Breaking News
Home / Special Story / ‘ਚਿੱਟਾ’ ਸ਼ਬਦ ਨਸ਼ੇ ਤੇ ਮੌਤ ਦਾ ਪ੍ਰਤੀਕ ਬਣ ਕੇ ਉਭਰਿਆ

‘ਚਿੱਟਾ’ ਸ਼ਬਦ ਨਸ਼ੇ ਤੇ ਮੌਤ ਦਾ ਪ੍ਰਤੀਕ ਬਣ ਕੇ ਉਭਰਿਆ

ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਿਆ, ਸਖ਼ਤ ਸਜ਼ਾ ਨਸ਼ਿਆਂ ਦੀ ਸਮੱਸਿਆ ਦਾ ਹੱਲ ਨਹੀਂ
ਲਕਸ਼ਮੀ ਕਾਂਤਾ ਚਾਵਲਾ
ਲੰਘੇ ਕੁਝ ਵਰ੍ਹਿਆਂ ਵਿੱਚ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਦਸ ਵਰ੍ਹੇ ਸੂਬੇ ਵਿੱਚ ਅਕਾਲੀ-ਭਾਜਪਾ ਸਰਕਾਰ ਰਹੀ। ਉਸ ਸਮੇਂ ‘ਚਿੱਟਾ’ ਸ਼ਬਦ ਨਸ਼ੇ ਅਤੇ ਮੌਤ ਦਾ ਪ੍ਰਤੀਕ ਬਣ ਕੇ ਉੱਭਰਿਆ। ਨਸ਼ੇ ਦੇ ਨਾਂ ‘ਤੇ ਰੱਜ ਕੇ ਰਾਜਨੀਤੀ ਹੋਈ। ਇਹ ਦੂਜੇ ‘ਤੇ ਚਿੱਕੜ ਸੁੱਟਿਆ ਗਿਆ ਪਰ ਨਸ਼ਿਆਂ ਦੀ ਦਲਦਲ ਵਿੱਚ ਫਸੇ ਬਦਕਿਸਮਤ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਇਸ ਵਿੱਚੋਂ ਕੱਢਣ ਲਈ ਕੁਝ ਨਹੀਂ ਕੀਤਾ ਗਿਆ। 2013-14 ਦੀ ਤਤਕਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਨਸ਼ੇੜੀਆਂ ਵਿਰੁੱਧ ਮੁਹਿੰਮ ਚਲਾਈ ਗਈ। ਬਦਕਿਸਮਤੀ ਨਾਲ ਉਹ ਨਸ਼ਾ ਤਸਕਰਾਂ ਅਤੇ ਇਸ ਦੇ ਵਪਾਰੀਆਂ ਤਕ ਨਹੀਂ ਪਹੁੰਚੀ। ਸਿਰਫ਼ ਉਨ੍ਹਾਂ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਜੇਲ੍ਹਾਂ ਤੱਕ ਲੈ ਗਈ ਜਿਹੜੇ ਕੋਈ ਨਾ ਕੋਈ ਨਸ਼ਾ ਕਰਦੇ ਸਨ ਜਾਂ ਦੋ ਡੰਗ ਦੀ ਰੋਟੀ ਲਈ ਨਸ਼ੇ ਦੀਆਂ ਪੁੜੀਆਂ ਇਧਰ-ਉਧਰ ਪਹੁੰਚਾਉਣ ਦਾ ਕੰਮ ਕਰਦੇ ਸਨ ਅਤੇ ਜਿਸ ਕੋਲ ਵੀ ਮਾੜਾ ਮੋਟਾ ਚਿੱਟਾ ਜਾਂ ਹੈਰੋਇਨ ਮਿਲਦੀ, ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ। ਉਸ ਨੂੰ ਅਪਰਾਧੀ ਐਲਾਨ ਕੇ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਦਾ ਢੰਡੋਰਾ ਪਿੱਟਦੀ ਰਹੀ। ਸਰਕਾਰੀ ਹੁਕਮਾਂ ਦਾ ਟੀਚਾ ਪੂਰਾ ਕਰਨ ਲਈ ਥਾਣਿਆਂ ਦੇ ਮੁਖੀ ਵੀ ਲੱਗੇ ਰਹਿੰਦੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਉਸ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ। ਇਸ ਦਾ ਮਾੜਾ ਨਤੀਜਾ ਇਹ ਨਿਕਲਿਆ ਕਿ ਜ਼ਿਆਦਾਤਰ ਗ਼ਰੀਬ ਲੋਕਾਂ ਦੇ ਬੱਚੇ ਜੇਲ੍ਹਾਂ ਵਿੱਚ ਡੱਕੇ ਗਏ। ਕੁਝ ਪੁਲਿਸ ਵਾਲਿਆਂ ਨੇ ਖ਼ੂਬ ਨੋਟ ਬਣਾਏ। ਜੇਲ੍ਹਾਂ ਵਿੱਚ ਭੀੜ ਵਧਣ ਲੱਗੀ। ਜਦੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਏ ਅਤੇ ਇਨ੍ਹਾਂ ਕੈਦੀਆਂ ਨੂੰ ਮਿਲੇ ਤਾਂ ਉਨ੍ਹਾਂ ਦੁਹਾਈ ਦਿੱਤੀ ਕਿ ਉਹ ਨਸ਼ਾ ਵੇਚਦੇ ਨਹੀਂ, ਕੁਝ ਨਸ਼ਾ ਜ਼ਰੂਰ ਕਰਦੇ ਰਹੇ ਹਨ ਪਰ ਉਹ ਵੱਡਾ ਨਸ਼ਾ ਛੱਡ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ, ਉਹ ਨਸ਼ਾ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੂੰ ਅਪਰਾਧੀ ਬਣਾ ਕੇ ਜੇਲ੍ਹਾਂ ਵਿੱਚ ਨਾ ਰੱਖਿਆ ਜਾਵੇ।
ਇਹ ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਵਿੱਚੋਂ ਵਧੇਰੇ ਨੌਜਵਾਨਾਂ ਦੇ ਮਾਪੇ ਜ਼ਮੀਨ ਅਤੇ ਮਕਾਨ ਵੇਚ ਕੇ ਜਾਂ ਕਰਜ਼ਾ ਲੈ ਕੇ ਅਦਾਲਤੀ ਖਰਚਾ ਪੂਰਾ ਕਰਦੇ ਰਹੇ। ਕੁਝ ਅਜਿਹੇ ਵੀ ਲੋਕ ਹਨ ਜੋ ਆਪਣਾ ਸਭ ਕੁਝ ਗੁਆ ਬੈਠੇ ਪਰ ਉਨ੍ਹਾਂ ਦੇ ਪੁੱਤਰ ਜੇਲ੍ਹਾਂ ਵਿੱਚ ਹੀ ਰਹੇ।
ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ। ਚੋਣਾਂ ਦੌਰਾਨ ਜਨਤਾ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿੱਚੋਂ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਪੁੱਟ ਸੁੱਟਣਗੇ। ਚੋਣ ਜਿੱਤਣ ਲਈ ਕੈਪਟਨ ਅਮਰਿੰਦਰ ਇਹ ਵੀ ਆਖ ਗਏ ਕਿ ਸਰਕਾਰ ਬਣਨ ਦੇ ਚਾਰ ਹਫ਼ਤਿਆਂ ਦੇ ਅੰਦਰ ਹੀ ਉਹ ਪੰਜਾਬ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰ ਦੇਣਗੇ। ਜੇ ਜਨਤਾ ਨੂੰ ਪਤਾ ਹੈ ਤਾਂ ਕੈਪਟਨ ਨੂੰ ਵੀ ਪਤਾ ਹੋਵੇਗਾ ਕਿ ਚਾਰ ਹਫ਼ਤਿਆਂ ਵਿੱਚ ਤਾਂ ਮਲੇਰੀਏ ਦੇ ਮੱਛਰ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਨਸ਼ਾ ਕਿਵੇਂ ਖ਼ਤਮ ਹੋਵੇਗਾ। ਹੁਣ ਉਨ੍ਹਾਂ ਦਾ ਇਹੀ ਬਿਆਨ ਵਿਰੋਧੀ ਪਾਰਟੀਆਂ ਲਈ ਉਨ੍ਹਾਂ ‘ਤੇ ਸ਼ਬਦੀ ਹਮਲਿਆਂ ਦਾ ਸਾਧਨ ਬਣ ਗਿਆ ਹੈ। ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਪਿਛਲੇ ਪੰਜ-ਛੇ ਹਫ਼ਤਿਆਂ ਵਿੱਚ ਲਗਪਗ 50 ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਕਿਤੇ ਬਜ਼ੁਰਗ ਮਾਪੇ ਤੜਪ ਰਹੇ ਹਨ, ਕਿਤੇ ਮਾਸੂਮ ਯਤੀਮ ਹੋ ਗਏ ਹਨ। ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਫਸੀ ਹੋਈ ਹੈ। ਉਨ੍ਹਾਂ ਨੂੰ ਤਾਂ ਸੱਤਾਧਾਰੀ ਪਾਰਟੀ ‘ਤੇ ਚਿੱਕੜ ਸੁੱਟਣ ਦਾ ਮੌਕਾ ਮਿਲਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਮਿਲ ਚੁੱਕਾ ਹੈ। ਇਨ੍ਹਾਂ ਮੌਤਾਂ ਕਾਰਨ ਅਤੇ ਵਿਰੋਧੀ ਧਿਰਾਂ ਦੇ ਹਮਲਿਆਂ ਤੋਂ ਘਬਰਾਈ ਕੈਪਟਨ ਸਰਕਾਰ ਨੇ ਕਾਹਲੀ ਵਿੱਚ ਇਹ ਐਲਾਨ ਕੀਤਾ ਕਿ ਜੋ ਕੋਈ ਨਸ਼ੇ ਦਾ ਵਪਾਰ ਕਰਦਿਆਂ ਫੜਿਆ ਗਿਆ ਉਸ ਨੂੰ ਫਾਂਸੀ ਦੇ ਦਿੱਤੀ ਜਾਵੇ ਅਤੇ ਇਸ ਲਈ ਕੇਂਦਰ ਨੂੰ ਕਾਨੂੰਨ ਬਣਾਉਣ ਲਈ ਵੀ ਕਹਿ ਦਿੱਤਾ ਗਿਆ। ਇਸ ਦੇ ਨਾਲ ਹੀ ਕੈਪਟਨ ਨੇ ਪੁਲਿਸ ਸਮੇਤ ਸਾਰੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਾਉਣ ਦਾ ਐਲਾਨ ਕਰ ਦਿੱਤਾ। ਇਹ ਨਹੀਂ ਸੋਚਿਆ ਕਿ ਪੰਜਾਬ ਦੇ ਤਕਰੀਬਨ ਚਾਰ ਲੱਖ ਮੁਲਾਜ਼ਮਾਂ ਦਾ ਡੋਪ ਟੈਸਟ ਕਰਾਉਣ ਵਿੱਚ ਕਿੰਨਾ ਸਮਾਂ ਲੱਗੇਗਾ ਅਤੇ ਜੇ 50 ਫ਼ੀਸਦੀ ਮੁਲਾਜ਼ਮਾਂ ਦਾ ਡੋਪ ਟੈਸਟ ਫੇਲ੍ਹ ਆਇਆ ਤਾਂ ਉਨ੍ਹਾਂ ਨੂੰ ਕੀ ਸਜ਼ਾ ਦੇਣਗੇ? ਉਨ੍ਹਾਂ ਦਾ ਇਲਾਜ ਕਰਾਉਣਗੇ ਜਾਂ ਉਨ੍ਹਾਂ ਨੂੰ ਘਰ ਤੋਰ ਦੇਣਗੇ?ਉਨ੍ਹਾਂ ਇਹ ਵੀ ਨਹੀਂ ਸੋਚਿਆ ਕਿ ਫਾਂਸੀ ਦੀ ਸਜ਼ਾ ਦੇਣ ਨਾਲ ਕਾਨੂੰਨ ਦਾ ਰਾਜ ਸਥਾਪਤ ਹੋ ਸਕਦਾ ਹੈ ਤਾਂ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੋਣ ਦੇ ਬਾਵਜੂਦ ਕੀ ਕਤਲ ਰੁਕ ਗਏ? ਕੋਈ ਵੀ ਅਜਿਹਾ ਦਿਨ ਨਹੀਂ ਲੰਘਦਾ ਜਦੋਂ ਬੇਗੁਨਾਹਾਂ ਦੀ ਹੱਤਿਆ ਅਤੇ ਬੱਚੀਆਂ ਨਾਲ ਗੈਰਮਨੁੱਖੀ ਜ਼ੁਲਮਾਂ ਦੀਆਂ ਖ਼ਬਰਾਂ ਨਾ ਮਿਲਦੀਆਂ ਹੋਣ। ਮੇਰਾ ਮੰਨਣਾ ਇਹ ਨਹੀਂ ਕਿ ਸਜ਼ਾ ਨਹੀਂ ਮਿਲਣੀ ਚਾਹੀਦੀ ઠਪਰ ઠਗੱਲ ਇਹ ਹੈ ਕਿ ਸਿਰਫ਼ ਸਜ਼ਾ ਨਾਲ ਸਮਾਜ ਨਹੀਂ ਬਦਲਿਆ ਜਾ ਸਕਦਾ।
ਅੱਜ ਯੋਗ, ਇਮਾਨਦਾਰ ਅਤੇ ਕੰਮ ਵਾਲੇ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹਾ ਮੁਖੀ ਬਣਾਉਣ ਅਤੇ ਸਿਆਸੀ ਦਖ਼ਲਅੰਦਾਜ਼ੀ, ਸਿਫ਼ਾਰਸ਼ਾਂ ਆਦਿ ਤੋਂ ਪੁਲਿਸ ਨੂੰ ਮੁਕਤ ਕਰਨ ਦੀ ਲੋੜ ਹੈ। ਤਲਖ਼ ਹਕੀਕਤ ਇਹ ਹੈ ਕਿ ਅੱਜ ਕਈ ਚੰਗੇ ਪੁਲਿਸ ਅਧਿਕਾਰੀ ਸਿਰਫ਼ ਦਫ਼ਤਰਾਂ ਵਿੱਚ ਸਰਕਾਰੀ ਫਾਈਲਾਂ ਨਿਬੇੜਨ ਦਾ ਕੰਮ ਕਰ ਰਹੇ ਹਨ। ਪਤਾ ਨਹੀਂ ਕਿਉਂ ਸਰਕਾਰ ਇਨ੍ਹਾਂ ਤਜਰਬੇਕਾਰ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿੱਚ ਭੇਜ ਕੇ ਕੰਮ ਨਹੀਂ ਲੈ ਰਹੀ। ਇਸ ਦੇ ਨਾਲ ਹੀ ਜਨ ਅੰਦੋਲਨ ਸ਼ੁਰੂ ਕਰਨ ਦੀ ਲੋੜ ਹੈ ਜੋ ਨਸ਼ਿਆਂ ਖ਼ਿਲਾਫ਼ ਮਾਹੌਲ ਸਿਰਜੇ। ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਅੱਜ ਪੰਜਾਬ ਵਿੱਚ ਨਸ਼ਿਆਂ ਨੂੰ ਕਾਬੂ ਕਰਨ ਲਈ ਜੋ ਮਾਹੌਲ ਬਣ ਰਿਹਾ ਹੈ ਉਸ ਨਾਲ ਕਾਨੂੰਨ ਵਿਵਸਥਾ ਤਬਾਹ ਹੋ ਜਾਵੇਗੀ।
ਪੰਜਾਬ ਅਤੇ ਮੁਲਕ ਵਿਚਲੇ ਧਰਮ ਗੁਰੂ ਵੀ ਥਾਂ-ਥਾਂ ਜਾ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਤਿਆਰ ਕਰਨ ਅਤੇ ਤਸਕਰਾਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਘਿਰਣਾ ਪੈਦਾ ਕਰਨ। ਹਰ ਪੱਧਰ ‘ਤੇ ਸਿਆਸਤ ਨੂੰ ਭੁੱਲ ਕੇ ਸਮਾਜਿਕ ਕਾਰਕੁਨਾਂ, ਧਾਰਮਿਕ ਲੋਕਾਂ ਅਤੇ ਨਸ਼ਾ ਨਾ ਕਰਨ ਵਾਲੇ ਲੋਕਾਂ ਨੂੰ ਇਕੱਠਾ ਕਰਨ ਦੀ ਲੋੜ ਹੈ ਜੋ ਨਿਰੀਖਣ ਕਰਨ ਕਿ ਕਿਤੇ ਨਸ਼ਾ ਖ਼ਤਮ ਕਰਨ ਦੇ ਨਾਂ ‘ਤੇ ਬੇਗੁਨਾਹਾਂ ਨੂੰ ਤਾਂ ਸਜ਼ਾ ਨਹੀਂ ਦਿੱਤੀ ਜਾ ਰਹੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਨੂੰ ਸ਼ਰਾਬ ਮੁਕਤ ਪੰਜਾਬ ਬਣਾਉਣ ਲਈ ਕਦਮ ਪੁੱਟਣਾ ਹੋਵੇਗਾ। ਦਰਅਸਲ, ਸ਼ਰਾਬ ਨਾਲ ਸਰਕਾਰੀ ਖ਼ਜ਼ਾਨਾ ਭਰਿਆ ਜਾਂਦਾ ਹੈ। ਇਸ ਲਈ ਇਹ ਪ੍ਰਚਾਰ ਨਹੀਂ ਕੀਤਾ ਜਾਂਦਾ ਕਿ ਸ਼ਰਾਬ ਕਾਰਨ ਸੜਕ ਹਾਦਸੇ ਹੁੰਦੇ ਹਨ, ਪਰਿਵਾਰ ਉੱਜੜਦੇ ਹਨ। ਸ਼ਰਾਬ ਪੀਣ ਨਾਲ ઠਕੈਂਸਰ, ਜਿਗਰ ਅਤੇ ਟੀਬੀ ਆਦਿ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ। ਜ਼ਿਆਦਾਤਰ ਅਪਰਾਧੀ ਸ਼ਰਾਬੀ ਹੀ ਹੁੰਦੇ ਹਨ।
ਸਰਕਾਰ ਵੱਲੋਂ ਕਾਹਲੀ ਵਿੱਚ ਲਏ ਗਏ ਫ਼ੈਸਲਿਆਂ, ਪੁਲਿਸ ਦੀ ਸਖ਼ਤੀ ਅਤੇ ਸਖ਼ਤ ਸਜ਼ਾ ਨਾਲ ਨਸ਼ੇ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਰਿਸ਼ਵਤ ਅਤੇ ਪਰਿਵਾਰਵਾਦ ‘ਤੇ ਕਾਬੂ ਪਾਉਣਾ ਪਵੇਗਾ ਅਤੇ ਯੋਗ ਤੇ ਨਿਰਲੇਪ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪਣੀ ਪਵੇਗੀ। ਇਸ ਦੇ ਨਾਲ ਹੀ ਸਿੱਖਿਆ ਅਤੇ ਧਾਰਮਿਕ ਖੇਤਰ ਦੇ ਲੋਕਾਂ ਤੋਂ ਵੀ ਇਸ ਕੰਮ ਵਿੱਚ ਸਹਿਯੋਗ ਲੈਣਾ ਚਾਹੀਦਾ ਹੈ।
235 ਵਿਅਕਤੀਆਂ ਨੂੰ ਨਸ਼ਿਆਂ ਦੇ ਟੀਕੇ ਲਾਉਣ ਬਦਲੇ ਮਿਲੀ ਏਡਜ਼
ਤਰਨਤਾਰਨ : ਏਡਜ਼ ਦੀ ਬਿਮਾਰੀ ਨਸ਼ੇ ਦਾ ਸਰੂਰ ਲੈਣ ਲਈ ਆਪਣੀਆਂ ਨਸਾਂ ਵਿਚ ਟੀਕੇ ਲਾਉਣ ਵਾਲੇ 235 ਵਿਅਕਤੀਆਂ ਦੀ ਜ਼ਿੰਦਗੀ ‘ਤੇ ਭਾਰੀ ਪੈ ਰਹੀ ਹੈ। ਤ੍ਰਾਸਦੀ ਇਹ ਹੈ ਕਿ ਨਸ਼ੇ ਦੀ ਦਲਦਲ ਵਿਚ ਫਸੇ ਜ਼ਿਲ੍ਹਾ ਤਰਨਤਾਰਨ ‘ਚ ਹਰ ਸਾਲ ਇਹ ਬਿਮਾਰੀ ਵਧਦੀ ਜਾ ਰਹੀ ਹੈ। ਸਿਵਲ ਹਸਪਤਾਲ ਤਰਨਤਾਰਨ, ਪੱਟੀ ਤੇ ਝਬਾਲ ਵਿਚ ਨੈਸ਼ਨਲ ਏਡਜ਼ ਕੰਟਰੋਲ ਸੁਸਾਇਟੀ (ਨੈਕੋ), ਸਟੇਟ ਏਡਜ਼ ਕੰਟਰੋਲ ਸੁਸਾਇਟੀ (ਸੈਕੋ) ਵਲੋਂ ਓਐਸਟੀ ਕੇਂਦਰ 2013 ਵਿਚ ਖੋਲ੍ਹੇ ਗਏ ਸਨ। ਇਨ੍ਹਾਂ ਕੇਂਦਰਾਂ ਵਿਚ ਨਸ਼ੇੜੀਆਂ ਦੇ ਇਲਾਜ ਦੌਰਾਨ ਉਨ੍ਹਾਂ ਦੀ ਐਚਆਈਵੀ ਰਿਪੋਰਟ ਜ਼ਰੂਰੀ ਹੁੰਦੀ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਨਸ਼ੇ ਦਾ ਸ਼ਿਕਾਰ ਨੌਜਵਾਨਾਂ ਦਾ ਜਦੋਂ ਐਚਆਈਵੀ ਟੈਸਟ ਕੀਤਾ ਗਿਆ ਤਾਂ ਨਤੀਜੇ ਵਧੀਆ ਨਹੀਂ ਆਏ। ਪਹਿਲੇ ਸਾਲ 2013 ਵਿਚ ਨਸ਼ੇ ਦੇ ਟੀਕੇ ਲਾਉਣ ਵਾਲੇ 28 ਵਿਅਕਤੀ ਏਡਜ਼ ਗ੍ਰਸਤ ਪਾਏ ਗਏ। 2014 ਵਿਚ ਇਹ ਗਿਣਤੀ 33 ਤੱਕ ਪੁੱਜ ਗਈ। ਇਕ ਸਾਲ ਬਾਅਦ 2015 ਵਿਚ ਇਹ ਅੰਕੜਾ 40 ਤੱਕ ਪਹੁੰਚ ਗਿਆ। ਹਾਲਾਂਕਿ 2016 ਵਿਚ ਇਹ ਅੰਕੜਾ 36 ਰਿਹਾ। 2017 ਦੀ ਰਿਪੋਰਟ ਨੇ ਸਿਹਤ ਵਿਭਾਗ ਦੀ ਨੀਂਦ ਹੀ ਉਡਾ ਦਿੱਤੀ ਹੈ। ਨਸ਼ੇ ਦੇ ਟੀਕੇ ਲਾਉਣ ਵਾਲੇ ਕੁੱਲ 46 ਵਿਅਕਤੀ ਏਡਜ਼ ਪੀੜਤ ਪਾਏ ਗਏ ਜਦਕਿ 2018 ਵਿਚ ਤਾਂ ਪਹਿਲੀ ਜਨਵਰੀ ਤੋਂ ਲੈ ਕੇ 14 ਜੁਲਾਈ ਤੱਕ 52 ਵਿਅਕਤੀ ਏਡਜ਼ ਗ੍ਰਸਤ ਪਾਏ ਜਾ ਚੁੱਕੇ ਹਨ।
ਓਐਸਟੀ ਕੇਂਦਰਾਂ ਵਿਚ ਨਸ਼ੇ ਦਾ ਸ਼ਿਕਾਰ ਹੋਏ ਲੋਕਾਂ ਦੀ ਟੈਸਟ ਰਿਪੋਰਟ ਵਿਚ 18 ਅੱਲ੍ਹੜ ਅਜਿਹੇ ਸਾਹਮਣੇ ਆਏ ਹਨ ਜੋ ਨਸ਼ੇ ਦਾ ਟੀਕਾ ਲਾਉਣ ਕਾਰਨ ਏਡਜ਼ ਦਾ ਸ਼ਿਕਾਰ ਸਨ। ਇਨ੍ਹਾਂ ਅੱਲੜ੍ਹਾਂ ਦੀ ਉਮਰ 14 ਤੋਂ 18 ਸਾਲ ਹੈ। ਵਿਧਾਨ ਸਭਾ ਹਲਕਾ ਪੱਟੀ, ਖੇਮਕਰਨ ਨਾਲ ਸਬੰਧਤ ਪਿੰਡਾਂ ਦੇ ਜ਼ਿਆਦਾ ਲੋਕ ਨਸ਼ੇ ਦੇ ਟੀਕੇ ਦੌਰਾਨ ਏਡਜ਼ ਦਾ ਸ਼ਿਕਾਰ ਪਾਏ ਗਏ ਹਨ।
ਏਡਜ਼ ਰੋਗੀਆਂ ਦੀ ਹੁੰਦੀ ਹੈ ਕੌਂਸਲਿੰਗ : ਡਾ. ਰਾਣਾ :ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਰਾਣਾ ਰਣਬੀਰ ਸਿੰਘ ਕਹਿੰਦੇ ਹਨ ਕਿ ਜ਼ਿਲ੍ਹੇ ਦੇ ਤਿੰਨਾਂ ਓਐਸਟੀ ਕੇਂਦਰਾਂ ਵਿਚ ਨਸ਼ੇ ਦੇ ਟੀਕੇ ਵਰਤਣ ਵਾਲੇ 235 ਵਿਅਕਤੀ ਏਡਜ਼ ਤੋਂ ਗ੍ਰਸਤ ਪਾਏ ਗਏ। ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ। ਨਸ਼ੇੜੀ ਇਕ ਹੀ ਸੂਈ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਏਡਜ਼ ਫੈਲਦੀ ਹੈ। ਏਡਜ਼ ਗ੍ਰਸਤ ਨੌਜਵਾਨਾਂ ਦੀ ਕੌਂਸਲਿੰਗ ਜ਼ਰੀਏ ਉਨ੍ਹਾਂ ਨੂੰ ਭਵਿੱਖ ਵਿਚ ਬਚਾਅ ਰੱਖਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਏਡਜ਼ ਦਾ ਮੁਫ਼ਤ ਇਲਾਜ: ਸਿਹਤ ਮੰਤਰੀ
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਏਡਜ਼ ਪੀੜਤਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ੇੜੀ ਇਕੋ ਸਰਿੰਜ ਨੂੰ ਵਾਰ-ਵਾਰ ਵਰਤਦੇ ਹਨ ਤੇ ਇਸ ਕਰਕੇ ਏਡਜ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਏਡਜ਼ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
‘ਚਿੱਟੇ’ ਦੇ ਟੀਕੇ ਨੇ ਡੰਗੇ ਨਾਬਾਲਗ ਤੇ ਔਰਤਾਂ
ਲੁਧਿਆਣਾ : ‘ਚਿੱਟੇ’ ਦੇ ਟੀਕੇ ਨੇ ਸਿਰਫ ਸੂਬੇ ਦੀ ਜਵਾਨੀ ਹੀ ਨਹੀਂ ਨਿਗਲੀ, ਸਗੋਂ ਨਾਬਾਲਗਾਂ ਤੇ ਔਰਤਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਲੁਧਿਆਣਾ ਵਿਚ ਚਿੱਟੇ ਦੇ ਟੀਕੇ ਤੇ ਮੈਡੀਕਲ ਨਸ਼ੇ ਦੇ ਟੀਕੇ ਲਾਉਣ ਵਾਲੇ ਨਾਬਾਲਗਾਂ ਤੇ ਔਰਤਾਂ ਦੀ ਗਿਣਤੀ ਪਿਛਲੇ ਕੁਝ ਸਲਾਂ ਤੋਂ ਲਗਾਤਾਰ ਵਧ ਰਹੀ ਹੈ।
ਇੱਥੋਂ ਸਿਵਲ ਹਸਪਤਾਲ ਦੇ ਓਐਸਟੀ ਸੈਂਟਰ ਵਿਚ ਕਰੀਬ 20 ਤੋਂ 25 ਔਰਤਾਂ ਤੇ 15 ਨਾਬਾਲਗ ਆਪਣਾ ਇਲਾਜ ਕਰਵਾ ਰਹੇ ਹਨ। ਇਨ੍ਹਾਂ ਨਾਬਾਲਗਾਂ ਵਿਚ 3 ਅਜਿਹੇ ਹਨ ਜੋ ਹੁਣ ਤੱਕ ਟੀਕੇ ਦੀ ਸਰਿੰਜ ਕਾਰਨ ਐਚਆਈਵੀ ਪੀੜਤ ਹੋ ਚੁੱਕੇ ਹਨ। ਔਰਤਾਂ ਵੀ ਹੈਪੇਟਾਈਟਸ ਸੀ ਦੀਆਂ ਮਰੀਜ਼ ਬਣ ਚੁੱਕੀਆਂ ਹਨ। ਜਿਨ੍ਹਾਂ ਦੀ ਗਿਣਤੀ ਵਿਚ ਪਿਛਲੇ ਤਿੰਨ,-ਚਾਰ ਸਾਲਾਂ ਤੋਂ ਵਾਧਾ ਹੋ ਰਿਹਾ ਹੈ।
ਓਐਸਟੀ ਸੈਂਟਰ ਵਿਚ 15 ਤੋਂ 16 ਸਾਲਾਂ ਦੀ ਉਮਰ ਦੇ ਕਈ ਲੜਕੇ ਹਨ, ਜੋ ਪਿਛਲੇ ਚਾਰ-ਪੰਜ ਸਾਲਾਂ ਤੋਂ ਨਸ਼ੇ ਕਰ ਰਹੇ ਹਨ। ਇਨ੍ਹਾਂ ਵਿਚ ਕਈ ਅਜਿਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾਵਾਂ ਜਾਂ ਘਰ ਦੇ ਹੋਰ ਮੈਂਬਰਾਂ ਤੋਂ ਹੀ ਚਿੱਟੇ ਦੀ ਲਤ ਲੱਗ ਗਈ ਹੈ।
ਓਐਸਟੀ ਸੈਂਟਰ ਦੇ ਇੰਚਾਰਜ ਡਾ. ਐਸ ਐਸ ਧੀਰ ਦਾ ਕਹਿਣਾ ਹੈ ਕਿ ਇਹ ਬਹੁਤੇ ਉਹ ਨਾਬਾਲਗ ਹਨ ਜੋ ਪਹਿਲਾਂ ਚਿੱਟੇ ਦਾ ਟੀਕਾ ਲਾਉਂਦੇ ਸਨ, ਫਿਰ ਆਪਣੇ ਦੋਸਤਾਂ ਦੀ ਜੁੰਡਲੀ ਵਿਚ ਮੈਡੀਕਲ ਨਸ਼ੇ ਦੇ ਟੀਕੇ ਲਾਉਣ ਲੱਗੇ। ਇਨ੍ਹਾਂ ਵਿਚੋਂ ਤਿੰਨ-ਚਾਰ ਐਚਆਈਵੀ ਤੋਂ ਪੀੜਤ ਹਨ।
ਓਐਸਟੀ ਸੈਂਟਰ ਵਿਚ ਦਾਖਲ ਇਕ ਨਾਬਾਲਗ ਨੇ ਦੱਸਿਆ ਕਿ ਉਹ ਚਾਹ ਦੀ ਦੁਕਾਨ ‘ਤੇ ਕੰਮ ਕਰਦਾ ਸੀ, ਜਿੱਥੇ ਕਿ ਸ਼ਾਮ ਨੂੰ ਚਾਹ ਪੀਣ ਲਈ ਕੁਝ ਨੌਜਵਾਨ ਆਉਂਦੇ ਸਨ, ਉਹ ਆ ਕੇ ਚਿੱਟੇ ਦਾ ਟੀਕਾ ਲਾਉਂਦੇ ਸਨ। ਉਹ ਉਨ੍ਹਾਂ ਨੂੰ ਜਦੋਂ ਵੀ ਚਾਹ ਦੇਣ ਜਾਂਣਾ ਸੀ, ਉਹ ਉਸ ਨੂੰ ਕਹਿੰਦੇ ਸਨ ਕਿ ਟੀਕਾ ਲਾ ਕੇ ਵੇਖ ਫਿਰ ਕੁਝ ਨਿਾਂ ਬਾਅਦ ਉਹ ਉਨ੍ਹਾਂ ਕੋਲੋਂ ਟੀਕਾ ਲੈ ਕੇ ਆਉਣ ਲੱਗ ਗਿਆ, ਜਿਸ ਮਗਰੋਂ ਅਜਿਹੀ ਲੱਤ ਲੱਗੀ ਕਿ ਨਸ਼ਿਆਂ ਤੋਂ ਬਾਹਰ ਨਹੀਂ ਆ ਸਕਿਆ। ਇਕ ਨਾਬਾਲਗ ਦਾ ਕਹਿਣਾ ਹੈ ਕਿ ਲੁਧਿਆਣਾ ਨੇੜੇ ਪਿੰਡ ਵਿਚ ਉਸਦੀ ਆਪਣੇ ਤੋਂ ਵੱਧ ਉਮਰ ਦੇ ਨੌਜਵਾਨਾਂ ਨਾਲ ਦੋਸਤੀ ਪੈ ਗਈ ਸੀ ਤੇ ਉਨ੍ਹਾਂ ਨਾਲ ਟੀਕੇ ਲਾਉਣ ਲੱਗ ਪਿਆ। ਇਸ ਦੌਰਾਨ ਓਐਸਟੀ ਸੈਂਟਰ ਦੇ ਇਾੰਰਜ ਦਾ ਕਹਿਣਾ ਹੈ ਕਿ ਸੈਂਟਰ ਵਿਚ ਉਨ੍ਹਾਂ ਔਰਤਾਂ ਦੀ ਗਿਣਤੀ ਵਧ ਹੈ, ਜਿਨ੍ਹਾਂ ਦੇ ਪਤੀ ਜਾਂ ਹੋਰ ਸਾਥੀ ਨਸ਼ਿਆਂ ਦਾ ਆਦੀ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਆਰਕੈਸਟਰਾਂ ਵਾਲੀਆਂ ਲੜਕੀਆਂ ਨਸ਼ਿਆਂ ਵਿਚ ਫਸੀਆਂ ਹੋਈਆਂ ਹਨ।

Check Also

ਗੁਰਦੁਆਰਾ ਸੰਸਥਾ ਕਿੰਜ ਬਣੇ ਸਿੱਖ ਸਮਾਜ ਦੇ ਬਹੁਪੱਖੀ ਜੀਵਨ ਦਾ ਚਾਨਣ ਮੁਨਾਰਾ?

ਤਲਵਿੰਦਰ ਸਿੰਘ ਬੁੱਟਰ ਪੰਜਾਬ ‘ਚ ਲਗਭਗ 13 ਹਜ਼ਾਰ ਪਿੰਡ ਹਨ ਅਤੇ ਹਰ ਪਿੰਡ ਵਿਚ ਔਸਤਨ …