Breaking News
Home / ਜੀ.ਟੀ.ਏ. ਨਿਊਜ਼ / ਪਹਿਲੀ ਓਨਟਾਰੀਓ ਚੋਣ ਬਹਿਸ

ਪਹਿਲੀ ਓਨਟਾਰੀਓ ਚੋਣ ਬਹਿਸ

ਕੈਥਲਿਨ ਵਿੰਨ ਅਤੇ ਹਾਰਵਰਥ ਦੇ ਨਿਸ਼ਾਨੇ ‘ਤੇ ਰਹੇ ਡਗ ਫੋਰਡ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਚੋਣਾਂ ਨੂੰ ਲੈ ਕੇ ਹੋਈ ਪਹਿਲੀ ਬਹਿਸ ਵਿਚ ਜਿੱਥੇ ਤਿੰਨੋਂ ਪਾਰਟੀਆਂ ਦੇ ਪ੍ਰਮੁੱਖ ਲੀਡਰ ਮੇਹਣੋ-ਮੇਹਣੀ ਹੋਏ, ਉਥੇ ਕੈਥਲੀਨ ਵਿੰਨ ਅਤੇ ਐਂਡਰਿਓ ਹਾਰਵਰਥ ਦੇ ਨਿਸ਼ਾਨੇ ‘ਤੇ ਡਗ ਫੋਰਡ ਰਹੇ, 7 ਜੂਨ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਸਰਕਾਰ ਲਈ ਹੋਣ ਵਾਲੀ ਚੋਣ ਦੇ ਸਬੰਧ ਵਿੱਚ ਪਹਿਲੀ ਬਹਿਸ ਹੋਈ ਜਿਸ ਵਿੱਚ ਲਿਬਰਲ ਲੀਡਰ ਅਤੇ ਪ੍ਰੀਮੀਅਰ ਕੈਥਲਿਨ ਵਿੰਨ ਅਤੇ ਐਨ ਡੀ ਪੀ ਆਗੂ ਐਂਡਰੀਆ ਹਾਵਰਥ ਨੇ ਪ੍ਰੋਵਿੰਸ਼ੀਅਲ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਆਗੂ ਡੱਗ ਫੋਰਡ ਉੱਤੇ ਸਖ਼ਤ ਹਮਲੇ ਕੀਤੇ। ਪਿਛਲੇ ਦਿਨੀਂ ਐਨ ਡੀ ਪੀ ਆਗੂ ਐਂਡਰੀਆ ਹਾਰਵਥ ਦਾ ਬਿਆਨ ਆਇਆ ਸੀ ਕਿ ਉਹ ਕੈਥਨਿਲ ਵਿੰਨ ਨੂੰ ਪਸੰਦ ਨਹੀਂ ਕਰਦੀ ਪਰ ਡੱਗ ਫੋਰਡ ਦੇ ਤਾਂ ਖਿਆਲ ਤੋਂ ਹੀ ਡਰਦੀ ਹੈ। ਉਸਦਾ ਇਹ ਦ੍ਰਿਸ਼ਟੀਕੋਣ ਕੱਲ੍ਹ ਸ਼ਾਮ ਦੀ ਬਹਿਸ ਵਿੱਚ ਸਾਫ਼ ਵੇਖਣ ਨੂੰ ਮਿਲਿਆ। ਜਿਵੇਂ ਲਿਬਰਲ ਅਤੇ ਐਨ ਡੀ ਪੀ ਦੋਵਾਂ ਪਾਰਟੀਆਂ ਦੇ ਪਲੇਟਫਾਰਮ ਇੱਕ ਦੂਜੇ ਨਾਲ ਲਗਭਗ ਮਿਲਦੇ ਜੁਲਦੇ ਹਨ ਅਤੇ ਖਰਚੇ ਵੱਧ ਕਰਕੇ ਵੱਡੇ ਘਾਟੇ ਵਾਲੇ ਬੱਜਟ ਪੇਸ਼ ਕਰਨ ਦਾ ਵਾਅਦਾ ਕਰਦੇ ਹਨ, ਉਸੇ ਤਰਜ਼ ਉੱਤੇ ਤੁਰਦੇ ਹੋਏ ਵਿੰਨ ਅਤੇ ਹਾਰਵਥ ਤੋਂ ਡੱਗ ਫੋਰਡ ਨੂੰ ਵਾਰ ਵਾਰ ਸੁਆਲ ਕੀਤੇ ਗਏ ਕਿ ਉਹ ਕਿਹੜੇ ਪ੍ਰੋਗਰਾਮਾਂ ਅਤੇ ਸਰਵਿਸਜ਼ ਵਿੱਚ ਕਟੌਤੀ ਕਰਕੇ ਓਨਟਾਰੀਓ ਵਾਸੀਆਂ ਦਾ ਜੀਵਨ ਹੋਰ ਔਖਾ ਬਣਾਉਣ ਦੀ ਯੋਜਨਾ ਰੱਖਦਾ ਹੈ।ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਡੱਗ ਫੋਰਡ ਨੂੰ ਇਹ ਸਪੱਸ਼ਟ ਕਰਨ ਵਿੱਚ ਕਾਫੀ ਮਿਹਨਤ ਕਰਨੀ ਹੋਵੇਗੀ ਕਿ ਲਿਬਰਲ ਅਤੇ ਐਨ ਡੀ ਪੀ ਵੱਲੋਂ ਵੱਧ ਪੈਸੇ ਖਰਚ ਕਰਨ ਵਾਲੀਆਂ ਯੋਜਨਾਵਾਂ ਦੇ ਉਲਟ ਉਸਦੀ ਕੰਸਰਵੇਟਿਵ ਭਾਵ ਸੰਜਮੀ ਪਹੁੰਚ ਕਿਉਂ ਸਹੀ ਅਤੇ ਦਰੁਸਤ ਹੈ।
ਬਿਨਾ ਕੋਈ ਤਫਸੀਲ ਦਿੰਦਿਆਂ ਡੱਗ ਫੋਰਡ ਨੇ ਵਾਰ ਵਾਰ ਕਿਹਾ ਕਿ ਉਹ ਵੱਧ ਤੋਂ ਵੱਧ 4% ਕਟੌਤੀ ਕਰੇਗਾ। ਸਿਆਸੀ ਪੰਡਤਾਂ ਵੱਲੋਂ ਇਹ ਆਸ ਨਹੀਂ ਸੀ ਕੀਤੀ ਗਈ ਕਿ ਪਹਿਲੀ ਹੀ ਬਹਿਸ ਇਸ ਕਿਸਮ ਦੀਆਂ ਸਖ਼ਤ ਸਿਆਸੀ ਲਕੀਰਾਂ ਨੂੰ ਜਨਮ ਦੇਵੇਗੀ। ਵੇਖਣਾ ਹੋਵੇਗਾ ਕਿ ਅਗਲੇ ਦਿਨਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਦੋ ਹੋਰ ਬਹਿਸਾਂ ਵਿੱਚ ਡੱਗ ਫੋਰਡ ਆਪਣੀਆਂ ਕਟੌਤੀਆਂ ਨੂੰ ਕਿਵੇਂ ਤਰਕਸੰਗਤ ਸਾਬਤ ਕਰੇਗਾ। ਬਹਿਸ ਨੇ ਵੋਟਰਾਂ ਲਈ ਇਹ ਰਾਹ ਵੀ ਖੋਲ ਦਿੱਤਾ ਹੈ ਕਿ ਕੀ ਉਹ ਵਿੱਤੀ ਸੰਜਮ ਨੂੰ ਸਮਝਣ ਦੀ ਬੁੱਧੀਮਾਨੀ ਕਰਕੇ ਕੰਸਰਵੇਟਿਵ ਪਾਰਟੀ ਨੂੰ ਚੁਣਨਗੇ ਜਾਂ ਲਿਬਰਲਾਂ ਅਤੇ ਐਨ ਡੀ ਪੀ ਦੇ ਖੁੱਲ ਦਿਲੇ ਖਰਚੇ ਵਾਲੀ ਪਹੁੰਚ ਨੂੰ ਦਰੁਸਤ ਮੰਨਣਗੇ।
ਹਾਰਵਥ ਵੱਲੋਂ ਡੱਗ ਫੋਰਡ ਨੂੰ ਵਾਰ ਵਾਰ ਪੁੱਛਿਆ ਗਿਆ ਕਿ ਕੀ ਤੁਹਾਡੀ ਕਟੌਤੀ ਕਰਨ ਦੀ ਯੋਜਨਾ ਵਿੱਚ ਹੈਲਥ ਕੇਅਰ ਵਿੱਚ ਕੱਟ ਕਰਨੇ, ਨਰਸਾਂ ਦੀਆਂ ਜੌਬਾਂ ਘੱਟ ਕਰਨੀਆਂ ਵਰਗੇ ਕਦਮ ਸ਼ਾਮਲ ਹਨ। ਪ੍ਰੀਮੀਅਰ ਵਿੰਨ ਨੇ ਟੀਚਰਾਂ ਦੀਆਂ ਜੌਬਾਂ ਨੂੰ ਲੈ ਕੇ ਸੁਆਲ ਡੱਗ ਫੋਰਡ ਨੂੰ ਕੀਤੇ। ਅਜਿਹੇ ਸੁਆਲਾਂ ਦੇ ਜਵਾਬ ਵਿੱਤੀ ਸੰਜਮ ਦੀ ਗੱਲ ਕਰਨ ਵਾਲੇ ਕਿਸੇ ਵੀ ਆਗੂ ਲਈ ਔਖੇ ਹੋ ਸਕਦੇ ਹਨ ਅਤੇ ਸੁਭਾਵਿਕ ਹੀ ਡੱਗ ਫੋਰਡ ਨੂੰ ਵੀ ਆਪਣੇ ਸ਼ਬਦ ਸੰਕੋਚ ਨਾਲ ਵਰਤਣੇ ਪਏ। ਪਰ ਉਹ ਆਪਣੇ ਸਟੈਂਡ ਉੱਤੇ ਦ੍ਰਿੜਤਾ ਨਾਲ ਡੱਟਿਆ ਰਿਹਾ ਅਤੇ ਲਿਬਰਲ ਪਾਰਟੀ ਦੇ 15 ਸਾਲਾਂ ਦੇ ਪ੍ਰਸ਼ਾਸ਼ਨ ਵਿੱਚ ਖਾਮੀਆਂ ਬਾਰੇ ਖੁੱਲ ਕੇ ਵਿੱਨ ਨੂੰ ਚੁਣੌਤੀ ਦੇਂਦਾ ਰਿਹਾ।
ਬਹਿਸ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਕਿ ਲਿਬਰਲ ਅਤੇ ਐਨ ਡੀ ਪੀ ਦੋਵੇਂ ਪਾਰਟੀਆਂ ਕੰਸਰਵੇਟਿਵ ਵੱਲੋਂ ਹਾਸਲ ਕੀਤੀ ਲੀਡ ਤੋਂ ਪ੍ਰਭਾਵਿਤ ਹਨ ਜਿਸਦਾ ਮਨੋਵਿਗਿਆਨ ਵਿੱਨ ਅਤੇ ਹਾਰਵਰਥ ਵੱਲੋਂ ਫੋਰਡ ਪ੍ਰਤੀ ਅਪਣਾਈ ਪਹੁੰਚ ਵਿੱਚੋਂ ਸਾਫ਼ ਜ਼ਾਹਰ ਹੋ ਰਿਹਾ ਸੀ। ਡੱਗ ਫੋਰਡ ਲਈ ਅਗਲੇ ਦਿਨ ਬਹੁਤ ਸੋਚ ਸਮਝ ਵਾਲੇ ਹੋਣਗੇ ਕਿਉਂਕਿ ਉਸ ਵੱਲੋਂ ਦਿੱਤਾ ਥੋੜਾ ਜਿਹਾ ਗਲਤ ਸੁਨੇਹਾ ਪਾਰਟੀ ਨੂੰ ਮਹਿੰਗਾ ਸਾਬਤ ਹੋ ਸਕਦਾ ਹੈ। ਓਨਟਾਰੀਓ ਪੋਲ ਟਰੈਕਰ ਮੁਤਾਬਕ ਕੰਸਰਵੇਟਿਵ ਪਾਰਟੀ ਨੂੰ 48.1%, ਲਿਬਰਲਾਂ ਨੂੰ 26.2% ਅਤੇ ਐਨ ਡੀ ਪੀ ਨੂੰ 25.2% ਸਮਰੱਥਨ ਹਾਸਲ ਹੈ। ਇਹ ਅੰਕੜੇ ਇਸ ਸੰਭਾਵਨਾ ਨੂੰ ਜਨਮ ਦੇਂਦੇ ਹਨ ਕਿ ਜੇ ਕੰਸਰਵੇਟਿਵਾਂ ਨੂੰ ਪੂਰਨ ਬਹੁਮਤ ਹਾਸਲ ਨਾ ਹੋਇਆ ਤਾਂ ਲਿਬਰਲ ਅਤੇ ਐਨ ਡੀ ਪੀ ਮਿਲ ਕੇ ਸ਼ਰਤੀਆ ਹੀ ਅਜਿਹੀ ਤਿਕੜਮਬਾਜ਼ੀ ਕਰ ਸਕਦੇ ਹਨ ਜਿਸ ਨਾਲ ਡੱਗ ਫੋਰਡ ਨੂੰ ਪ੍ਰੀਮੀਅਰਸ਼ਿਪ ਤੋਂ ਦੂਰ ਰੱਖਿਆ ਜਾ ਸਕੇ। ਓਨਟਾਰੀਓ ਗਰੀਨ ਪਾਰਟੀ ਨੂੰ ਇਸ ਬਹਿਸ ਵਿੱਚ ਸ਼ਾਮਲ ਹੋਣ ਦਾ ਸੱਦਾ ਨਹੀਂ ਸੀ ਦਿੱਤਾ ਗਿਆ।

Check Also

ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਵੀ ਰਿਕਾਰਡ ਇਕੱਠਾ ਕਰੇਗੀ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਹੁਣ ਕੈਨੇਡਾ ਛੱਡਣ ਵਾਲੇ ਵਿਅਕਤੀਆਂ ਦਾ ਰਿਕਾਰਡ ਇਕੱਠਾ …