Breaking News
Home / Special Story / ਐਨ ਆਰ ਆਈ ਸਭਾ ਚਨਾਰਥਲ ਕਲਾਂ, ਪਰਵਾਸੀ ਅਖਬਾਰ ਤੇ ਰੇਡੀਓ ਦੇ ਉਦਮ ਸਦਕਾ ਟੋਰਾਂਟੋ ਨੇ ਵੀ ਸੇਵਾ ‘ਚ ਦਿੱਤਾ ਵੱਡਾ ਯੋਗਦਾਨ

ਐਨ ਆਰ ਆਈ ਸਭਾ ਚਨਾਰਥਲ ਕਲਾਂ, ਪਰਵਾਸੀ ਅਖਬਾਰ ਤੇ ਰੇਡੀਓ ਦੇ ਉਦਮ ਸਦਕਾ ਟੋਰਾਂਟੋ ਨੇ ਵੀ ਸੇਵਾ ‘ਚ ਦਿੱਤਾ ਵੱਡਾ ਯੋਗਦਾਨ

ਮੇਰੇ ਪਿੰਡ ਦੇ ਪੀੜਤ ਕਿਸਾਨਾਂ ਦੀ ਮੱਦਦ ਲਈ ਰੱਬ ਰੋਜ਼ ਬਹੁੜਿਆ ਪਿੰਡ ਚਨਾਰਥਲ
ਮਾਮਲਾ 102 ਏਕੜ ਕਣਕ ਸੜਨ ਦਾ : ਸਾਂਝੀਵਾਲਤਾ ਮੂਹਰੇ ਵੱਡੀ ਮੁਸੀਬਤ ਵੀ ਪੈ ਗਈ ਛੋਟੀ
ਦੀਪਕ ਸ਼ਰਮਾ ਚਨਾਰਥਲ
ਨਿੱਕਿਆਂ ਹੁੰਦਿਆਂ ਇਕ ਕਥਾ, ਇਕ ਕਿੱਸਾ ਬਹੁਤ ਵਾਰ ਸੁਣਿਆ ਕਿ ਧੰਨੇ ਭਗਤ ਨੇ ਪੱਥਰ ‘ਚੋਂ ਰੱਬ ਪੈਦਾ ਕਰ ਲਿਆ ਤੇ ਉਹ ਰੱਬ ਜੋ ਉਸ ਗਰੀਬ, ਸਧਾਰਨ ਕਿਸਾਨ ਦੀ ਮੱਦਦ ਲਈ ਉਸਦੀਆਂ ਮੱਝੀਆਂ ਵੀ ਚਾਰਦਾ, ਉਸਦਾ ਖੇਤੀ ਹਲ ਵੀ ਚਲਾਉਂਦਾ, ਉਸ ਕਿਸਾਨ ਦੀ ਹਰ ਮੱਦਦ ਕਰਦਾ। ਇਹ ਕਥਾ ਮੈਂ ਫਿਰ ਅੱਜ ਸੱਚ ਹੁੰਦੀ ਤੱਕੀ ਜਦੋਂ ਪਦਾਰਥਵਾਦੀ ਯੁੱਗ ਵਿਚ ਜਿਸ ‘ਚ ਕਿਹਾ ਜਾਂਦਾ ਕਿ ਅੱਜ ਦਾ ਮਨੁੱਖ ਪੱਥਰ ਹੋ ਗਿਆ, ਲੋਕ ਪੱਥਰ ਦਿਲ ਹੋ ਗਏ ਨੇ, ਪਰ ਫਿਰ ਮੈਂ ਪੱਥਰਾਂ ਵਿਚੋਂ ਰੱਬ ਨੂੰ ਜਨਮਦਿਆਂ ਵੇਖਿਆ ਤੇ ਇਹ ਉਹੀ ਰੱਬ ਸੀ ਜੋ ਫਿਰ ਤੋਂ ਸਧਾਰਨ ਕਿਸਾਨਾਂ ਦੀ ਮੱਦਦ ਲਈ ਬਹੁੜਿਆ। ਇਕ ਵਾਰ ਨਹੀਂ, 22 ਅਪ੍ਰੈਲ 2018 ਤੋਂ ਲੈ ਕੇ 13 ਮਈ 2018 ਤੱਕ ਇਹ ਰੱਬ ਹਰ ਰੋਜ਼ ਪਿੰਡ ਚਨਾਰਥਲ ਬਹੁੜਦਾ ਰਿਹਾ।
ਜੀ ਹਾਂ, ਲੰਘੀ 20 ਅਪ੍ਰੈਲ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਭਿਆਨਕ ਅੱਗ ਲੱਗੀ, ਅੰਦਾਜ਼ਨ 1000 ਤੋਂ ਲੈ ਕੇ 1200 ਏਕੜ ਦੇ ਕਰੀਬ ਖੇਤਾਂ ਨੂੰ ਅੱਗ ਲੱਗੀ, ਜਿਸ ਵਿਚੋਂ 700 ਤੋਂ 800 ਏਕੜ ਦਾ ਰਕਬਾ ਉਹ ਸੀ ਜਿਸ ਵਿਚ ਕਿਸਾਨਾਂ ਦੀ ਖੜ੍ਹੀ ਫਸਲ ਸੜ ਗਈ ਤੇ ਇਹ ਨੁਕਸਾਨ ਦਰਜਨਾਂ ਪਿੰਡਾਂ ਵਿਚ ਬਿਜਲੀ ਦੀਆਂ ਤਾਰਾਂ ‘ਚੋਂ ਜਨਮੀਆਂ ਚੰਗਿਆੜੀਆਂ ਕਾਰਨ ਹੋਇਆ। ਇਸੇ ਅੱਗ ਨੇ ਮੇਰਾ ਪਿੰਡ ਚਨਾਰਥਲ ਵੀ ਫੂਕ ਦਿੱਤਾ। ਪਿੰਡ ਫੂਕਣ ਤੋਂ ਭਾਵ ਮੇਰੇ ਪਿੰਡ ਦੇ 18 ਕਿਸਾਨਾਂ ਦੀ 102 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਤੇ ਲੱਗਿਆ ਕਿ ਹੁਣ ਇਨ੍ਹਾਂ 18 ਘਰਾਂ ਵਿਚ ਪਤਾ ਨਹੀਂ ਚੁੱਲ੍ਹਿਆਂ ਵਿਚ ਅੱਗ ਮਚੇਗੀ ਜਾਂ ਨਹੀਂ ਪਰ ਖੇਤਾਂ ਵਿਚ ਅੱਗ ਬੜੀ ਮੁਸ਼ਕਲ ਬੁਝਾਈ। ਇੱਥੋਂ ਹੀ ਸ਼ੁਰੂ ਹੁੰਦੀ ਹੈ ਇਨਸਾਨੀ ਜਾਮੇ ਵਿਚ ਰੱਬ ਦੀ ਆਮਦ।
ਜਿਸ ਪਿੰਡ ਚਨਾਰਥਲ ਕਲਾਂ ਨੂੰ ਲੋਕ ਪੰਜਾਬ ਭਰ ਵਿਚ ਸਿਆਸਤ ਦਾ ਗੜ੍ਹ ਸਮਝਦੇ ਹੋਣ, ਜਿਥੋਂ ਦੀ ਸਿਆਸਤ ਵੱਡੇ-ਵੱਡੇ ਲੀਡਰਾਂ ਦੇ ਵੀ ਕੰਨੀਂ ਹੱਥ ਲਵਾ ਦਿੰਦੀ ਹੋਵੇ। ਬਾਹਰੀ ਲੋਕ, ਬਾਹਰੀ ਸਿਆਸਤਦਾਨ, ਪਾਰਟੀਆਂ ਦੇ ਲੀਡਰ ਜਿੱਥੇ ਇਹ ਮਹਿਸੂਸ ਕਰਦੇ ਹੋਣ ਕਿ ਇਸ ਪਿੰਡ ਵਿਚ ਸਿਆਸੀ ਗੁੱਟਬਾਜ਼ੀ ਬਹੁਤ ਹੈ, ਉਹ ਪਿੰਡ, ਉਸ ਪਿੰਡ ਦੇ ਬਾਸ਼ਿੰਦੇ, ਉਸ ਪਿੰਡ ਦੇ ਸਿਆਸਤਦਾਨ, ਆਪਣੀਆਂ ਸਾਰੀਆਂ ਅਹੁਦੇਦਾਰੀਆਂ ਲਾਂਭੇ ਰੱਖ ਕੇ, ਆਪਣੀਆਂ ਸਾਰੀਆਂ ਹੈਂਕੜਾਂ ਪਰੇ ਕਰਕੇ, ਆਪਣੇ ਗਿਲੇ- ਸ਼ਿਕਵੇ-ਰੋਸੇ ਤਿਆਗ ਕੇ ਗੁਰਦੁਆਰਾ ਰੋੜੀ ਸਾਹਿਬ 22 ਅਪ੍ਰੈਲ ਨੂੰ ਇਕੱਤਰ ਹੁੰਦੇ ਹਨ। ਗੁਰੂ ਘਰ ‘ਚ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਬਲ ਬਖਸ਼ੀ, ਅਸੀਂ ਆਪਣੇ ਪਿੰਡ ਦੇ ਉਜੜੇ, ਉਖੜੇ ਤੇ ਥਿੜਕੇ ਇਨ੍ਹਾਂ 18 ਕਿਸਾਨ ਪਰਿਵਾਰਾਂ ਦੀ ਮੱਦਦ ਤੇਰੀ ਕ੍ਰਿਪਾ ਨਾਲ ਕਰ ਸਕੀਏ। ਬਸ, ਇਹੋ ਅਰਦਾਸ ਸੀ ਜਿਸ ਨੇ ਰੰਗ ਦਿਖਾਇਆ, ਜਿਸਨੇ ਅਸਰ ਦਿਖਾਇਆ, ਜਿਸ ਨੇ ਕ੍ਰਿਪਾ ਬਖਸ਼ੀ ਤੇ ਉਸ 22 ਅਪ੍ਰੈਲ ਤੋਂ ਲੈ ਕੇ 13 ਮਈ ਵਾਲੇ ਦਿਨ ਤੱਕ ਪੀੜਤ ਕਿਸਾਨਾਂ ਨੂੰ ਮਾਲੀ ਮੱਦਦ ਫੜਾਉਣ ਰੱਬ ਹਰ ਰੋਜ਼ ਮੇਰੇ ਪਿੰਡ ਚਨਾਰਥਲ ਬਹੁੜਦਾ ਰਿਹਾ। ਕਦੀ ਉਹ ਕਾਰ ਸੇਵਾ ਵਾਲੇ ਬਾਬਿਆਂ ਦੇ ਰੂਪ ਵਿਚ ਕਣਕ ਲੈ ਕੇ ਪਿੰਡ ਆਉਂਦਾ, ਕਦੀ ਰੱਬ ਪਿੰਡ ਵਜ਼ੀਰਾਬਾਦ, ਸਿੱਧੂਪੁਰ, ਮੰਢੋਰ, ਸੌਂਢਾ, ਪਿੰਡ ਲਸਾੜਾ, ਨਲੀਨੀ, ਨੰਦਪੁਰ ਕਲੌੜ, ਸਲਾਣੀ, ਬਲਾੜੀ, ਪਿੰਡ ਲੌਟ, ਪਿੰਡ ਪੌਲਾ, ਬਾਠਾਂ ਖੁਰਦ, ਅਮਰਾਲਾ, ਭੋਜੇ ਮਾਜਰਾ, ਜਟਾਵਾਂ ਉਚਾ, ਦਾਊਦਪੁਰ, ਰਹੀ ਮਾਜਰਾ, ਰੁੜਕੀ, ਪਿੰਡ ਜੱਸੜਾਂ, ਸੈਦਪੁਰਾ, ਗੱਗੋ, ਗਧਰਾਮ ਕਲਾਂ ਤੇ ਅਜਿਹੇ ਹੋਰ ਕਿੰਨੇ ਹੀ ਪਿੰਡਾਂ ਤੋਂ ਰੱਬੀ ਰੂਪ ਇਨਸਾਨ ਕਣਕ ਦੀਆਂ ਟਰਾਲੀਆਂ ਭਰ ਕੇ ਪਿੰਡ ਚਨਾਰਥਲ ਪਹੁੰਚਦੇ ਰਹੇ। ਗੁਰਦੁਆਰਾ ਸਾਹਿਬ ‘ਚ ਬਣਾਈ ਕਮੇਟੀ ਦੇ ਤੈਅ ਫੈਸਲੇ ਅਨੁਸਾਰ ਪਿੰਡ ਚਨਾਰਥਲ ਕਲਾਂ ਦੇ ਜਿਸ ਕਿਸਾਨ ਕੋਲ ਜਿੰਨੇ ਏਕੜ ਜ਼ਮੀਨ ਹੈ, ਉਹ ਉਨੇ ਏਕੜ ਦੀ ਆਰਥਿਕ ਮੱਦਦ ਕਰੇ। ਭਾਵ ਇਕ ਏਕੜ ਵਾਲਾ ਇਕ ਹਜ਼ਾਰ, ਪੰਜ ਏਕੜ ਵਾਲਾ ਪੰਜ ਹਜ਼ਾਰ, ਦਸ ਏਕੜ ਵਾਲਾ ਦਸ ਹਜ਼ਾਰ, ਇੰਝ ਪ੍ਰਤੀ ਏਕੜ ਇਕ ਹਜ਼ਾਰ ਰੁਪਈਆ ਮੱਦਦ ਦਾ ਤੈਅ ਕੀਤਾ ਗਿਆ ਸੀ ਤੇ ਲਗਭਗ ਪਿੰਡ ਚਨਾਰਥਲ ਦੇ 99.9 ਫੀਸਦੀ ਕਿਸਾਨਾਂ ਨੇ ਇਸ ਪੈਮਾਨੇ ਦੇ ਹਿਸਾਬ ਨਾਲ ਹੀ ਆਰਥਿਕ ਮੱਦਦ ਕਮੇਟੀ ਕੋਲ ਜਮ੍ਹਾਂ ਕਰਵਾਈ। ਇਸ ਤੋਂ ਬਿਨਾ ਹੋਰ ਮੁਲਾਜ਼ਮ ਵਰਗ ਵਲੋਂ, ਹੋਰ ਸਮੂਹ ਭਾਈਚਾਰੇ ਵਲੋਂ ਆਪਣੀ ਵਿੱਤ ਅਨੁਸਾਰ ਇਸ ਔਖੀ ਘੜੀ ਵਿਚ ਆਪਣਾ ਹਿੱਸਾ ਪਾਇਆ ਗਿਆ। ਜਿਸ ਵਿਚ ਟਿਵਾਣਾ ਫੀਡ ਪਰਿਵਾਰ ਦਾ ਵੱਡਾ ਰੋਲ ਹੈ। ਇਸੇ ਤਰ੍ਹਾਂ ਨਾਮਧਾਰੀ ਪਰਿਵਾਰ ਜਾਲਖੇੜੀ ਤੋਂ ਜਿਨ੍ਹਾਂ ਨੇ ਅੱਗ ਬੁਝਾਉਣ ਲਈ ਵੀ ਖੁਦ ਨੂੰ ਤੇ ਆਪਣੇ ਸੰਦਾਂ ਨੂੰ ਅੱਗ ਦੀ ਭੱਠੀ ਵਿਚ ਝੋਂਕ ਦਿੱਤਾ ਸੀ, ਉਸੇ ਨਾਮਧਾਰੀ ਪਰਿਵਾਰ ਨੇ ਆਰਥਿਕ ਮੱਦਦ ਵਿਚ ਵੱਡੀ ਮੱਲ ਮਾਰੀ। ਇਸ ਤਰ੍ਹਾਂ ਮੱਦਦ ਦੇ ਰੂਪ ਵਿਚ ਅਪ੍ਰੈਲ ਦੀ 22 ਤਰੀਕ ਤੋਂ ਮਈ ਦੀ 13 ਤਰੀਕ ਆਉਣ ਤੱਕ ਰੱਬ ਨਿੱਤ ਪਿੰਡ ਬਹੁੜਦਾ ਤੇ ਮੱਦਦ ਕਰ ਜਾਂਦਾ।
ਵਿਦੇਸ਼ੀ ਡਾਲਰ ਫੜਾਉਣ ਵੀ ਇਹੋ ਰੱਬ ਪਿੰਡ ਆਉਂਦਾ ਰਿਹਾ। ਕੈਨੇਡਾ ਦੀ ਧਰਤੀ ਤੇ ਅਮਰੀਕਾ ਆਦਿ ਵਰਗੇ ਦੇਸ਼ਾਂ ‘ਚ ਬੈਠੇ ਪਿੰਡ ਚਨਾਰਥਲ ਕਲਾਂ ਦੇ ਸਮੂਹ ਨੌਜਵਾਨ, ਬਜ਼ੁਰਗ ਤੇ ਪਿੰਡ ਵਾਸੀਆਂ ਨੇ ਦਿਲ ਖੋਲ੍ਹ ਕੇ ਆਰਥਿਕ ਮੱਦਦ ਕੀਤੀ। ਐਨ ਆਰ ਆਈ ਸਭਾ ਚਨਾਰਥਲ ਕਲਾਂ ਦੇ ਨਾਂ ਹੇਠ ਵੱਡਾ ਗੱਫਾ ਸਾਂਝੀ ਮੱਦਦ ਲਈ ਭੇਜਿਆ ਗਿਆ ਤੇ ਕੁਝ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸੱਜਣ ਵੀ , ਸੰਸਥਾਵਾਂ ਵੀ ਜਿਨ੍ਹਾਂ ਵਿਚ ਪਰਵਾਸੀ ਅਖਬਾਰ ਤੇ ਰੇਡੀਓ, ਕੈਨੇਡਾ ਦੇ ਗੁਰਦੁਆਰਾ ਸੰਗਠਨ, ਪਿੰਡ ਚਨਾਰਥਲ ਦੇ ਜਵਾਕਾਂ ਰਾਹੀਂ ਸੋਸ਼ਲ ਮੀਡੀਆ ਤੋਂ ਇਕੱਤਰ ਮੱਦਦ ਤੇ ਪਿੰਡ ਦੇ ਕੁਝ ਹੋਰ ਅਜਿਹੇ ਸੱਜਣ ਵੀ ਰੱਬ ਬਣ ਕੇ ਬਹੁੜੇ, ਜਿਨ੍ਹਾਂ ਦਾ ਪਿੰਡ ਨਾਲ, ਸਾਡੇ ਨਾਲ, ਪੀੜਤ ਕਿਸਾਨਾਂ ਨਾਲ ਕੋਈ ਦੂਰ ਨੇੜੇ ਦਾ ਨਾਤਾ ਨਹੀਂ ਸੀ, ਪਰ ਇਸ ਦੁੱਖ ਦੀ ਘੜੀ ਵਿਚ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਨ੍ਹਾਂ ਮੱਦਦਗਾਰਾਂ ਵਿਚ ਰੱਬ ਇਮਦਾਦ ਲਈ ਸਾਹਮਣੇ ਆਉਂਦਾ ਰਿਹਾ।
ਫਿਰ ਦਿਨ ਆਇਆ 13 ਮਈ ਦਾ, ਜਿਸ ਦਿਨ ਗੁਰਦੁਆਰਾ ਰੋੜੀ ਸਾਹਿਬ ਦੀ ਪ੍ਰਬੰਧਕ ਕਮੇਟੀ, ਜਿਸ ਦੀ ਅਗਵਾਈ ਗਿਆਨੀ ਅਵਤਾਰ ਸਿੰਘ ਜੀ ਕਰਦੇ ਹਨ ਤੇ ਮੱਦਦ ਰਾਸ਼ੀ ਇਕੱਤਰ ਕਰਨ ਦੀ ਬਣਾਈ ਟੀਮ ਦੀ ਅਗਵਾਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਸੀ। ਇਸ ਦਿਨ ਗੁਰਦੁਆਰਾ ਸਾਹਿਬ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਇਨ੍ਹਾਂ 18 ਕਿਸਾਨ ਪਰਿਵਾਰਾਂ ਨੂੰ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 21 ਲੱਖ ਰੁਪਏ ਦੀ ਮਾਲੀ ਮੱਦਦ ਦਿੱਤੀ ਗਈ। ਇਸ ਮੌਕੇ ਜਿੱਥੇ ਗੁਰੂ ਦੀ ਹਾਜ਼ਰੀ ਵਿਚ ਪੀੜਤ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਜਾ ਰਹੀ ਸੀ, ਉਥੇ ਹੀ ਅੱਗ ਬੁਝਾਉਣ ਵਿਚ, ਕਣਕ ਪਹੁੰਚਾਉਣ ਵਾਲੇ, ਬਾਹਰਲੇ ਪਿੰਡਾਂ ਦੇ ਆਰਥਿਕ ਮੱਦਦ ਕਰਨ ਵਾਲੇ ਸੱਜਣਾਂ ਦਾ ਜਿੱਥੇ ਬਣਦਾ ਸਤਿਕਾਰ ਕੀਤਾ ਗਿਆ, ਉਥੇ ਅੱਗ ਬੁਝਾਉਣ ਦੌਰਾਨ ਜਿਨ੍ਹਾਂ ਪਰਿਵਾਰਾਂ ਨੂੰ ਕੁਝ ਨੁਕਸਾਨ ਪਹੁੰਚਿਆ, ਜਿਨ੍ਹਾਂ ਸੱਜਣਾਂ ਨੂੰ ਕੋਈ ਨੁਕਸਾਨ ਪਹੁੰਚਿਆ, ਉਨ੍ਹਾਂ ਦੀ ਮੱਦਦ ਵੀ ਇਸ ਮੌਕੇ ‘ਤੇ ਕੀਤੀ ਗਈ।
ਕੋਈ ਇਕ ਵਿਅਕਤੀ ਵੀ ਇਹ ਨਹੀਂ ਆਖ ਸਕਦਾ ਕਿ ਇਹ ਕਾਰਜ ਮੇਰੇ ਕਰਕੇ ਸਿਰੇ ਚੜ੍ਹਿਆ ਹੈ, ਮੈਂ ਕਰਵਾਇਆ ਹੈ ਜਾਂ ਅਸੀਂ ਕਰ ਦਿੱਤਾ ਹੈ। ਇਹ ਸਮੁੱਚਾ ਕਾਜ ਓਸ ਪਰਮ ਪਿਤਾ ਪ੍ਰਮਾਤਮਾ ਦੀ ਕ੍ਰਿਪਾ ਸਦਕਾ, ਸੱਚੀ ਸੁੱਚੀ ਨੀਅਤ ਤੇ ਨੀਤੀ ਸਦਕਾ ਤੇ ਸਿਆਸਤ ਤੋਂ ਲਾਂਭੇ ਹੋ ਕੇ ਸਾਂਝੀਵਾਲਤਾ ਸਦਕਾ ਸਿਰੇ ਚੜ੍ਹਿਆ ਹੈ। ਤੈਅ ਇਹ ਕੀਤਾ ਗਿਆ ਸੀ ਕਿ ਪੀੜਤ ਕਿਸਾਨਾਂ ਨੂੰ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਾਲੀ ਮੱਦਦ ਕੀਤੀ ਜਾਵੇ ਤੇ ਇਸ ਹਲਕੇ ਦੇ ਵਿਧਾਇਕ ਤੇ ਸਰਕਾਰੀ ਨੁਮਾਇੰਦਿਆਂ ਵਲੋਂ ਵੀ ਵਾਅਦਾ ਅਤੇ ਦਾਅਵਾ ਹੈ ਕਿ ਉਹ ਵੀ 12,000 ਰੁਪਏ ਪ੍ਰਤੀ ਏਕੜ ਦੀ ਮੱਦਦ ਇਨ੍ਹਾਂ ਪਰਿਵਾਰਾਂ ਤੱਕ ਪਹੁੰਚਾਉਣਗੇ। ਇੰਝ ਪ੍ਰਤੀ ਏਕੜ 32,000 ਰੁਪਏ ਦੀ ਮੱਦਦ ਜੇਕਰ ਪਰਿਵਾਰਾਂ ਕੋਲ ਪੂਰੀ ਹੋ ਜਾਂਦੀ ਹੈ ਤਾਂ ਕੰਮ ਸਾਵਾਂ ਹੋ ਸਕਦਾ ਹੈ। ਜਦੋਂ ਕਿ ਗੁਰਦੁਆਰਾ ਕਮੇਟੀ ਕੋਲ ਇਸ 13 ਮਈ ਵਾਲੇ ਦਿਨ ਵੀ ਲਗਾਤਾਰ ਮਾਲੀ ਮੱਦਦ ਲਈ ਸੰਗਤਾਂ ਪਹੁੰਚ ਰਹੀਆਂ ਸਨ, ਪਰਚੀਆਂ ਕੱਟੀਆਂ ਜਾ ਰਹੀਆਂ ਸਨ। ਕਹਿਣ ਤੋਂ ਭਾਵ ਚਾਹੇ ਐਨ ਆਰ ਆਈ ਸਭਾ ਹੋਵੇ, ਚਾਹੇ ਪਿੰਡ ਵਾਸੀ ਹੋਣ, ਚਾਹੇ ਹੋਰ ਸਮੂਹ ਸਹਿਯੋਗੀ ਸੱਜਣ ਹੋਣ, ਸਭ ਨੇ ਆਪਣੀ ਵਿੱਤ ਅਨੁਸਾਰ ਦਿਲੋਂ ਮੱਦਦ ਕੀਤੀ। ਇਸ ਲਈ ਖਜ਼ਾਨੇ ਭਰਪੂਰ ਹੋਏ। ਬਲਕਿ ਸਹਾਇਤਾ ਰਾਸ਼ੀ ਵੰਡਣ ਤੋਂ ਬਾਅਦ ਲੱਗਦਾ 8 ਤੋਂ 10 ਲੱਖ ਰੁਪਏ ਦੀ ਰਾਸ਼ੀ ਬਚ ਸਕਦੀ ਹੈ। ਮੱਦਦ ਇਕੱਤਰ ਕਰਨ ਲਈ ਬਣਾਈ ਗਈ ਕਮੇਟੀ ਇਸ ਗੱਲ ਲਈ ਮਨ ਬਣਾਈ ਬੈਠੀ ਕਿ ਜੇ ਸਰਕਾਰੀ ਸਹਾਇਤਾ ਕਿਸੇ ਕਾਰਨਾਂ ਕਰਕੇ ਨਾ ਵੀ ਮਿਲੀ ਤਾਂ ਉਹ 12,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੀ ਇਨ੍ਹਾਂ 18 ਪੀੜਤ ਕਿਸਾਨ ਪਰਿਵਾਰਾਂ ਨੂੰ ਮੱਦਦ ਕੀਤੀ ਜਾ ਸਕਦੀ ਹੈ। ਇਸ ਮੌਕੇ ‘ਤੇ ਇਕ-ਦੋ ਵੀਰ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਹੋਏ ਤੇ ਉਨ੍ਹਾਂ ਆਪਣਾ ਰੋਸਾ ਵੀ ਪ੍ਰਗਟਾਇਆ ਕਿ ਸਾਰੀ ਰਾਸ਼ੀ ਅੱਜ ਹੀ ਕਿਸਾਨਾਂ ਵਿਚ ਵੰਡ ਦਿੱਤੀ ਜਾਵੇ। ਪਰ ਤੈਅ ਪੈਮਾਨੇ ਅਨੁਸਾਰ ਮੱਦਦ ਵੰਡੀ ਗਈ। ਇਹ ਵੀ ਤੈਅ ਕੀਤਾ ਗਿਆ ਕਿ ਬਚੀ ਰਾਸ਼ੀ ਕਿਸੇ ਵੀ ਹੋਰ ਕੰਮ ਲਈ ਨਹੀਂ ਵਰਤੀ ਜਾਵੇਗੀ। ਪੂਰਾ ਹਿਸਾਬ ਅਗਲੀ ਸੰਗਰਾਂਦ ‘ਤੇ ਪਿੰਡ ਮੂਹਰੇ ਰੱਖਿਆ ਜਾਵੇਗਾ। ਉਸ ਤੋਂ ਬਾਅਦ ਸਮੁੱਚਾ ਨਗਰ ਤੈਅ ਕਰੇਗਾ ਕਿ ਇਸਦਾ ਰਾਹਤ ਕੋਸ਼ ਬਣਾਉਣਾ ਹੈ ਜਾਂ ਇਸ ਨੂੰ ਵੱਖਰੇ ਖਾਤੇ ਵਿਚ ਰੱਖਣਾ ਹੈ ਜਾਂ ਕੁਝ ਹੋਰ ਕਰਨਾ ਹੈ। ਇਹ ਫੈਸਲਾ ਹੁਣ ਸਮੁੱਚੇ ਪਿੰਡ ਵਾਸੀਆਂ ਨੂੰ ਮਿਲ ਕੇ ਲੈ ਲੈਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਬਚਾ ਕੇ ਰੱਖਿਆ ਪੈਸਾ ਹੀ ਕਿਸੇ ਨਵੇਂ ਵਿਵਾਦ ਨੂੰ ਜਨਮ ਦੇ ਦੇਵੇ। ਇਸ ਲਈ ਇਸ ਸਬੰਧ ਵਿਚ ਹੁਣ ਹੀ ਨੁਕਤਿਆਂ ਅਨੁਸਾਰ ਕੋਈ ਨਿਯਮ ਬਣਾ ਕੇ ਗੱਲ ਨਿਬੇੜ ਲੈਣੀ ਚਾਹੀਦੀ ਹੈ। ਜਦੋਂ ਕਿ ਮਿੰਨੀ ਫਾਇਰ ਬ੍ਰਿਗੇਡ ਰੂਪੀ ਦੋ ਟੈਂਕ ਬਣਾਉਣ ਦਾ ਫੈਸਲਾ ਹੋ ਗਿਆ ਹੈ। ਜਿਸ ਬਾਰੇ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਨੇ ਵੀ ਭਰੋਸਾ ਦਿੱਤਾ ਹੈ ਕਿ ਟੈਂਕਾਂ ਦਾ ਕਾਰਜ ਉਹ ਕਰ ਦੇਣਗੇ। ਜੇ ਉਧਰੋਂ ਹੋ ਜਾਵੇ ਤਦ ਵੀ ਠੀਕ, ਨਹੀਂ ਤਾਂ ਪਿੰਡ ਨੇ ਤੈਅ ਕੀਤਾ ਹੈ ਉਹ ਤਾਂ ਹੁਣ ਸਟੀਲ ਦੇ ਦੋ ਫਾਇਰ ਬ੍ਰਿਗੇਡ ਸਿਸਟਮ ਵਾਲੇ ਟੈਂਕ ਬਣਾਉਣਗੇ ਹੀ ਬਣਾਉਣਗੇ।
ਇਸ ਸਹਾਇਤਾ ਰਾਸ਼ੀ ਵੰਡ ਸਮਾਗਮ ਵਿਚ ਨਾ ਤਾਂ ਕੋਈ ਬਾਹਰੀ ਸਿਆਸੀ ਲੀਡਰ ਆਇਆ, ਨਾ ਪਿੰਡ ਨੇ ਬੁਲਾਇਆ ਤੇ ਨਾ ਪਿੰਡ ਦੇ ਹੀ ਕਿਸੇ ਵੀ ਲੀਡਰ ਨੇ ਆਪਣੀ ਪਾਰਟੀ ਦਾ, ਆਪਣੇ ਗਰੁੱਪ ਦਾ ਨਾਂ ਮੂਹਰੇ ਰੱਖਣ ਦੀ ਕੋਸ਼ਿਸ਼ ਕੀਤੀ, ਨਾ ਹੀ ਪਿੰਡ ਵਾਸੀਆਂ ਵਲੋਂ ਕੀਤੀ ਗਈ ਮਾਲੀ ਮੱਦਦ ਦਾ ਜ਼ਿਕਰ ਕਰਕੇ ਕਿਸੇ ਪਿੰਡ ਵਾਸੀ ਦਾ ਮਾਣ ਸਨਮਾਨ ਕੀਤਾ ਗਿਆ ਕਿਉਂਕਿ ਪਿੰਡ ਚਨਾਰਥਲ ਕਲਾਂ ਦੇ ਵਾਸੀਆਂ ਦਾ ਤਾਂ ਇਖਲਾਕੀ ਫਰਜ਼ ਬਣ ਗਿਆ ਸੀ ਕਿ ਅਸੀਂ ਇਹ ਕਾਰਜ ਕਰਨਾ ਹੀ ਕਰਨਾ ਹੈ। ਜਿਸ ਨੇ ਇਕ ਮਿਸਾਲ ਪੇਸ਼ ਕਰ ਦਿੱਤੀ ਕਿ ਜਦੋਂ ਇਕਜੁੱਟਤਾ ਹੋ ਜਾਵੇ, ਜਦੋਂ ਸਾਂਝ ਪੱਕੀ ਹੋ ਜਾਵੇ, ਜਦੋਂ ਨੇਕ ਨੀਅਤ ਹੋ ਜਾਵੇ ਫਿਰ ਵੱਡੀਆਂ ਮੁਸੀਬਤਾਂ ਵੀ ਇਸ ਤਾਕਤ ਮੂਹਰੇ ਦਮ ਤੋੜ ਦਿੰਦੀਆਂ ਹਨ।
ਪਿੰਡ ਦੀ ਇਸ ਸਾਂਝੀਵਾਲਤਾ ਨੂੰ ਵੇਖਕੇ ਸਮੂਹ ਨਗਰ ਨਿਵਾਸੀਆਂ ਵਾਂਗ ਮੈਨੂੰ ਹੌਸਲਾ ਮਹਿਸੂਸ ਹੋਇਆ ਤੇ ਮੈਂ ਲਗਦੇ ਹੱਥ ਮਾਈਕ ਤੋਂ ਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਤਮ ਅਰਦਾਸ ਵਾਲੇ ਭੋਗਾਂ ਨੂੰ ਸਾਦੇ ਭੋਗਾਂ ‘ਚ ਤਬਦੀਲ ਕਰਨਾ ਤੈਅ ਕਰਨ ਤੇ ਦੁਸਹਿਰੇ ਮੌਕੇ ਹੋਣ ਵਾਲੇ ਵੱਖ-ਵੱਖ ਗਰੁੱਪਾਂ ਦੇ ਟੂਰਨਾਮੈਂਟਾਂ ਨੂੰ ਪਿੰਡ ਵਲੋਂ ਆਯੋਜਿਤ ਇਕ ਵਿਸ਼ਾਲ ਟੂਰਨਾਮੈਂਟ ਵਿਚ ਬਦਲਣ ਦਾ ਮਤਾ ਪਾਸ ਕਰਨ ਤੇ ਹੋ ਸਕੇ ਤਾਂ ਸਰਪੰਚੀ ਵੀ ਸਰਬਸੰਮਤੀ ਨਾਲ ਚੁਣੀ ਜਾਵੇ। ਮੇਰੀ ਇਸ ਅਪੀਲ ਨੂੰ ਪਿੰਡ ਵਾਸੀਆਂ ਨੇ ਬਲ ਬਖਸ਼ਿਆ ਤੇ ਮੈਨੂੰ ਭਰੋਸਾ ਦਿੱਤਾ ਕਿ ਸਾਦੇ ਭੋਗਾਂ ਵਾਲਾ ਤੇ ਇਕ ਟੂਰਨਾਮੈਂਟ ਪਿੰਡ ਦੀ ਪੰਚਾਇਤ ਵਲੋਂ ਕਰਵਾਉਣ ਵਾਲਾ ਸਰਬਸੰਮਤੀ ਨਾਲ ਮਤਾ ਪਾਸ ਕਰ ਲਿਆ ਜਾਵੇਗਾ। ਮੈਨੂੰ ਉਮੀਦ ਹੈ ਕਿ ਇਹ ਕਾਰਜ ਅਗਲੇ ਮਹੀਨੇ ਦੀ ਸੰਗਰਾਂਦ ਮੌਕੇ ਨੇਪਰੇ ਚੜ੍ਹ ਜਾਵੇਗਾ। ਸਰਪੰਚੀ ਦੀ ਚੋਣ ਸਰਬਸੰਮਤੀ ਨਾਲ ਕਰਨ ਦੀ ਗੱਲ ‘ਤੇ ਸਿਰ ਜੋੜ ਕੇ ਬੈਠਣ ਦੀ ਗੱਲ ਤਾਂ ਸਭ ਧਿਰਾਂ ਨੇ ਕਹੀ, ਪਰ ਸ਼ਾਇਦ ਅਜੇ ਕੁਰਸੀ ਮੋਹ ਤਿਆਗਣਾ ਔਖਾ ਹੈ, ਹਾਂ ਸ਼ੁਰੂਆਤ ਚੰਗੀ ਹੋ ਗਈ ਹੈ, ਜਿਸ ਦੇ ਲਈ ਮੇਰੇ ਨਗਰ ਦਾ ਹਰ ਇਕ ਜੀਅ ਵਧਾਈ ਦਾ ਪਾਤਰ ਹੈ। ਇਸ ਸਾਂਝੀਵਾਲਤਾ ਨੂੰ, ਇਸ ਇਕਜੁੱਟਤਾ ਨੂੰ ਇੰਝ ਹੀ ਬਣਾਈ ਰੱਖਣਾ, ਇਹੋ ਸਾਡੀ ਤਾਕਤ ਹੈ। ਜਿੱਥੇ ਸਾਂਝ ਹੈ, ਜਿੱਥੇ ਪਿਆਰ ਹੈ, ਜਿੱਥੇ ਇਤਫਾਕ ਹੈ ਉਥੇ ਹੀ ਰੱਬ ਦਾ ਵਾਸਾ, ਫਿਰ ਰੱਬ ਨੂੰ ਆਉਣ ਤੇ ਜਾਣ ਦੀ ਲੋੜ ਨਹੀਂ, ਉਹ ਹਮੇਸ਼ਾ ਲਈ ਤੁਹਾਡੇ ਸਾਡੇ ਅੰਦਰ ਵਸਿਆ ਰਹੇਗਾ।
– ਧੰਨਵਾਦ

ਸਹਿਯੋਗੀਆਂ ਨੂੰ ਸ਼ੀਸ਼ ਝੁਕਾਉਂਦਿਆਂ ਦੀਪਕ ਚਨਾਰਥਲ ਨੇ ਪੇਸ਼ ਕੀਤਾ ਧੰਨਵਾਦੀ ਮਤਾ
ਚਨਾਰਥਲ ਕਲਾਂ ਦੇ ਜਿਨ੍ਹਾਂ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋਈ, ਉਨ੍ਹਾਂ ਦੀ ਮੱਦਦ ਕਰਨ ਵਾਲਿਆਂ ਦੇ ਸਬੰਧ ਵਿਚ ਪੇਸ਼ ਧੰਨਵਾਦੀ ਮਤਾ।
ਮਿਤੀ 13.05.2018
ਪਿੰਡ ਚਨਾਰਥਲ ਕਲਾਂ ਦੀ ਪੰਚਾਇਤ, ਗੁਰਦੁਆਰਾ ਰੋੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਮੈਂ ਇਕ ਧੰਨਵਾਦੀ ਮਤਾ ਪੇਸ਼ ਕਰ ਰਿਹਾ ਹਾਂ।
ਲੰਘੀ 20 ਅਪ੍ਰੈਲ 2018 ਨੂੰ ਬਿਜਲੀ ਦੀਆਂ ਤਾਰਾਂ ‘ਚੋਂ ਨਿੱਕਲੀਆਂ ਚੰਗਿਆੜੀਆਂ ਕਾਰਨ ਚਨਾਰਥਲ ਕਲਾਂ ਦੇ ਕਿਸਾਨਾਂ ਦੀ ਜੋ 123 ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋਈ, ਉਸ ਨੁਕਸਾਨ ਦੀ ਭਰਪਾਈ ਲਈ, ਪੀੜਤ ਕਿਸਾਨਾਂ ਨੂੰ ਫੌਰੀ ਮੱਦਦ ਪਹੁੰਚਾਉਣ ਲਈ ਜਿਨ੍ਹਾਂ ਦਿਲ ਖੋਲ੍ਹ ਕੇ ਆਪਣੀ ਵਿੱਤ ਅਨੁਸਾਰ ਆਰਥਿਕ ਮੱਦਦ ਕੀਤੀ, ਉਨ੍ਹਾਂ ਸਭ ਦਾ ਧੰਨਵਾਦ।
ਪਿੰਡ ਚਨਾਰਥਲ ਕਲਾਂ ਦੀ ਪੰਚਾਇਤ ਤੇ ਗੁਰਦੁਆਰਾ ਰੋੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਧੰਨਵਾਦ ਕਰਦੀ ਹੈ ਅੱਗ ਬੁਝਾਉਣ ਲਈ ਯਤਨ ਕਰਨ ਵਾਲੇ ਪਿੰਡ ਵਾਸੀਆਂ ਦਾ, ਇਲਾਕਾ ਵਾਸੀਆਂ ਦਾ, ਨਾਮਧਾਰੀ ਭਾਈਚਾਰੇ ਦਾ, ਫਾਇਰ ਬ੍ਰਿਗੇਡ ਵਿਭਾਗ ਦਾ ਤੇ ਹੋਰਨਾਂ ਸਹਿਯੋਗੀਆਂ ਦਾ। ਅਸੀਂ ਧੰਨਵਾਦ ਕਰਦੇ ਹਾਂ ਆਰਥਿਕ ਮੱਦਦ ਲਈ ਸਾਹਮਣੇ ਆ ਕੇ ਸਾਥ ਦੇਣ ਲਈ ਸਮੂਹ ਚਨਾਰਥਲ ਕਲਾਂ ਵਾਸੀਆਂ ਦਾ, ਕਾਰ ਸੇਵਾ ਵਾਲੇ ਬਾਬਿਆਂ ਦਾ, ਹੋਰ ਪਿੰਡਾਂ ਤੋਂ ਕਣਕ ਦੀਆਂ ਟਰਾਲੀਆਂ ਭੇਜ ਕੇ ਮੱਦਦ ਕਰਨ ਵਾਲੇ ਵੀਰਾਂ ਦਾ, ਪਿੰਡਾਂ ਦਾ।
ਅਸੀਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦੇ ਹਾਂ ਪਿੰਡ ਚਨਾਰਥਲ ਕਲਾਂ ਤੋਂ ਉਠ ਕੇ ਵਿਦੇਸ਼ ਜਾ ਵਸੇ ਆਪਣੇ ਉਨ੍ਹਾਂ ਸਭ ਵੀਰਾਂ, ਬਜ਼ੁਰਗਾਂ, ਸਾਥੀਆਂ ਦਾ ਜਿਨ੍ਹਾਂ ‘ਐਨ ਆਰ ਆਈ ਸਭਾ ਚਨਾਰਥਲ ਕਲਾਂ’ ਦੇ ਨਾਮ ਹੇਠ ਪੀੜਤ ਕਿਸਾਨਾਂ ਦੀ ਮਾਲੀ ਮੱਦਦ ਵਿਚ ਵੱਡਾ ਯੋਗਦਾਨ ਪਾਇਆ। ਇਸ ਮੱਦਦ ਲਈ ਹੰਭਲਾ ਮਾਰਨ ਵਾਲੇ ਐਨ ਆਰ ਆਈ ਵੀਰਾਂ ਨੇ ਜਿੱਥੇ ਇਕਜੁੱਟ ਹੋ ਕੇ ਫੰਡ ਰੇਜਿੰਗ ਕੀਤੀ, ਉਥੇ ਉਨ੍ਹਾਂ ਦੇ ਉਦਮ ਸਦਕਾ ਚਨਾਰਥਲ ਕਲਾਂ ਦੇ ਐਨ ਆਰ ਆਈ ਬੱਚਿਆਂ ਨੇ ਵੀ ਸ਼ੋਸ਼ਲ ਮੀਡੀਆ ‘ਤੇ ਫੰਡ ਰੇਜਿੰਗ ਮੁਹਿੰਮ ਚਲਾ ਕੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਸ ਐਨ ਆਰ ਆਈ ਸਭਾ ਚਨਾਰਥਲ ਕਲਾਂ ਦੀ ਵਿਦੇਸ਼ੀ ਮੱਦਦ ਵਿਚ ਯੋਗਦਾਨ ਪਾਉਣ ਵਾਲੇ ਪਰਵਾਸੀ ਰੇਡੀਓ ਤੇ ਪਰਵਾਸੀ ਅਖਬਾਰ ਦਾ ਵੀ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਵਲੋਂ ਮੁੜ-ਮੁੜ ਕੀਤੀ ਗਈ ਮੱਦਦ ਦੀ ਅਪੀਲ ‘ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਕੈਨੇਡਾ ਦੇ ਉਹ ਵਾਸੀ ਵੀ ਆਰਥਿਕ ਮੱਦਦ ਲਈ ਸਾਹਮਣੇ ਆਏ, ਜਿਨ੍ਹਾਂ ਦਾ ਪਿੰਡ ਨਾਲ ਕੋਈ ਸਿੱਧਾ ਨਾਤਾ ਨਹੀਂ ਸੀ। ਇਸੇ ਪ੍ਰਕਾਰ ਟੋਰਾਂਟੋ ਦੀ ਧਰਤੀ ‘ਤੇ ਸਥਾਪਿਤ ਗੁਰਦੁਆਰਾ ਸਾਹਿਬ ਵਲੋਂ ਵੀ ਮੱਦਦ ਭੇਜੀ ਗਈ। ਇਨ੍ਹਾਂ ਸਭ ਸਹਿਯੋਗੀਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਉਚੇਚੇ ਤੌਰ ‘ਤੇ ਧੰਨਵਾਦ ਕਰਦੇ ਹਾਂ ‘ਟਿਵਾਣਾ ਫੀਡ’ ਪਰਿਵਾਰ ਦਾ, ਅਸੀਂ ਧੰਨਵਾਦ ਕਰਦੇ ਹਾਂ ਉਨ੍ਹਾਂ ਕਿਸਾਨ ਵੀਰਾਂ ਦਾ ਜਿਨ੍ਹਾਂ ਪੀੜਤ ਕਿਸਾਨਾਂ ਨੂੰ ਤੂੜੀ ਦੇ ਰੂਪ ਵਿਚ ਵੱਡੀ ਮੱਦਦ ਕੀਤੀ। ਅਸੀਂ ਧੰਨਵਾਦ ਕਰਦੇ ਹਾਂ ਉਨ੍ਹਾਂ ਇਲਾਕਾ ਵਾਸੀਆਂ ਦਾ, ਵਿਦੇਸ਼ੀ ਭਰਾਵਾਂ ਦਾ ਜਿਨ੍ਹਾਂ ਸਿੱਧੇ ਰੂਪ ਵਿਚ ਗੁਰਦੁਆਰਾ ਸਾਹਿਬ ਦੇ ਖਾਤੇ ਵਿਚ ਮਾਲੀ ਮੱਦਦ ਜਮ੍ਹਾਂ ਕਰਵਾਈ। ਅਸੀਂ ਉਨ੍ਹਾਂ ਸਾਕ ਸਬੰਧੀਆਂ ਦਾ, ਮਿੱਤਰਾਂ-ਸੱਜਣਾਂ ਦਾ ਤੇ ਗੁਪਤ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸਾਂਝੇ ਸਹਿਯੋਗ ‘ਚ ਹਿੱਸਾ ਪਾਉਣ ਦੇ ਨਾਲ-ਨਾਲ ਪੀੜਤ ਕਿਸਾਨਾਂ ਤੱਕ ਸਿੱਧੀ ਪਹੁੰਚ ਕਰਕੇ ਥੋੜ੍ਹੀ ਬਹੁਤ ਆਰਥਿਕ ਜਾਂ ਕਣਕ ਆਦਿ ਦੇ ਰੂਪ ਵਿਚ ਮੱਦਦ ਪਹੁੰਚਾਈ। ਅਸੀਂ ਧੰਨਵਾਦੀ ਹਾਂ ਪਿੰਡ ਚਨਾਰਥਲ ਕਲਾਂ ਦੇ ਨੌਜਵਾਨਾਂ ਦੇ ਵੀ, ਜਿਨ੍ਹਾਂ ਫੰਡ ਰੇਜਿੰਗ ਵਿਚ ਵੀ ਮੂਹਰੇ ਹੋ ਕੇ ਸਾਥ ਦਿੱਤਾ ਤੇ ਸ਼ੋਸ਼ਲ ਮੀਡੀਆ ‘ਤੇ ਵੀ ਇਸ ਮੁਹਿੰਮ ਨੂੰ ਭਖਾਈ ਰੱਖਿਆ। ਅਸੀਂ ਪ੍ਰਿੰਟ ਮੀਡੀਆ, ਟੀਵੀ ਮੀਡੀਆ ਤੇ ਸ਼ੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦੇ ਹਨ, ਜਿਨ੍ਹਾਂ ਆਪਣੀਆਂ ਲਿਖਤਾਂ ਰਾਹੀਂ ਸਾਨੂੰ ਬਲ ਬਖਸ਼ਿਆ।
ਇਸ ਸਭ ਦੇ ਨਾਲ-ਨਾਲ ਧੰਨਵਾਦ ਪਿੰਡ ਦੇ ਸਮੂਹ ਸਮਾਜਿਕ, ਧਾਰਮਿਕ ਦੇ ਰਾਜਨੀਤਕ ਸੰਗਠਨਾਂ ਦਾ, ਸਥਾਨਕ ਸਮੂਹ ਛੋਟੇ-ਵੱਡੇ ਲੀਡਰਾਂ ਦਾ, ਸਾਡੇ ਨੁਮਾਇੰਦਿਆਂ ਦਾ ਜਿਨ੍ਹਾਂ ਇਸ ਔਖੀ ਘੜੀ ਵਿਚ ਇਕਜੁੱਟਤਾ ਵਿਖਾਉਂਦਿਆਂ ਸਾਂਝੀਵਾਲਤਾ ਦਾ ਸੁਨੇਹਾ ਦੇ ਕੇ ਇਕ ਮਿਸਾਲ ਪੇਸ਼ ਕੀਤੀ।
ਆਖਰ ਵਿਚ ਹਰ ਉਸ ਜੀਵ ਦਾ ਕੋਟੀ-ਕੋਟੀ ਧੰਨਵਾਦ, ਜਿਨ੍ਹਾਂ ਆਰਥਿਕ, ਸਰੀਰਕ ਅਤੇ ਮਾਨਸਿਕ ਤੌਰ ‘ਤੇ ਹਰ ਸੰਭਵ ਮੱਦਦ ਕਰਕੇ ਪੀੜਤ ਕਿਸਾਨਾਂ ਨੂੰ ਇਸ ਮੁਸ਼ਕਲ ਘੜੀ ‘ਚੋਂ ਬਾਹਰ ਕੱਢ ਲਿਆਂਦਾ। ਧੰਨਵਾਦ-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥
ਪਿੰਡ ਚਨਾਰਥਲ ਕਲਾਂ ਦੇ ਨਗਰ ਨਿਵਾਸੀਆਂ ਦਾ ਇੱਕ ਨਿਵੇਕਲਾ ਉਪਰਾਲਾ
ਪਿਰਤਪਾਲ ਟਿਵਾਣਾ ਚਨਾਰਥਲ ਕਲਾਂ
ਕੁਦਰਤੀ ਕਰੋਪੀ ਕਿਤੇ ਵੀ ਆ ਸਕਦੀ ਹੈ, ੩੩ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਸਾਡੇ ਪਿੰਡ ਚਨਾਰਥਲ ਕਲਾਂ ਬਾਰੇ ਪਤਾ ਹੀ ਹੋਵੇਗਾ ਕਿ ਚਨਾਰਥਲ ਕਲਾਂ ਵਿੱਚ 20 ਅਪਰੈਲ 2018 ਨੂੰ ਬਿਜਲੀ ਦਾ ਸ਼ਾਟ ਸਰਕਟ ਹੋਣ ਨਾਲ ਲੱਗੀ ਅੱਗ ਨਾਲ ਤਕਰੀਬਨ 18 ਪਰਿਵਾਰਾਂ ਦੀ 104 ਏਕੜ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਉਸ ਸਬੰਧੀ ਸਾਡੇ ਨਗਰ ਨੇ 22 ਅਪਰੈਲ 2018 ਨੂੰ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਵਿਖੇ ਇੱਕ ਮੀਟਿੰਗ ਰੱਖੀ, ਜਿਸ ਵਿੱਚ ਪਿੰਡ ਵਾਸੀਆਂ ਨੇ ਇਕੱਠ ਕਰਕੇ ਫੈਸਲਾ ਕੀਤਾ ਕਿ ਜਿੰਨੇ ਕਿਸਾਨੀ ਪਰਿਵਾਰ ਇਸ ਪਿੰਡ ਵਿੱਚ ਹਨ, ਉਨ੍ਹਾਂ ਨੂੰ ਹਰ ਇੱਕ ਪਰਿਵਾਰ ਨੂੰ ਪ੍ਰਤੀ ਏਕੜ 1000 ਰੁਪਏ ਲਗਾਇਆ ਗਿਆ। ਹਰ ਇੱਕ ਪਰਿਵਾਰ ਪ੍ਰਤੀ ਏਕੜ ਹਜ਼ਾਰ ਰੁਪਏ ਦੇਵੇਗਾ ਜਿਸ ਤਹਿਤ ਹਰ ਇੱਕ ਪਰਿਵਾਰ ਨੇ ਬੜੀ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਂਦੇ ਹੋਏ ਇਹ ਬਣਦਾ ਪੈਸਾ ਗੁਰਦੁਆਰਾ ਕਮੇਟੀ ਕੋਲ ਪਹੁੰਚਦਾ ਕੀਤਾ ਹੈ।
ਗੁਰਦੁਆਰਾ ਕਮੇਟੀ ਨੂੰ ਸਾਰਾ ਕੰਮ ਦਿੱਤਾ ਗਿਆ ਤੇ ਬੜੇ ਹੀ ਪਾਰਦਰਸ਼ੀ ਢੰਗ ਨਾਲ ਇਹ ਪੈਸਾ ਇਕੱਠਾ ਹੋਇਆ। ਇਸ ਵਿਧੀ ਤਹਿਤ ਜੋ ਵੀ ਪੈਸਾ ਇਕੱਤਰ ਹੋਇਆ। ਉਸ ਸਬੰਧੀ 11-5-18 ਨੂੰ ਅਖੰਡ ਪਾਠ ਗੁਰੂਦੁਆਰਾ ਰੋੜੀ ਸਾਹਿਬ ਚਨਾਰਥਲ ਕਲਾਂ ਵਿਖੇ ਅਖੰਡ ਪਾਠ ਸਾਹਿਬ ਰਖਵਾ ਕੇ ਤੇ 13-5-18 ਨੂੰ ਭੋਗ ਪਾਏ ਗਏ। ਭੋਗ ਪੈਣ ਉਪਰੰਤ ਉਹ ਪੈਸਾ ਪੀੜਤ ਪਰਿਵਾਰਾਂ ਨੂੰ ਦਿੱਤਾ ਗਿਆ। ਜੋ ਕਿ ਬੜੇ ਹੀ ਪਾਰਦਰਸ਼ੀ ਢੰਗ ਨਾਲ ਇਹ ਪੈਸਿਆਂ ਦੀ ਵੰਡ ਹੋਈ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਿਹੜੇ ਸੱਜਣਾਂ ਨੇ ਬਾਹਰੋਂ ਸਾਨੂੰ ਕਣਕ ਦੇ ਰੂਪ ਦੇ ਵਿੱਚ ਸਾਡੇ ਕੋਲੋਂ ਸੇਵਾ ਪਹੁੰਚਾਈ ਸਭ ਤੋਂ ਪਹਿਲਾਂ ਉਨ੍ਹਾਂ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।ઠਉਸ ਤੋਂ ਬਾਅਦ ਜਿਨ੍ਹਾਂ ਸੱਜਣਾਂ ਨੇ ਅੱਗ ਬੁਝਾਉਣ ਦੇ ਵਿੱਚ ਆਪਣਾ ਫਰਜ਼ ਨਿਭਾਇਆ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਤੌਰ ‘ਤੇ ਨਾਲ ਲੱਗਦੀਆਂ ਸਾਡੀਆਂ ਜ਼ਮੀਨਾਂ ‘ਚ ਬੈਠੇ ਨਾਮਧਾਰੀਏ ਪਰਿਵਾਰ ਜਿਨ੍ਹਾਂ ਨੇ ਅੱਗ ਬੁਝਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਥੇ ਮੈਂ ਗੱਲ ਕਰਾਂ ਦੀ ਜੇਕਰ ਉਹ ਨਾ ਹਿੰਮਤ ਕਰਦੇ ਤਾਂ ਅੱਗ ‘ਤੇ ਕਾਬੂ ਪਾਉਣਾ ਬਹੁਤ ਬਹੁਤ ਔਖਾ ਸੀ। ਉਨ੍ਹਾਂ ਨੇ ਟਰੈਕਟਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਅੱਗ ਬੁਝਾਉਣ ਵਿੱਚ ਆਪਣਾ ਜੋ ਯੋਗਦਾਨ ਪਾਇਆ ਉਹ ਚਨਾਰਥਲ ਕਲਾਂ ਨਗਰ ਦੇ ਨਿਵਾਸੀ ਕਦੇ ਵੀ ਭੁਲਾ ਨਹੀਂ ਸਕਣਗੇ। ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਉਸ ਤੋਂ ਬਾਅਦ ਕਮੇਟੀ ਨੇ ਜਿਹੜੇ ਪੀੜਤ ਪਰਿਵਾਰ ਸਨ ਜਿਨ੍ਹਾਂ ਦੀ ਇਸ ਫ਼ਸਲ ਦਾ ਅੱਗ ਦੇ ਵਿੱਚ ਨੁਕਸਾਨ ਹੋਇਆ। ਉਨ੍ਹਾਂ 18 ਪਰਿਵਾਰਾਂ ਨੂੰ 20000 (ਵੀਹ ਹਜ਼ਾਰ) ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਨ੍ਹਾਂ 18 ਪਰਿਵਾਰਾਂ ਨੂੰ ਦਿੱਤਾ। ਜੋ ਕਿ ਇਹ ਰਕਮ ਤਕਰੀਬਨ ਇੱਕੀ ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਕ ਪਰਿਵਾਰ ਹਾਜ਼ਰ ਨਹੀਂ ਸੀ ਕਮੇਟੀ ਵੱਲੋਂ ਉਨ੍ਹਾਂ ਦੇ ਘਰੇ ਬਣਦੀ ਰਕਮ ਪਹੁੰਚਾਈ ਗਈ ।
ਸਰਕਾਰਾਂ ਦੇ ਨੁਮਾਇੰਦੇ ਭਾਵੇਂ ਪੀੜਤ ਪਰਿਵਾਰਾਂ ਤੱਕ ਮਦਦ ਪਹੁੰਚਾਉਣ ਲਈ ਭਾਵੇਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਸਨ, ਪਰ ਕਾਗਜ਼ੀ ਕਾਰਵਾਈ ਹੁੰਦੇ ਕੁਝ ਟਾਈਮ ਲੱਗ ਸਕਦਾ ਹੈ। ਇਸ ਕਰਕੇ ਪਿੰਡ ਵਾਸੀਆਂ ਨੇ ਇਹ ਫ਼ੈਸਲਾ ਕੀਤਾ ਇਨ੍ਹਾਂ ਨੂੰ ਇਹ ਫੌਰੀ ਤੌਰ ‘ਤੇ ਮਦਦ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਅਤੇ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕੀਤੀ ਹੈ ।ਸਰਕਾਰ ਦੇ ਨੁਮਾਇੰਦੇ ਵੀ ਤਕਰੀਬਨ ਬਾਰ੍ਹਾਂ ਹਜ਼ਾਰ ਰੁਪਏ ਪ੍ਰਤੀ ਏਕੜ ਇਸ ਪਿੰਡ ਲਈ ਐਲਾਨ ਕਰ ਗਏ ਹਨ। ਜੇਕਰ ਉਹ ਵੀ ਆ ਜਾਂਦੀ ਹੈ ਤਾਂ ਬਹੁਤ ਹੀ ਵਧੀਆ ਪੀੜਤ ਪਰਿਵਾਰਾਂ ਦੀ ਮੱਦਦ ਹੋ ਸਕਦੀ ਹੈ ।
ਇਸ ਤੋਂ ਇਲਾਵਾ ਕੁਝ ਪਰਵਾਸੀ ਮਜ਼ਦੂਰ, ਕੁਝ ਪਿੰਡ ਦੇ ਨਿਵਾਸੀ ਤੇ ਕੁਝ ਬਾਹਰੋਂ ਆਏ ਸੱਜਣ ਜੋ ਅੱਗ ਬੁਝਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਨ ੩੩੩ਉਨ੍ਹਾਂ ਨੂੰ ਸਰੀਰਕ ਤੌਰ ‘ਤੇ ਜੋ ਕਸ਼ਟ ਆਏ ਇਨਸਾਨੀਅਤ ਤੌਰ ‘ਤੇ ਉਨ੍ਹਾਂ ਲਈ ਵੀ ਕੁਝ ਮਾਇਆ ਉਨ੍ਹਾਂ ਨੂੰ ਦਿੱਤੀ ਗਈ ਹੈ। ਪਿੰਡ ਦੀ ਭਾਈਚਾਰਕ ਸਾਂਝ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਜੇ ਕੋਈ ਸੱਜਣ ਬਾਹਰੋਂ ਕਣਕ ਦੇ ਰੂਪ ਵਿੱਚ ਕੋਈ ਆਪਣੀ ਸੇਵਾ ਲੈ ਕੇ ਆਏ ਸਨ ਭਾਵੇ ਕਿਸੇ ਵੀ ਪੀੜਤ ਪਰਿਵਾਰ ਕੋਲ ਹਾਜ਼ਰ ਹੋਇਆ ਤਾਂ ਉਸ ਦੀ ਇੱਜ਼ਤ ਮਾਣ ਕਰਦੇ ਹੋਏ ਉਹ ਪਰਿਵਾਰ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੇ ਕੋਲ ਲੈ ਆਇਆ ਤੇ ਜੋ ਵੀ ਰਸਦ ਕਣਕ ਵਗੈਰਾ ਉਨ੍ਹਾਂ ਨੇ ਦੇਣੀ ਸੀ ਉਹ ਗੁਰਦੁਆਰਾ ਕਮੇਟੀ ਨੂੰ ਹੀ ਦਿੱਤੀ ਗਈ। ਕਿਸੇ ਵੀ ਪਰਿਵਾਰ ਨੇ ਆਪਣੇ ਕੋਲ ਨਹੀਂ ਰੱਖੀ ਅਤੇ ਉਨ੍ਹਾਂ ਨੇ ਇਹੀ ਕਿਹਾ ਜੋ ਕਮੇਟੀ ਦਾ ਫੈਸਲਾ ਹੋਵੇਗਾ ਉਹ ਹੀ ਸਾਨੂੰ ਮਨਜ਼ੂਰ ਹੋਵੇਗਾ । ਭੋਗ ਪੈਣ ਉਪਰੰਤ ਸਾਰੇ ਨਗਰ ਨਿਵਾਸੀਆਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਸੀ,੩ ਵੱਖਰੀ ਖ਼ੁਸ਼ੀ ਸੀ ਕਿ ਸਾਡੇ ਨਗਰ ਦਾ ਭਾਈਚਾਰਾ ਆਪਸ ਵਿੱਚ ਬੜੀ ਸਾਂਝੀਵਾਲਤਾ ਨਾਲ ਇਹ ਕਾਰਜ ਸਿਰੇ ਚੜ੍ਹਾ ਰਿਹਾ ਹੈ। ઠ
ਹਰ ਇੱਕ ਨਗਰ ਨਿਵਾਸੀ ਦੇ ਇੱਕ ਚਿਹਰੇ ‘ਤੇ ਇਸ ਤਰ੍ਹਾਂ ਦੀ ਤੱਸਲੀ ਵੀ ਸੀ ਕਿ ਕੱਲ੍ਹ ਨੂੰ ਕੋਈ ਵੀ ਕੁਦਰਤੀ ਆਫ਼ਤ ਜਾਂ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਕਿਸੇ ਪਰਿਵਾਰ ‘ਤੇ ਆ ਜਾਵੇ ਤਾਂ ਉਨ੍ਹਾਂ ਨੂੰ ਪਿੰਡ ‘ਤੇ ਮਾਣ ਰਹੇਗਾ ਅਤੇ ਪਿੰਡ ਵਾਸੀ ਇਸ ਤਰ੍ਹਾਂ ਦੀ ਹਿੰਮਤ ਕਰਕੇ ਕੁਦਰਤੀ ਕਰੋਪੀ ਤੋਂ ਉਨ੍ਹਾਂ ਨੂੰ ਬਾਹਰ ਕੱਢ ਲੈਣਗੇ । ਭਾਵੇਂ ਕਿ ਪਾਰਟੀਆਂ ਪਾਰਟੀਬਾਜ਼ੀ ਹਰ ਪਿੰਡ ਵਿੱਚ ਹੈ ਤੇ ਸਿਆਸਤ ਕਰਨਾ ਕੋਈ ਮਾੜੀ ਗੱਲ ਵੀ ਨਹੀਂ, ਸਿਆਸਤ ਕਰੋ ਪਰ ਪਿੰਡ ਦੀ ਭਾਈਚਾਰਕ ਸਾਂਝ ‘ਤੇ ਕਿਸੇ ਤਰ੍ਹਾਂ ਦੀ ਸਿਆਸਤ ਨਾ ਕੀਤੀ ਜਾਵੇ,੩੩੩ਉਹ ਮਿਸਾਲ ਅੱਜ ਚਨਾਰਥਲ ਕਲਾਂ ਦੇ ਰਾਜਨੀਤਕ ਲੀਡਰਾਂ ਨੇ ਕਰਕੇ ਦਿਖਾ ਦਿੱਤੀ ਹੈ ਜਿੰਨੀਆਂ ਵੀ ਪਾਰਟੀਆਂ ਦੇ ਸਬੰਧਤ ਨੁੰਮਾਇੰਦੇ ਸਨ, ਸਾਰੇ ਇਕਜੁੱਟ ਹੋ ਕੇ ਤੁਰੇ ਤੇ ਵੀਹ ਦਿਨ ਦੇ ਵਿੱਚ ਤਕਰੀਬਨ ਇੰਨੇ ਪੈਸੇ ਇਕੱਠੇ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਹਰ ਨਗਰ ਨਿਵਾਸੀ ਨੇ ਆਪਣਾ ਫਰਜ਼ ਸਮਝਦੇ ਹੋਏ ਆਪਣੀ ਬਣਦੀ ਰਕਮ ਗੁਰਦੁਆਰਾ ਕਮੇਟੀ ਕੋਲ ਪਹੁੰਚਦੀ ਕੀਤੀ। ਇਸ ਤੋਂ ਬਿਨਾ ਹੋਰ ਬਰਾਦਰੀ ਦੇ ਪਰਿਵਾਰ ਸੀ, ਹਿੰਦੂ ਪਰਿਵਾਰ ਸੀ ਉਨ੍ਹਾਂ ਨੇ ਵੀ ਆਪਣਾ ਯੋਗਦਾਨ ਬਹੁਤ ਹੀ ਵਧ ਚੜ੍ਹ ਕੇ ਇਸ ਕਾਰਜ ਲਈ ਪਾਇਆ ਜੋ ਕਿ ਬੜਾ ਸਲਾਹੁਣਯੋਗ ਕਾਰਜ ਹੈ । ਜਿਹੜੇ ਪਰਿਵਾਰ ਜਿੰਨੇ ਵੀ ਪਿੰਡ ‘ਚੋਂ ਵਿਦੇਸ਼ਾਂ ਵਿਚ ਆਪਣੇ ਕਾਰੋਬਾਰ ਕਰ ਰਹੇ ਹਨ ਉਨ੍ਹਾਂ ਨੇ ਵੀ ਬਹੁਤ ਵੱਡੀ ਮੱਦਦ ਇੱਕਠੀ ਕਰਕੇ ਗੁਰਦੁਆਰਾ ਕਮੇਟੀ ਦੇ ਖਾਤੇ ਵਿੱਚ ਪਾ ਦਿੱਤੀ। ਇਸ ਤੋਂ ਇਲਾਵਾ ਸਾਡੇ ਨਗਰ ਦੇ ਪ੍ਰਸਿੱਧ ਕਾਰੋਬਾਰੀ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ਼ ਨਹੀਂ ‘ਟਿਵਾਣਾ ਫੀਡ’ ਵਾਲਿਆਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਹੋਰ ਵੀ ਜੇ ਲੋੜ ਪੈਣ ‘ਤੇ ਮਾਇਆ ਦੇਣ ਦੀ ਗੱਲ ਆਖੀ। ਸਾਰੇ ਪੈਸੇ ਵੰਡ ਕੇ ਭਾਵੇਂ ਕੁਝ ਰਕਮ ਬਚ ਗਈ ਹੈ। ਕੁਝ ਰਕਮ ਮੌਕੇ ‘ਤੇ ਵੀ ਇੱਕਤਰ ਹੋਈ ਹੈ ਸਾਰਾ ਹਿਸਾਬ ਕਮੇਟੀ ਵੱਲੋ ਸੰਗਰਾਂਦ ਵਾਲੇ ਦਿਨ ਜਨਤਕ ਕਰ ਦਿੱਤਾ ਜਾਵੇਗਾ ।
ਸੋ ਇਹੋ ਜਿਹੇ ਕਾਰਜ ਕਰਨੇ ਔਖੇ ਜ਼ਰੂਰ ਹੁੰਦੇ ਹਨ। ਪਰ ਜੇ ਇੱਕ ਭਾਈਚਾਰਕ ਸਾਂਝ ਤੇ ਸਾਂਝੇ ਕੰਮ ਦੇ ਵਿੱਚ ਹਰ ਕੋਈ ਮਦਦ ਕਰੇ ਤਾਂ ਕੋਈ ਵੱਡੇ ਔਖੇ ਵੀ ਨਹੀਂ ਹਨ। ਜੋ ਇਹ ਕਾਰਜ ਚਨਾਰਥਲ ਕਲਾਂ ਦੇ ਵਾਸੀਆਂ ਨੇ ਕਰਕੇ ਦਿਖਾਇਆ ਹੈ। ਇਹ ਸੁਨੇਹਾ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਕਿ ਸਾਰੇ ਜਿੰਨੇ ਵੀ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਹੋ ਸਕੇ ਤੇ ਇਹੋ ਜਿਹੇ ਕਾਰਜਾਂ ਤੋਂ ਸੇਧ ਲੈ ਕੇ ਆਪਣੀ ਭਾਈਚਾਰਕ ਸਾਂਝ ਕਾਇਮ ਕੀਤੀ ਜਾ ਸਕੇ। ਮੇਰੇ ਖਿਆਲ ਦੇ ਵਿੱਚ ਜੇ ਇਹ ਸਭ ਸਾਰੇ ਪਿੰਡਾਂ ਦੇ ਵਿੱਚ ਇਹ ਸੋਚ ਲਿਆ ਜਾਵੇ ਤਾਂ ਸ਼ਾਇਦ ਸਰਕਾਰਾਂ ਅੱਗੇ ਵੀ ਜ਼ਿਆਦਾ ਹੱਥ ਨਾ ਫੈਲਾਉਣੇ ਨਾ ਪੈਣ। ਸੋ ਦੋਸਤੋ ਅੱਜ ਜੋ ਅੱਖੀਂ ਇਹ ਆਪਣੇ ਨਗਰ ਦਾ ਸ਼ੁਭ ਕਾਰਜ ਦੇਖਿਆ ਹੈ ਤਾਂ ਬਹੁਤ ਹੀ ਮਾਣ ਨਾਲ ਸਿਰ ਉੱਚਾ ਹੋ ਰਿਹਾ ਹੈ ਪ੍ਰਮਾਤਮਾ ਅੱਗੇ ਅਰਦਾਸ ਹੈ ਇਹ ਨਗਰ ਵਧੇ ਫੁੱਲੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਹ ਭਾਈਚਾਰਾ ਬਣਿਆ ਰਹੇ ਤੇ ਸਾਡੇ ਸੁੱਖ ਦੁੱਖਾਂ ਦਾ ਭਾਈਵਾਲ ਸਾਂਝੀ ਦਾ ਪ੍ਰਤੀਕ ਬਣ ਕੇ ਹੋਰਾਂ ਪਿੰਡਾਂ ਨੂੰ ਵੀ ਸਾਂਝੀਵਾਲਤਾ ਦਾ ਸਬੂਤ ਦਿੰਦਾ ਰਹੇ…।

Check Also

ਖੁਦਕੁਸ਼ੀਆਂ ਦੀ ਖੇਤੀ : ਕੈਪਟਨ ਸਰਕਾਰ ਦੇ ਵਾਅਦੇ ਨਾ ਹੋਏ ਵਫਾ

ਨਵੀਆਂ-ਨਵੀਆਂ ਸ਼ਰਤਾਂ ਲਗਾ ਕੇ ਅਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਰੱਦ ਚੰਡੀਗੜ੍ਹ : ਕੈਪਟਨ ਸਰਕਾਰ ਤੀਜਾ …