Breaking News
Home / Special Story / ਟਰੱਕਾਂ ਦਾ ਕਾਰੋਬਾਰ ਮੰਦਾ

ਟਰੱਕਾਂ ਦਾ ਕਾਰੋਬਾਰ ਮੰਦਾ

ਕਬਾੜ ਦੇ ਭਾਅ ਵਿਕਣ ਲੱਗੇ ਪੁਰਾਣੇ ਟਰੱਕ
ਸੰਗਰੂਰ : ਕਦੇ ਜੀਟੀ ਰੋਡ ‘ਤੇ ਦੁਹਾਈਆਂ ਪਾ ਕੇ ਖੁਸ਼ਹਾਲੀ ਦੀ ਬਾਤ ਪਾਉਂਦੇ ਟਰੱਕ ਕਾਰੋਬਾਰੀ ਤੇ ਇਸ ਕਿੱਤੇ ਨਾਲ ਜੁੜੇ ਹੋਰ ਲੋਕ ਹੁਣ ਪੰਜਾਬ ਸਰਕਾਰ ਅੱਗੇ ਇਸ ਕਾਰੋਬਾਰ ਨੂੰ ਬਚਾਉਣ ਦੀਆਂ ਦੁਹਾਈਆਂ ਪਾ ਰਹੇ ਹਨ। ਸੂਬਾ ਸਰਕਾਰ ਦਾ ਟਰੱਕ ਯੂਨੀਅਨਾਂ ਭੰਗ ਕਰਨ ਅਤੇ ਕਣਕ ਦੇ ਮੌਜੂਦਾ ਸੀਜ਼ਨ ਦੌਰਾਨ ਭਾੜੇ ਦੇ ਰੇਟ ਘਟਾਉਣ ਦਾ ਫ਼ੈਸਲਾ ਟਰੱਕਾਂ ਦੇ ਕਾਰੋਬਾਰ ‘ਤੇ ਭਾਰੂ ਪੈ ਗਿਆ ਹੈ। ਸਭ ਤੋਂ ਤਕੜੀ ਮਾਰ ਪੁਰਾਣਾ ਮਾਡਲ ਟਰੱਕਾਂ ਨਾਲ ਸੀਜ਼ਨ ਲਾਉਣ ਵਾਲੇ ਛੋਟੇ ਟਰੱਕ ਅਪਰੇਟਰਾਂ ਨੂੰ ਪਈ ਹੈ। ਉਹ ਦੁਖੀ ਹੋ ਕੇ ਟਰੱਕਾਂ ਨੂੰ ਕਬਾੜ ਦੇ ਭਾਅ ਵੇਚਣ ਲਈ ਮਜਬੂਰ ਹੋ ਗਏ ਹਨ ਤੇ ਲਗਪਗ ਬੇਰੁਜ਼ਗਾਰ ਹੋ ਗਏ ਹਨ।
ਸੰਗਰੂਰ ਦੇ ਟਰੱਕ ਅਪਰੇਟਰ ਰਵੀ ਕੁਮਾਰ ਨੇ 1997 ਤੋਂ ਟਰੱਕ ਯੂਨੀਅਨ ਵਿੱਚ 1999 ਅਤੇ 1994 ਮਾਡਲ ਦੇ ਪੁਰਾਣੇ ਟਰੱਕ ਪਾਏ ਹੋਏ ਸਨ। ਇਨ੍ਹਾਂ ਨਾਲ ਉਹ ਸੀਜ਼ਨ ਲਾ ਕੇ ਹਾੜ੍ਹੀ-ਸਾਉਣੀ ਦੌਰਾਨ ਚੰਗਾ ਗੁਜ਼ਾਰਾ ਕਰ ਲੈਂਦੇ ਸਨ, ਪਰ ਟਰੱਕ ਕਾਰੋਬਾਰ ਦੇ ਮੌਜੂਦਾ ਹਾਲਾਤ ਤੋਂ ਦੁਖੀ ਹੋ ਕੇ ਉਹ ਆਪਣੇ ਦੋਵੇਂ ਟਰੱਕ ਕਬਾੜ ਦੇ ਭਾਅ ਵੇਚਣ ਲਈ ਮਜਬੂਰ ਹੋ ਗਿਆ। ਕੰਮ ਛੱਡ ਕੇ ਬੇਰੁਜ਼ਗਾਰ ਹੋਇਆ ਰਵੀ ਕੁਮਾਰ ਹੁਣ ਟਰੱਕ ਯੂਨੀਅਨ ਸੰਗਰੂਰ ਵਿੱਚ ਹੀ ਬਤੌਰ ਸੇਵਾਦਾਰ ਨੌਕਰੀ ਕਰਨ ਲੱਗ ਪਿਆ ਹੈ। ਉਸ ਦੇ ਭਰਾ ਯਸ਼ ਪਾਲ ਨੇ ਵੀ ਆਪਣਾ ਟਰੱਕ ਵੇਚ ਕੇ ਚਾਹ ਦੀ ਰੇਹੜੀ ਲਾ ਲਈ ਹੈ। ਇਸ ਤੋਂ ਇਲਾਵਾ ਸ਼ਹਿਰ ਦੀ ਗੋਬਿੰਦਪੁਰਾ ਬਸਤੀ ਦਾ ਵਸਨੀਕ ਵਿਜੇ ਕੁਮਾਰ ਸੰਨ 1982 ਤੋਂ ਇਸ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਉਸ ਨੇ ਵੀ ਆਪਣੇ ਪੁਰਾਣੇ ਮਾਡਲ ਦੇ ਦੋ ਟਰੱਕ 2 ਲੱਖ 82 ਹਜ਼ਾਰ ਰੁਪਏ ਵਿੱਚ ਕਬਾੜ ਵਿਚ ਵੇਚ ਦਿੱਤੇ ਹਨ। ਉਸ ਨੇ ਕੈਪਟਨ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਸਰਕਾਰ ਨੇ ਰੁਜ਼ਗਾਰ ਦਾ ਵਸੀਲਾ ਖਤਮ ਕਰਕੇ ਵੱਡਾ ਸੰਕਟ ਖੜਾ ਕਰ ਦਿੱਤਾ ਹੈ।ਚਾਲੀ ਸਾਲ ਤੋਂ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਉੱਪਲੀ ਰੋਡ ਦੇ ਵਸਨੀਕ ਹੰਸ ਰਾਜ ਹੰਸ ਨੂੰ ਵੀ ਆਪਣਾ ਪੁਰਾਣਾ ਟਰੱਕ ਵੇਚਣਾ ਪਿਆ ਹੈ। ਹੁਣ ਉਹ ਮਾਲਕੀ ਗੁਆ ਕੇ ਟਰੱਕ ਡਰਾਈਵਰ ਬਣ ਗਿਆ ਹੈ। ਸੰਨ 1991 ਤੋਂ ਕੰਮ ਕਰ ਰਹੇ ਟਰੱਕ ਅਪਰੇਟਰ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਚਾਰ ਟਰੱਕ ਸਨ ਅਤੇ ਦੋ ਡਰਾਈਵਰ 12-12 ਹਜ਼ਾਰ ਰੁਪਏ ਤਨਖ਼ਾਹ ‘ਤੇ ਰੱਖੇ ਹੋਏ ਸਨ। ਪਿਛਲੇ ਸਾਲ ਕਣਕ ਦੇ ਸੀਜ਼ਨ ਦੌਰਾਨ ਸਾਰਾ ਖ਼ਰਚਾ ਕੱਢ ਕੇ 35 ਹਜ਼ਾਰ ਰੁਪਏ ਪ੍ਰਤੀ ਟਰੱਕ ਕਮਾਇਆ, ਪਰ ਨਵੀਂ ਸਰਕਾਰ ਨੇ ਨਵੇਂ ਨੇਮ ਬਣਾ ਕੇ ਸਭ ਕੁਝ ਪਲਟਾ ਦਿੱਤਾ। ਉਨ੍ਹਾਂ ਹੁਣ ਚਾਰਾਂ ਵਿੱਚੋਂ ਪੁਰਾਣੇ ਮਾਡਲ ਦੇ ਤਿੰਨ ਟਰੱਕ ਸਿਰਫ਼ 4 ਲੱਖ 77 ਹਜ਼ਾਰ ਰੁਪਏ ਵਿੱਚ ਕਬਾੜ ਵਿਚ ਵੇਚ ਦਿੱਤੇ ਹਨ ਤੇ ਸਿਰਫ਼ ਇੱਕ ਟਰੱਕ ਬਚਿਆ ਹੈ। ਗੁਰਮੇਲ ਮੁਤਾਬਕ ਇੱਕ ਟਰੱਕ ਦੇ ਅਜੇ ਤੱਕ ਸਿਰਫ਼ ਤਿੰਨ ਗੇੜੇ ਕੁੱਲ 13,500 ਰੁਪਏ ਵਿੱਚ ਲੱਗੇ ਹਨ ਅਤੇ ਇੱਕ ਗੇੜੇ ਦੀ ਹੀ ਹੋਰ ਉਮੀਦ ਹੈ। ਟਰੱਕ ਅਪਰੇਟਰਾਂ ਮੁਤਾਬਿਕ ਮੌਜੂਦਾ ਸੀਜ਼ਨ ਵਿੱਚ ਸਰਕਾਰ ਨੇ ਭਾੜੇ ਦੇ ਰੇਟ 66 ਫ਼ੀਸਦੀ ਘਟਾ ਕੇ ਕਾਰੋਬਾਰ ਦਾ ਲੱਕ ਹੀ ਤੋੜ ਦਿੱਤਾ ਹੈ।
ਕਰੀਬ ਵੀਹ ਹਜ਼ਾਰ ਟਰੱਕ ਕਬਾੜ ਵਿੱਚ ਵਿਕੇ : ਆਲ ਪੰਜਾਬ ਟਰੱਕ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਦੱਸਿਆ ਕਿ ਪੰਜਾਬ ਦੀਆਂ 134 ਟਰੱਕ ਯੂਨੀਅਨਾਂ ਵਿੱਚ 93 ਹਜ਼ਾਰ ਟਰੱਕ ਹੈ। ਪੁਰਾਣੇ ਮਾਡਲ ਵਾਲੇ ਟਰੱਕਾਂ ਦੀ ਗਿਣਤੀ ਲਗਪਗ 70 ਹਜ਼ਾਰ ਹੈ ਤੇ ਲੱਖਾਂ ਪਰਿਵਾਰ ਇਨ੍ਹਾਂ ‘ਤੇ ਨਿਰਭਰ ਹਨ। ਕਾਰੋਬਾਰ ਪ੍ਰਭਾਵਿਤ ਹੋਣ ਕਾਰਨ ਹੁਣ ਤੱਕ ਕਰੀਬ 15 ਤੋਂ 20 ਹਜ਼ਾਰ ਟਰੱਕ ਕਬਾੜ ਵਿਚ ਵਿਕ ਚੁੱਕੇ ਹਨ ਅਤੇ ਹਜ਼ਾਰਾਂ ਪਰਿਵਾਰਾਂ ਲਈ ਰੋਜ਼ੀ ਰੋਟੀ ਦਾ ਮਸਲਾ ਖੜ੍ਹਾ ਹੋ ਗਿਆ ਹੈ। ਇਹ ਟਰੱਕ ਅਪਰੇਟਰ ਸਰਕਾਰ ਨੂੰ ਟੈਕਸ, ਪਾਸਿੰਗ ਫੀਸ ਤੇ ਪਰਮਿਟ ਫੀਸ ਅਦਾ ਕਰਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਸਲੇ ‘ਤੇ ਮੁੜ ਗੌਰ ਕਰਨ ਦੀ ਲੋੜ ਹੈ।

Check Also

ਲੋਕ ਸਭਾ ਚੋਣਾਂ-2019

ਲੋਕ ਸਭਾ ਹਲਕਾ ਅੰਮ੍ਰਿਤਸਰ ਦੀਆਂ ਪਹਿਲਾਂ ਵਾਂਗ ਹੀ ਖੜ੍ਹੀਆਂ ਹਨ ਬੁਨਿਆਦੀ ਸਮੱਸਿਆਵਾਂ, ਲੋਕਾਂ ਨੂੰ ਵਿਕਾਸ …