Breaking News
Home / Special Story / ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ‘ਤੇ ਵਿੱਤੀ ਸੰਕਟ ਦੇ ਬੱਦਲ

ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ‘ਤੇ ਵਿੱਤੀ ਸੰਕਟ ਦੇ ਬੱਦਲ

ਠੇਕਾ ਸਿਸਟਮ ‘ਚ ਘੱਟ ਤਨਖਾਹਾਂ ਦੇਣ ਦੀ ਪ੍ਰਥਾ ਨੇ ਨੌਜਵਾਨਾਂ ‘ਚ ਲਿਆਂਦੀ ਨਿਰਾਸ਼ਾ
ਕਈ ਵਿਭਾਗਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਡੀਸੀ ਰੇਟ ‘ਤੇ ਵੀ ਤਨਖ਼ਾਹਾਂ ਨਾ ਦੇ ਕੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਈ ਵਿਭਾਗਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਜਿੱਥੇ ਬਿਮਾਰ ਹੋਣ ਦੀ ਸੂਰਤ ਵਿੱਚ ਛੁੱਟੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ, ਉਥੇ ਮੈਡੀਕਲ ਭੱਤਾ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ਵਿੱਚ ਆਊਟਸੋਰਸਿੰਗ ਦੀ ਆੜ ਹੇਠ ਜਿੱਥੇ ਕਿਰਤੀਆਂ ਦੀ ਲੁੱਟ ਹੋ ਰਹੀ ਹੈ, ਉਥੇ ਪ੍ਰਾਈਵੇਟ ਕੰਪਨੀਆਂ ਨੂੰ ਮਾਲੋਮਾਲ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਵਾਂਗ ਠੇਕਾ ਮੁਲਾਜ਼ਮ ਵੀ ਵਿੱਤੀ ਸੰਕਟ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ।
ਚੰਡੀਗੜ੍ਹ : ਰੁਜ਼ਗਾਰ ਮਿਲਣ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਦੇ ਭਵਿੱਖ ‘ਤੇ ਵਿੱਤੀ ਸੰਕਟ ਦੇ ਬੱਦਲ ਛਾਏ ਹੋਏ ਹਨ। ਪੱਚੀ ਹਜ਼ਾਰ ਦੇ ਕਰੀਬ ਮੁਲਾਜ਼ਮ 5 ਮਹੀਨਿਆਂ ਤੋਂ ਲੈ ਕੇ ਇਕ ਸਾਲ ਤੋਂ ਤਨਖ਼ਾਹਾਂ ਤੋਂ ਵਾਂਝੇ ਹਨ। ਠੇਕਾ ਸਿਸਟਮ ਵਿੱਚ ਨਿਗੂਣੀਆਂ ਤਨਖ਼ਾਹਾਂ ਦੇਣ ਦੀ ਪ੍ਰਥਾ ਨੌਜਵਾਨਾਂ ਨੂੰ ਨਿਰਾਸ਼ਾ ਵੱਲ ਧੱਕ ਰਹੀ ਹੈ। ਇਨ੍ਹਾਂ ਵਿੱਚ ਸਰਵ ਸਿੱਖਿਆ ਅਭਿਆਨ (ਐੱਸਐੱਸਏ), ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਰਮਸਾ) ਦੇ ਹਜ਼ਾਰਾਂ ਠੇਕਾ ਅਧਿਆਪਕ, ਹੈੱਡ ਮਾਸਟਰ, ਸਿੱਖਿਆ ਪ੍ਰੋਵਾਈਡਰ, ਆਈਈਆਰਟੀ ਟੀਚਰ ਤੇ ਨਾਨ-ਟੀਚਿੰਗ ਸਟਾਫ਼ ਸ਼ਾਮਲ ਹੈ। ਇਸ ਤੋਂ ਇਲਾਵਾ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 1400 ਦੇ ਕਰੀਬ ਮੁਲਾਜ਼ਮਾਂ ਨੂੰ ਵੀ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ ਹਨ।
ਜਾਣਕਾਰੀ ਅਨੁਸਾਰ ਪਿਛਲੇ 5 ਤੋਂ 10 ਸਾਲਾਂ ਤੋਂ ਨੌਕਰੀ ਕਰਦੇ ਆ ਰਹੇ ਐੱਸਐੱਸਏ ਦੇ 10661 ਅਧਿਆਪਕਾਂ ਨੂੰ ਦਸੰਬਰ 2017 ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ ਹਨ। ਇਨ੍ਹਾਂ ਵਿੱਚੋਂ ਪ੍ਰਾਇਮਰੀ ਅਧਿਆਪਕਾਂ ਨੂੰ 37,800 ਰੁਪਏ ਮਹੀਨਾ ਤਨਖ਼ਾਹ ਮਿਲ ਰਹੀ ਹੈ, ਜਦੋਂਕਿ ਇਸ ਵਰਗ ਦੇ ਰੈਗੂਲਰ ਅਧਿਆਪਕਾਂ ਦੀਆਂ ਤਨਖ਼ਾਹਾਂ 50 ਹਜ਼ਾਰ ਰੁਪਏ ਤੋਂ ਵੱਧ ਹਨ।
ਇਸੇ ਤਰ੍ਹਾਂ ਮਾਸਟਰ ਕਾਡਰ ਨੂੰ 42,800 ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ, ਜਦੋਂਕਿ ਇਸੇ ਵਰਗ ਦੇ ਰੈਗੂਲਰ ਅਧਿਆਪਕਾਂ ਨੂੰ 57 ਹਜ਼ਾਰ ਰੁਪਏ ਤੋਂ ਵੱਧ ਤਨਖ਼ਾਹਾਂ ਮਿਲ ਰਹੀਆਂ ਹਨ। ਰਮਸਾ ਅਧੀਨ ਕੰਮ ਕਰਦੇ 1200 ਅਧਿਆਪਕ ਪਿਛਲੇ 8 ਸਾਲਾਂ ਤੋਂ ਨੌਕਰੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਫਰਵਰੀ 2018 ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ। ਇਨ੍ਹਾਂ ਅਧਿਆਪਕਾਂ ਨੂੰ 42,800 ਰੁਪਏ ਤਨਖ਼ਾਹ ਮਿਲ ਰਹੀ ਹੈ, ਜਦੋਂਕਿ ਇਸ ਵਰਗ ਦੇ ਰੈਗੂਲਰ ਅਧਿਆਪਕਾਂ ਨੂੰ 57 ਹਜ਼ਾਰ ਤੋਂ ਵੱਧ ਤਨਖ਼ਾਹ ਮਿਲਦੀ ਹੈ। ਸੀਐੱਸਐੱਸ ਉਰਦੂ ਦੇ 41 ਅਧਿਆਪਕ ਪਿਛਲੇ 7 ਸਾਲਾਂ ਤੋਂ ਨੌਕਰੀਆਂ ਕਰ ਰਹੇ ਹਨ। ਇਨ੍ਹਾਂ ਅਧਿਆਪਕਾਂ ਨੂੰ ਅਗਸਤ 2017 ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ।
ਉਰਦੂ ਦੇ ਇਨ੍ਹਾਂ ਪ੍ਰਾਇਮਰੀ ਅਧਿਆਪਕਾਂ ਨੂੰ 38 ਹਜ਼ਾਰ ਰੁਪਏ ਅਤੇ ਮਾਸਟਰ ਕਾਡਰ ਨੂੰ 40,500 ਰੁਪਏ ਤਨਖ਼ਾਹ ਮਿਲਦੀ ਹੈ, ਜਦੋਂਕਿ ਇਸ ਵਰਗ ਦੇ ਰੈਗੂਲਰ ઠਮਾਸਟਰ ਕਾਡਰ ਨੂੰ 57 ਹਜ਼ਾਰ ਰੁਪਏ ਤੋਂ ਵੱਧ ਤਨਖ਼ਾਹ ਮਿਲਦੀ ਹੈ। ਇਸੇ ਤਰ੍ਹਾਂ 200 ਹੈੱਡ ਮਾਸਟਰ ਪਿਛਲੇ 5 ਸਾਲਾਂ ਤੋਂ ਨੌਕਰੀਆਂ ਕਰ ਰਹੇ ਹਨ ਤੇ ਇਨ੍ਹਾਂ ਨੂੰ ਫਰਵਰੀ 2018 ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਇਨ੍ਹਾਂ ਹੈੱਡ ਮਾਸਟਰਾਂ ਨੂੰ 45 ਹਜ਼ਾਰ ਰੁਪਏ ਤਨਖ਼ਾਹ ਮਿਲ ਰਹੀ ਹੈ, ਜਦੋਂਕਿ ਰੈਗੂਲਰ ਹੈੱਡ ਮਾਸਟਰਾਂ ਦੀ ਤਨਖ਼ਾਹ 55 ਹਜ਼ਾਰ ਤੋਂ ਵੱਧ ਹੈ। ਇਸ ਤੋਂ ਇਲਾਵਾ 2500 ਦੇ ਕਰੀਬ ਨਾਨ-ਟੀਚਿੰਗ ਸਟਾਫ਼ 9 ਸਾਲਾਂ ਤੋਂ ਨੌਕਰੀ ਕਰ ਰਿਹਾ ਹੈ। ਇਸ ਵਰਗ ਨੂੰ ਦਸੰਬਰ 2017 ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ।
ਨਾਨ-ਟੀਚਿੰਗ ਸਟਾਫ਼ ਨੂੰ 28 ਤੋਂ 30 ਹਜ਼ਾਰ ਰੁਪਏ ਦੇ ਕਰੀਬ ਪ੍ਰਤੀ ਮਹੀਨਾ ਤਨਖ਼ਾਹਾਂ ਮਿਲ ਰਹੀਆਂ ਹਨ, ਜਦੋਂਕਿ ਅਜਿਹੇ ਰੈਗੂਲਰ ਵਰਗ ਨੂੰ 35 ਤੋਂ 40 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਇਸੇ ਤਰ੍ਹਾਂ 421 ਆਈਈਆਰਟੀ ਟੀਚਰਾਂ ਨੂੰ ਵੀ ਦਸੰਬਰ 2017 ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ।
ਇਨ੍ਹਾਂ ਅਧਿਆਪਕਾਂ ਨੂੰ 33,300 ਰੁਪਏ ਤਨਖ਼ਾਹ ਮਿਲ ਰਹੀ ਹੈ, ਜਦੋਂਕਿ ਅਜਿਹੇ ਰੈਗੂਲਰ ਵਰਗ ਨੂੰ 57 ਹਜ਼ਾਰ ਤੋਂ ਵੱਧ ਤਨਖ਼ਾਹ ਮਿਲਦੀ ਹੈ। ਦੱਸਣਯੋਗ ਹੈ ਕਿ ਸਰਕਾਰ ਇਨ੍ਹਾਂ ਵਰਗਾਂ ਨੂੰ ਹੀ ਰੈਗੂਲਰ ਕਰਨ ਵੇਲੇ ਪਹਿਲੇ 3 ਸਾਲ ਮਹਿਜ਼ 10,300 ਰੁਪਏ ਤਨਖ਼ਾਹ ਦੇਣ ਦੀ ਸ਼ਰਤ ਲਾ ਰਹੀ ਹੈ। ਇਨ੍ਹਾਂ ਤੋਂ ਇਲਾਵਾ 6800 ਸਿੱਖਿਆ ਪ੍ਰੋਵਾਈਡਰਾਂ ਨੂੰ ਦਸੰਬਰ 2017 ਤੋਂ ਤਨਖ਼ਾਹਾਂ ਨਸੀਬ ਨਹੀਂ ਹੋਈਆਂ। ਸਿਤਮ ਇਹ ਹੈ ਕਿ ਸਿੱਖਿਆ ਪ੍ਰੋਵਾਈਡਰਾਂ ਨੂੰ ਮਹਿਜ਼ 8500 ਤੋਂ 10,000 ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ ਤੇ ਸਰਕਾਰ ਇਸ ਵਰਗ ਨੂੰ ਰੈਗੂਲਰ ਕਰਨ ਤੋਂ ਵੀ ਝਿਜਕ ਰਹੀ ਹੈ।
ਇਸ ਤਰ੍ਹਾਂ ਸਰਕਾਰੀ ਵਿਭਾਗਾਂ ਵਿੱਚ ‘ਬਰਾਬਰ ਕੰਮ ਤੇ ਬਰਾਬਰ ਤਨਖ਼ਾਹ’ ਦੇ ਨੇਮ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਿੱਖਿਆ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੇ 900 ਦੇ ਕਰੀਬ ਮੁਲਾਜ਼ਮ ਪਿਛਲੇ 5 ਮਹੀਨਿਆਂ ਅਤੇ 500 ਦੇ ਕਰੀਬ ਮੁਲਾਜ਼ਮ ਇਕ ਸਾਲ ਤੋਂ ਤਨਖ਼ਾਹਾਂ ਤੋਂ ਵਿਰਵੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦਾ 2013 ਤੋਂ ਸੀਪੀਐੱਫ ਵੀ ਨਿਰਧਾਰਿਤ ਖ਼ਜ਼ਾਨੇ ਵਿੱਚ ਜਮ੍ਹਾਂ ਨਾ ਕਰਵਾਉਣ ਦੀ ਜਾਣਕਾਰੀ ਮਿਲੀ ਹੈ।
ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕੁਝ ਹੋਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਕਿਸੇ ਨਾ ਕਿਸੇ ਕਾਰਨ ਰੁਕੀਆਂ ਪਈਆਂ ਹਨ। ਕਈ ਵਿਭਾਗਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਡੀਸੀ ਰੇਟ ‘ਤੇ ਵੀ ਤਨਖ਼ਾਹਾਂ ਨਾ ਦੇ ਕੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਈ ਵਿਭਾਗਾਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਜਿੱਥੇ ਬਿਮਾਰ ਹੋਣ ਦੀ ਸੂਰਤ ਵਿੱਚ ਛੁੱਟੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ, ਉਥੇ ਮੈਡੀਕਲ ਭੱਤਾ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ਵਿੱਚ ਆਊਟਸੋਰਸਿੰਗ ਦੀ ਆੜ ਹੇਠ ਜਿੱਥੇ ਕਿਰਤੀਆਂ ਦੀ ਲੁੱਟ ਹੋ ਰਹੀ ਹੈ, ਉਥੇ ਪ੍ਰਾਈਵੇਟ ਕੰਪਨੀਆਂ ਨੂੰ ਮਾਲੋਮਾਲ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਵਾਂਗ ਠੇਕਾ ਮੁਲਾਜ਼ਮ ਵੀ ਵਿੱਤੀ ਸੰਕਟ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਪਿਛਲੇ ਸਮੇਂ ਸਿੱਖਿਆ ਵਿਭਾਗ, ਪੰਚਾਇਤ ਵਿਭਾਗ ਤੇ ਮਗਨਰੇਗਾ ਵਿੱਚ ਵੀ ਅਜਿਹਾ ਚਿੰਤਾਜਨਕ ਰੁਝਾਨ ਦੇਖਣ ਨੂੰ ਮਿਲਿਆ ਹੈ।
ਤਨਖ਼ਾਹਾਂ ਦਾ ਪ੍ਰਬੰਧ ਛੇਤੀ ਕਰਾਂਗੇ: ਓ ਪੀ ਸੋਨੀ
ਸਿੱਖਿਆ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਜਿਹੜੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੁਕੀਆਂ ਹਨ, ਉਹ ਕੇਂਦਰੀ ਸਕੀਮਾਂ ਅਧੀਨ ਕੰਮ ਕਰ ਰਹੇ ਹਨ। ਸਰਕਾਰ ਤਨਖ਼ਾਹਾਂ ਛੇਤੀ ਜਾਰੀ ਕਰਨ ਲਈ ਯਤਨਸ਼ੀਲ ਹੈ ਤੇ ਹੋਰ ਮਸਲੇ ਵੀ ਜਲਦੀ ਹੱਲ ਕੀਤੇ ਜਾਣਗੇ।

Check Also

ਖੁਦਕੁਸ਼ੀਆਂ ਦੀ ਖੇਤੀ : ਕੈਪਟਨ ਸਰਕਾਰ ਦੇ ਵਾਅਦੇ ਨਾ ਹੋਏ ਵਫਾ

ਨਵੀਆਂ-ਨਵੀਆਂ ਸ਼ਰਤਾਂ ਲਗਾ ਕੇ ਅਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਰੱਦ ਚੰਡੀਗੜ੍ਹ : ਕੈਪਟਨ ਸਰਕਾਰ ਤੀਜਾ …