Breaking News
Home / ਮੁੱਖ ਲੇਖ / ਸਾਂਝੀ ਖੁਸ਼ੀਆਂ ਦਾ ਨਾਂ ਵਿਸਾਖੀ

ਸਾਂਝੀ ਖੁਸ਼ੀਆਂ ਦਾ ਨਾਂ ਵਿਸਾਖੀ

ਤਲਵਿੰਦਰ ਸਿੰਘ ਬੁੱਟਰ
ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ,ઠ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ ਮਹੀਨੇ ਦੀ ਪੂਰਨਮਾਸੀ ਹੈ। ਵੈਸ਼ਾਖ ਦਾ ਪਹਿਲਾ ਪ੍ਰਵਿਸ਼૮ਾ ਸੂਰਜ ਦੇ ਹਿਸਾਬ ਵੈਸ਼ਾਖ ਦਾ ਪਹਿਲਾ ਦਿਨ।” ਭਾਵ ਕਿ ਵਿਸਾਖੀ, ਵੈਸਾਖ ਮਹੀਨੇ ਦੇ ਪਹਿਲੇ ਦਿਨ ਹੁੰਦੀ ਹੈ।
ਹਿੰਦੂ ਮਿਥਿਹਾਸ ਵਿਚ ਵਿਸਾਖੀ ਦਾ ਵੱਡਾ ਮਹੱਤਵ ਹੈ।ઠਪੁਰਾਣਾਂ ਅਨੁਸਾਰ ਇਸ ਦਿਨ ਵਿਆਸ ਜੀ ਨੇ ਚਾਰੇ ਵੇਦਾਂ ਦਾ ਪਾਠ ਸੰਪੰਨ ਕੀਤਾ ਸੀ। ਰਾਜਾ ਜਨਕ ਨੇ ਵਿਸਾਖੀ ਨੂੰ ਯੱਗ ਕੀਤਾ ਅਤੇ ਰਿਸ਼ੀ ਅਸ਼ਟਾਬਕਰ ਨੇ ਇਸ ਦਿਨ ਰਾਜਾ ਜਨਕ ਨੂੰ ਗਿਆਨ ਦਿੱਤਾ ਸੀ। ਇਕ ਹੋਰ ਮਿਥਿਹਾਸਕ ਕਥਾ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਗੰਗਾ ਨਦੀ ਦੇਵੀ ਦੇ ਰੂਪ ‘ਚ ਧਰਤੀ ‘ਤੇ ਪ੍ਰਗਟ ਹੋਈ ਸੀ ਤੇ ਸ਼ਰਧਾ ਵਿਚ ਹਿੰਦੂਆਂ ਨੇ ਗੰਗਾ ਨਦੀ ਵਿਚ ਪਵਿੱਤਰ ਇਸ਼ਨਾਨ ਕੀਤਾ ਸੀ। ਇਸੇ ਕਰਕੇ ਅੱਜ ਵੀ ਸਨਾਤਨ ਧਰਮ ਵਿਚ ਵਿਸਾਖੀ ਵਾਲੇ ਦਿਨ ਨਦੀਆਂ ‘ਚ ਇਸ਼ਨਾਨ ਕਰਨ, ਅਰਦਾਸ ਤੇ ਪੂਜਾ ਕਰਨ ਨੂੰ ਵੱਡੀ ਮਹੱਤਤਾ ਦਿੱਤੀ ਜਾਂਦੀ ਹੈ।ઠਸਨਾਤਨ ਧਰਮ ਵਲੋਂ ਹਰਿਦੁਆਰ ‘ਚ ਵਿਸਾਖੀ ਵੱਡੇ ਪੱਧਰ ‘ਤੇ ਮਨਾਈ ਜਾਂਦੀ ਹੈ। ਲੱਖਾਂ ਲੋਕ ਗੰਗਾ ਨਦੀ ‘ਚ ਇਸ਼ਨਾਨ ਕਰਕੇ ਨਵੇਂ ਸਾਲ ਦਾ ਆਰੰਭ ਕਰਦੇ ਹਨ। ਹਰਿਦੁਆਰ ਵਿਖੇ ਹਿੰਦੂ ਸੰਤ ਆਪੋ-ਆਪਣੇ ਅਖਾੜਿਆਂ ‘ਚੋਂ ਮੰਡਲੀਆਂ ਦੇ ਰੂਪ ‘ਚ ‘ਹਰਿ ਕੀ ਪਾਉੜੀ’ ਵਿਖੇ ਪਹੁੰਚਦੇ ਹਨ। ਸੰਤ ਮੰਡਲੀਆਂ ਵਲੋਂ ਵਿਸਾਖੀ ਮੌਕੇ ਕੁੰਭ ਦੇ ਮੇਲੇ ਵਾਂਗ ਹੀ ਗੰਗਾ ਨਦੀ ‘ਚ ‘ਸ਼ਾਹੀ ਇਸ਼ਨਾਨ’ ਕੀਤਾ ਜਾਂਦਾ ਹੈ।
ਸਿੱਖ ਧਰਮ ਵਿਚ ਵਿਸਾਖੀ ਦਾ ਦਿਹਾੜਾ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਸਿੱਖਾਂ ਵਿਚ ਵਿਸਾਖੀ ਮਨਾਉਣ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੋਇੰਦਵਾਲ ਸਾਹਿਬ ਤੋਂ ਕੀਤੀ ਸੀ। ਇਸ ਦਿਨ ਸਿੱਖ ਸੰਗਤਾਂ ਦੂਰੋਂ-ਦੂਰੋਂ ਗੁਰੂ ਸਾਹਿਬਾਨ ਦੇ ਦਰਸ਼ਨਾਂ ਲਈ ਆਉਂਦੀਆਂ ਅਤੇ ਗੁਰੂ-ਜਸ ਸਰਵਣ ਕਰਦੀਆਂ।
ਇਤਿਹਾਸਕ ਰੂਪ ਵਿਚ ਵਿਸਾਖੀ ਦਾ ਸਬੰਧ 30 ਮਾਰਚ, 1699 ਈਸਵੀ ਦੀ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਵਜੋਂ ਸਿੱਖ ਧਰਮ ਨਾਲ ਜੁੜ ਗਿਆ, ਜਿਸ ਤੋਂ ਬਾਅਦ ਵਿਸਾਖੀ ਖ਼ਾਲਸਾ ਪੰਥ ਦਾ ਪਵਿੱਤਰ ਦਿਹਾੜਾ ਬਣ ਗਿਆ। ਬੁੱਧ ਧਰਮ ਲਈ ਵੀ ਵਿਸਾਖੀ ਦਾ ਦਿਨ ਵੱਡੀ ਮਹੱਤਤਾ ਵਾਲਾ ਹੈ। ਕਿਹਾ ਜਾਂਦਾ ਹੈ ਕਿ ਵਿਸਾਖੀ ਵਾਲੇ ਦਿਨ ਬੋਧ ਗਯਾ ਵਿਚ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਅਤੇ ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਖਾਤਰ ਨਵੀਂ ਵਿਚਾਰਧਾਰਾ ਅਤੇ ਨਵੇਂ ਸਮਾਜ ਨੂੰ ਜਨਮ ਦਿੱਤਾ ਸੀ।
ਸੱਭਿਆਚਾਰਕ ਰੂਪ ‘ਚ ਵਿਸਾਖੀ ਪੰਜਾਬ ਸਮੇਤ ਉਤਰੀ ਭਾਰਤ ਵਿਚઠਹਾੜੀ ਦੀ ਫ਼ਸਲ ਪੱਕਣ ਦੀ ਖੁਸ਼ੀ ‘ਚ ਮਨਾਈ ਜਾਂਦੀ ਹੈ।ઠਢੋਲ ਦੇ ਡਗੇ ਉਤੇ ਕੁੜਤੇ, ਚਾਦਰੇ ਅਤੇ ਛਮਲੇ ਵਾਲੀਆਂ ਪੱਗਾਂ ਬੰਨ੍ਹੀਂ ਪੰਜਾਬੀ ਗੱਭਰੂ ਗੋਲ ਚੱਕਰ ਬਣਾ ਕੇ ਕਣਕਾਂ ਵਿਚ ਹੀ ਨੱਚਣ ਲੱਗਦੇ। ਘਰ ਆਏ ਦਾਣਿਆਂ ਅਤੇ ਵਿਸਾਖੀ ਮੌਕੇ ਫ਼ਸਲ ਦੀ ਵੇਚ-ਵੱਟ ਦੀ ਖੁਸ਼ੀ ‘ਚ ਕਿਸਾਨਾਂ ਵਲੋਂ ਭੰਗੜੇ ਪਾਏ ਜਾਂਦੇ। ਵਿਸਾਖੀ ਵਾਲੇ ਦਿਨ ਕਿਸਾਨ ਦੀ ਖੁਸ਼ੀ ਨੂੰ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਇਉਂ ਰੂਪਮਾਨ ਕੀਤਾ ਹੈ :
ਤੂੜੀ ਤੰਦ ਸਾਂਭ ਹਾੜ੍ਹ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵਿਸਾਖੀ ਦਾ ਦਿਹਾੜਾ ਵੱਖ-ਵੱਖ ਰੂਪਾਂ ਅਤੇ ਢੰਗਾਂ ਨਾਲ ਮਨਾਇਆ ਜਾਂਦਾ ਹੈ। ਤਾਮਿਲਨਾਡੂ ਵਿਚ ਵੈਸਾਖ ਮਹੀਨੇ ਨੂੰ ‘ਵਿਸ਼ੂ’ ਕਿਹਾ ਜਾਂਦਾ ਹੈ ਅਤੇ ਵਿਸਾਖੀ ਵਾਲੇ ਦਿਨ ‘ਪੁਥਾਂਡੂ’ ਤਿਓਹਾਰ ਮਨਾਇਆ ਜਾਂਦਾ ਹੈ। ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਵੀ ਵਿਸਾਖੀ ਕਣਕ ਪੱਕਣ ਦੀ ਖੁਸ਼ੀ ਵਜੋਂ ਮਨਾਈ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਵਿਚ ਵੈਸਾਖ ਅਤੇ ਕੱਤਕ ਮਹੀਨੇ ਵਿਚ, ਸਾਲ ‘ਚ ਦੋ ਵਾਰ ਵਿਸਾਖੀ ਮਨਾਈ ਜਾਂਦੀ ਹੈ। ਲੋਕ ਇਕ ਗਰਮ ਪਾਣੀ ਵਾਲੇ ਝਰਨੇ ਕੋਲ ਮਾਤਾ ਦੇ ਮੰਦਰ ‘ਚ ਜਾ ਕੇ ਪੂਜਾ ਕਰਦੇ ਹਨ। ਮਾਤਾ ਦੀ ਇਕ ਖ਼ਾਸ ਕਿਸਮ ਦੀ ਬਣਾਈ ਮੂਰਤੀ ਦੇ ਮੂੰਹ ‘ਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ। ਲੋਕ ਅੱਗ ਦੀਆਂ ਲਾਟਾਂ ਨੂੰ ਪਵਿੱਤਰ ਮੰਨ ਕੇ ਪੂਜਾ ਕਰਦੇ ਹਨ। ਨਦੀਆਂ ਕੰਢੇ ਇਸ਼ਨਾਨ ਵੀ ਕਰਦੇ ਹਨ।
ਬਿਹਾਰઠਵਿਚ ਵਿਸਾਖੀ ਸੂਰਜ ਦੇਵਤਾ ਦੀ ਖਿਦਮਤ ਵਿਚ ਸੂਰਜਪੁਰ-ਬਾਰਾਗਾਉਂ ਵਿਚ ਮਨਾਈ ਜਾਂਦੀ ਹੈ।ઠਉੜੀਸਾઠਵਿਚઠઠਕੋਨਾਰਕ ਦੇ ਮੰਦਰ ਵਿਚ ਸੂਰਜ ਦੇਵਤਾ ਦੀ ਮੰਨਤ ਬਹੁਤ ਸ਼ਰਧਾ ਨਾਲ ਮਨਾਈ ਜਾਂਦੀ ਹੈ।ઠਭਾਰਤ ਦੇ 7 ਉਤਰ-ਪੂਰਬੀ ਸੂਬਿਆਂઠਦੇ ਆਦਿਵਾਸੀ ਵੀ ਆਪੋ-ਆਪਣੇ ਸੱਭਿਆਚਾਰ, ਧਰਮ ਅਤੇ ਜ਼ੁਬਾਨਾਂ ਵਿਚ ਇਸ ਤਿਉਹਾਰ ਨੂੰ ਬੜੇ ਜੋਸ਼ ਨਾਲ ਮਨਾਉਂਦੇ ਹਨ।ઠਮਨੀਪੁਰઠਵਿਚ ਮਨਾਇਆ ਜਾਂਦਾ ਇਹ ਤਿਉਹਾਰ ਖ਼ਾਸ ਤੌਰ ‘ਤੇ ਯਾਦਗਾਰੀ ਹੁੰਦਾ ਹੈ।ઠਆਸਾਮઠਵਿਚ ਵਿਸਾਖੀ 14 ਅਪਰੈਲ ਨੂੰ ‘ਰੰਗਲੀ ਬਿਹੂ’ઠਦੇ ਨਾਂ ਨਾਲ ਮਨਾਉਂਦੇ ਹਨ। ਲੋਕ ਸੁੰਦਰ ਕੱਪੜੇ ਪਹਿਨ ਕੇ ਢੋਲ-ਢਮੱਕੇ ਦੌਰਾਨ ਖ਼ੁਸ਼ੀ ਭਰਪੂਰ ਨਾਚ-ਗਾਣੇ ਦਾ ਆਨੰਦ ਮਾਣਦੇ ਹਨ।
ਬੰਗਾਲઠਵਿਚ ‘ਨਬਾ ਬਰਸ਼ਾ’ (ਨਵਾਂ ਸਾਲ) ਮਨਾਇਆ ਜਾਂਦਾ ਹੈ। ਬੰਗਾਲੀ ਲੋਕ ਗੰਗਾ ਇਸ਼ਨਾਨ ਜਾਂ ਨਦੀਆਂ, ਤਾਲਾਬਾਂ ਵਿਚ ਨਹਾਉਂਦੇ ਹਨ। ਘਰਾਂ ਨੂੰ ਰੰਗੋਲੀ ਨਾਲ ਸਜਾਉਂਦੇ ਹਨ।ઠਦੱਖਣੀ-ਭਾਰਤ ਵਿਚ ਤਾਮਿਲ ਅਤੇ ਤੇਲਗੂ ਲੋਕ ਵੀ ਵੈਸਾਖ ਨਵੇਂ ਸਾਲ ਦੇ ਤੌਰ ‘ਤੇ ਮਨਾਉਂਦੇ ਹਨ। ਲੱਕੜੀ ਦੇ ਰੱਥ ‘ਤੇ ਜਲੂਸ ਕੱਢਦੇ ਹਨ। ਕੇਰਲਾ ਦੇ ਲੋਕ ਮੰਦਰਾਂ ਵਿਚ ਵਿਸ਼ਨੂੰ ਦੀ ਸਿਮਰਤੀ ਵਿਚ ‘ਪੂਰਮ’ ਮਨਾਉਂਦੇ ਹਨ। ਅਨੇਕਾਂ ਢੰਗਾਂ ਨਾਲ ਸਜੇ ਮੰਦਰਾਂ ਵਿਚੋਂ ਹਾਥੀ ਨਿਕਲਦੇ ਹਨ। ਹਾਥੀਆਂ ਦਾ ਸਮੂਹ ਇਕ ਵੱਡੇ ਮੰਦਰ ਕੋਲ ਇਕੱਤਰ ਹੁੰਦਾ ਹੈ। ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਚਲੇ ਜਾਂਦੇ ਹਨ। ਸ਼ਾਮ ਨੂੰ ਪਹਿਲਾ ‘ਪੂਰਮ’ ਦੋ ਪਾਰਟੀਆਂ ਨਾਲ ਕੀਤਾ ਜਾਂਦਾ ਹੈ। ਹਰੇਕ ਪਾਰਟੀ ਮੁਕੰਮਲ ਤੌਰ ‘ਤੇ ਸਜੇ ਪੰਦਰਾਂ-ਪੰਦਰਾਂ ਹਾਥੀਆਂ ਅਤੇ ਕੇਰਲਾ ਦੇ ਰਵਾਇਤੀ ਸੰਗੀਤਕਾਰਾਂ ਸਮੇਤ ਵੱਡੇ ਮੰਦਰ ਕੋਲ ਆਉਂਦੀ ਹੈ। ਮੰਦਰ ਦੀ ਪਰਿਕਰਮਾ ਕਰਨ ਪਿਛੋਂ ਇਕ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੁੰਦੇ ਹਨ। ਵੱਖ-ਵੱਖ ਪਾਰਟੀਆਂ ਦੇ ਸਜੇ-ਸੰਵਰੇ ਹਾਥੀ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਹੁੰਦੇ ਹਨ। ਫਿਰ ਉਹ ਪਾਰਟੀਆਂ ਆਪਣੇ ਗੂੜ੍ਹੇ ਰੰਗਾਂ ਦੀਆਂ ਛੱਤਰੀਆਂ ਦਾ ਵਟਾਂਦਰਾ ਕਰਦੀਆਂ ਹਨ। ਇਸ ਰੀਤ ਨੂੰ ‘ਕੁਦਾਮੱਤਨઠਰਸਮ’ ਕਹਿੰਦੇ ਹਨ। ਸਾਰੀ ਫ਼ਿਜ਼ਾ ਸੰਗੀਤ ਦੀ ਗੂੰਜ ਨਾਲ ਸਰਸ਼ਾਰ ਹੋ ਜਾਂਦੀ ਹੈ ਅਤੇ ਰਾਤ ਦੇ 9 ਵਜੇ ਪਹਿਲੇ ਪੂਰਮ ਦੀ ਸਮਾਪਤੀ ਹੁੰਦੀ ਹੈ।
ਦੂਜਾ ਪੂਰਮ ਅੱਧੀ-ਰਾਤ ਨੂੰ ‘ਇਲਾਂਗੀ’ ਦਰੱਖ਼ਤ ਥੱਲੇ ਸੰਗੀਤ ਦੀ ਖ਼ਾਸ ਧੁਨ ਵਜਾ ਕੇ ਆਰੰਭ ਕੀਤਾ ਜਾਂਦਾ ਹੈ। ਇਸ ਧੁਨ ਨੂੰ ‘ਇਲਾਂਗੀਥਾਰਾ ਮੈਲਨ’ ਕਿਹਾ ਜਾਂਦਾ ਹੈ। ਫਿਰ ਸੱਤ ਮਸ਼ਾਲਾਂ ਦੀ ਅਗਵਾਈ ਵਿਚ ਜਲੂਸ ਸ਼ੁਰੂ ਹੁੰਦਾ ਹੈ। ਇਸ ਪਿੱਛੇ ਵੰਨ-ਸੁਵੰਨੀ ਸਜਾਵਟ ਕੀਤੇ ਹਾਥੀਆਂ ਦਾ ਦਿਲਕਸ਼ ਝੁੰਡ ਹੁੰਦਾ ਹੈ। ਦਿਨ ਚੜ੍ਹਦੇ ਦੌਰਾਨ ਪਟਾਕੇ ਵਜਾਉਣ ਦੇ ਮੁਕਾਬਲੇ ਨਾਲ ਇਸ ਤਿਉਹਾਰ ਦੀ ਸਮਾਪਤੀ ਹੋ ਜਾਂਦੀ ਹੈ।
ਪਾਂਡੀਚਰੀઠਦੇ ਮੰਦਰ ਵਿਚ ਵਿਸਾਖੀ ਦਾ ਦਿਨ ‘ਕਮਾਰਚੀ ਅਮਾਂ’ ਦੇਵੀ ਨੂੰ ਸਮਰਪਿਤ ਹੁੰਦਾ ਹੈ। ਦੇਵੀ ਦੇ ਬੁੱਤ ਨੂੰ ਗਹਿਣਿਆਂ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਘੋੜਿਆਂ, ਰੱਥਾਂ ਅਤੇ ਸ਼ੇਰ ਦੇ ਰੂਪ ‘ਚ ਬਣੀਆਂ ਬੱਗੀਆਂ ‘ਚ ਜਲੂਸ ਕੱਢੇ ਜਾਂਦੇ ਹਨ। ਨੌਵੇਂ ਦਿਨ ਇਕ ਸ਼ਾਨਦਾਰ ਜਲੂਸ ਨਾਲ ਇਸ ਤਿਉਹਾਰ ਦੀ ਸਮਾਪਤੀ ਹੁੰਦੀ ਹੈ।
ਪਾਕਿਸਤਾਨ ਵਿਚ ਵੀ ਵਿਸਾਖੀ ਹਰਸ਼ੋ-ਹੁਲਾਸ ਨਾਲ ਮਨਾਈ ਜਾਂਦੀ ਹੈ। ਭਾਵੇਂਕਿ ਮੁਸਲਮਾਨਾਂ ਵਿਚ ਵਿਸਾਖੀ ਦਾ ਕੋਈ ਧਾਰਮਿਕ ਮਹੱਤਵ ਨਹੀਂ ਹੈ, ਪਰ ਅਣਵੰਡੇ ਭਾਰਤ ਦੀਆਂ ਸੱਭਿਆਚਾਰਕ ਰਵਾਇਤਾਂ ਅਨੁਸਾਰ ਉਥੇ ਵਿਸਾਖੀ ਮਨਾਉਣ ਦਾ ਰੁਝਾਨ ਲਗਾਤਾਰ ਜਾਰੀ ਹੈ। ਪਾਕਿ ਵਿਚ ਵਿਸਾਖੀ ਫ਼ਸਲਾਂ ਪੱਕਣ ਦੀ ਖੁਸ਼ੀ ‘ਚ ਮਨਾਈ ਜਾਂਦੀ ਹੈ। ਕਸੂਰ ਦੇ ਪਿੰਡ ਬਾਬਾ ਰਾਮ ਥੰਮਨ ਵਿਚ ਮੁਸਲਮਾਨ ਭਾਈਚਾਰੇ ਵਲੋਂ ਬਹੁਤ ਵੱਡਾ ਵਿਸਾਖੀ ਮੇਲਾ ਕਰਵਾਇਆ ਜਾਂਦਾ ਹੈ। ਲਾਹੌਰ ‘ਚ ਪੰਜਾਬੀ ਭਾਈਚਾਰੇ ਵਲੋਂ ਖਾਣ-ਪੀਣ ਦੇ ਸਮਾਗਮ ਅਤੇ ਸੈਮੀਨਾਰ ਕੀਤੇ ਜਾਂਦੇ ਹਨ। ਐਮਨਾਬਾਦ ‘ਚ ਹਰ ਸਾਲ ਬਹੁਤ ਵੱਡਾ ਖੇਡ ਮੇਲਾ ਹੁੰਦਾ ਹੈ। ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ‘ਚ ਵਿਸਾਖੀ ਮੌਕੇ ਕੁਸ਼ਤੀ, ਕਬੱਡੀ, ਘੋੜ ਦੌੜਾਂ, ਬੁੱਢਿਆਂ ਦੀਆਂ ਦੌੜਾਂ ਸਮੇਤ ਅਨੇਕਾਂ ਰਵਾਇਤੀ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬ ਤੋਂ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੇ ਜਥੇ ਵੀ ਪਾਕਿਸਤਾਨ ਸਥਿਤ ਸਿੱਖ ਗੁਰਧਾਮਾਂ ਵਿਚ ਵਿਸਾਖੀ ਮਨਾਉਣ ਜਾਂਦੇ ਹਨ। ਪਾਕਿ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਸਿੱਖ ਭਾਈਚਾਰੇ ਵਲੋਂ ਕੌਮਾਂਤਰੀ ਪੱਧਰ ਦੇ ਵਿਸਾਖੀ ਸਮਾਗਮ ਕੀਤੇ ਜਾਂਦੇ ਹਨ।
ਫ਼ਸਲਾਂ ਪੱਕਣ ‘ਤੇ ਕਾਦਰ ਦੇ ਸ਼ੁਕਰਾਨੇ ਦਾ ਦਿਹਾੜਾ ਮਨਾਉਣ ਦੀ ਰੀਤ ਮਨੁੱਖੀ ਸੱਭਿਅਤਾ ਵਿਚ ਸ਼ੁਰੂ ਤੋਂ ਹੀ ਚੱਲਦੀ ਆਈ ਹੈ।ઠਅਮਰੀਕਾઠਵਿਚ ਅਜਿਹਾ ਤਿਉਹਾਰ 1621 ਈਸਵੀ ਤੋਂ ਸ਼ੁਰੂ ਹੋਇਆ। ਹਰ ਸਾਲ ਫ਼ਸਲ ਦੀ ਵਾਢੀ ਤੋਂ ਬਾਅਦ ‘ਸ਼ੁਕਰਾਨੇ ਦੇ ਪ੍ਰਗਟਾਵੇ’ ਦਾ ਦਿਨ ਮਨਾਇਆ ਜਾਂਦਾ ਹੈ। ਸੰਨ 1863 ਵਿਚ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਬਾਕਾਇਦਾ ਇਸ ਤਿਉਹਾਰ ਨੂੰ ਕੌਮੀ ਦਿਵਸ ਵਜੋਂ ਮਾਨਤਾ ਦੇ ਦਿੱਤੀ। ਇਸ ਤਿਉਹਾਰ ਲਈ ਆਮ ਤੌਰ ‘ਤੇ ਹਰੇਕ ਸਾਲ ਦੇ ਨਵੰਬਰ ਦੇ ਚੌਥੇ ਵੀਰਵਾਰ ਨੂੰ ਛੁੱਟੀ ਹੁੰਦੀ ਹੈ। ਇਸ ਵਾਰ ‘ਵਿਸਾਖੀ’ ਦੇ ਦਿਹਾੜੇ ਨੂੰ ਸਿੱਖਾਂ ਦੇ ਧਾਰਮਿਕ ਤਿਓਹਾਰ ਵਜੋਂઠਅਮਰੀਕੀ ਕਾਂਗਰਸ ਵਲੋਂ ਮਾਨਤਾ ਦੇ ਦਿੱਤੀ ਗਈ ਹੈ।
ਕੈਨੇਡਾઠਵਿਚ ਇਹ ਤਿਉਹਾਰ ਸੰਨ 1879 ਈਸਵੀ ਵਿਚ ਮਨਾਉਣਾ ਸ਼ੁਰੂ ਕੀਤਾ ਗਿਆ। ਇਹ ਤਿਉਹਾਰ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਲੋਕ ਇਸ ਤਿਉਹਾਰ ਮੌਕੇ ਖ਼ਾਸ ਪਕਵਾਨ -‘ਟਰਕੀ’ (ਵੱਡਾ ਮੁਰਗ਼ਾ) ਖਾਂਦੇ ਹਨ।ઠ
ਪ੍ਰਾਚੀਨ ਯੂਨਾਨ, ਰੋਮਨ, ਹਿਬਰੂ, ਚੀਨ ਅਤੇ ਮਿਸਰ ਦੇ ਲੋਕਾਂ ਵਿਚ ਵੀ ਫ਼ਸਲ ਦੀ ਵਾਢੀ ਮੌਕੇ ਤਿਉਹਾਰ ਮਨਾਉਣ ਦਾ ਇਤਿਹਾਸ ‘ਚ ਜ਼ਿਕਰ ਮਿਲਦਾ ਹੈ।ઠਪ੍ਰਾਚੀਨ ਯੂਨਾਨઠਵਿਚ ਲੋਕ ਅਨਾਜ ਦੀ ਦੇਵੀ ‘ਡਿਮੀਟਰ’ઠਨੂੰ ਸਮਰਪਿਤ ਖ਼ਰੀਫ਼ ਦੀ ਫ਼ਸਲ ਮੌਕੇ ਵਾਢੀ ਦਾ ਤਿਉਹਾਰ ਮਨਾਉਂਦੇ ਸਨ।ઠਰੋਮਨઠਲੋਕ ਵਾਢੀ ਦਾ ‘ਸੀਰੀਲੀਆ’ઠਤਿਉਹਾਰ ਆਪਣੀ ਅਨਾਜ ਦੀ ਦੇਵੀ ‘ਸੀਰੇਸ’ઠਦੇ ਸ਼ੁਕਰਾਨੇ ‘ਚ ਮਨਾਉਂਦੇ ਸਨ।ઠਪ੍ਰਾਚੀਨ ਚੀਨઠਦੇ ਲੋਕ ਵਾਢੀ ਦਿਵਸ ਅੱਠਵੇਂ ਮਹੀਨੇ ਦੀ 15 ਤਰੀਕ ਨੂੰ ਪੂਰਨਮਾਸੀ ਵਾਲੇ ਦਿਨઠ’ਚੁੰਗ ਚੂਈ’ઠਤਿਉਹਾਰ ਨਾਲ ਮਨਾਉਂਦੇ ਸਨ। ਲੋਕ ਇਸ ਦਿਨ ਨੂੰ ਚੰਦ ਦਾ ਜਨਮ-ਦਿਨ ਸਮਝਦੇ ਸਨ। ਨਿਊਜ਼ੀਲੈਂਡ ਵਿਚ ਵੀ ਇਸ ਵਾਰ ਪਹਿਲੀ ਵਾਰ ਪਾਰਲੀਮੈਂਟ ਵਿਚ ਵਿਸਾਖੀ ਦਾ ਤਿਓਹਾਰ ਮਨਾਇਆ ਜਾਵੇਗਾ, ਜਿਸ ਦੌਰਾਨ ਜਿੱਥੇ ਪੰਜਾਬੀ ਸੱਭਿਆਚਾਰ ਨਾਲ ਵਿਸਾਖੀ ਦੇ ਜੁੜੇ ਸਬੰਧਾਂ ਨੂੰ ਲੈ ਕੇ ਵੰਨਗੀਆਂ ਪੇਸ਼ ਹੋਣਗੀਆਂ, ਉਥੇ ਸਿੱਖ ਇਤਿਹਾਸ ਦੀ ਗੱਲ ਵੀ ਛੋਹੀ ਜਾਵੇਗੀ।
ਹਿਬਰੂ ਜਾਂ ਯਹੂਦੀ ਲੋਕઠ3000 ਸਾਲ ਤੋਂ ਵੀ ਵੱਧ ਸਮੇਂ ਤੋਂ ਵਾਢੀ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਇਸ ਤਿਉਹਾਰ ਨੂੰ ਉਹ ‘ਸੁੱਕੋਟ’ (ਸ਼ੁਕਕੋਟਹ)ઠਕਹਿੰਦੇ ਹਨ। ਇਹ ਤਿਉਹਾਰ ਹਰੇਕ ਪੱਤਝੜ ਮੌਸਮ ਵਿਚ ਮਨਾਇਆ ਜਾਂਦਾ ਹੈ।ઠਮਿਸਰઠਵਿਚ ਵਾਢੀ ਦਾ ਤਿਉਹਾਰ ‘ਮਿਨ’ઠਦੇਵਤਾ ਦੀ ਖਿਦਮਤ ਵਿਚ ਮਨਾਇਆ ਜਾਂਦਾ ਸੀ। ਇਸ ਦੇਵਤਾ ਨੂੰ ਬਨਸਪਤੀ ਅਤੇ ਜਣਨ-ਸ਼ਕਤੀ ਦਾ ਦੇਵਤਾ ਮੰਨਿਆ ਜਾਂਦਾ ਸੀ। ਇਹ ਤਿਉਹਾਰ ਮਿਸਰੀ ਲੋਕਾਂ ਦੀ ਫ਼ਸਲ ਦੀ ਵਾਢੀ ਮੌਕੇ ਬਹਾਰ ਮੌਸਮ ਵਿਚ ਮਨਾਇਆ ਜਾਂਦਾ ਸੀ। ੲੲੲ

Check Also

ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਲਹਿਰ ਨੂੰ ਸਿੱਟਾਮੁਖੀ ਬਣਾਉਣ ਲਈ ਸਾਰਥਿਕ ਉਪਰਾਲਾ

ਗੁਰਬਾਣੀ ਗਿਆਨ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ ਪਾਠ ਬੋਧ ਸਮਾਗਮ ਤਲਵਿੰਦਰ ਸਿੰਘ …