Breaking News
Home / ਦੁਨੀਆ / ਅਮਰੀਕਾ ਦੇ ਓਰੇਗਨ ਸੂਬੇ ਨੇ ਅਪ੍ਰੈਲ ਨੂੰ ‘ਵਿਸਾਖੀ ਮਹੀਨਾ’ ਐਲਾਨਿਆ

ਅਮਰੀਕਾ ਦੇ ਓਰੇਗਨ ਸੂਬੇ ਨੇ ਅਪ੍ਰੈਲ ਨੂੰ ‘ਵਿਸਾਖੀ ਮਹੀਨਾ’ ਐਲਾਨਿਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਸਿੱਖਾਂ ਦੀ ਮਿਹਨਤ, ਲਗਨ ਅਤੇ ਬਹਾਦਰੀ ਦਾ ਲੋਹਾ ਦੁਨੀਆ ਮੰਨਦੀ ਹੈ। ਅਮਰੀਕਾ ਵਿਚ ਤਾਂ ਉੱਥੋਂ ਦੇ ਵਿਕਾਸ ਵਿਚ ਸਿੱਖਾਂ ਦੇ ਯੋਗਦਾਨ ਅਤੇ ਸਿੱਖਾਂ ਦੀ ਆਬਾਦੀ ਨੂੰ ਦੇਖਦੇ ਹੋਏ ਪੰਜਾਬੀ ਤਿਉਹਾਰਾਂ ਨੂੰ ਜੋਸ਼-ਓ-ਖਰੋਸ਼ ਨਾਲ ਮਨਾਉਣ ਲੱਗੇ ਹਨ। ਇਸ ਵਿਸਾਖੀ ‘ਤੇ ਅਮਰੀਕਾ ਵਿਚ ਖ਼ਾਸ ਧੂਮ ਰਹੇਗੀ। ਅਮਰੀਕੀ ਸੂਬੇ ਓਰੇਗਨ ਨੇ ਅਪ੍ਰੈਲ ਨੂੰ ਸਿੱਖ ਭਾਈਚਾਰੇ ਦਾ ਵਿਸਾਖੀ ਉਤਸਵ ਮਹੀਨਾ ਐਲਾਨ ਦਿੱਤਾ ਹੈ। ਇਹ ਕਦਮ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਸਿੱਖਾਂ ਦੇ ਵੱਡੇ ਯੋਗਦਾਨ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ। ਭਾਰਤ ਸਮੇਤ ਦੂਜੇ ਦੇਸ਼ਾਂ ਵਾਂਗ ਇੱਥੇ ਵੀ ਸਿੱਖ ਹਰ ਸਾਲ 14 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਬੜੇ ਜੋਰਸ਼ੋਰ ਨਾਲ ਮਨਾਉਂਦੇ ਹਨ।
ਅਮਰੀਕਾ ਦੇ 33ਵੇਂ ਸੂਬੇ ਓਰੇਗਨ ਦੀ ਗਵਰਨਰ ਕੇਟ ਬ੍ਰਾਊਨ ਨੇ ਸੋਮਵਾਰ ਨੂੰ ਆਪਣੇ ਐਲਾਨ ਨਾਲ ਸਬੰਧਤ ਇਕ ਪੱਤਰ ‘ਤੇ ਦਸਤਖਤ ਵੀ ਕੀਤੇ। ਇਸ ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਅਮਰੀਕਾ ‘ਚ ਸਿੱਖ ਖੇਤੀ, ਇੰਜੀਨੀਅਰਿੰਗ ਅਤੇ ਮੈਡੀਕਲ ਸਮੇਤ ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਹਨ। ਗਵਰਨਰ ਨੇ ਕਿਹਾ ਕਿ ਓਰੇਗਨ 14 ਫਰਵਰੀ, 1859 ਨੂੰ ਅਮਰੀਕਾ ਦਾ 33ਵਾਂ ਸੂਬਾ ਬਣਿਆ ਸੀ। ਸਿੱਖਾਂ ਦਾ ਦੇਸ਼ ਅਤੇ ਸੂਬੇ ਦੇ ਆਰਥਿਕ ਹੀ ਨਹੀਂ, ਬਲਕਿ ਸੱਭਿਆਚਾਰ ਵਿਭਿੰਨਤਾ ਵਿਚ ਵੀ ਯੋਗਦਾਨ ਬਹੁਤ ਮਹੱਤਵਪੂਰਣ ਹੈ। ਕਰੀਬ 43 ਲੱਖ ਦੀ ਆਬਾਦੀ ਵਾਲੇ ਇਸ ਸੂਬੇ ਦੇ ਵਿਕਾਸ ਵਿਚ ਸਿੱਖਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਹੁਣ ਅਪ੍ਰੈਲ ਨੂੰ ਵਿਸਾਖੀ ਮਹੀਨਾ ਐਲਾਨ ਦਿੱਤਾ ਗਿਆ ਹੈ। ਪ੍ਰਸ਼ਾਂਤ ਨਾਰਥ ਵੈਸਟ ਵਿਚ ਸਥਿਤ ਅਮਰੀਕਾ ਦੇ ਤੱਟੀ ਸੂਬੇ ਓਰੇਗਨ ਦੇ ਪੋਰਟਲੈਂਡ ਵਿਚ ਦੋ ਗੁਰਦੁਆਰੇ ਵੀ ਹਨ ਜਿੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ।
ਇਸ ਦੇ ਨਾਲ ਹੀ ਓਰੇਗਨ ਦੀ ਰਾਜਧਾਨੀ ਸਾਲੇਮ ਨੇ ਵੀ 14 ਅਪ੍ਰੈਲ ਨੂੰ ਵਿਸਾਖੀ ਪੁਰਬ ਮਨਾਉਣ ਦਾ ਐਲਾਨ ਕੀਤਾ ਹੈ।
ਤਿੰਨ ਹੋਰ ਸੂਬਿਆਂ ਨੇ ਵੀ ਅਪ੍ਰੈਲ ਨੂੰ ਐਲਾਨਿਆ ਸਿੱਖ ਧਰਮ ਦਾ ਮਹੀਨਾ : ਪਿਛਲੇ ਇਕ ਮਹੀਨੇ ਵਿਚ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਪੈਰੋਕਾਰਾਂ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਤਿੰਨ ਹੋਰ ਸੂਬਿਆਂ ਇੰਡੀਆਨਾ, ਡੈਲਵੇਅਰ ਅਤੇ ਨਿਊਜਰਸੀ ਨੇ ਵੀ ਅਪ੍ਰੈਲ ਨੂੰ ਸਿੱਖ ਧਰਮ ਦਾ ਮਹੀਨਾ ਐਲਾਨ ਦਿੱਤਾ ਹੈ। ਇਸ ਮਹੀਨੇ ਵਿਚ ਸਿੱਖਾਂ ਦੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਣਗੇ।

Check Also

ਪਾਕਿਸਤਾਨ ਨੇ ਆਖਿਆ ਕੌਰੀਡੋਰ ਬਣੇਗਾ, ਪਰ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਨਹੀਂ ਹੋਵੇਗੀ ਕੋਈ ਛੇੜਛਾੜ

ਇਸ ਚਿੰਤਾ ਨੂੰ ਲੈ ਕੇ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ਲਿਖਿਆ ਸੀ ਖਤ ਲਾਹੌਰ/ਬਿਊਰੋ …