Breaking News
Home / ਕੈਨੇਡਾ / ਗੁਰੂ ਨਾਨਕ ਅਕੈਡਮੀ ਰੈਕਸਡੇਲ ਨੇ ਕਰਵਾਏ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ

ਗੁਰੂ ਨਾਨਕ ਅਕੈਡਮੀ ਰੈਕਸਡੇਲ ਨੇ ਕਰਵਾਏ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ

ਰੈਕਸਡੇਲ/ਡਾ.ਝੰਡ : ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵਿਖੇ ਪਿਛਲੇ ਕਈ ਸਾਲਾਂ ਤੋਂ ਚਲਾਈ ਜਾ ਰਹੀ ਗੁਰੂ ਨਾਨਕ ਅਕੈਡਮੀ ਵੱਲੋਂ ਬੀਤੇ ਸ਼ਨੀਵਾਰ 2 ਜੂਨ ਨੂੰ ਭਾਸ਼ਣ ਮੁਕਾਬਲਿਆਂ ਦਾ ਸਫ਼ਲ ਆਯੋਜਨ ਕੀਤਾ ਗਿਆ। ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿਚ ਕਰਵਾਏ ਗਏ ਇਨਾਂ ਭਾਸ਼ਣ-ਮੁਕਾਬਲਿਆਂ ਲਈ ਕੁਲ 33 ਵਿਦਿਆਰਥੀਆਂ ਨੇ ਆਪਣੇ ਨਾਂ ਰਜਿਸਟਰ ਕਰਵਾਏ ਸਨ ਅਤੇ ਪੰਜ ਵੱਖ-ਵੱਖ ਉਮਰ-ਵਰਗਾਂ 6-8 ਸਾਲ, 9-10 ਸਾਲ, 11-13 ਸਾਲ, 14-17, 18-22 ਸਾਲ ਵਿਚ ਵੰਡੇ ਗਏ ਇਨ੍ਹਾਂ ਵਿੱਚੋਂ 31 ਪ੍ਰਤੀਯੋਗੀਆਂ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਭਾਗ ਲਿਆ।
ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਏ ਇਨ੍ਹਾਂ ਭਾਸ਼ਨ ਮੁਕਾਬਲਿਆਂ ਵਿਚ ਭਾਸ਼ਨ-ਕਾਰਾਂ ਦੇ ਬੋਲਣ ਦੇ ਵਿਸ਼ੇ ‘ਮੈਂ ਸਿੱਖ ਕਿਉਂ ਹਾਂ’, ‘ਸਰਬ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਸਿੱਖ ਇਤਿਹਾਸ ਵਿਚ ਪ੍ਰਚੱਲਤ ਚੋਣਵੀਆਂ ਸਾਖੀਆਂ ਅਤੇ ‘ਰਾਣੀ ਸਾਹਿਬ ਕੌਰ’ ਰੱਖੇ ਗਏ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਵਿੱਚੋਂ ਕਿਸੇ ਇਕ ਉੱਪਰ ਆਪਣੇ ਵਿਚਾਰ ਪੇਸ਼ ਕਰਨੇ ਸਨ। 6 ਸਾਲ ਤੋਂ 13 ਸਾਲ ਤੱਕ ਦੇ ਤਿੰਨ ਛੋਟੇ ਉਮਰ-ਵਰਗਾਂ ਵਿੱਚੋਂ ਬੇਸ਼ਕ ਬਹੁਤੇ ਬੱਚਿਆਂ ਨੇ ਆਪਣੇ ਲਿਖੇ ਹੋਏ ਭਾਸ਼ਣ ਹੀ ਪੜ੍ਹੇ ਪਰ ਉੱਪਰਲੇ ਦੋ ਉਮਰ-ਵਰਗਾਂ ਵਿੱਚੋਂ ਬਹੁਤਿਆਂ ਨੇ ਜ਼ਬਾਨੀ ਹੀ ਆਪਣੇ ਭਾਸ਼ਣ ਦਿੱਤੇ ਜਿਨ੍ਹਾਂ ਨੂੰ ਜੱਜ-ਸਾਹਿਬਾਨ ਅਤੇ ਸਰੋਤਿਆਂ ਵੱਲੋਂ ਬਾਖ਼ੂਬੀ ਸਲਾਹਿਆ ਗਿਆ। ਛੋਟੇ ਬੱਚਿਆਂ ਦੇ ਉੱਦਮ ਦੀ ਵੀ ਖ਼ੂਬ ਸਰਾਹਨਾ ਕੀਤੀ ਗਈ। ਇਨ੍ਹਾਂ ਛੋਟੇ ਤੋਂ ਵੱਡੇ ਉਮਰ-ਵਰਗਾਂ ਵਿਚੋਂ ਸੁਖਜੀਤ ਕੌਰ, ਸਾਹਿਬਜੀਤ ਸਿੰਘ, ਮਨਰੀਤ ਕੌਰ (ਗਰੁੱਪ-1), ਜੋਤਸਰੂਪ ਸਿੰਘ, ਅਰਸ਼ਦੀਪ ਕੌਰ’ ਜਸਜਾਪ ਸਿੰਘ (ਗਰੁੱਪ-2), ਗੁਰਪ੍ਰਤਾਪ ਸਿੰਘ, ਗੁਰਜਾਨ ਸਿੰਘ, ਹਰਮਨਜੋਤ ਕੌਰ (ਗਰੁੱਪ-3), ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਨਵਰਾਜ ਸਿੰਘ (ਗਰੁੱਪ-4) ਅਤੇ ਮਨੀਤ ਕੌਰ, ਕੰਚਨਦੀਪ ਸਿੰਘ, ਜਸਪ੍ਰੀਤ ਕੌਰ (ਗਰੁੱਪ-5) ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ‘ਤੇ ਰਹੇ। ਮੁਕਾਬਲਿਆਂ ਦੌਰਾਨ ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਜਗੀਰ ਸਿੰਘ ਕਾਹਲੋਂ ਅਤੇ ਮੈਡਮ ਜਤਿੰਦਰ ਕੌਰ ਚੱਠਾ ਵੱਲੋਂ ਵੱਖ-ਵੱਖ ਪ੍ਰਤੀਯੋਗੀਆਂ ਦੀ ਭਾਸ਼ਨ-ਕਲਾ ਨੂੰ ਪਰਖਣ ਦੀ ਜ਼ਿੰਮੇਵਾਰੀ ਨਿਭਾਈ ਗਈ।
ਇਨਾਮ-ਵੰਡ ਸਮਾਰੋਹ ਉਪਰੰਤ ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਨੇ ਸਮੂਹ ਇਨਾਮ-ਜੇਤੂਆਂ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਨੂੰ ਆਸ਼ੀਰਵਾਦ ਦਿੰਦਿਆਂ ਹੋਇਆਂ ਅਜਿਹੇ ਮੁਕਾਬਲਿਆਂ ਵਿਚ ਹੋਰ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਕੀਤੀ। ਜੱਜਾਂ ਵਿਚੋਂ ਡਾ.ਝੰਡ ਅਤੇ ਪ੍ਰੋ. ਕਾਹਲੋਂ ਨੇ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਭਾਸ਼ਨਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਗੁਰੂ ਨਾਨਕ ਅਕੈਡਮੀ ਦੇ ਡਾਇਰੈਕਟਰ ਪ੍ਰੋ. ਬਲਵੰਤ ਸਿੰਘ, ਪ੍ਰਿੰਸੀਪਲ ਕੰਵਲਪ੍ਰੀਤ ਕੌਰ ਅਤੇ ਉਨ੍ਹਾਂ ਦੇ ਸਟਾਫ਼-ਮੈਂਬਰਾਂ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ।
ਇਨ੍ਹਾਂ ਭਾਸ਼ਣ-ਮੁਕਾਬਲਿਆਂ ਦਾ ਖ਼ੂਬਸੂਤ ਅਤੇ ਵਿਸ਼ੇਸ਼ ਪਹਿਲੂ ਇਹ ਸੀ ਕਿ ਇਨ੍ਹਾਂ ਵਿਚ ਪੰਜਾਬੀ ਵਿਚ ਬੋਲਣ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨੂੰ ਇਨਾਮੀ ਕੱਪਾਂ ਤੋਂ ਇਲਾਵਾ 10-10 ਡਾਲਰ ਦੇ ਨਕਦ ਇਨਾਮ ਵੀ ਦਿੱਤੇ ਗਏ।

Check Also

ਡੌਨ ਮੀਨੇਕਰ ਸੀਨੀਅਰਜ਼ ਕਲੱਬ ਨੇ ਪੀਟਰ ਬੋਰੋਅ ਦਾ ਟੂਰ ਲਗਾਇਆ

ਬਰੈਂਪਟਨ : ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦੇ ਦੱਸਣ ਮੁਤਾਬਕ ਡੌਨ ਮੀਨੇਕਸ ਸੀਨੀਅਰ ਕਲੱਬ ਬਰੈਂਪਟਨ ਨੇ …