Breaking News
Home / ਜੀ.ਟੀ.ਏ. ਨਿਊਜ਼ / ਪੈਟਰਿਕ ਬਰਾਊਨ ਫਿਰ ਮੈਦਾਨ ‘ਚ ਨਿੱਤਰੇ, ਪੀਲ ਰੀਜਨ ਚੇਅਰ ਦੀ ਲੜਨਗੇ ਚੋਣ

ਪੈਟਰਿਕ ਬਰਾਊਨ ਫਿਰ ਮੈਦਾਨ ‘ਚ ਨਿੱਤਰੇ, ਪੀਲ ਰੀਜਨ ਚੇਅਰ ਦੀ ਲੜਨਗੇ ਚੋਣ

ਬਰੈਂਪਟਨ/ਬਿਊਰੋ ਨਿਊਜ਼ : ਪੈਟਰਿਕ ਬਰਾਊਨ ਇਕ ਵਾਰ ਫਿਰ ਸਰਗਰਮ ਸਿਆਸਤ ਵਿਚ ਵਾਪਸ ਪਰਤਦੇ ਨਜ਼ਰ ਆ ਰਹੇ ਹਨ। ਇਸੇ ਵਰ੍ਹੇ ਦੇ ਪਹਿਲੇ ਮਹੀਨੇ ਵਿਚ ਪੈਦਾ ਹੋਏ ਵਿਵਾਦ ਦੇ ਚਲਦਿਆਂ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਛੱਡਣ ਵਾਲੇ ਪੈਟਰਿਕ ਬਰਾਊਨ ਫਿਰ ਮੈਦਾਨ ਵਿਚ ਨਿੱਤਰੇ ਹਨ। ਇਸ ਵਾਰ ਉਨ੍ਹਾਂ ਪੀਲ ਰੀਜਨ ਚੇਅਰ ਦੀ ਚੋਣ ਲੜਨ ਦਾ ਮਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਹ ਪੀਲ ਰੀਜਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਪੀਲ ਰੀਜਨ ਦੇ ਚੇਅਰ ਲਈ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ ਇਸ ਅਹੁਦੇ ਲਈ ਬਰੈਂਪਟਨ, ਮਿਸੀਸਾਗਾ ਅਤੇ ਕੈਲੀਡਾਨ ਦੇ ਚੁਣੇ ਹੋਏ ਮਿਉਂਸੀਪਲ ਕਾਊਂਸਲਰ/ਰੀਜਨਲ ਕਾਊਂਸਲਰ ਨਾਮਜ਼ਦ ਕਰਦੇ ਹੁੰਦੇ ਸਨ। ਪੈਟਰਿਕ ਬਰਾਊਨ ਉੱਤੇ ਦੋ ਔਰਤਾਂ ਨੇ ਸੈਕਸੁਅਲ ਸੋਸ਼ਣ ਦੇ ਦੋਸ਼ ਲਾਏ ਸਨ ਜਿਹਨਾਂ ਦਾ ਉਸਨੇ ਖੰਡਨ ਕੀਤਾ ਸੀ ਪਰ ਉੱਠੇ ਵਿਵਾਦ ਕਾਰਨ ਅਸਤੀਫਾ ਦਿੱਤਾ ਸੀ।
ਪੈਟਰਿਕ ਬਰਾਊਨ ਦੇ ਅਸਤੀਫਾ ਦੇਣ ਤੋਂ ਬਾਅਦ ਵਰਤਮਾਨ ਪ੍ਰੀਮੀਅਰ ਡੱਗ ਫੋਰਡ ਕੰਸਰਵੇਟਿਵ ਪਾਰਟੀ ਦਾ ਲੀਡਰ ਚੁਣਿਆ ਗਿਆ ਸੀ। ਚੋਣ ਮੁਹਿੰਮ ਦੌਰਾਨ ਡੱਗ ਫੋਰਡ ਨੇ ਪੈਟਰਿਕ ਬਰਾਊਨ ਉੱਤੇ ਕਈ ਕਿਸਮ ਦੇ ਦੋਸ਼ ਲਾਏ ਸਨ। ਪੈਟਰਿਕ ਬਰਾਊਨ ਨੇ ਇਕ ਚੈਨਲ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਕੀਤਾ ਹੋਇਆ ਹੈ। ਪੈਟਰਿਕ ਬਰਾਊਨ ਨੇ ਖੁਦ ਨਾਲ ਹੋਏ ਧੱਕੇ ਨੂੰ ਮੁੱਖ ਰੱਖਦੇ ਹੋਏ ਆਪਣਾ ਪੱਖ ਸਪੱਸ਼ਟ ਕਰਨ ਲਈ ‘ਟੇਕ ਡਾਊਨ’ ਨਾਮਕ ਇੱਕ ਕਿਤਾਬ ਵੀ ਰੀਲੀਜ਼ ਕਰਨ ਜਾ ਰਿਹਾ ਹੈ। ਇਸ ਕਿਤਾਬ ਵਿੱਚ ਉਸਨੇ ਆਪਣੇ ਸਿਆਸੀ ਕੈਰੀਅਰ ਦੇ ਹੋਏ ਨੁਕਸਾਨ ਨੂੰ ‘ਸਿਆਸੀ ਕਤਲ’ ਦਾ ਨਾਮ ਦਿੱਤਾ ਹੈ।
ਪੀਲ ਰੀਜਨ ਦੇ ਚੇਅਰ ਲਈ ਚੋਣ ਪੱਤਰ ਦਾਖ਼ਲ ਕਰਨ ਵਾਲਿਆਂ ਵਿੱਚ ਮਿਸੀਸਾਗਾ ਤੋਂ ਕਾਊਂਸਲਰ ਰੌਨ ਸਟਾਰ, ਮਸੂਦ ਖਾਨ, ਅਮੀਰ ਅਲੀ, ਕੈਨ ਲੂਈ, ਵਿੱਦਿਆ ਸਾਗਰ ਗੌਤਮ, ਮਾਰਸਿਨ ਹੁਨੀਵਿਜ਼ ਦੇ ਨਾਮ ਸ਼ਾਮਲ ਹਨ। ਕੁੱਝ ਦਿਨ ਪਹਿਲਾਂ ਹਰਿੰਦਰ ਤੱਖੜ ਨੇ ਵੀ ਉਮੀਦਵਾਰੀ ਲਈ ਕਾਗਜ਼ ਦਾਖ਼ਲ ਕਰਨ ਦੀ ਗੱਲ ਕੀਤੀ ਸੀ।

Check Also

ਹੁਣ ਬੱਸਾਂ ‘ਚ ਵੀ ਹਰ ਸਵਾਰੀ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ

ਟੋਰਾਂਟੋ : ਟਰਾਂਸਪੋਰਟ ਕੈਨੇਡਾ ਨੇ 2020 ਤੱਕ ਸਾਰੇ ਨਵੇਂ ਬਣੇ ਹਾਈਵੇ ‘ਤੇ ਬੱਸਾਂ ਵਿਚ ਸੀਟ …