Breaking News
Home / Special Story / ਪਹਿਲੇ ਖ਼ਾਲਸਾ ਰਾਜ ਦਾ ਬਾਨੀ

ਪਹਿਲੇ ਖ਼ਾਲਸਾ ਰਾਜ ਦਾ ਬਾਨੀ

ਬਾਬਾ ਬੰਦਾ ਸਿੰਘ ਬਹਾਦਰ
ਇੰਜ. ਗੁਰਪ੍ਰੀਤ ਸਿੰਘ ਤਲਵੰਡੀ
ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ઠਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦੇਵ ਸੀ। ਰਾਜਪੂਤ ਹੋਣ ਕਾਰਨ ਲਛਮਣ ਦੇਵ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸ ਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦੇਵ ਦੇ ਸਾਹਮਣੇ ਹੀ ਦਮ ਤੋੜ ਗਏ। ਇਸ ਘਟਨਾ ਤੋਂ ਬਾਅਦ ਉਹ ਘਰ ਤਿਆਗ ਕੇ ਕੁੱਝ ਸਾਧੂਆਂ ਦੇ ਟੋਲੇ ਵਿੱਚ ਸ਼ਾਮਲ ਗਿਆ ਅਤੇ ਤੀਰਥ ਯਾਤਰਾਵਾਂ ਵੱਲ ਤੁਰ ਪਿਆ। ਘੁੰਮਦੇ ਘੁਮਾਉਂਦੇ ਨਾਸਿਕ ਵਿੱਚ ਔਘੜ ਨਾਥ ਨਾਂ ਦੇ ਤਾਂਤਰਿਕ ਨਾਲ ਮੇਲ ਹੋਇਆ। ਕੁੱਝ ਸਮਾਂ ਤੰਤਰ ਵਿੱਦਿਆ ਵਿੱਚ ਨਿਪੁੰਨ ਹੋ ਕੇ ਲਛਮਣ ਦੇਵ ਨੇ ਆਪਣਾ ਵੱਖਰਾ ਡੇਰਾ ਗੋਦਾਵਰੀ ਨਦੀ ਦੇ ਕੰਢੇ ਬਣਾ ਲਿਆ। ਲਛਮਣ ਦੇਵ ਦਾ ਦੂਸਰਾ ਨਾਮ ਮਾਧੋ ਦਾਸ ਵੀ ਆਮ ਲੋਕਾਂ ਵਿੱਚ ਪ੍ਰਚੱਲਿਤ ਸੀ। ਇਤਿਹਾਸ ਦੇ ਵਰਕੇ ਫਰੋਲੀਏ ਤਾਂ ਇਹ ਵੀ ਪਤਾ ਲਗਦਾ ਹੈ ਕਿ ਮਾਧੋ ਦਾਸ ਆਪਣਾ ਬਾਣਾ ਤਿਆਗ ਕੇ ਕੁੱਝ ਸਮਾਂ ਮਰਾਠਾ ਸੈਨਾ ਵਿੱਚ ਆਪਣੇ ਜੰਗੀ ਕਰਤੱਵ ਦਿਖਾ ਚੁੱਕਾ ਸੀ। ਜੰਗਾਂ ਯੁੱਧਾਂ ਵਿੱਚ ਹੁੰਦੀ ਕਤਲੋ-ਗਾਰਤ ਤੋਂ ਦੁਖੀ ਹੋ ਕੇ ਉਸ ਨੇ ਮੁੜ ਬੈਰਾਗੀ ਰੂਪ ਧਾਰਨ ਕਰ ਲਿਆ ਸੀ। ਉਸ ਦੇ ਨਾਂ ਦੀ ਚਰਚਾ ਸੁਣ ਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਮਾਧੋ ਦਾਸ ਨਾਲ ਹੋਈ ਮੁਲਾਕਾਤ ਅਤੇ ਉਸ ਤੋਂ ਬਾਅਦ ਵਾਪਰੇ ਘਟਨਾ-ਕ੍ਰਮ ਨੇ ਸਮੁੱਚੇ ਦੇਸ਼ ਦੇ ਇਤਿਹਾਸ ਵਿੱਚ ਇੱਕ ਐਸਾ ਸੁਨਹਿਰਾ ਪੰਨਾ ਜੋੜ ਦਿੱਤਾ, ਜਿਸ ਦੀ ਮਿਸਾਲ ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਮਿਲਣੀ ਮੁਸ਼ਕਲ ਹੈ। ਸੰਨ 1704 ਈ: ਨੂੰ ਉਸ ਵੇਲੇ ਦੇ ਸਰਹੰਦ ਦੇ ਜ਼ਾਲਮ ਮੁਗਲ ਸੂਬੇਦਾਰ ਵਜ਼ੀਰ ਖਾਂ ਦੁਆਰਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ (9) ਅਤੇ ਬਾਬਾ ਫ਼ਤਹਿ ਸਿੰਘ (7) ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਗੁਰੂ ਸਾਹਿਬ ਆਪਣੇ ਚਾਰਾਂ ਸਪੁੱਤਰਾਂ ਅਤੇ ਮਾਤਾ ਗੁਜਰੀ ਨੂੰ ਸਿੱਖੀ ਤੋਂ ਵਾਰ ਕੇ ਤਲਵੰਡੀ ਸਾਬੋ (ਬਠਿੰਡਾ) ਦੀ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾ ਕੇ ਦੱਖਣ ਵੱਲ ਨੂੰ ਚੱਲ ਪਏ। ਦੱਖਣ ਵਿੱਚ ਮਹਾਰਾਸ਼ਟਰ ਰਾਜ ਦੇ ਨੰਦੇੜ ਵਿੱਚ ਗੋਦਾਵਰੀ ਨਦੀ ਦੇ ਕੰਢੇ ਗੁਰੂ ਸਾਹਿਬ ਦਾ ਬੈਰਾਗੀ ਸਾਧੂ ਮਾਧੋ ਦਾਸ ਨਾਲ ਮੇਲ ਹੋਇਆ। ਇਸੇ ਡੇਰੇ ਵਿੱਚ ਹੀ ਗੁਰੂ ਜੀ ਨੇ ਉਸ ਨੂੰ ਪੰਜਾਬ ਵਿਚ ਜ਼ਾਲਮ ਮੁਗਲ ਸਾਮਰਾਜ ਦੁਆਰਾ ਆਮ ਗਰੀਬ ਮਜ਼ਲੂਮ ਲੋਕਾਂ ‘ਤੇ ਢਾਹੇ ਜਾ ਰਹੇ ਅੱਤਿਆਚਾਰਾਂ ਦੇ ਮੁਕੰਮਲ ਖਾਤਮੇ ਲਈ ਤਿਆਰ ਕੀਤਾ। ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਨਾਮ ਰੱਖਿਆ, ਜੋ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਦੇ ਨਾਲ ਬਾਬਾ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਰਣ ਸਿੰਘ ਅਤੇ ਭਾਈ ਦਇਆ ਸਿੰਘ ਤੋਂ ਇਲਾਵਾ ਪੰਜ ਤੀਰਾਂ ਤੋਂ ਬਿਨਾ ਕਰੀਬ 20 ਕੁ ਸਿੰਘ ਅਤੇ ਸਿੱਖ ਸੰਗਤ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਮੁਗਲਾਂ ਨਾਲ ਲੋਹਾ ਲੈਣ ਲਈ ਹੁਕਮਨਾਮੇ ਦੇ ਕੇ ਸੰਨ 1708 ਨੂੰ ਪੰਜਾਬ ਵੱਲ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ 11 ਨਵੰਬਰ 1709 ਨੂੰ ਮੁਗਲ ਸਾਮਰਾਜ ਦੇ ਨਾਮੀਂ ਪਰਗਣੇ ਸਮਾਣਾ ਨੂੰ ਜਿੱਤਿਆ। ਇਸ ਤੋਂ ਬਿਨਾ ਸੋਨੀਪਤ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਬਨੂੜ ਅਤੇ ਪੀਰ ਬੁੱਧੂ ਸ਼ਾਹ ਦੇ ਜੱਦੀ ਕਸਬਾ ਸਢੌਰਾ ਨੂੰ ਮੁਗਲਾਂ ਦੇ ਕਬਜ਼ੇ ਤੋਂ ਅਜ਼ਾਦ ਕਰਵਾਇਆ। ਪੰਜਾਬ ਦੇ ਮਾਝਾ, ਮਾਲਵਾ ਦੇ ਸਿੰਘਾਂ ਨੂੰ ਹੁਕਮਨਾਮੇ ਭੇਜ ਕੇ ਸੰਗਠਿਤ ਕਰਕੇ ਸਰਹੰਦ ਨਾਲ ਟੱਕਰ ਲੈਣ ਦੀ ਵਿਉਂਤ ਬਣਾਈ। ਮਾਲਵੇ ਦੇ ਸਿੰਘਾਂ ਦੀ ਕਮਾਂਡ ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ ਅਤੇ ਆਲੀ ਸਿੰਘ ਨੂੰ ਸੰਭਾਲੀ। ਜਦਕਿ ਮਝੈਲ ਸਿੰਘਾਂ ਦੇ ਜੱਥੇ ਦੀ ਅਗਵਾਈ ਲਈ ਬਾਬਾ ਵਿਨੋਦ ਸਿੰਘ, ਭਾਈ ਬਾਜ ਸਿੰਘ, ਰਾਮ ਸਿੰਘ ਅਤੇ ਸ਼ਾਮ ਸਿੰਘ ਨੂੰ ਨਿਯੁਕਤ ਕੀਤਾ। ਸਰਹੰਦ ਦੇ ਹਾਕਮ ਵਜ਼ੀਰ ਖਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਵੱਧਦੀ ਤਾਕਤ ਦਾ ਅੰਦਾਜ਼ਾ ਲੱਗ ਚੁੱਕਾ ਸੀ। ਉਸ ਨੇ ਪੂਰੇ ਭਾਰਤ ਵਿੱਚੋਂ ਕੱਟੜ ਮੁਸਲਮਾਨ ਇਕੱਠੇ ਕਰਨ ਲਈ ਵੀ ਕੋਈ ਢਿੱਲ ਨਾ ਕੀਤੀ। ਸਿੰਘਾਂ ਦੇ ਬਨੂੜ ਵੱਲ ਵਧਣ ‘ਤੇ ਵਜ਼ੀਰ ਖਾਂ ਨੇ ਬਨੂੜ ਖਰੜ ਰੋਡ ਉੱਪਰ ਚੱਪੜ ਚਿੜੀ ਦੇ ਖੁੱਲੇ ਮੈਦਾਨ ਵਿੱਚ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਸਿੰਘਾਂ ਨਾਲ ਦੋ ਹੱਥ ਕਰਨ ਦੀ ਤਿਆਰੀ ਕਰ ਲਈ। ਸਰਹੰਦ ਤੋਂ 12 ਕੋਹ ਦੇ ਫਾਸਲੇ ‘ਤੇ ਚੱਪੜ ਚਿੜੀ ਦੇ ਮੈਦਾਨ ਵਿੱਚ 12 ਮਈ ਸੰਨ 1710 ਨੂੰ ਜ਼ਬਰਦਸਤ ਯੁੱਧ ਹੋਇਆ। ਪਹਿਲਾਂ ਤਾਂ ਭਾਵੇਂ ਮੁਗਲ ਫੌਜਾਂ ਸਿੰਘਾਂ ‘ਤੇ ਭਾਰੂ ਪੈ ਰਹੀਆਂ ਸਨ, ਪਰ ਅਜਿਹੀ ਸਥਿਤੀ ਸੰਬੰਧੀ ਭਾਈ ਬਾਜ ਸਿੰਘ ਦੁਆਰਾ ਬਾਬਾ ਬੰਦਾ ਸਿੰਘ ਨੂੰ ਤੁਰੰਤ ਜਾਣੂ ਕਰਵਾਉਣ ‘ਤੇ ਉਹ ਖੁਦ ਜੰਗ ਵਿੱਚ ਕੁੱਦ ਪਏ। ਉਨ੍ਹਾਂ ਦੇ ਜੰਗ ਵਿੱਚ ਆਉਣ ਨਾਲ ਸਿੰਘਾਂ ਦੇ ਹੌਂਸਲੇ ਵੱਧ ਗਏ। ਇਸ ਜੰਗ ਦੌਰਾਨ ਸਿੰਘਾਂ ਨਾਲੋਂ ਕਈ ਗੁਣਾ ਜ਼ਿਆਦਾ ਨਫਰੀ ਵਾਲੀਆਂ ਮੁਗਲ ਫੌਜਾਂ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ। ਜੰਗ ਦੌਰਾਨ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਅੰਤ 14 ਮਈ ਸੰਨ 1710 ਨੂੰ ਸਿੱਖ ਫੌਜਾਂ ਸਰਹੰਦ ਵਿੱਚ ਦਾਖਲ ਹੋਈਆਂ। ਸਿੰਘਾਂ ਵੱਲੋਂ ਸਾਰੇ ਸ਼ਹਿਰ ਨੂੰ ਖੰਡਰ ਦੇ ਰੂਪ ਵਿੱਚ ਤਬਦੀਲ ਕਰਕੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਗਿਆ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਬਣਾਇਆ। ਸਰਹੰਦ ਸਮੇਤ ਹੋਰ ਵੱਡੇ ਮੁਗਲ ਪਰਗਨਿਆਂ ਨੂੰ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਾਲੀਆਂ ਸਿੱਖ ਫੌਜਾਂ ਨੇ ਸੁਰੱਖਿਆ ਪੱਖ ਤੋਂ ਬੜੀ ਹੀ ਵਧੀਆ ਜਗ੍ਹਾ ‘ਤੇ ਮੁਖਲਿਸ ਖਾਨ ਦੁਆਰਾ ਬਣਾਇਆ ਕਿਲ੍ਹਾ ਮੁਖਲਿਸਗੜ੍ਹ ਆਪਣੇ ਕਬਜ਼ੇ ਵਿਚ ਕਰਕੇ ਇਸ ਦਾ ਨਾਮ ਕਿਲ੍ਹਾ ਲੋਹਗੜ੍ਹ ਰੱਖਿਆ ਅਤੇ ਇਸ ਨੂੰ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਬਣਾਇਆ। ਉਸ ਦੁਆਰਾ ਖਾਲਸਾ ਰਾਜ ਦਾ ਸਿੱਕਾ ਚਲਾਇਆ ਗਿਆ।
ਸੰਨ 1712 ਵਿੱਚ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਹੋਣ ਤੋਂ ਬਾਅਦ ਫਰੁੱਖਸੀਅਰ ਤਖ਼ਤ ‘ਤੇ ਬੈਠਾ। ਮੁਗਲ ਬਾਦਸ਼ਾਹ ਫਰੁੱਖਸੀਅਰ ਨੇ ਆਪਣੇ ਜਰਨੈਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਬੰਦਾ ਸਿੰਘ ਨੂੰ ਜਿਉਂਦਾ ਜਾਂ ਮਰਿਆ ਉਸ ਦੇ ਹਵਾਲੇ ਕੀਤਾ ਜਾਵੇ। ਅੰਤ ਗੁਰਦਾਸਪੁਰ ਨੇੜੇ ਗੁਰਦਾਸ ਨੰਗਲ ਵਿਖੇ ਦੁਨੀ ਚੰਦ ਦੀ ਕੱਚੀ ਗੜ੍ਹੀ ਵਿੱਚ ਸਿੱਖ ਫੌਜਾਂ ਨੇ ਸ਼ਰਨ ਲੈ ਲਈ। ਇਸ ਸਮੇਂ ਸਿੱਖ ਜਰਨੈਲਾਂ ਵਿੱਚ ਫੁੱਟ ਪੈ ਜਾਣ ਦਾ ਜ਼ਿਕਰ ਵੀ ਇਤਿਹਾਸ ਵਿੱਚ ਆਉਂਦਾ ਹੈ। ਕੁੱਝ ਜਰਨੈਲ ਆਪਣੇ ਸਿਪਾਹੀਆਂ ਨੂੰ ਲੈ ਕੇ ਬਗਾਵਤ ਕਰ ਗਏ ਸਨ। ਇਸ ਗੜ੍ਹੀ ਵਿੱਚ ਬੈਠੇ ਮੁੱਠੀ ਭਰ ਸਿੰਘਾਂ ਉੱਪਰ ਹਮਲਾ ਕਰਨ ਤੋਂ ਲੱਖਾਂ ਦੀ ਗਿਣਤੀ ਵਾਲੀ ਮੁਗਲ ਸੈਨਾ ਡਰ ਨਾਲ ਕੰਬ ਰਹੀ ਸੀ। ਕਰੀਬ 8 ਮਹੀਨੇ ਮੁਗਲ ਸੈਨਾ ਨੇ ਕੱਚੀ ਗੜੀ ਵਿੱਚ ਸਿੰਘਾਂ ਨੂੰ ਘੇਰਾ ਪਾਈ ਰੱਖਿਆ। ਅਨਾਜ ਦੀ ਘਾਟ ਕਾਰਨ ਨਿਰਬਲ ਹੋ ਚੁੱਕੇ ਸਿੰਘਾਂ ‘ਤੇ ਮੁਗਲਾਂ ਨੇ ਹਮਲਾ ਕੀਤਾ।
ਬਹਾਦਰੀ ਨਾਲ ਲੜਦਿਆਂ ਬਾਬਾ ਬੰਦਾ ਸਿੰਘ ਬਹਾਦਰ ਤੇ 800 ਦੇ ਕਰੀਬ ਸਿੰਘ ਫੜੇ ਗਏ। ਬਾਬਾ ਬੰਦਾ ਸਿੰਘ ਨੂੰ ਪਿੰਜਰੇ ਵਿੱਚ ਕੈਦ ਕਰਕੇ ਹਾਥੀ ‘ਤੇ ਬਿਠਾ ਕੇ ਅਤੇ ਬਾਕੀ ਸਿੰਘਾਂ ਨੂੰ ਵੀ ਬੇੜੀਆਂ ਵਿਚ ਜਕੜ ਕੇ ਦਿੱਲੀ ਲਿਜਾਇਆ ਗਿਆ। 5 ਮਾਰਚ, 1716 ਨੂੰ ਸਿੰਘਾਂ ਦਾ ਕਤਲੇਆਮ ਸ਼ੁਰੂ ਕੀਤਾ ਗਿਆ। ਹਰ ਰੋਜ਼ 100 ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਰਿਹਾ। ਇਸੇ ਦੌਰਾਨ 9 ਜੂਨ, 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਨਾਲ ਦੇ ਕੁੱਝ ਸਿੰਘਾਂ ਨੂੰ ਬੰਦੀਖਾਨੇ ਵਿੱਚੋਂ ਕੱਢ ਕੇ ਕੁਤਬ ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਕੋਲ ਲਿਜਾਇਆ ਗਿਆ।
ਇਤਿਹਾਸਕਾਰਾਂ ਅਨੁਸਾਰ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਾਸੂਮ ਬੱਚੇ ਨੂੰ ਉਨ੍ਹਾਂ ਦੇ ਸਾਹਮਣੇ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਬੱਚੇ ਦਾ ਧੜਕਦਾ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦਾ ਮਾਸ ਜੰਬੂਰਾਂ ਨਾਲ ਨੋਚਿਆ ਗਿਆ। ਪਰ ਸਿੱਖਾਂ ਦਾ ਉਹ ਬਹਾਦਰ ਜਰਨੈਲ ਆਪਣੇ ਸਿਦਕ ਤੋਂ ਨਾ ਡੋਲਿਆ। ਅੰਤ ਇੱਕ ਤਲਵਾਰ ਦੇ ਵਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਧੜ ਨਾਲੋਂ ਅਲੱਗ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖਾਂ ਦਾ ਇਹ ਬਹਾਦਰ ਜਰਨੈਲ ਨਾ-ਇਨਸਾਫੀ ਖ਼ਿਲਾਫ਼ ਲੜਦਿਆਂ ਸ਼ਹੀਦੀ ਦਾ ਜਾਮ ਪੀ ਗਿਆ।

Check Also

ਖੁਦਕੁਸ਼ੀਆਂ ਦੀ ਖੇਤੀ : ਕੈਪਟਨ ਸਰਕਾਰ ਦੇ ਵਾਅਦੇ ਨਾ ਹੋਏ ਵਫਾ

ਨਵੀਆਂ-ਨਵੀਆਂ ਸ਼ਰਤਾਂ ਲਗਾ ਕੇ ਅਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਰੱਦ ਚੰਡੀਗੜ੍ਹ : ਕੈਪਟਨ ਸਰਕਾਰ ਤੀਜਾ …