Breaking News
Home / Special Story / ਹਰਿਮੰਦਰ ਸਾਹਿਬ ਤੇ ਰੂਹਾਨੀ ਸਕੂਨ

ਹਰਿਮੰਦਰ ਸਾਹਿਬ ਤੇ ਰੂਹਾਨੀ ਸਕੂਨ

ਹਰੀਸ਼ ਖਰੇ
ਇੱਕ ਸਕਿੰਟ ਦਾ ਵੀ ਬਹੁਤ ਛੋਟਾ ਜਿਹਾ, ਛਿਣਭੰਗਰ ਸਮਾਂ ਹੁੰਦਾ ਹੈ, ਜਦੋਂ ਵਿਅਕਤੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਝਲਕਾਰਾ ਮਿਲਦਾ ਹੈ।ਸਮੁੱਚੀ ਦ੍ਰਿਸ਼ਾਵਲੀ ਦੀ ਵਿਆਪਕਤਾ, ਸ਼ਰਧਾਲੂਆਂ ਦੀਆਂ ਵਹੀਰਾਂ, ਪਾਵਨ ਸਰੋਵਰ ਦੀ ਵਿਸ਼ਾਲਤਾ ਤੇ ਹਰ ਪਾਸੇ ਸੁਨਹਿਰੀ ਡਲ੍ਹਕਾਂ ਦੇ ਬਾਵਜੂਦ ਹਰਿਮੰਦਰ ਸਾਹਿਬ ਦੀ ਪਹਿਲੀ ਝਲਕ ਜੋ ਰੂਹਾਨੀ ਸਕੂਨ ਦਿੰਦੀ ਹੈ, ਉਹ ਨਾਯਾਬ ਹੈ। ਇਹ ਉਹ ਜਾਦੂਈ ਛਿਣ ਹੁੰਦਾ ਹੈ ਜੋ ਸ਼ਰਧਾਵਾਨ ਨੂੰ ਇੱਕ ਨਿਵੇਕਲੀ, ਉਚੇਰੀ ਅਤੇ ਬਖ਼ਸ਼ਿਸ਼ਾਂ-ਲੱਦੀ ਕਾਇਨਾਤ ‘ਚ ਲੈ ਜਾਂਦਾ ਹੈ।
ਪਿਛਲੇ ਹਫ਼ਤੇ ਮੈਂ ਖਾਲਸਾ ਕਾਲਜ ਦੇ ਸੱਦੇ ਉੱਤੇ ਅੰਮ੍ਰਿਤਸਰ ਗਿਆ ਸਾਂ; ਮੈਂ ਇਹ ਸੱਦਾ ਫੌਰੀ ਪ੍ਰਵਾਨ ਕਰ ਲਿਆ ਸੀ ਕਿਉਂਕਿ ਇਸ ਰਾਹੀਂ ਮੈਨੂੰ ਹਰਿਮੰਦਰ ਸਾਹਿਬ ਦੇ ਦੀਦਾਰ ਦਾ ਮੌਕਾ ਵੀ ਮਿਲਣਾ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਮੈਂਬਰਾਂ ਨਾਲ ਸਾਡੀ ਰਸਮੀ ਮੁਲਾਕਾਤ ਹੋਈ; ਸਾਨੂੰ ਉਨ੍ਹਾਂ ਬਹੁਤ ਸਾਰੇ ਪ੍ਰਭਾਵਸ਼ਾਲੀ ਭਾਈਚਾਰਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਜੋ ਇਹ ਕਮੇਟੀ ਕਰਦੀ ਹੈ; ਮੈਂ ਸਤਿਕਾਰ ਸਹਿਤ ਸਿਰੋਪਾਓ, ‘ਹਿਸਟਰੀ ਆਫ ਦਿ ਸਿੱਖਜ਼ ਐਂਡ ਦੇਅਰ ਰਿਲੀਜਨ’ ਦੀ ਇੱਕ ਕਾਪੀ ਅਤੇ ਹਰਿਮੰਦਰ ਸਾਹਿਬ ਦਾ ਸ਼ਾਨਦਾਰ ਮਾਡਲ ਪ੍ਰਾਪਤ ਕੀਤਾ। ਮੈਂ ਖ਼ੁਦ ਨੂੰ ਸਚਮੁੱਚ ਹੀ ਸਨਮਾਨਾਂ-ਲੱਦਿਆ ਮਹਿਸੂਸ ਕੀਤਾ।
ਫਿਰ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਦੀ ਵਾਰੀ ਸੀ। ਪਰਿਕਰਮਾ ਕੀਤੀ। ਭੀੜ ਦੇ ਬਾਵਜੂਦ ਪਾਵਨ ਅਸਥਾਨ ਦੇ ਅੰਦਰ ਮੇਰੇ ਬੈਠਣ ਲਈ ਜਗ੍ਹਾ ਲੱਭ ਲਈ ਗਈ। ਅੱਧੇ ਘੰਟੇ ਲਈ ਮੈਂ ਰਾਗੀ ਸਿੰਘਾਂ ਵੱਲੋਂ ਕੀਤੇ ਜਾ ਰਹੇ ਰਸਭਿੰਨੇ ਸ਼ਬਦ ਕੀਰਤਨ ਦੇ ਰੂਹਾਨੀ ਰਸ ਵਿੱਚ ਡੁੱਬਿਆ ਰਿਹਾ। ਇਹ ਉਹ ਸਮਾਂ ਸੀ ਜਦੋਂ ਰੂਹਾਨੀ ਸਕੂਨ ਵਾਲਾ ਜਜ਼ਬਾ ਮੈਨੂੰ ਮੁੜ ਸ਼ਰਸ਼ਾਰ ਕਰ ਗਿਆ।
ਮੇਰਾ ਜੀਅ ਉੱਥੇ ਲੰਮਾ ਸਮਾਂ ਬੈਠੇ ਰਹਿਣ ਨੂੰ ਕੀਤਾ, ਪਰ ਮੈਂ ਸਮਝਿਆ ਕਿ ਹੋਰ ਸ਼ਰਧਾਲੂਆਂ ਨੂੰ ਇਸ ਮੌਕੇ ਤੋਂ ਵਾਂਝਾ ਕਰ ਕੇ ਮੈਨੂੰ ਵਧੇਰੇ ਸਮਾਂ ਬੈਠਣ ਦਾ ਹੱਕ ਨਹੀਂ ਹੈ। ਸਾਰੇ ਪਾਸੇ ਸ਼ਰਧਾਲੂਆਂ ਦੀ ਗਹਿਮਾ-ਗਹਿਮੀ ਦੇ ਬਾਵਜੂਦ ਉੱਥੇ ਪਰਮ ਆਨੰਦ ਵਾਲੀ ਫ਼ਿਜ਼ਾ ਸੀ। ਮੈਂ ਖ਼ੁਦ ਨੂੰ ਪਾਵਨ ਹੋਇਆ ਮਹਿਸੂਸ ਕੀਤਾ।
ਜਦੋਂ ਮੈਂ ਬਾਹਰ ਆਇਆ ਤਾਂ ਦ੍ਰਿਸ਼ ਇੱਕ ਤਰ੍ਹਾਂ ਪੂਰਾ ਹੀ ਬਦਲ ਚੁੱਕਿਆ ਸੀ: ਸਹਿਜਮਈ, ਠੰਢੀਆਂ, ਸੁਹਜ-ਸੁਆਦ ਭਰਪੂਰ ਨਵੀਆਂ ਐੱਲਈਡੀ ਲਾਈਟਾਂ ‘ਤਰਕਾਲ’ ਸ਼ਬਦ ਦੀ ਨਵੀਂ ਪਰਿਭਾਸ਼ਾ ਸਿਰਜ ਰਹੀਆਂ ਸਨ। ਜਿਉਂ ਹੀ ਸ਼ਾਮ ਦਾ ਧੁੰਦਲਕਾ ਉਤਰਿਆ ਤਾਂ ਮੱਧਮ ਰੌਸ਼ਨੀਆਂ ਨੇ ਸਾਰੀ ਜਗ੍ਹਾ ਨੂੰ ਅਛੋਪਲੇ ਜਿਹੇ ਆਪਣੇ ਕਲਾਵੇ ਵਿੱਚ ਲੈ ਗਿਆ; ਇਸ ਨੇ ਪੂਰੇ ਅਨੁਭਵ ਵਿੱਚ ਸੁਹਜਵਾਦੀ ਸੂਖ਼ਮਤਾ ਦੀ ਇੱਕ ਨਵੀਂ ਪਰਤ ਜੋੜ ਦਿੱਤੀ।
ਜਿਵੇਂ ਕਿ ਰਵਾਇਤ ਹੈ, ਦਰਸ਼ਨਾਰਥੀ ਨੂੰ ਮੀਰੀ-ਪੀਰੀ ਦੇ ਸੰਕਲਪ ਦੇ ਪ੍ਰਤੀਕ ਦੋ ਨਿਸ਼ਾਨ ਸਾਹਿਬ ਵੀ ਦਿਖਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਮੁਕਾਬਲਤਨ ਛੋਟਾ ਹੈ, ਜੋ ਉਸ ਸਤਿਕਾਰ ਦੇ ਪ੍ਰਤੀਕ ਹਨ ਕਿ ਸਿਪਾਹੀ ਦਾ ਸੰਤ ਹੋਣਾ ਲਾਜ਼ਮੀ ਹੈ। ਇਹ ਵੱਖਰੀ ਗੱਲ ਹੈ ਕਿ ਮੈਂ ਇਹੋ ਸੋਚਦਾ ਰਹਿ ਗਿਆ ਕਿ ਬਾਦਲਾਂ ਦੀ ਸਿਆਸੀ ਸਿਕਦਾਰੀ ਦੇ ਮੱਦੇਨਜ਼ਰ, ਐੱਸਜੀਪੀਸੀ ਦੇ ਅਹੁਦੇਦਾਰ ਕੀ ਇਸ ਸੰਕਲਪ ਨੂੰ ਆਧੁਨਿਕ ਸੰਦਰਭ ਵਿੱਚ ਅਮਲੀ ਰੂਪ ਦੇਣ ਦੇ ਯੋਗ ਹਨ।
ਉੱਥੇ ਇਕੱਠ ਬਹੁਤ ਵਿਸ਼ਾਲ ਸੀ, ਪਰ ਇਹ ਪੂਰੇ ਸਲੀਕੇ ਨਾਲ ਵਿਚਰ ਰਿਹਾ ਸੀ। ਇੱਥੋਂ ਤਕ ਕਿ ਨੀਲੇ ਖਾਲਸਾਈ ਰੰਗ ਵਾਲੀ ਵਰਦੀ ਵਿੱਚ ਫਬੇ ਸਕੂਲੀ ਬੱਚੇ ਵੀ ਪੁਰਜ਼ਬਤ ਸਨ। ਕਿਤੇ ਵੀ ਬੇਸਬਰੀ ਜਾਂ ਹਫੜਾ-ਦਫੜੀ ਨਹੀਂ ਸੀ ਜੋ ਕਈ ਵਾਰ ਹੋਰ ਧਾਰਮਿਕ ਅਸਥਾਨਾਂ ‘ਤੇ ਅਨੁਭਵ ਹੁੰਦੀ ਹੈ।
ਦਰਅਸਲ, ਇਤਿਹਾਸਕ ਖਾਲਸਾ ਕਾਲਜ ਵੱਲੋਂ ਇਸ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨਾਲ ਵਾਰਤਾਲਾਪ ਦਾ ਸੱਦਾ ਮੇਰੀ ਅੰਮ੍ਰਿਤਸਰ ਫੇਰੀ ਦਾ ਸਬੱਬ ਬਣਿਆ। ਇਹ ਸੱਦਾ ਤੁਰਤ-ਫੁਰਤ ਪ੍ਰਵਾਨ ਕਰ ਲਿਆ ਗਿਆ ਸੀ। ਖਾਲਸਾ ਕਾਲਜ ਇੱਕ ਅਜਿਹੀ ਇਮਾਰਤ ਵਿੱਚ ਸਥਿਤ ਹੈ ਜੋ ਸਚਮੁੱਚ ਹੀ ਪੁਰਾਤਨ ਸ਼ੈਲੀ ਦੀ ਬਾਕਮਾਲ ਇਮਾਰਤ ਦਾ ਰੁਤਬਾ ਰੱਖਦੀ ਹੈ। ਇਸ ਨੂੰ ਪਹਿਲਾਂ ਹੀ ਵਿਰਾਸਤੀ ਇਮਾਰਤ ਐਲਾਨਿਆ ਜਾ ਚੁੱਕਿਆ ਹੈ। ਇਸ ਅਦਭੁੱਤ ਚੌਗਿਰਦੇ ਵਿੱਚ ਆਉਣ, ਪੜ੍ਹਨ ਅਤੇ ਪੜ੍ਹਾਉਣ ਵਾਲੇ ਸਚਮੁੱਚ ਹੀ ਸੁਭਾਗੇ ਹਨ। ਇਸ ਥਾਂ ਦੀ ਠਾਠ-ਬਾਠ ਅਤੇ ਸ਼ਾਨੋ-ਸ਼ੌਕਤ ਚਿਰਸਥਾਈ ਪ੍ਰਭਾਵ ਛੱਡ ਜਾਂਦੀ ਹੈ।
ਖਾਲਸਾ ਕਾਲਜ ਉਸ ਸਮੇਂ ਸਥਾਪਿਤ ਹੋਇਆ ਜਦੋਂ ਪੁਰਾਣਾ ਪੰਜਾਬ ਵੱਡੀ ਸੱਭਿਆਚਾਰਕ ਅਤੇ ਬੌਧਿਕ ਨਵਚੇਤਨਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ।
ਮੈਨੂੰ ਪੂਰਾ ਯਕੀਨ ਹੈ ਕਿ ਇਸ ਦਾ ਮਕਸਦ ਇਸ ਨੂੰ ਧਰਮ ਨਿਰਪੇਖ ਸਿੱਖਿਆ ਅਤੇ ਬੌਧਿਕ ਤਜਰਬਿਆਂ ਦੀ ਜਗ੍ਹਾ ਬਣਾਉਣਾ ਸੀ। ਇਨ੍ਹਾਂ ਸਾਲਾਂ ਦੌਰਾਨ ਇਹ ‘ਖਾਲਸਾ ਸੱਭਿਆਚਾਰ’ ਦਾ ਕੇਂਦਰ ਸਮਝਿਆ ਜਾਣ ਲੱਗਿਆ ਹੈ (ਜਿਵੇਂ ਕਾਲਜ ਇਤਿਹਾਸ ਦੀ ਪਹਿਲੀ ਅਧਿਕਾਰਤ ਸਤਰ ਦਾਅਵਾ ਕਰਦੀ ਹੈ)। ਆਪਣੇ ਪ੍ਰਿੰਸੀਪਲਾਂ ਤੋਂ ਹੀ ਕਾਲਜ ਆਪਣਾ ਜਾਦੂਈ ਪ੍ਰਭਾਵ ਹਾਸਲ ਕਰਦਾ ਹੈ ਅਤੇ ਕਈ ਬਹੁਤ ਉੱਘੇ ਸਿੱਖਿਆ ਸ਼ਾਸਤਰੀ ਇਸ ਸੰਸਥਾ ਦੇ ਪ੍ਰਿੰਸੀਪਲ ਰਹੇ ਹਨ।
ਮੌਜੂਦਾ ਪ੍ਰਿੰਸੀਪਲ ਡਾ. ਮਹਿਲ ਸਿੰਘ ਬਹੁਤ ਪੁਰਖਲੂਸ ਸ਼ਖ਼ਸੀਅਤ ਹਨ। ਇਹ ਸਾਊ ਅਤੇ ਮਿਠਬੋਲੜਾ ਬੰਦਾ, ਬਦਲਦੇ ਸਮਿਆਂ ਦਾ ਹਾਣੀ ਬਣਿਆ ਰਹਿਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਮੈਨੂੰ ਸਿੱਖ ਇਤਿਹਾਸ ਅਤੇ ਖੋਜ ਵਿਭਾਗ ਦਿਖਾਉਣ ਵਿੱਚ ਬਹੁਤ ਮਾਣ ਮਹਿਸੂਸ ਕੀਤਾ। ਇਹ ਮਾਣ ਕੁਥਾਂ ਨਹੀਂ ਸੀ। ਮੈਨੂੰ ਦੱਸਿਆ ਗਿਆ ਕਿ 1930 ਵਿੱਚ ਸਥਾਪਿਤ ਇਹ ਅਦਾਰਾ ਸਿੱਖ ਇਤਿਹਾਸ ਬਾਰੇ ਕਿਸੇ ਵੀ ਕਿਸਮ ਦੀ ਖੋਜ ਲਈ ਲਾਜ਼ਮੀ ਜਗ੍ਹਾ ਸਮਝਿਆ ਜਾਂਦਾ ਹੈ।
ਇਹ ਗੱਲ ਪ੍ਰਭਾਵਸ਼ਾਲੀ ਹੈ ਕਿ ਇਸ ਮਹੱਲਨੁਮਾ ਇਮਾਰਤ ਦੀ ਸੁਚੱਜੀ ਦੇਖ-ਭਾਲ ਕੀਤੀ ਜਾ ਰਹੀ ਹੈ। ਮੈਨੂੰ ਜਾਣਕਾਰੀ ਦਿੱਤੀ ਗਈ ਕਿ ਕੁਝ ਕੁ ਸਾਲ ਪਹਿਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਕਾਲਜ ਨੂੰ ਵੱਡਾ ਸਾਰਾ ਮਾਇਕ ਗੱਫ਼ਾ ਦਿੱਤਾ ਸੀ। ਉਸ ਫੰਡ ਦੀ ਸਦਵਰਤੋਂ ਇਸ ਇਮਾਰਤ ਦੀ ਅਤਿ-ਲੋੜੀਂਦੀ ਮੁਰੰਮਤ ਤੇ ਨਵੀਨੀਕਰਨ ਲਈ ਕੀਤੀ ਜਾਂਦੀ ਹੈ।
ਪੁਰਾਣੀ ਦਿੱਲੀ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਆਪਣਾ ਬਚਪਨ ਬਿਤਾਇਆ ਹੋਣ ਕਰ ਕੇ ਅੰਮ੍ਰਿਤਸਰ ਦੀਆਂ ਭੀੜੀਆਂ ਗਲੀਆਂ ਵਿੱਚ ਵਿਚਰਨਾ ਮੈਨੂੰ ਆਪਣੇ ਸ਼ਹਿਰ ‘ਚ ਵਿਚਰਨ ਵਾਂਗ ਜਾਪਿਆ।
ਦਰਅਸਲ, ਅਜਿਹੀ ਗਹਿਮਾ-ਗਹਿਮੀ ਮੇਰੇ ਲਈ ਬੜੀ ਜਾਣੀ-ਪਛਾਣੀ ਹੈ। ਮੈਨੂੰ ਕੁਝ ਵੀ ਅਸੁਭਾਵਿਕ ਨਹੀਂ ਜਾਪਿਆ। ਇਹ ਦੇਖ ਕੇ ਖ਼ੁਸ਼ੀ ਹੋਈ ਕਿ ਗਲੀਆਂ ਸਾਫ਼ ਸਨ ਅਤੇ ਨਾਲੀਆਂ ਢਕੀਆਂ ਹੋਈਆਂ ਸਨ। ਸੜ੍ਹਾਂਦ ਮਾਰਦੇ ਕੂੜੇ ਦੇ ਬਹੁਤੇ ਸੰਕੇਤ ਨਹੀਂ ਮਿਲੇ।
ਇਹ ਸ਼ਹਿਰ ਆਪਣੇ ਆਪ ਵਿੱਚ ਸੰਤੁਸ਼ਟ ਜਾਪਿਆ ਅਤੇ ਇਸ ਦੀ ਸੀਮਿਤ ਆਰਥਿਕਤਾ ਜ਼ਿਆਦਾਤਰ ਤੀਰਥ ਯਾਤਰੀਆਂ ਵਾਲੇ ‘ਸੈਰ ਸਪਾਟੇ’ ਉੱਤੇ ਹੀ ਟਿਕੀ ਹੋਈ ਹੈ।
ਅੰਮ੍ਰਿਤਸਰੀ ਜ਼ਾਇਕੇ ਚਖੇ ਬਿਨਾਂ ਅੰਮ੍ਰਿਤਸਰ ਫੇਰੀ ਕਾਹਦੀ ਫੇਰੀ ਹੋਈ! ਅੰਮ੍ਰਿਤਸਰ ਵਾਲੇ ਆਪਣੇ ਖਾਣੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹਨ। ਬਾਜ਼ਾਰ ਦੇ ਖਾਣਿਆਂ ਤੋਂ ਪਰਹੇਜ਼ ਕਰਨ ਸਬੰਧੀ ਆਪਣੇ ਮੇਜ਼ਬਾਨਾਂ ਦੀਆਂ ਸਹਿਜ ਚਿਤਾਵਨੀਆਂ ਦੇ ਬਿਲਕੁਲ ਉਲਟ ਮੈਂ ਕੇਸਰ ਦੇ ਢਾਬੇ ‘ਤੇ ਖਾਣੇ ਦਾ ਸੁਆਦ ਮਾਣਨ ਲਈ ਚੌਕ ਪਾਸੀਆਂ ਚਲਾ ਗਿਆ। ਇਸ ਢਾਬੇ ਦਾ ਖਾਣਾ ਆਪਣੀ ਸਾਖ਼ ਦੇ ਮੁਤਾਬਿਕ ਬੜਾ ਜ਼ਾਇਕੇਦਾਰ ਸੀ। ਤੁਹਾਨੂੰ ਫਲਾਣੀ ਜਾਂ ਢਿਮਕੀ ਚੀਜ਼ ਖਾਣ ਦੀ ਸਲਾਹ ਦੇਣ ਲਈ ਉੱਥੇ ਬਾਵਰਚੀ ਮੌਜੂਦ ਸੀ। ਲੱਸੀ, ਪਰੌਂਠੇ, ਛੋਲੇ, ਕਾਲੀ ਦਾਲ, ਬੈਂਗਣ ਦਾ ਭੜਥਾ। ਸਚਮੁੱਚ, ਖਾ-ਖਾ ਕੇ ਕੁੱਪਾ ਹੋਣ ਵਾਲਾ ਖਾਣਾ ਸੀ।
ਇੱਕ ਮਹਾਨ, ਪਾਵਨ ਅਸਥਾਨ ਦੇ ਆਸ-ਪਾਸ ਵਸਿਆ ਹੋਇਆ ਇਹ ਪੁਰਾਤਨ ਨਗਰ ਹੁਣ ਬਦਲਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਨਵਾਂ ਪਲਾਜ਼ਾ ਖ਼ੂਬ ਦਿਲਕਸ਼ ਹੈ; ਹੁਣ ਪਹਿਲਾਂ ਨਾਲੋਂ ਘੜਮੱਸ ਥੋੜ੍ਹਾ ਘੱਟ ਹੈ ਕਿਉਂਕਿ ਹਰਿਮੰਦਰ ਸਾਹਿਬ ਕੰਪਲੈਕਸ ਦੁਆਲੇ ਵਾਹਨਾਂ ਦੀ ਆਵਾਜਾਈ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਗਈ ਹੈ। ਪੂਰੀ ਦੁਨੀਆਂ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆ ਰਹੀ। ਸੋ ਮੋਮੋਜ਼, ਡੌਮਿਨੋਜ਼ ਪੀਜ਼ਾ, ਮੈਕਡੌਨਲਡਜ਼, ਕੈਫੇ ਕੌਫ਼ੀ ਡੇਅ, ਸਾਰੇ ਹੀ ਨਵੇਂ ਐੱਨਆਰਆਈ ਤੀਰਥ ਯਾਤਰੀਆਂ ਦੇ ਨਵੇਂ ਸੁਆਦ ਮੁਤਾਬਿਕ ਪਕਵਾਨ ਪਰੋਸਣ ਦੀ ਕੋਸ਼ਿਸ਼ ਕਰ ਰਹੇ ਹਨ।
ਗੱਦੀਓਂ ਲਾਹੇ ਜਾਣ ਤੋਂ ਪਹਿਲਾਂ ਪੁਰਾਣੀ ਬਾਦਲ ਸਰਕਾਰ ਵੱਲੋਂ ਸ਼ਹਿਰ ਦਾ ‘ਕਾਇਆ ਕਲਪ’ ਅਤੇ ‘ਸੁੰਦਰੀਕਰਨ’ ਕੀਤਾ ਜਾ ਰਿਹਾ ਸੀ। ਇਹ ਸਾਬਕਾ ਉਪ ਮੁੱਖ ਮੰਤਰੀ ਦਾ ਪਸੰਦੀਦਾ ਪ੍ਰੋਜੈਕਟ ਸਮਝਿਆ ਜਾਂਦਾ ਸੀ। ਮੈਨੂੰ ਦੱਸਿਆ ਗਿਆ ਕਿ ਨਵੀਂ ਸਰਕਾਰ ਨੇ ਉਨ੍ਹਾਂ ਸਾਰੇ ਕੰਮਾਂ ਨੂੰ ਰੋਕ ਦਿੱਤਾ ਜੋ ਅਜੇ ਅਧੂਰੇ ਸਨ। ਅਜਿਹਾ ਵਤੀਰਾ ਆਪਣੀ ਹੀ ਕਿਸਮ ਦੀਆਂ ਮੁਸ਼ਕਿਲਾਂ ਅਤੇ ਰੜਕਣਾਂ ਪੈਦਾ ਕਰ ਰਿਹਾ ਹੈ। ਇਸ ਨੇ ਨਵੇਂ ਹਾਕਮਾਂ ਨੂੰ ਚਾਹੇ ਕਿੰਨੀ ਵੀ ਸੰਤੁਸ਼ਟੀ ਕਿਉਂ ਨਾ ਦਿੱਤੀ ਹੋਵੇ, ਪਰ ਇਸ ਨਾਲ ਸ਼ਹਿਰੀਆਂ ਨੂੰ ਬੇਲੋੜੀ ਤਕਲੀਫ਼ ਵਿੱਚ ਪਾਇਆ ਗਿਆ ਹੈ। ਕੋਈ ਨਵੇਂ ਹਾਕਮਾਂ ਨੂੰ ਇਹ ਦੱਸੇ ਕਿ ਬਦਲਾਖੋਰੀ ਨਾਲ ਨਾ ਤਾਂ ਚੰਗੀ ਸਿਆਸਤ ਹੁੰਦੀ ਹੈ ਅਤੇ ਨਾ ਹੀ ਚੰਗੇ ਨੀਤੀਗਤ ਫ਼ੈਸਲੇ ਲਏ ਜਾਂਦੇ ਹਨ।
ਸਮਝਿਆ ਜਾਂਦਾ ਹੈ ਕਿ ਚੰਡੀਗੜ੍ਹ ਦੇ ਸੈਕਟਰ 18 ਦੀ ਮਾਰਕੀਟ ਤੋਂ ਕੋਈ ਵੀ ‘ਇਲੈਕਟ੍ਰੀਕਲ’ ਵਸਤ ਖ਼ਰੀਦੀ ਜਾ ਸਕਦੀ ਹੈ। ਦੀਵਾਲੀ ਦੀ ਪੂਰਬਲੀ ਸ਼ਾਮ ਨੂੰ ਇਸ ਬਾਜ਼ਾਰ ਦਾ ਦੌਰਾ ਸਿੱਖਿਆਦਾਇਕ ਸੀ। ਇਹ ਜਗ੍ਹਾ ਬਿਜਲਈ ਸਜਾਵਟੀ ਸਾਮਾਨ ਖਰੀਦਣ ਦੇ ਚਾਹਵਾਨਾਂ ਨਾਲ ਭਰੀ ਹੋਈ ਸੀ। ਟਰੈਫਿਕ ਪੁਲੀਸ ਵੀ ਕਾਰਾਂ ਦੀ ਬਾਤਰਤੀਬ ਪਾਰਕਿੰਗ ਕਰਨ ਉੱਤੇ ਜ਼ੋਰ ਦੇਣ ਲਈ ਮੌਜੂਦ ਸੀ।
ਮਾਰਕੀਟ ‘ਚ ਚੀਨੀ ਉਤਪਾਦਾਂ ਦੀ ਬਹੁਤਾਤ ਸੀ ਜਿਨ੍ਹਾਂ ਦੀਆਂ ਬਹੁਤ ਹੀ ਵਾਜਬ ਕੀਮਤਾਂ ਸਨ- ਪਰ ਸਾਰੀਆਂ ‘ਰਾਸ਼ਟਰਵਾਦੀ’ ਗੱਤੇ ਦੇ ਬਕਸਿਆਂ ਵਿੱਚ ਪੈਕ ਕੀਤੀਆਂ ਗਈਆਂ ਸਨ। ਜਿਹੜੀ ਚੀਜ਼ ਮੈਂ ਖਰੀਦੀ, ਉਸ ਉਪਰ ਬਹੁਤ ਚਮਕਵਾਂ ਛਪਿਆ ਹੋਇਆ ਸੀ: ‘ਪਾਰਥ- ਲਵ ਇਨ ਸਵੱਛ ਭਾਰਤ’। ਇਸ ਵਿੱਚ ਸ਼ੰਘਾਈ ਦਰਿਆ ਦੀ ਚਮਕਦਾਰ ਤਸਵੀਰ ਸੀ। ਦੁਕਾਨਦਾਰਾ ਨੇ ਇਹ ਦੱਸਣ ਵਿੱਚ ਬਿਲਕੁਲ ਝਿਜਕ ਨਹੀਂ ਦਿਖਾਈ ਕਿ ਇਹ ਚੀਨੀ ਵਸਤਾਂ ਸਨ ਅਤੇ ਖਰੀਦਦਾਰਾਂ ਨੂੰ ਵੀ ਚੀਨੀ ਵਸਤਾਂ ਖਰੀਦਣ ‘ਤੇ ਕੋਈ ਅਫ਼ਸੋਸ ਨਹੀਂ ਸੀ। ਇਹ ਸਭ ਆਪੂੰ-ਬਣੀਆਂ ਰਾਸ਼ਟਰਵਾਦੀ ਤਾਕਤਾਂ ਵੱਲੋਂ ਦੀਵਾਲੀ ਮੌਕੇ ਚੀਨੀ ਵਸਤਾਂ ਦਾ ਬਾਈਕਾਟ ਕਰਨ (ਡੋਕਲਾਮ ਵਿਵਾਦ ਕਾਰਨ) ਲਈ ਚਲਾਈ ਗਈ ਅਸੁਹਿਰਦ ਮੁਹਿੰਮ ਦੇ ਬਾਵਜੂਦ ਹੋਇਆ।
ਆਮ ਨਾਗਰਿਕ ਨੂੰ ਚੀਨੀ ਪਟਾਕੇ ਜਾਂ ਬਿਜਲਈ ਸਜਾਵਟੀ ਸਾਮਾਨ ਨਾ ਖਰੀਦਣ ਲਈ ਆਖਣਾ ਸੰਗਠਿਤ ਦੋਗਲੇਪਣ ਦੀ ਇੰਤਹਾ ਹੈ। ਭਾਰਤੀ ਆਰਥਿਕਤਾ ਦਾ ਵੱਡਾ ਹਿੱਸਾ ਚੀਨ ਤੋਂ ਦਰਾਮਦ ਮਾਲ ਦੇ ਸਿਰ ‘ਤੇ ਵਧ-ਫੁੱਲ ਰਿਹਾ ਹੈ। ਫਿਰ ਵੀ ਚੀਨੀ ਵਸਤਾਂ ਖਿਲਾਫ਼ ਪ੍ਰਚਾਰ! ਇੱਥੋਂ ਤਕ ਕਿ ਅਮਿਤਾਭ ਬੱਚਨ ਨੂੰ ਉਸ ਦੀ ਦੇਸ਼ਭਗਤੀ ਦੀ ਭਾਵਨਾ ਦੀ ਦੁਹਾਈ ਦਿੰਦਿਆਂ ਇੱਕ ਭਗਵੇਂ ਚੋਗਾਧਾਰੀ ਐਂਕਰ ਨੇ ਉਸ ਨੂੰ ਚੀਨੀ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਨਾ ਕਰਨ ਦੀ ਬੇਨਤੀ ਕੀਤੀ ਸੀ।
ਇਸ ਸਭ ਕੁਝ ਦਾ ਸਾਰ-ਤੱਤ ਇਹੋ ਨਿਕਲਦਾ ਹੈ: ਸਾਡਾ ਰਾਸ਼ਟਰਵਾਦ ਵਿਹਾਰਕ ਹੈ। ਸਾਡੇ ਇਲੈਕਟ੍ਰੌਨਿਕ ਨਿਊਜ਼ ਚੈਨਲ ਸੱਤਾਧਾਰੀ ਪਾਰਟੀ ਦੇ ਰਾਸ਼ਟਰਵਾਦੀ ਪ੍ਰਚਾਰ ਦੀ ਮੁਨਾਦੀ ਕਰਦੇ ਰਹਿ ਸਕਦੇ ਹਨ, ਪਰ ਆਮ ਭਾਰਤੀ ਲੋਕ ਪੂਰੇ ਸਵੈ-ਵਿਸ਼ਵਾਸ ਨਾਲ ਇਸ ਤੋਂ ਬੇਲਾਗ ਰਹਿੰਦੇ ਹਨ।ਸ਼ਾਇਦ ਸਾਡੇ ਦੇਸ਼ਵਾਸੀ ਰਾਸ਼ਟਰਵਾਦੀ ਭਾਵਨਾਵਾਂ ਦੀ ਪਾਵਨਤਾ ਦੇ ਸਿਆਸੀਕਰਨ ਦੀ ਸਿਆਸੀ ਖੇਡ ਹੁਣ ਸਮਝਣ ਲੱਗੇ ਹਨ।

Check Also

ਕੁਦਰਤ ਤੇ ਚੋਣ ਕਮਿਸ਼ਨ ਦੀ ਕਰੋਪੀ ‘ਚ ਫਸੇ ਕਿਸਾਨ ਤੇ ਮਜ਼ਦੂਰ

ਲੋਕ ਸਭਾ ਚੋਣਾਂ : ਸਿਆਸੀ ਪਾਰਟੀਆਂ ਘੜਨ ਲੱਗੀਆਂ ਚੋਣ ਰਣਨੀਤੀ ਚੰਡੀਗੜ੍ਹ : ਪੰਜਾਬ ਦੀਆਂ ਤੇਰ੍ਹਾਂ …