Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਪੀਟਰਬਰੋ ਦਾ ਮਨੋਰੰਜਕ ਟਰਿੱਪ

ਰੈੱਡ ਵਿੱਲੋ ਕਲੱਬ ਮੈਂਬਰਾਂ ਵਲੋਂ ਪੀਟਰਬਰੋ ਦਾ ਮਨੋਰੰਜਕ ਟਰਿੱਪ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋ 17 ਜੂਨ 2018 ਨੂੰ ਪੀਟਰਬਰੋਅ ਦੇ ਟਰਿੱਪ ਦਾ ਆਯੋਜਨ ਕੀਤਾ ਗਿਆ। ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਵਲੋਂ ਰੈੱਡ ਵਿੱਲੋਂ ਪਾਰਕ ਬਰੈਂਪਟਨ ਤੋਂ ਦੋ ਬੱਸਾਂ ਨੂੰ ਪੀਟਰਬਰੋਅ ਦੇ ਟੂਰ ਲਈ ਵਿਦਾ ਕੀਤਾ ਗਿਆ। ਇਹਨਾਂ ਬੱਸਾਂ ਵਿੱਚ ਸਵਾਰ ਹੋ ਕੇ ਲੱਗਪੱਗ 100 ਦੇ ਕਰੀਬ ਮੈਂਬਰ 170 ਕਿਲੋਮੀਟਰ ਦਾ ਸਫਰ ਕਰਕੇ 9:30 ਵਜੇ ਪੀਟਰਬਰੋਅ ਪਹੁੰਚ ਗਏ। ਹਾਈਡਰੋਲਿਕ ਲਿਫਟ ਤੱਕ ਫੈਰੀ ਚੱਲਣ ਦਾ ਸਮਾਂ 10:30 ਸੀ । ਕਲੱਬ ਮੈਂਬਰ ਝੀਲ ਦੇ ਕਿਨਾਰੇ ਬਹੁਤ ਹੀ ਦਿਲਕਸ਼ ਅਤੇ ਸੁਹਾਵਣੇ ਪਾਰਕ ਵਿੱਚ ਬੈਠ ਕੇ ਚਾਹ ਪਾਣੀ ਪੀ ਕੇ ਤਰੋਤਾਜਾ ਹੋ ਗਏ। ਡਬਲ ਡੈੱਕਰ (ਦੋ ਛੱਤੀ) ਫੈਰੀ ਵਿੱਚ ਔਰਤਾਂ ਨੇ ਹੇਠਲੀ ਮੰਜਿਲ ਮੱਲ ਲਈ ਤੇ ਰਵਾਨਾ ਹੋਣ ਸਾਰ ਹੀ ਆਪਣਾ ਪਸੰਦੀਦਾ ਗਿੱਧਾ ਅਤੇ ਸਭਿੱਆਚਾਰਕ ਬੋਲੀਆਂ ਪਾਕੇ ਖੂਬ ਮਨੋਰੰਜਨ ਕੀਤਾ। ਫੈਰੀ ਝੀਲ ਵਿੱਚੋਂ ਹੁੰਦੀ ਹੋਈ ਕੈਨਾਲ ਰਾਹੀਂ ਆਪਣੀ ਮੰਜਲ ਵੱਲ ਤੁਰ ਪਈ। ਨਹਿਰ ਉਪਰੋਂ ਟਰੈਫਿਕ ਲੰਘਣ ਲਈ ਪੁਲਾਂ ਕੋਲੋਂ ਲੰਘਦੇ ਸਮੇਂ ਫੈਰੀ ਦੇ ਲੰਘਣ ਲਈ ਪੁਲਾਂ ਦਾ ਹਟਾਇਆ ਜਾਣਾ ਬਹੁਤਿਆਂ ਲਈ ਨਵੀਂ ਅਤੇ ਅਨੋਖੀ ਗੱਲ ਸੀ। ਅਖੀਰ ਫੈਰੀ ਅੰਤਿਮ ਪੜਾਅ ਤੇ 65 ਫੁੱਟ ਉੱਚੇ ਹਾਈਡਰੌਲਿਕ ਲੌਕ ਤੇ ਪਹੁੰਚ ਗਈ। ਇਹ 65 ਫੁੱਟ ਉੱਚਾ ਹਾਈਡਰੌਲਿਕ ਲੌਕ ਟੈਂਟ ਕੈਨਾਲ ਦੇ ਸੁਪਡੈਂਟ ਰਿੱਚਰਡ ਰੌਜਰ ਨੇ 1896 ਵਿੱਚ ਬਣਵਾਇਆ ਸੀ। ਇਸ ਮੰਤਵ ਲਈ ਉਸ ਨੇ ਫਰਾਂਸ, ਇੰਗਲੈਂਡ ਅਤੇ ਬੈਲਜੀਅਮ ਦਾ ਦੌਰਾ ਕਰ ਕੇ ਇਸ ਸਿਸਟਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਸ ਤੋਂ ਪਹਿਲਾਂ ਹਾਈਡਰੌਲਿਕ ਸਿਸਟਮ ਦੁਆਰਾ 12 ਫੁੱਟ ਤੱਕ ਹੀ ਕਿਸੇ ਫੈਰੀ ਆਦਿ ਨੂੰ ਚੁੱਕਿਆ ਜਾ ਸਕਦਾ ਸੀ। ਇਹ ਲਿਫਟ ਲੌਕ ਦੁਨੀਆਂ ਭਰ ਵਿੱਚ ਅੱਜ ਤੱਕ ਬਣੇ ਸਾਰੇ ਲਿਫਟ ਲੌਕਾਂ ਤੋਂ ਉੱਚਾ ਹੈ। ਇਸ ਲਿਫਟ ਲੌਕ ਨੂੰ ਦੇਖਕੇ ਮੈਂਬਰਾਂ ਨੇ ਬਹੁਤ ਖੁਸ਼ੀ ਪਰਾਪਤ ਕਰਦਿਆਂ ਅਚੰਭੇ ਦਾ ਪਰਗਟਾਵਾ ਕੀਤਾ।
ਦੋ ਘੰਟੇ ਦੇ ਫੈਰੀ ਟਰਿੱਪ ਤੋਂ ਬਾਦ ਇੱਥੋਂ ਥੋੜੀ ਦੂਰ ਚਿੜੀਆ ਘਰ ਦੇ ਬਾਹਰ ਬਣੇ ਖੂਬਸੂਰਤ ਪਾਰਕ ਵਿੱਚ ਕਲੱਬ ਦੀਆਂ ਲੇਡੀ ਮੈਂਬਰਜ਼ ਮਹਿੰਦਰ ਪੱਡਾ, ਚਰਨਜੀਤ ਕੌਰ ਰਾਏ, ਬੇਅੰਤ ਕੌਰ, ਹਰਬਖਸ਼ ਕੌਰ , ਪਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੁਆਰਾ ਆਪਣੀਆਂ ਹੋਰ ਸਾਥਣਾਂ ਦੀ ਮੱਦਦ ਨਾਲ ਤਿਆਰ ਕੀਤਾ ਬਹੁਤ ਹੀ ਸੁਆਦਲਾ ਲੰਗਰ ਸਾਰੇ ਮੈਂਬਰਾਂ ਨੂੰ ਵਰਤਾਇਆ ਗਿਆ ਜਿਸ ਦੀ ਸਭ ਨੇ ਖੂਬ ਸਰਾਹਣਾ ਕੀਤੀ।
ਇਸ ਟਰਿੱਪ ਨੂੰ ਕਾਮਯਾਬ ਕਰਨ ਲਈ ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਬਲਵੰਤ ਕਲੇਰ, ਮਾਸਟਰ ਕੁਲਵੰਤ, ਬਲਜੀਤ ਸੇਖੌਂ , ਬਲਜੀਤ ਗਰੇਵਾਲ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਵਾਪਸੀ ਤੇ ਰਾਸਤੇ ਵਿੱਚ ਮੈਂਬਰਾਂ ਨੇ ਪਰਬੰਧਕਾਂ ਨੂੰ ਅਜਿਹੇ ਹੋਰ ਟਰਿੱਪਾਂ ਦਾ ਪਰਬੰਧ ਕਰਨ ਲਈ ਬੇਨਤੀ ਕੀਤੀ ਜਿਸ ਤੇ ਪਰਮਜੀਤ ਬੜਿੰਗ ਨੇ ਪਰਤੀਕਰਮ ਕਰਦਿਆਂ ਕਲੱਬ ਵਲੋਂ ਭਰੋਸਾ ਦਿੱਤਾ ਕਿ ਮੈਂਬਰਾਂ ਦੀ ਇੱਛਾ ਮੁਤਾਬਕ ਉਹਨਾਂ ਦੀ ਸਲਾਹ ਨਾਲ ਅਜਿਹੇ ਹੋਰ ਟੂਰਾਂ ਦਾ ਲਗਾਤਾਰ ਪਰਬੰਧ ਕੀਤਾ ਜਾਵੇਗਾ। ਰਾਹ ਵਿੱਚ ਹਾਸਾ ਠੱਠਾ ਕਰਦੇ ਹੋਏ ਕਲੱਬ ਮੈਂਬਰ ਦਿਲ ਵਿੱਚ ਇਸ ਟਰਿੱਪ ਦੀਆਂ ਯਾਂਦਾ ਸਮੇਟ ਕੇ ਖੁਸ਼ੀ ਖੁਸ਼ੀ ਘਰਾਂ ਨੂੰ ਪਰਤ ਗਏ।

Check Also

ਕੈਨੇਡਾ ਵਾਸੀਆਂ ਦੀ ਸੁਰੱਖ਼ਿਆ ਨਾਲ ਖੇਡ ਰਹੇ ਹਨ ਕੰਸਰਵੇਟਿਵ : ਰੂਬੀ ਸਹੋਤਾ

ਬਰੈਂਪਟਨ : ਲਿਬਰਲ ਐਮਪੀ ਰੂਬੀ ਸਹੋਤਾ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਦੇ ਸੈਨੇਟਰ ਮਾਰੂ-ਹਥਿਆਰਾਂ ਦੀ …