Breaking News
Home / ਮੁੱਖ ਲੇਖ / ਇਕ ਜੱਟ ਦੇ ਖੇਤ ਨੂੰ ਅੱਗ ਲੱਗੀ

ਇਕ ਜੱਟ ਦੇ ਖੇਤ ਨੂੰ ਅੱਗ ਲੱਗੀ

ਬੀਰ ਦਵਿੰਦਰ ਸਿੰਘ
ਇਹ 20 ਅਪਰੈਲ 2018 ਨੂੰ ਲਗਪਗ ਸਾਢੇ ਗਿਆਰਾਂ ਕੁ ਵਜੇ ਦਾ ਵਾਕਿਆ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਡੇ ਤੇ ਮਸ਼ਹੂਰ ਪਿੰਡ ਚਨਾਰਥਲ ਕਲਾਂ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਝੱਖੜ ਤੇ ਤੇਜ਼ ਹਨੇਰੀ ਨੇ ਘੋਰ ਊਧਮ ਮਚਾ ਦਿੱਤਾ। ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਪੱਕੀ ਫ਼ਸਲ ਹਾਲੇ ਖੇਤਾਂ ਵਿੱਚ ਹੀ ਖੜ੍ਹੀ ਸੀ, ਇਸ ਝੱਖੜ ਨੇ ਉਨ੍ਹਾਂ ਬੇਵੱਸ ਕਿਸਾਨਾਂ ਦੇ ਸਾਹ ਸੂਤ ਲਏ। ਉਨ੍ਹਾਂ ਦਾ ਇਸ ਕੁਦਰਤੀ ਆਫ਼ਤ ਅੱਗੇ ਕੋਈ ਜ਼ੋਰ ਨਹੀਂ ਸੀ ਚੱਲ ਰਿਹਾ। ਝੱਖੜ ਦਾ ਵੇਗ ਏਨਾ ਪ੍ਰਚੰਡ ਸੀ ਕਿ ਇਸ ਨੇ ਦਰੱਖਤ ਤਕ ਪੁੱਟ ਸੁੱਟੇ। ਕਿਸਾਨਾਂ ਦੇ ਖੇਤਾਂ ਵਿੱਚ ਸਭ ਕੁਝ ਉਲਟ-ਪੁਲਟ ਹੋ ਗਿਆ। ਪਰ ਇੱਕ ਵੱਡੀ ਤ੍ਰਾਸਦੀ ਉਸ ਵੇਲੇ ਵਾਪਰੀ ਜਦੋਂ ਪਾਵਰਕੌਮ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ) ਦੀਆਂ 66 ਕੇਵੀ ਤੇ 11 ਕੇਵੀ ਦੀਆਂ ਬਿਜਲੀ ਚਾਲਕ ਤਾਰਾਂ ਨੇ ਪਿੰਡ ਚਨਾਰਥਲ ਕਲਾਂ ਤੋਂ ਪਿੰਡ ਬਾਲਪੁਰ-ਧਤੌਂਦਾ ਨੂੰ ਜਾਂਦੀ ਲਿੰਕ ਸੜਕ ਦੇ ਨੇੜੇ ਟਾਵਰ ਨੰਬਰ-33 ਅਤੇ ਟਾਵਰ ਨੰਬਰ-34 ਦਰਮਿਆਨ ਆਪਸ ਵਿੱਚ ਟਕਰਾ ਕੇ ਕਿਸਾਨਾਂ ਦੀ ਕਣਕ ਦੀ ਪੱਕੀ ਫ਼ਸਲ ‘ਤੇ ਅੱਗ ਦੀਆਂ ਚੰਗਿਆੜੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਿਉਂ-ਜਿਉਂ ਇਹ ਤਾਰਾਂ ਆਪਸ ਵਿੱਚ ਟਕਰਾਉਂਦੀਆਂ ਰਹੀਆਂ, ਤਿਉਂ-ਤਿਉਂ ਇਹ ਕਿਸਾਨ ਦੇ ਖੇਤਾਂ ਵਿੱਚ ਅੱਗ ਦੇ ਚੰਗਿਆੜੇ ਸੁੱਟਦੀਆਂ ਰਹੀਆਂ ਜਿਸ ਨਾਲ ਖੇਤਾਂ ਨੂੰ ਅੱਗ ਲੱਗ ਗਈ। ਅੱਗ ਦੇ ਭਾਂਬੜ ਪਲਾਂ ਵਿੱਚ ਹੀ ਤੇਜ਼ ਹਨੇਰੀ ਕਾਰਨ ਚੁਪਾਸੇ ਫੈਲ ਗਏ। ਪਿੰਡਾਂ ਵਿੱਚ ਹਾਹਾਕਾਰ ਮੱਚ ਗਈ। ਮਜਬੂਰ ਕਿਸਾਨ ਕਦੇ ਤਾਂ ਅੱਗ ਦੇ ਭਾਂਬੜ ਬਣ ਰਹੀਆਂ ਆਪਣੀਆਂ ਫ਼ਸਲਾਂ ਵੱਲ ਦੌੜਦੇ ਤੇ ਕਦੇ ਆਪਣੇ ਮਾਲ-ਡੰਗਰ ਤੇ ਪਸ਼ੂਆਂ ਦੇ ਬਚਾਅ ਲਈ ਭੱਜ-ਦੌੜ ਕਰਦੇ।
ਜਿਉਂ ਹੀ ਅੱਗ ਦੀ ਖ਼ਬਰ ਪ੍ਰਸ਼ਾਸਨ ਤਕ ਪਹੁੰਚੀ ਤਾਂ ਚਾਰੇ ਪਾਸਿਓਂ ਅੱਗ ਬੁਝਾਉਣ ਵਾਲੀਆਂ ਟੋਲੀਆਂ, ਫਾਇਰ-ਬ੍ਰਿਗੇਡ ਲੈ ਕੇ ਪੁੱਜਣੀਆਂ ਸ਼ੁਰੂ ਹੋ ਗਈਆਂ। ਪਰ ਇਨ੍ਹਾਂ ਸਾਰੇ ਯਤਨਾਂ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਇਸ ਵਿਕਰਾਲ ਅਗਨੀ ਦੇ ਭਾਂਬੜਾਂ ਨੇ ਚਨਾਰਥਲ ਕਲਾਂ ਦੇ ਆਲੇ-ਦੁਆਲੇ ਦੇ ਲਗਪਗ ਦਸ ਪਿੰਡਾਂ ਦੀ ਕਣਕ ਦੀ ਖੜ੍ਹੀ ਫ਼ਸਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਮਾਲ ਵਿਭਾਗ ਦੇ ਅਨੁਮਾਨਾਂ ਅਨੁਸਾਰ ਲਗਪਗ 400 ਏਕੜ ਕਣਕ ਦੀ ਖੜ੍ਹੀ ਫ਼ਸਲ ਤੇ ਲਗਪਗ 800 ਏਕੜ ਕਣਕ ਦੀ ਨਾੜ ਸੜ ਕੇ ਸਵਾਹ ਹੋ ਗਈ ਹੈ। ਸੁਆਹ ਹੋਏ ਕਣਕ ਦੇ ਖੇਤਾਂ ਦੇ ਕਿਸਾਨਾਂ ਦੀ ਤਕਦੀਰ ਹਾਰ ਗਈ ਤੇ ਮੁਕੱਦਰ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ। ਕਿਸਾਨ ਦੀ ਖੜ੍ਹੀ ਫ਼ਸਲ ਹੀ ਉਸ ਦੀ ਸਮਾਜ ਤੇ ਸ਼ਾਹੂਕਾਰ ਅੱਗੇ ਜ਼ਾਮਨ ਹੁੰਦੀ ਹੈ ਜਿਸਦੇ ਸਹਾਰੇ ਕਿਸਾਨ ਦੇ ਪਰਿਵਾਰ ਦੇ ਜੀਵਨ ਨਿਰਬਾਹ ਦਾ ਲੜੀਵਾਰ ਸਿਲਸਿਲਾ ਚਲਦਾ ਰਹਿੰਦਾ ਹੈ। ਉਹ ਉਮੀਦਾਂ ਦੇ ਪਰਛਾਵਿਆਂ ਸੰਗ ਚਲਦਾ ਰਹਿੰਦਾ ਹੈ ਤੇ ਹਿੰਮਤ ਨਹੀਂ ਹਾਰਦਾ। ਪਰ ਕਈ ਵਾਰੀ ਅਚਨਚੇਤੀ ਵਾਪਰੇ ਭਿਆਨਕ ਹਾਦਸੇ ਉਸ ਦੀਆਂ ਸਾਰੀਆਂ ਰੀਝਾਂ ਨੂੰ ਮਿੱਟੀ ਵਿੱਚ ਰੋਲ ਦਿੰਦੇ ਹਨ। ਅਜਿਹਾ ਹੀ ਕੁਝ ਇਸ ਭਿਆਨਕ ਅੱਗ ਦੀ ਮਾਰ ਹੇਠ ਆਏ ਕਿਸਾਨਾਂ ਨਾਲ ਵਾਪਰਿਆ ਹੈ।
ਹੁਣ ਦੇਖਣਾ ਇਹ ਹੈ ਕਿ ਇਹ ਭਿਆਨਕ ਅੱਗ ਆਖਰਕਾਰ ਕਿਸ ਤਰ੍ਹਾਂ ਲੱਗੀ ਤੇ ਕਿਸਾਨ ਦੀ ਬਰਬਾਦੀ ਤੇ ਲਾਚਾਰੀ ਲਈ ਕੌਣ ਜ਼ਿੰਮੇਵਾਰ ਹੈ? ਬਰਬਾਦ ਹੋਏ ਕਿਸਾਨ ਦੇ ਨੁਕਸਾਨ ਦੀ ਭਰਪਾਈ ਹੁਣ ਕੌਣ ਕਰੇਗਾ? ਮੇਰੀ ਤੱਥ-ਖੋਜ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜਿਨ੍ਹਾਂ ਦਸ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ ਹੈ, ਉਨ੍ਹਾਂ ਪਿੰਡਾਂ ਵਿੱਚ ਚਨਾਰਥਲ ਕਲਾਂ, ਚਨਾਰਥਲ ਖੁਰਦ, ਚਨਾਰਥਲ ਨੌ-ਆਬਾਦ (ਮੌਜ਼ਾ ਬੇਚਰਾਗ), ਪੰਡਰਾਲੀ, ਮੀਰਪੁਰ, ਸਿੱਧਵਾਂ, ਮਾਜਰੀ ਅਜ਼ੀਮ, ਸੁਹਾਗਹੇੜੀ, ਖਰ੍ਹੇ, ਸੰਗਤਪੁਰ ਸੋਢੀਆਂ ਅਤੇ ਖੋਜੇਮਾਜਰਾ ਸ਼ਾਮਲ ਹਨ। ਇਸ ਭਿਆਨਕ ਅਗਨੀ ਕਾਂਡ ਤੋਂ ਚਾਰ ਦਿਨ ਪਿੱਛੋਂ, 24 ਅਪਰੈਲ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਮਾਲ ਤੇ ਮੁੜ-ਵਸੇਬਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨਾਲ ਹਾਲਾਤ ਦਾ ਜਾਇਜ਼ਾ ਲੈਣ ਲਈ ਪੁੱਜੇ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੇ ਹੋਏ ਸਾਰੇ ਨੁਕਸਾਨ ਦੇ ਸੌ ਫ਼ੀਸਦੀ ਮੁਆਵਜ਼ੇ ਦੀ ਅਦਾਇਗੀ ਕਰੇਗੀ। ਇਨ੍ਹਾਂ ਦੋਵਾਂ ਹਸਤੀਆਂ ਵੱਲੋਂ ਦਿੱਤੇ ਭਰੋਸੇ ਕਾਰਨ ਕਿਸਾਨਾਂ ਨੂੰ ਕੁਝ ਢਾਰਸ ਜ਼ਰੂਰ ਬੱਝਾ ਸੀ ਜੋ ਹੁਣ ਲਗਪਗ 15 ਦਿਨਾਂ ਤੋਂ ਵੀ ਵੱਧ ਸਮਾਂ ਬੀਤ ਜਾਣ ਕਾਰਨ ਬੇਭਰੋਸਗੀ ਵਿੱਚ ਤਬਦੀਲ ਹੋ ਰਿਹਾ ਹੈ। ਏਨੀ ਵੱਡੀ ਦੁਰਘਟਨਾ ਵਾਪਰਨ ਪਿੱਛੋਂ ਕੁਝ ਨਾ ਕੁਝ ਰਕਮ ਤਾਂ ਪੰਜਾਬ ਸਰਕਾਰ ਵੱਲੋਂ ਫੌਰੀ ਰਾਹਤ ਵਜੋਂ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਮੌਕੇ ‘ਤੇ ਹੀ ਦੇਣੀ ਬਣਦੀ ਸੀ, ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤਕ ਕਿਸੇ ਕਿਸਮ ਦਾ ਕੋਈ ਵੀ ਸੁਖ-ਸੁਨੇਹਾ ਨਹੀਂ ਆ ਰਿਹਾ।
ਮੇਰੀ ਜਾਚੇ ਸਰਕਾਰ ਪਾਸ ਅਜਿਹੀ ਤਬਾਹਕੁਨ ਤੇ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਵਾਸਤੇ ਬਹੁਤ ਸਾਰੇ ਰਾਖਵੇਂ ਫੰਡ ਹੁੰਦੇ ਹਨ। ਇਸ ਕਾਰਜ ਲਈ ਕਿਸਾਨਾਂ ਨੂੰ ਫੌਰੀ ਰਾਹਤ ਦੇਣ ਵਾਸਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਨਿਰਧਾਰਤ ਰਾਹਤ ਫੰਡ ਨੂੰ ਤੁਰੰਤ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਤੋਂ ਬਿਨਾ ਵੀ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਗਲਿਆਰਿਆਂ ਵਿੱਚ ਇਹ ਵੀ ਸਰਗੋਸ਼ੀਆਂ ਹਨ ਕਿ ਸਰਕਾਰ ਦੇ ਵਰਤਮਾਨ ਮਾਪਦੰਡਾਂ ਅਨੁਸਾਰ ਵੱਧ ਤੋਂ ਵੱਧ ਮੁਆਵਜ਼ਾ 8000 ਰੁਪਏ ਪ੍ਰਤੀ ਏਕੜ ਹੀ ਦਿੱਤਾ ਜਾ ਸਕਦਾ ਹੈ। ਇਸ ਤੋਂ ਵੱਧ ਨਹੀਂ, ਪਰ 8000 ਰੁਪਏ ਨਾਲ ਤਾਂ ਕਣਕ ਦੀ ਸੜੀ ਹੋਈ ਨਾੜ ਦੀ ਭਰਪਾਈ ਵੀ ਨਹੀਂ ਹੁੰਦੀ। ਪਰ ਜੇ ਅਜਿਹਾ ਹੁੰਦਾ ਹੈ ਤਾਂ ਫਿਰ ਬਦਨਸੀਬ ਕਿਸਾਨਾਂ ਦੀਆਂ ਸਿਰਫ਼ ਅੱਖਾਂ ਪੂੰਝਣ ਵਾਲੀ ਗੱਲ ਹੀ ਹੋਵੇਗੀ। ਬਰਬਾਦ ਕਿਸਾਨ ਦੇ ਜ਼ਖ਼ਮਾਂ ਨਾਲ ਇਸ ਤੋਂ ਕੋਝਾ ਮਜ਼ਾਕ ਹੋਰ ਕੀ ਹੋ ਸਕਦਾ ਹੈ? ਮਾਪਦੰਡ ਤਾਂ ਬਦਲੇ ਜਾ ਸਕਦੇ ਹਨ। ਜੇ ਭਾਰਤ ਦੇ ਸੰਵਿਧਾਨ ਵਿੱਚ ਸੋਧ ਹੋ ਸਕਦੀ ਹੈ ਤਾਂ ਲੋਕ ਹਿੱਤਾਂ ਵਿੱਚ ਮਾਪਦੰਡ ਕਿਉਂ ਨਹੀਂ ਬਦਲੇ ਜਾ ਸਕਦੇ? ਮੁਆਵਜ਼ੇ ਦੀ ਰਕਮ ਹਰ ਸੂਰਤ ਵਿੱਚ ਭਰਵੀਂ ਹੋਣੀ ਚਾਹੀਦੀ ਹੈ। ਮੇਰਾ ਸੁਝਾਓ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਬਜਟ ਵਿੱਚ ਸਮਾਰਟ ਮੋਬਾਈਲ ਫੋਨ ਮੁਫ਼ਤ ਵੰਡਣ ਲਈ ਜੋ ਰਕਮ ਰੱਖੀ ਹੈ, ਉਸ ਰਕਮ ਦਾ ਇੱਕ ਆਰਡੀਨੈਂਸ ਰਾਹੀਂ ਪੁਨਰ ਨਿਮਿੱਤਣ ਕਰ ਲਿਆ ਜਾਵੇ ਜਿਸਦੀ ਬਾਅਦ ਵਿੱਚ ਸਦਨ ਤੋਂ ਪੁਸ਼ਟੀ ਕਰਵਾ ਲਈ ਜਾਵੇ। ਵਿਸ਼ੇਸ਼ ਹਾਲਾਤ ਨਾਲ ਨਜਿੱਠਣ ਲਈ ਲੋਕ ਹਿੱਤਾਂ ਵਾਸਤੇ ਵਿਸ਼ੇਸ਼ ਵਿੱਤੀ ਪ੍ਰਬੰਧਨ ਦੀ ਵਿਵਸਥਾ ਸਰਕਾਰ ਦੇ ਪ੍ਰੋਗਰਾਮ ਵਿੱਚ ਬਾਕਾਇਦਾ ਤੌਰ ‘ਤੇ ਮੌਜੂਦ ਹੈ। ਇਸ ਲਈ ਸਰਕਾਰ ਕੋਲ ਨਾਂਹ-ਨੁੱਕਰ ਕਰਨ ਦਾ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ। ਉਂਜ ਵੀ ਇਸ ਭਿਆਨਕ ਅੱਗ ਲਈ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪਰ ਤੋਂ ਲੈ ਕੇ ਹੇਠਾਂ ਤੱਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਣਗਹਿਲੀ ਹੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਮੌਕੇ ‘ਤੇ ਪੁੱਜ ਕੇ ਇਕੱਠੇ ਕੀਤੇ ਤੱਥ ਵੀ ਇਸ ਦੀ ਤਸਦੀਕ ਕਰਦੇ ਹਨ। ਇਹ ਦੱਸਦੇ ਹਨ ਕਿ 80ਵਿਆਂ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਜਾਲਖੇੜੀ ਪਿੰਡ ਦੀ ਜ਼ਮੀਨ ਵਿੱਚ ਭਾਖੜਾ ਨਹਿਰ ਦੇ ਕਿਨਾਰੇ ਇੱਕ ਰਾਈਸ ਸਟਰਾਅ ਥਰਮਲ ਪਲਾਂਟ ਲਗਾਇਆ ਗਿਆ ਸੀ। ਇਸ ਰਾਈਸ ਸਟਰਾਅ ਥਰਮਲ ਪਲਾਂਟ ਨੂੰ ਉਸ ਵੇਲੇ 66 ਕੇਵੀ ਦੀ ਬਿਜਲੀ ਸਪਲਾਈ, ਪੰਜਾਬ ਰਾਜ ਬਿਜਲੀ ਬੋਰਡ ਵੱਲੋਂ 66 ਕੇਵੀ ਗਰਿਡ ਸਟੇਸ਼ਨ ਚੌਰਵਾਲਾ ਤੋਂ ਦੇਣ ਲਈ 66 ਕੇਵੀ ਪਾਵਰ ਦੀ ਇੱਕ ਬਿਜਲੀ ਲਾਈਨ ਵਿਛਾਈ ਗਈ ਸੀ। ਇਸ ਪਲਾਂਟ ਨੂੰ ਹੁਣ ਪੰਜਾਬ ਰਾਜ ਬਿਜਲੀ ਬੋਰਡ ਅਤੇ ਪਾਵਰਕੌਮ ਦੀ ਲਾਪ੍ਰਵਾਹੀ ਕਾਰਨ ਤਹਿਸ-ਨਹਿਸ ਹੋਇਆਂ ਵੀ ਲਗਪਗ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਇਸ ਪ੍ਰੋਜੈਕਟ ਨੂੰ ਬਿਜਲੀ ਸਪਲਾਈ ਕਰਦੀ 66 ਕੇਵੀ ਲਾਈਨ ਹਾਲੇ ਵੀ ਜਿਉਂ ਦੀ ਤਿਉਂ ਕਾਇਮ ਰੱਖੀ ਗਈ ਹੈ ਜੋ ਵਰ੍ਹਿਆਂ ਤੋਂ ਬੰਦ ਪਏ ਇਸ ਰਾਈਸ ਸਟਰਾਅ ਥਰਮਲ ਪਲਾਂਟ ਨੂੰ ਇਸ ਦੇ ਬੰਦ ਹੋਣ ਦੇ ਬਾਵਜੂਦ 66 ਕੇਵੀ ਬਿਜਲੀ ਸਪਲਾਈ ਕਰਦੀ ਹੈ। ਇਸ ਪਲਾਂਟ ਅੰਦਰ ਇੱਕ 66 ਕੇਵੀ ਦਾ ਤੇ ਇੱਕ 11 ਕੇਵੀ ਦਾ, ਭਾਵ ਦੋ ਟਰਾਂਸਫਾਰਮਰ ਵੀ ਰੁੱਧੇ ਹੋਏ ਹਨ। ਪਿੰਡ ਚਨਾਰਥਲ ਕਲਾਂ ਦੇ ਨਜ਼ਦੀਕ ਇੱਕ ਕਿਸਾਨ ਦੇ ਖੇਤਾਂ ਵਿੱਚ ਇਨ੍ਹਾਂ ਲਾਈਨਾਂ ਦੇ ਬੇਹੱਦ ਢਿੱਲੇ ਹੋਣ ਕਾਰਨ ਆਪਸ ਵਿੱਚ ਵਾਰ ਵਾਰ ਟਕਰਾ ਕੇ ਬਿਜਲੀ ਦੀਆਂ ਚੰਗਿਆੜੀਆਂ ਸੁੱਟ ਰਹੀਆਂ ਸਨ ਜਿਸ ਕਾਰਨ ਕਣਕ ਦੇ ਖੇਤਾਂ ਨੂੰ ਅੱਗ ਲੱਗ ਗਈ ਜੋ ਤੇਜ਼ ਹਵਾ ਕਾਰਨ ਕੁਝ ਹੀ ਘੰਟਿਆਂ ਵਿੱਚ ਕਣਕ ਦੀ ਫ਼ਸਲ ਦੇ ਵੱਡੇ ਰਕਬੇ ਨੂੰ ਸਾੜ ਕੇ ਸੁਆਹ ਕਰ ਗਈ।
ਹੁਣ ਪੰਜਾਬ ਸਰਕਾਰ ਹੀ ਜਵਾਬ ਦੇਵੇ ਕਿ ਇਸ ਭਿਆਨਕ ਤਬਾਹੀ ਲਈ ਕੌਣ ਜ਼ਿੰਮੇਵਾਰ ਹੈ? ਕੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਇਹ 66 ਕੇਵੀ ਲਾਈਨ ਬੰਦ ਨਹੀਂ ਸੀ ਕਰਨੀ ਚਾਹੀਦੀ? ਇਸ ਅਣਗਹਿਲੀ ਲਈ ਆਖ਼ਰ ਕੌਣ ਜ਼ਿੰਮੇਵਾਰ ਹੈ? ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਨੀ ਬਣਦੀ ਹੈ। ਇਸ ਤ੍ਰਾਸਦੀ ਲਈ ਜੋ ਵੀ ਅਧਿਕਾਰੀ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Check Also

ਸੱਭਿਅਕ ਹੁਲਾਸ ਦੀ ਲਖਾਇਕ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। …