਜਦੋਂ ਤਕਨੀਕੀ ਸੰਸਥਾਵਾਂ ਵੱਲ ਲੱਗੀ ਦੌੜ ਵੀ ਖਤਮ ਹੋ ਗਈ ਹੈ। ਚਾਲੂ ਵਿਦਿਅਕ ਸਾਲ ਦੇ ਅੰਕੜੇ ਅਜੇ ਸਾਹਮਣੇ ਆਉਣੇ ਹਨ। ਵਿਦਿਆਰਥੀਆਂ ਦੀ ਕਮੀ ਕਾਰਨ ਯੂਨੀਵਰਸਿਟੀਆਂ ਨੂੰ ਲਗਾਤਾਰ ਦਾਖ਼ਲਿਆਂ ਦੀਆਂ ਤਰੀਕਾਂ ਅੱਗੇ ਵਧਾਉਣੀਆਂ ਪੈ ਰਹੀਆਂ ਹਨ। ਉੱਚ ਵਿਦਿਆ ਨਾਲ ਸਬੰਧਤ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਣ ਕਰਕੇ ਕਾਲਜਾਂ ਵਿੱਚ ਗਿਣਤੀ ਘਟ ਰਹੀ ਹੈ। ਦੱਬੀ ਸੁਰ ਵਿੱਚ ਉਨ੍ਹਾਂ ਸਰਕਾਰ ਵੱਲੋਂ ਰੈਗੂਲਰ ਸਟਾਫ਼ ਭਰਤੀ ਨਾ ਕਰਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ।
ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੁੱਲ 1873 ਪ੍ਰੋਫੈਸਰਾਂ ਦੀਆਂ ਅਸਾਮੀਆਂ ਹਨ। ਇਹ ਮਨਜ਼ੂਰਸ਼ੁਦਾ ਅਸਾਮੀਆਂ 1996 ਤੋਂ ਪਹਿਲਾਂ ਦੀਆਂ ਹਨ। ਇਨ੍ਹਾਂ ਵਿੱਚੋਂ ਜੂਨ 2018 ਤੱਕ 512 ਹੀ ਰੈਗੂਲਰ ਪ੍ਰੋਫੈਸਰ ਹਨ। ਪ੍ਰਿੰਸੀਪਲਾਂ ਸਮੇਤ ਇਨ੍ਹਾਂ ਵਿੱਚੋਂ ਵੀ 90 ਅਕਸਟੈਂਸ਼ਨ ‘ਤੇ ਚੱਲ ਰਹੇ ਹਨ, ਭਾਵ ਛੇਤੀ ਸੇਵਾਮੁਕਤ ਹੋਣ ਵਾਲੇ ਹਨ। ਹੁਣ ਤੱਕ 1361 ਅਸਾਮੀਆਂ ਗੈਸਟ ਫੈਕਲਟੀ ਵਜੋਂ ਜਾਂ ਪਾਰਟ ਟਾਈਮਰਾਂ ਵਜੋਂ ਭਰ ਕੇ ਕੰਮ ਚਲਾਇਆ ਜਾ ਰਿਹਾ ਹੈ। 900 ਅਸਾਮੀਆਂ ਗੈਸਟ ਫੈਕਲਟੀ ਵਾਲਿਆਂ ਦੀ ਹੈ, ਜਿਨ੍ਹਾਂ ਨੂੰ ਦਸ ਮਹੀਨੇ 21600 ਰੁਪਏ ਤਨਖ਼ਾਹ ਵਿੱਚੋਂ ਦਸ ਹਜ਼ਾਰ ਰੁਪਏ ਮਹੀਨਾ ਸਰਕਾਰ ਰੂਸਾ ਦੇ ਫੰਡ ਵਿੱਚੋਂ ਅਤੇ 11600 ਰੁਪਏ ਮਾਪੇ ਅਧਿਆਪਕ ਐਸੋਸੀਏਸ਼ਨ (ਪੀਟੀਏ) ਫੰਡ ਵਿੱਚੋਂ ਦਿੱਤਾ ਜਾਂਦਾ ਹੈ। ਛੁੱਟੀਆਂ ਦੇ ਮਹੀਨੇ ਮਈ ਅਤੇ ਜੂਨ ਵਿੱਚ ਪੂਰੀ ਤਨਖ਼ਾਹ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਸੇ ਕਰਕੇ ਵਿਦਿਆਰਥੀਆਂ ਉੱਤੇ ਪੀਟੀਏ ਫੰਡ ਦਾ ਬੋਝ ਲਗਾਤਾਰ ਵਧ ਰਿਹਾ ਹੈ।
ਜਾਣਕਾਰੀ ਅਨੁਸਾਰ ਕਾਲਜਾਂ ਵਿੱਚ 1800 ਤੋਂ 5 ਹਜ਼ਾਰ ਰੁਪਏ ਤੱਕ ਪੀਟੀਏ ਫੰਡ ਵਸੂਲਿਆ ਜਾ ਰਿਹਾ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਫੀਸ ਮੁਆਫ਼ੀ ਦੇ ਕੇਂਦਰ ਅਤੇ ਰਾਜ ਸਰਕਾਰ ਦੇ ਐਲਾਨ ਦੇ ਬਾਵਜੂਦ ਪੀਟੀਏ ਹਰ ਇੱਕ ‘ਤੇ ਲਾਗੂ ਹੈ। ਡੀਪੀਆਈ ਕਾਲਜਾਂ ਵੱਲੋਂ 26 ਜੁਲਾਈ 2018 ਨੂੰ ਜਾਰੀ ਪੱਤਰ ਅਨੁਸਾਰ ਪੀਟੀਏ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਤੋਂ ਵੀ ਵਸੂਲਿਆ ਜਾਵੇਗਾ। ਅਜਿਹੇ ਹਾਲਾਤ ਵਿੱਚ ਬਹੁਤ ਸਾਰੇ ਵਿਦਿਆਰਥੀ ਦਾਖ਼ਲਾ ਫਾਰਮ ਭਰ ਕੇ ਵੀ ਫੀਸ ਨਾ ਭਰ ਸਕਣ ਕਰਕੇ ਦਾਖ਼ਲਿਆਂ ਤੋਂ ਰਹਿ ਜਾਂਦੇ ਹਨ। ਆਨਲਾਈਨ ਦਾਖ਼ਲੇ ਨਾਲ ਵੀ ਪੇਂਡੂ ਵਿਦਿਆਰਥੀਆਂ ਉੱਤੇ ਪੈਸੇ ਦਾ ਬੋਝ ਵੀ ਪਿਆ ਤੇ ਸਮੇਂ ਸਿਰ ਕੌਂਸਲਿੰਗ ਦੀ ਜਾਣਕਾਰੀ ਨਾ ਹੋਣ ਕਰਕੇ ਇੱਕ ਹਿੱਸਾ ਦਾਖ਼ਲਿਆਂ ਤੋਂ ਵਾਂਝਾ ਰਹਿ ਜਾਂਦਾ ਹੈ। ਹਜ਼ਾਰਾਂ ਰੁਪਏ ਦੇ ਪੀਟੀਏ ਵਸੂਲੀ ਦੇ ਬਾਵਜੂਦ ਵਿਦਿਆ ਮੁਫ਼ਤ ਕਿਵੇਂ ਹੋਈ? ਇਸ ਸੁਆਲ ਦਾ ਜਵਾਬ ਸਰਕਾਰੀ ਪੱਧਰ ਉੱਤੇ ਅਜੇ ਕੋਈ ਦੇਣ ਲਈ ਤਿਆਰ ਨਹੀਂ ਹੈ।
ਗੌਰਮਿੰਟ ਕਾਲਜ ਗੈਸਟ ਫੈਕਲਟੀ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਉਰਫ ਡਿੰਪਲ ਨੇ ਕਿਹਾ ਕਿ ਸਾਲਾਨਾ ਸਿਰਫ਼ 12 ਕਰੋੜ ਰੁਪਏ ਸਰਕਾਰ ਵੱਲੋਂ ਦੇਣ ਨਾਲ ਹੀ ਵਿਦਿਆਰਥੀਆਂ ਦਾ ਬੋਝ ਘਟਾਇਆ ਜਾ ਸਕਦਾ ਹੈ, ਹਾਲਾਂਕਿ ਗੈਸਟ ਫੈਕਲਟੀ ਲੈਕਚਰਰ ਰੈਗੂਲਰ ਵਾਲੇ ਸਾਰੇ ਕੰਮ ਕਰਦੇ ਹਨ, ਪਰ ਤਨਖ਼ਾਹ ਵਿੱਚ ਵੱਡਾ ਫ਼ਰਕ ਹੋਣਾ ਬੇਇਨਸਾਫ਼ੀ ਹੈ। ਪੀਟੀਏ ਫੰਡ ਘਟਣ ਨਾਲ ਅਸਾਮੀਆਂ ਖਤਮ ਹੋ ਰਹੀਆਂ ਹਨ, ਹਾਲ ਹੀ ਵਿੱਚ ਡੇਰਾਬਸੀ, ਸੰਗਰੂਰ ਤੇ ਟਾਂਡਾ ਕਾਲਜਾਂ ਵਿੱਚ ਇੱਕ-ਇੱਕ ਅਸਾਮੀ ਖਤਮ ਕੀਤੀ ਜਾ ਚੁੱਕੀ ਹੈ।
ਸਹਾਇਕ ਡੀਪੀਆਈ (ਕਾਲਜਾਂ) ਡਾ. ਗੁਰਸ਼ਰਨ ਸਿੰਘ ਬਰਾੜ ਨੇ ਕਿਹਾ ਕਿ ਲੰਮੇ ਸਮੇਂ ਤੋਂ ਫ਼ੀਸਾਂ ਵਿੱਚ ਵਾਧਾ ਨਹੀਂ ਹੋਇਆ। ਪੇਂਡੂ ਕਾਲਜਾਂ ਵਿੱਚ ਵਿਦਿਆਰਥੀ ਘਟਣ ਅਤੇ ਇਸ ਕਰਕੇ ਸਟਾਫ਼ ਨਾ ਰੱਖੇ ਜਾ ਸਕਣ ਕਰਕੇ ਕੁਝ ਸੰਕਟ ਹੈ ਤੇ ਸਰਕਾਰ ਇਸ ਉੱਤੇ ਵਿਚਾਰ ਕਰ ਰਹੀ ਹੈ। ਪੰਜਾਬ ਵਿੱਚ 1996 ਤੋਂ ਕਾਲਜਾਂ ਵਿੱਚ ਰੈਗੂਲਰ ਭਰਤੀ ਨਹੀਂ ਹੋਈ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਰਵੀ ਸਿੱਧੂ ਭ੍ਰਿਸ਼ਟਾਚਾਰ ਮਾਮਲੇ ਕਾਰਨ ਹਾਈ ਕੋਰਟ ਨੇ ਭਰਤੀ ਉੱਤੇ ਰੋਕ ਲਾ ਰੱਖੀ ਹੈ।
ਪੰਜਾਬ ਸਰਕਾਰੀ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਰਜਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਜਥੇਬੰਦੀ ਨੇ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਰਵੀ ਸਿੱਧੂ ਕੇਸ ਵਾਲੀਆਂ ਅਸਾਮੀਆਂ ਛੱਡ ਕੇ ਬਾਕੀ ਤਾਂ ਭਰੀਆਂ ਜਾ ਸਕਦੀਆਂ ਹਨ। ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਅਸਾਮੀਆਂ ਭਰਨ ਦੀ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ੲੲੲ
ਡਾਲਰਾਂ ਤੇ ਪੌਂਡਾਂ ਦੀ ਚਮਕ ਅੱਗੇ ਫਿੱਕਾ ਪਿਆ ਵਿੱਦਿਆ ਦਾ ਚਾਨਣ
ਜਲੰਧਰ : ਦੋਆਬਾ ਖਿੱਤੇ ਦੇ ਕਾਲਜ ਆਰਥਿਕ ਸੰਕਟ ਵਿੱਚ ਘਿਰਦੇ ਜਾ ਰਹੇ ਹਨ। ਹਰ ਸਾਲ ਵਿਦਿਆਰਥੀਆਂ ਦੇ ਦਾਖ਼ਲੇ ਦੀ ਗਿਣਤੀ ਘੱਟਦੀ ਜਾ ਰਹੀ ਹੈ। ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਦੋ ਵੱਡੇ ਕਾਰਨ ਸਾਹਮਣੇ ਆਏ ਹਨ। ਦੋਆਬਾ ਖਿੱਤਾ, ਜਿਹੜਾ ਐੱਨਆਰਆਈਜ਼ ਦੇ ਗੜ੍ਹ ਵਜੋਂ ਵੀ ਜਾਣਿਆ ਜਾਂਦਾ ਹੈ। ਇਥੋਂ ਦੇ ਲੋਕਾਂ ਦਾ ਰੁਝਾਨ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਵਧਦਾ ਜਾ ਰਿਹਾ ਹੈ।
ਹੁਣ ਵਿਦਿਆਰਥੀ ਬਾਰ੍ਹਵੀਂ ਜਮਾਤ ਤੋਂ ਬਾਅਦ ਕਾਲਜ ਵਿੱਚ ਦਾਖ਼ਲਾ ਲੈਣ ਦੀ ਥਾਂ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਇਥੇ ਧੜੱਲੇ ਨਾਲ ਆਇਲੈਟਸ ਕਰਵਾਉਣ ਦੇ ਸੈਂਟਰ ਖੁੱਲ੍ਹੇ ਹੋਏ ਹਨ ਅਤੇ ਇਮੀਗਰੇਸ਼ਨ ਦੇ ਦਫ਼ਤਰ ਹਰ ਗਲੀ-ਮੁਹੱਲੇ ਵਿੱਚ ਮਿਲ ਜਾਂਦੇ ਹਨ। ਹੋਰ ਤਾਂ ਹੋਰ ਪਿੰਡਾਂ ਵਿੱਚ ਵੀ ਆਇਲੈਟਸ ਅਤੇ ਇਮੀਗਰੇਸ਼ਨ ਵਾਲਿਆਂ ਨੇ ਆਪਣੇ ਡੇਰੇ ਲਾ ਲਏ ਹਨ। ਇਸ ਕਰਕੇ ਵਿਦਿਆਰਥੀ ਬਾਰ੍ਹਵੀਂ ਜਮਾਤ ਕਰਨ ਤੋਂ ਬਾਅਦ ਆਇਲੈਟਸ ਕਰਨ ਨੂੰ ਤਰਜੀਹ ਦੇ ਰਹੇ ਹਨ।
ਕਾਲਜਾਂ ਵਿੱਚ ਦਾਖ਼ਲਾ ਘਟਣ ਦਾ ਦੂਜਾ ਵੱਡਾ ਕਾਰਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਦੇ ਫੰਡ ਨਾ ਆਉਣਾ ਹੈ। ਕੇਂਦਰ ਵਿੱਚ ਜਦੋਂ ਡਾ. ਮਨਮੋਹਣ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਰਹੀ ਸੀ ਉਦੋਂ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਸਮੇਂ ਸਿਰ ਆਉਂਦੇ ਰਹੇ ਅਤੇ ਕਦੇ ਵੀ ਫੰਡਾਂ ਨੂੰ ਲੈ ਕੇ ਕਾਲਜਾਂ ਵਿੱਚ ਰੌਲਾ ਰੱਪਾ ਨਹੀਂ ਸੀ ਪਿਆ। ਸਾਲ 2014 ਵਿਚ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਸਭ ਤੋਂ ਵੱਡਾ ਕੱਟ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫੰਡਾਂ ਨੂੰ ਲੱਗਾ ਹੈ। ਸਾਲ 2015 ਤੋਂ ਇਸ ਸਕੀਮ ਤਹਿਤ ਆਉਣ ਵਾਲੇ ਫੰਡਾਂ ਵਿੱਚ ਦੇਰੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਆਏ ਫੰਡਾਂ ਨੂੂੰ ਇਧਰ-ਉੱਧਰ ਖਰਚਣ ਕਾਰਨ ਕਾਲਜਾਂ ਨੂੰ ਸਮੇਂ-ਸਿਰ ਪੈਸੇ ਨਹੀਂ ਮਿਲੇ ਤਾਂ ਕਾਲਜਾਂ ਨੇ ਦਲਿਤ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਦਾਖ਼ਲਾ ਦੇਣ ਤੋਂ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ।
ਪੀਟੀਯੂ ਦੇ ਡੀਨ ਐੱਨਪੀ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ 20 ਫੀਸਦੀ ਵਿਦਿਆਰਥੀ ਘੱਟ ਦਾਖ਼ਲ ਹੋਏ ਹਨ। ਪੰਜਾਬ ਦੀ ਥਾਂ ਹਿਮਾਚਲ, ਜੇ ਐਂਡ ਕੇ, ਬਿਹਾਰ, ਝਾਰਖੰਡ ਤੋਂ ਵਿਦਿਆਰਥੀ ਆ ਰਹੇ ਹਨ। ਪੀਟੀਯੂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਾਖ਼ਲੇ ਦੀ ਆਖ਼ਰੀ ਮਿਤੀ 15 ਅਗਸਤ ਹੈ। ਪੀਟੀਯੂ ਨੇ ਵਿਦਿਆਰਥੀਆਂ ਨੂੰ ਇਥੇ ਦਾਖ਼ਲ ਹੋਣ ਲਈ ਆਪਣੀ ਵੈੱਬਸਾਈਟ ‘ਤੇ ਇਹ ਪ੍ਰਮੁੱਖਤਾ ਨਾਲ ਪਾਇਆ ਹੋਇਆ ਹੈ ਕਿ ਯੂਨੀਵਰਸਿਟੀ ਦੀ ਸਾਂਝ ਕੈਨੇਡਾ ਦੀ ਥਾਮਸ ਯੂਨੀਵਰਸਿਟੀ ਨਾਲ ਹੋ ਗਈ ਹੈ ਤੇ ਇਥੇ ਦਾਖ਼ਲ ਹੋਣ ਵਾਲੇ ਵਿਦਿਆਰਥੀ ਉਸੇ ਕੋਰਸ ਵਿੱਚ ਕੈਨੇਡਾ ਵਿਚ ਵੀ ਦਾਖ਼ਲਾ ਲੈ ਸਕਦੇ ਹਨ।
ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਆਂਸ਼ੂ ਕਟਾਰੀਆ ਨੇ ਦੱਸਿਆ ਕਿ ਜਿਹੜੇ ਕਾਲਜਾਂ ਵਿੱਚ ਫਾਰਮੇਸੀ, ਖੇਤੀਬਾੜੀ, ਨਰਸਿੰਗ ਦੇ ਕੋਰਸ ਕਰਾਏ ਜਾਂਦੇ ਹਨ, ਜਿਨ੍ਹਾਂ ਦੀ ਮੰਗ ਕੈਨੇਡਾ ਵਿੱਚ ਜ਼ਿਆਦਾ ਹੈ, ਉਹ ਸੀਟਾਂ ਤਾਂ ਪੂਰੀਆਂ ਭਰ ਜਾਂਦੀਆਂ ਹਨ ਪਰ ਇੰਜਨੀਅਰਿੰਗ ਦੀਆਂ ਸੀਟਾਂ ਖਾਲੀ ਰਹਿਣ ਨਾਲ ਕਾਲਜਾਂ ਨੂੰ ਨੁਕਸਾਨ ਹੋ ਰਿਹਾ ਹੈ।
ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਉਡਾਰੀ ਨੇ ਵਿਦਿਅਕ ਅਦਾਰੇ ਕੀਤੇ ਕੱਖੋਂ ਹੌਲੇ
ਅੰਮ੍ਰਿਤਸਰ : ਨਵਾਂ ਅਕਾਦਮਿਕ ਸੈਸ਼ਨ ਭਾਵੇਂ ਜੁਲਾਈ ਮਹੀਨੇ ਵਿਚ ਸ਼ੁਰੂ ਹੋ ਚੁੱਕਿਆ ਹੈ, ਪਰ ਅਜੇ ਵੀ ਯੂਨੀਵਰਸਿਟੀ ਤੇ ਜ਼ਿਲ੍ਹੇ ਦੇ ਕਾਲਜਾਂ ਵਿਚ ਬਹੁਤ ਸਾਰੇ ਮਹੱਤਵਪੂਰਨ ਕੋਰਸਾਂ ਦੀਆਂ ਸੀਟਾਂ ਖਾਲੀ ਪਈਆਂ ਹਨ। ਪਿਛਲੇ ਦੋ-ਤਿੰਨ ਤੋਂ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪੜ੍ਹਾਈ ਤੇ ਰੁਜ਼ਗਾਰ ਦੀ ਪ੍ਰਾਪਤੀ ਲਈ ਜਾਣ ਦੇ ਰੁਝਾਨ ਵਿਚ ਆਈ ਤੇਜ਼ੀ ਕਾਰਨ ਕੋਰਸਾਂ ਦੀਆਂ ਸੀਟਾਂ ਖਾਲੀ ਰਹਿ ਰਹੀਆਂ ਹਨ। ਖਾਲੀ ਸੀਟਾਂ ਖਾਸ ਕਰਕੇ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਲਈ ਚਿੰਤਾ ਦਾ ਵਿਸ਼ਾ ਹਨ।
ਸਰਹੱਦੀ ਖੇਤਰ ਦੇ ਕਾਲਜਾਂ ਲਈ ਇਹ ਵਰਤਾਰਾ ਹੋਰ ਵੀ ਚਿੰਤਾ ਵਾਲਾ ਹੈ। ਜ਼ਿਕਰਯੋਗ ਹੈ ਕਿ ਤਿੰਨ ਵਰ੍ਹੇ ਪਹਿਲਾਂ ਯੂਨੀਵਰਸਿਟੀ ਵਿਚ ਦਾਖਲੇ, ਦਾਖਲਾ ਪ੍ਰੀਖਿਆਵਾਂ ਦੀ ਮੈਰਿਟ ਦੇ ਅਧਾਰ ‘ਤੇ ਹੁੰਦੇ ਸਨ। ਇਹ ਦਾਖਲਾ ਪ੍ਰਕਿਰਿਆ ਵੀ ਜੁਲਾਈ ਅੱਧ ਤੱਕ ਮੁਕੰਮਲ ਹੋ ਜਾਂਦੀ ਸੀ ਅਤੇ ਕਲਾਸਾਂ 17 ਜੁਲਾਈ ਤੋਂ ਸ਼ੁਰੂ ਹੋ ਜਾਂਦੀਆਂ ਸਨ, ਪਰ ਇਸ ਵਾਰ ਸਥਿਤ ਇਹ ਹੈ ਕਿ ਯੂਨੀਵਰਸਿਟੀ ਖਾਲੀ ਪਈਆਂ ਸੀਟਾਂ ਅਜੇ ਵੀ ਭਰਨ ਲਈ ਯਤਨਸ਼ੀਲ ਹੈ ਕਿਉਂਕਿ ਦਾਖਲਾ ਪ੍ਰਕਿਰਿਆ ਅਜੇ ਚੱਲ ਰਹੀ ਹੈ।
ਦੂਜੇ ਪਾਸੇ ਖਾਲਸਾ ਕਾਲਜ ਨੇ ਅਗਸਤ ਮਹੀਨੇ ਦੇ ਅਖੀਰ ਤੱਕ ਖਾਲੀ ਸੀਟਾਂ ਭਰਨ ਲਈ ਦਾਖਲਾ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਕਾਲਜ ਨੇ ਦਾਖਲੇ ਲਈ ਇਹ ਵੀ ਛੋਟ ਦਿੱਤੀ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਪ੍ਰੋਫੈਸ਼ਨਲ ਕੋਰਸਾਂ ਵਿਚ ਵਧੇਰੇ ਦਾਖਲੇ ਲਈ ਰੁਝਾਨ ਰਿਹਾ, ਪਰ ਸਾਇੰਸ ਅਤੇ ਕੁਝ ਰਵਾਇਤੀ ਕੋਰਸਾਂ ਵਿਚ ਵੀ ਵਿਦਿਆਰਥੀਆਂ ਨੇ ਰੁਚੀ ਦਿਖਾਈ।
ਮਹੱਤਵਪੂਰਨ ਕੋਰਸ ਬੀਏ ਆਨਰਜ਼ ਸੋਸ਼ਲ ਸਾਇੰਸਿਜ਼ ਵਿਚ (100 ਸੀਟਾਂ) ਦਾਖਲੇ ਲਈ 167 ਵਿਦਿਆਰਥੀਆਂ ਨੇ ਫਾਰਮ ਭਰੇ ਸਨ। ਯੂਨੀਵਰਸਿਟੀ ਵਲੋਂ ਰਿਜ਼ਨਲ ਕੈਂਪਸ ਜਲੰਧਰ ਵਿਚ ਚਲਾਏ ਜਾ ਰਹੇ ਬੀਏ ਆਨਰਜ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਨੂੰ ਵੀ ਵਿਦਿਆਰਥੀਆਂ ਨੇ ਕੋਈ ਭਰਵਾਂ ਹੁੰਗਾਰਾ ਨਹੀਂ ਦਿੱਤਾ, ਜਦੋਂ ਕਿ ਐਮਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀਆਂ 30 ਵਿਚੋਂ 8 ਸੀਟਾਂ ਹੀ ਪੁਰ ਹੋਈਆਂ। ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੀਆਂ ਬੀਏ ਆਨਰਜ਼ ਪੰਜਾਬੀ 30 ਸੀਟਾਂ, ਐਮ ਏ ਪੰਜਾਬੀ 50 ਸੀਟਾਂ ਅਤੇ ਐਮ ਫਿਲ 6 ਸੀਟਾਂ, ਸਾਰੀਆਂ ਸੀਟਾਂ ਭਰੀਆਂ ਗਈਆਂ ਹਨ। ਸ਼ਹਿਰ ਦੇ ਕਾਲਜਾਂ ਵਿਚ ਐਮਏ ਪੰਜਾਬੀ ਦੀ ਸਥਿਤੀ ਕੋਈ ਸੁਖਾਵੀਂ ਨਹੀਂ। ਖਾਲਸਾ ਕਾਲਜ ਕਾਲਜ ਵਿਮੈਨ, ਡੀਏਵੀ ਕਾਲਜ ਅਤੇ ਬੀਬੀਕੇ ਡੀਏਵੀ ਕਾਲਜ ਵਿਚ ਐਮਏ ਪੰਜਾਬੀ ਦੀਆਂ ਸੀਟਾਂ ਕਾਫੀ ਖਾਲੀ ਪਈਆਂ ਹਨ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਪ੍ਰੋਫੈਸ਼ਨਲ ਕੋਰਸਾਂ ਵਿਚ ਵੀ ਵਿਦਿਆਰਥੀਆਂ ਦਾ ਕਾਫੀ ਰੁਝਾਨ ਰਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰੋਫੈਸ਼ਨਲ ਸਿੱਖਿਆ ਪ੍ਰਾਪਤ ਕਰਕ ਵਿਦੇਸ਼ ਵਿਚ ਸਟੱਡੀ ਵੀਜ਼ਾ ਹਾਸਲ ਕਰਨ ਦੇ ਨਾਲ-ਨਾਲ ਕਾਰੋਬਾਰ ਕਰਨ ਦੇ ਵੀ ਇਛੁਕ ਹਨ।
ਯੂਨੀਵਰਸਿਟੀ ਦੇ ਇਕ ਸੀਨੀਅਰ ਪ੍ਰੋਫੈਸਰ ਨੇ ਕਿਹਾ ਕਿ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਤੋਂ ਟਾਲਾ ਵੱਟ ਰਹੀ ਹੈ ਤੇ ਦੂਜੇ ਪਾਸੇ ਅਧਿਆਪਕ ਵਰਗ ਨੂੰ ਠੇਕਾ ਅਧਾਰਿਤ ਨੌਕਰੀਆਂ ਦੇ ਕੇ ਜਿੱਥੇ ਉਨ੍ਹਾਂ ਦੀ ਕਾਬਲੀਅਤ ਦਾ ਮਜ਼ਾਕ ਉਡਾ ਰਹੀ ਹੈ, ਉਥੇ ਬੱਚਿਆਂ ਨੂੰ ਅਧਿਆਪਨ ਕਿੱਤੇ ਵੱਲ ਜਾਣ ਤੋਂ ਅਸਿੱਧੇ ਢੰਗ ਨਾਲ ਰੋਕ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗੇ ਅਧਿਆਪਕ ਅਧਿਆਪਨ ਦੇ ਕਿੱਤੇ ਤੋਂ ਮੂੰਹ ਮੋੜ ਲੈਣਗੇ ਤੇ ਉਹ ਵੀ ਵਿਦੇਸ਼ ਜਾਣ ਨੂੰ ਪਹਿਲ ਦੇਣਗੇ।

Check Also

ਖੇਤੀ ਖੇਤਰ ਨੂੰ ਲੀਹ ‘ਤੇ ਲਿਆਉਣ ਲਈ ਕੋਈ ਕਾਰਗਰ ਯੋਜਨਾ ਨਹੀਂ

ਚੰਡੀਗੜ੍ਹ : ਪੰਜਾਬ ਵਿਚ ਦੋ ਵਰ੍ਹੇ ਪਹਿਲਾਂ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਚੋਣਾਂ ਤੋਂ …