Breaking News
Home / Special Story / ਚੱਪੜਚਿੜੀ ਜੰਗੀ ਯਾਦਗਾਰ ਨੂੰ ਹਾਲੇ ਤੱਕ ਨਹੀਂ ਜੁੜੀਆਂ ਲਿਫਟਾਂ 328 ਫੁੱਟ ਉਚਾ ਹੈ ਫਤਹਿ ਮੀਨਾਰ

ਚੱਪੜਚਿੜੀ ਜੰਗੀ ਯਾਦਗਾਰ ਨੂੰ ਹਾਲੇ ਤੱਕ ਨਹੀਂ ਜੁੜੀਆਂ ਲਿਫਟਾਂ 328 ਫੁੱਟ ਉਚਾ ਹੈ ਫਤਹਿ ਮੀਨਾਰ

ਮੁਹਾਲੀ : ਇੱਥੋਂ ਨੇੜਲੇ ਇਤਿਹਾਸਕ ਨਗਰ ਚੱਪੜਚਿੜੀ (ਸੈਕਟਰ-91) ਵਿੱਚ ਉਸਾਰੀ ਗਈ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ (ਫਤਹਿ ਮੀਨਾਰ) ਦੇ ਉਦਘਾਟਨ ਮਗਰੋਂ ਸੱਤ ਸਾਲ  ਲੰਘ ਜਾਣ ਦੇ ਬਾਵਜੂਦ ਅਜੇ ਤਾਈਂ 328 ਫੁੱਟ ਉੱਚੇ ਫਤਹਿ ਮੀਨਾਰ ਨੂੰ ਲਿਫ਼ਟ ਨਹੀਂ ਜੁੜੀ। ਇਸ ਕਾਰਨ ਇੱਥੇ ਨਤਮਸਤਕ ਹੋਣ ਆਉਂਦੇ ਸ਼ਰਧਾਲੂ ਹੇਠਾਂ ਤੋਂ ਵਾਪਸ ਮੁੜ ਜਾਂਦੇ ਹਨ। ਇਹੀ ਨਹੀਂ ਫਤਹਿ ਮੀਨਾਰ ‘ਤੇ ਲੱਗੀਆਂ ਰੰਗ-ਬਿਰੰਗੀਆਂ ਲਾਈਟਾਂ ਵੀ ਘੱਟ ਹੀ ਜਗਦੀਆਂ ਹਨ।
ਗਮਾਡਾ ਵੱਲੋਂ ਅਕਾਲੀ ਸਰਕਾਰ ਵੇਲੇ ਖਰੀਦੀਆਂ ਗਈਆਂ ਲਿਫ਼ਟਾਂ ਤਕਨੀਕੀ ਖ਼ਰਾਬੀ ਕਾਰਨ ਨਹੀਂ ਲੱਗ ਸਕੀਆਂ ਹਨ। ਪਖਾਨੇ ਵੀ ਕਾਫੀ ਤੰਗ ਹਨ। ਮੁਹਾਲੀ ਤੋਂ ਫਤਹਿ ਮੀਨਾਰ ਤੱਕ ਪਹੁੰਚ ਸੜਕ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ। ਇੱਧਰੋਂ ਲੰਘਦੇ ਵਾਹਨਾਂ ਦੀ ਧੂੜ-ਮਿੱਟੀ ਉੱਡ ਕੇ ਸ਼ਹੀਦਾਂ ਦੇ ਬੁੱਤਾਂ ‘ਤੇ ਪੈ ਰਹੀ ਹੈ। ਕੁਝ ਸਮਾਂ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਹੋਰਨਾਂ ਅਧਿਕਾਰੀਆਂ ਨਾਲ ਜੰਗੀ ਯਾਦਗਾਰ ਦਾ ਦੌਰਾ ਕਰਕੇ ਪ੍ਰਬੰਧਾਂ ਅਤੇ ਟੁੱਟੀ ਸੜਕ ਦਾ ਜਾਇਜ਼ਾ ਲਿਆ ਸੀ ਅਤੇ ਜਲਦੀ ਹੀ ਸੜਕ ਬਣਾਉਣ ਦੀ ਗੱਲ ਆਖੀ ਸੀ ਪਰ ਹੁਣ ਤੱਕ ਸੜਕ ਨਹੀਂ ਬਣੀ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਹੋਰਨਾਂ ਸਿੰਘ ਸਾਹਿਬਾਨਾਂ ਵੱਲੋਂ 30 ਨਵੰਬਰ 2011 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ (ਫਤਹਿ ਮੀਨਾਰ) ਸਮੁੱਚੀ ਮਨੁੱਖਤਾ ਨੂੰ ਸਮਰਪਿਤ ਕੀਤੀ ਗਈ ਸੀ। ਇਸ ਛੋਟੇ ਜਿਹੇ ਪਿੰਡ ਦੀ ਜੂਹ ਵਿੱਚ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ 12 ਮਈ 1710 ਈਸਵੀ ਨੂੰ ਮੁਗ਼ਲ ਫੌਜਾਂ ਨੂੰ ਮੌਤ ਦੇ ਘਾਟ ਉਤਾਰ ਕੇ ਫਤਹਿ ਹਾਸਲ ਕੀਤੀ ਸੀ। ਇਸ ਅਸਥਾਨ ‘ਤੇ 20 ਏਕੜ ਜ਼ਮੀਨ ਵਿੱਚ 328 ਫੁੱਟ ਉੱਚੇ ਫਤਹਿ ਮੀਨਾਰ ਦੇ ਨਾਲ ਇੱਕ ਉੱਚੇ ਟਿੱਬੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਬਣਾਇਆ ਗਿਆ। ਇਸ ਤੋਂ ਇਲਾਵਾ ਛੋਟੇ ਟਿੱਬਿਆਂ ‘ਤੇ ਪੰਜ ਹੋਰ ਜਰਨੈਲਾਂ ਭਾਈ ਬਾਜ਼ ਸਿੰਘ, ਭਾਈ ਫਤਹਿ ਸਿੰਘ, ਭਾਈ ਮਾਲੀ ਸਿੰਘ, ਭਾਈ ਆਲੀ ਸਿੰਘ, ਭਾਈ ਰਾਮ ਸਿੰਘ ਦੇ ਬੁੱਤ ਵੀ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ 1 ਹਜ਼ਾਰ ਵਿਅਕਤੀਆਂ ਦੀ ਸਮਰੱਥਾ ਵਾਲਾ ਓਪਨ ਏਅਰ ਥੀਏਟਰ ਅਤੇ ਅਤਿ-ਆਧੁਨਿਕ ਸੂਚਨਾ ਕੇਂਦਰ ਬਣਾਇਆ ਗਿਆ ਹੈ ਜਦਕਿ ਪੁਰਾਤਨ ਦਿੱਖ ਨੂੰ ਦਿਖਾਉਣ ਲਈ ਝਿੜੀ ਬਣਾਈ ਗਈ ਹੈ।
ਪੰਥਕ ਵਿਚਾਰ ਮੰਚ, ਚੰਡੀਗੜ• ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਅਤੇ ਚੱਪੜਚਿੜੀ ਖੁਰਦ ਦੇ ਸਾਬਕਾ ਸਰਪੰਚ ਜ਼ੋਰਾ ਸਿੰਘ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਗਿਲਾ ਕੀਤਾ ਕਿ ਜੰਗੀ ਯਾਦਗਾਰ ਦੇ ਉਦਘਾਟਨ ਤੋਂ ਬਾਅਦ ਸੱਤ ਸਾਲਾਂ ਵਿੱਚ ਫਤਹਿ ਮੀਨਾਰ ਨੂੰ ਲਿਫ਼ਟਾਂ ਨਹੀਂ ਲੱਗ ਸਕੀਆਂ ਹਨ। ਉਨ•ਾਂ ਦੱਸਿਆ ਕਿ ਢਾਈ ਸਾਲ ਪਹਿਲਾਂ ਲਿਫ਼ਟਾਂ ਖਰੀਦੀਆਂ ਸਨ ਪ੍ਰੰਤੂ ਇਨ•ਾਂ ਨੂੰ ਸ਼ਰਧਾਲੂਆਂ ਦੀ ਸੁਵਿਧਾ ਲਈ ਹਾਲੇ ਤੱਕ ਫਿੱਟ ਨਹੀਂ ਕੀਤਾ ਜਾ ਸਕਿਆ ਹੈ।
ਇਸ ਕਾਰਨ ਬਹੁਤੇ ਸ਼ਰਧਾਲੂ ਹੇਠਾਂ ਤੋਂ ਵਾਪਸ ਪਰਤ ਜਾਂਦੇ ਹਨ। ਯਾਦਗਾਰ ਵਿੱਚ ਲੱਗੀਆਂ 75 ਫੀਸਦੀ ਰੰਗ-ਬਿਰੰਗੀਆਂ ਲਾਈਟਾਂ ਵੀ ਅਕਸਰ ਬੰਦ ਰਹਿੰਦੀਆਂ ਹਨ। ਪਖਾਨਿਆਂ ਦੀ ਥਾਂ ਕਾਫੀ ਤੰਗ ਹੋਣ ਕਾਰਨ ਸ਼ਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਦਗਾਰ ਕੰਪਲੈਕਸ ਵਿੱਚ ਇਨਡੋਰ ਥੀਏਟਰ ਬੰਦ ਪਿਆ ਹੈ ਅਤੇ ਓਪਨ ਏਅਰ ਥੀਏਟਰ ਵਿੱਚ ਵੀ ਘੱਟ ਹੀ ਪ੍ਰੋਗਰਾਮ ਹੁੰਦੇ ਹਨ। ਉਦਘਾਟਨ ਵੇਲੇ ਇਹ ਐਲਾਨ ਕੀਤਾ ਗਿਆ ਸੀ ਕਿ ਹਰੇਕ ਸ਼ਨਿਚਰਵਾਰ ਨੂੰ ਓਪਨ ਥੀਏਟਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਇਤਿਹਾਸ ਬਾਰੇ ਨੌਜਵਾਨ ਪੀੜ•ੀ ਨੂੰ ਜਾਣੂ ਕਰਵਾਉਣ ਲਈ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਇਆ ਜਾਇਆ ਕਰੇਗਾ ਪ੍ਰੰਤੂ ਹੁਣ ਤੱਕ ਸਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਫ਼ਲਸਫ਼ੇ ਬਾਰੇ ਡਾਕੂਮੈਂਟਰੀ ਫਿਲਮ ਹੀ ਤਿਆਰ ਨਹੀਂ ਕੀਤੀ ਗਈ। ਭੁੱਲਰ ਨੇ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਖ਼ੁਦਕੁਸ਼ੀ ਐਕਸ਼ਨ ਦਾ ਖਦਸ਼ਾ ਪ੍ਰਗਟ ਕਰਦਿਆਂ 328 ਫੁੱਟ ਉੱਚੀ ਫਤਹਿ ਮੀਨਾਰ ਦੀਆਂ ਸਿਰਫ਼ ਤਿੰਨ ਮੰਜ਼ਿਲਾਂ ਤੱਕ ਹੀ ਪੌੜੀਆਂ ਬਣਾਈਆਂ ਗਈਆਂ ਹਨ ਅਤੇ ਲਿਫਟਾਂ ਲਈ ਛੱਡੀ ਥਾਂ ਤੰਗ ਹੋਣ ਕਾਰਨ ਲਿਫਟਾਂ ਫਿੱਟ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਬਾਅਦ ਵਿੱਚ ਕਾਰੀਗਰਾਂ ਨੇ ਲਿਫਟਾਂ ਫਿੱਟ ਕਰਨ ਲਈ ਲੋੜ ਅਨੁਸਾਰ ਭੰਨ-ਤੋੜ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਆਰਕੀਟੈਕਟ ਨੇ ਮਨ•ਾ ਕਰ ਦਿੱਤਾ। ਉਨ•ਾਂ ਦਾ ਕਹਿਣਾ ਸੀ ਕਿ ਮੀਨਾਰ ਦਾ ਡਿਜ਼ਾਈਨ ਭੂਚਾਲ ਦੇ ਖ਼ਤਰੇ ਨੂੰ ਦੇਖ ਕੇ ਬਣਾਇਆ ਗਿਆ ਹੈ। ਜੇਕਰ ਤੋੜ-ਭੰਨ ਕੀਤੀ ਗਈ ਤਾਂ ਭੂਚਾਲ ਵੇਲੇ ਮੀਨਾਰ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ, ਜਿਸ ਕਾਰਨ ਅਜੇ ਤਾਈਂ ਲਿਫ਼ਟ ਨਹੀਂ ਲੱਗ ਸਕੀ।
ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੀ ਸਰਕਾਰ ਨੇ ਕੀਤੀ ਅਣਦੇਖੀ
ਕਾਹਨੂੰਵਾਨ : ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਾਲ 2007 ਤੋਂ 2012 ਦਰਮਿਆਨ ਪੰਜਾਬ ਵਿੱਚ ਸ਼ਹੀਦਾਂ ਦੀ ਯਾਦ ਵਿਚ ਕਈ ਕੌਮੀ ਯਾਦਗਾਰਾਂ ਬਣਵਾਈਆਂ ਸਨ। ਜ਼ਿਲ•ਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਨੇੜੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਨੇੜੇ ਇਸ ਸਥਾਨ ‘ਤੇ ਸ਼ਹੀਦ ਹੋਏ 11 ਹਜ਼ਾਰ ਸਿੰਘਾਂ ਦੀ ਯਾਦ ਵਿੱਚ ਵਿਸ਼ਾਲ ਸਮਾਰਕ 18 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ। ਸਮਾਰਕ ਵਿੱਚ 18ਵੀਂ ਸਦੀ ਦਾ ਇਤਿਹਾਸ ਰੂਪਮਾਨ ਕਰਦੀਆਂ ਇਮਾਰਤਾਂ ਅਤੇ ਇੱਕ ਸ਼ਹੀਦੀ ਗੁੰਬਦ ਇੱਕ ਵੱਡੀ ਨਿੱਜੀ ਨਿਰਮਾਣ ਕੰਪਨੀ ਰਾਹੀਂ ਤਿਆਰ ਕੀਤਾ ਗਿਆ ਸੀ।
ਇਸ ਸਮਾਰਕ ਦਾ ਨੀਂਹ ਪੱਥਰ 23 ਅਕਤੂਬਰ 2010 ਨੂੰ ਰੱਖਿਆ ਗਿਆ ਸੀ ਅਤੇ 28 ਨਵੰਬਰ 2011 ਨੂੰ ਇਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤਾ ਸੀ। ਇਸ ਸਮਾਰਕ ਦੀ ਬਾਹਰੀ ਅਤੇ ਅੰਦਰੂਨੀ ਦਿੱਖ ਦੂਰੋਂ ਨੇੜਿਓਂ ਆਉਂਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਸਮਾਰਕ ਲਈ ਜ਼ਿਲ•ਾ ਗੁਰਦਾਸਪੁਰ ਦੇ ਡੀਸੀ, ਲੋਕ ਨਿਰਮਾਣ, ਜੰਗਲਾਤ ਤੇ ਸੈਨੀਟੇਸ਼ਨ ਵਿਭਾਗ ਤੋਂ ਇਲਾਵਾ ਕੁਝ ਹਿਸਟੋਰੀਅਨਾਂ ਨੂੰ ਕਮੇਟੀ ਦੇ ਰੂਪ ਵਿੱਚ ਸਮਾਰਕ ਦੀ ਸਾਂਭ-ਸੰਭਾਲ ਲਈ ਪੱਕੇ ਤੌਰ ‘ਤੇ ਨਿਯਮਿਤ ਕੀਤਾ ਗਿਆ ਸੀ। ਹੌਲੀ-ਹੌਲੀ ਸਮਾਰਕ ਦੀ ਸੰਭਾਲ ਸਰਕਾਰ ਦੇ ਕਥਿਤ ਖ਼ਾਲੀ ਖ਼ਜ਼ਾਨਿਆਂ ਅਤੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਪ੍ਰਭਾਵਿਤ ਹੋਣ ਲੱਗੀ। ਸਮਾਰਕ ਦੀਆਂ ਇਮਾਰਤਾਂ ਦਾ ਪੱਥਰ ਆਪਣੀ ਚਮਕ ਛੱਡ ਰਿਹਾ ਹੈ। ਲੱਕੜ ਦੇ ਦਰਵਾਜ਼ਿਆਂ ਦੀਆਂ ਕੀਮਤੀ ਚੁਗਾਠਾਂ ਅਤੇ ਮੀਨਾਕਾਰੀ ਫਿੱਕੀ ਪੈ ਰਹੀ ਹੈ। ਕਈ ਥਾਵਾਂ ‘ਤੇ ਸੰਭਾਲ ਖੁਣੋਂ ਇਮਾਰਤਾਂ ਨੂੰ ਕੱਲਰ ਵੀ ਪੈ ਰਿਹਾ ਹੈ। ਇਮਾਰਤ ਦੇ ਪ੍ਰਵੇਸ਼ ਦਰਵਾਜ਼ਿਆਂ ‘ਤੇ ਲੱਗੇ ਵੱਡੇ ਲੋਹੇ ਦੇ ਗੇਟ ਵੀ ਜੰਗਾਲ ਕਾਰਨ ਖਰਾਬ ਹੋ ਰਹੇ ਹਨ। ਸਮਾਰਕ ਵਿੱਚ ਬਣੇ ਮਨਮੋਹਕ ਪਾਣੀ ਦੇ ਤਲਾਬ ਵੀ ਛੱਪੜ ਦਾ ਰੂਪ ਧਾਰਨ ਕਰ ਰਹੇ ਹਨ। ਭਾਵੇਂ ਸਰਕਾਰ ਵੱਲੋਂ ਇਸ ਸਮਾਰਕ ਦੀ ਸੰਭਾਲ ਲਈ ਵੱਡੀ ਗਿਣਤੀ ਵਿਚ ਸਟਾਫ਼ ਮੁਹੱਈਆ ਕਰਵਾਇਆ ਗਿਆ ਹੈ, ਪਰ ਫਿਰ ਵੀ ਵਿੱਤੀ ਘਾਟਾਂ ਅਤੇ ਕਥਿਤ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਸਮਾਰਕ ਦੀ ਚਮਕ ਦਿਨੋਂ ਦਿਨ ਫਿੱਕੀ ਪੈ ਰਹੀ ਹੈ। ਸਮਾਰਕ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਰਹੇ ਹਨ। ਉਨ•ਾਂ ਸਮਾਰਕ ਦੀ ਸੰਭਾਲ ਵਿੱਚ ਕਿਸੇ ਵੀ ਘਾਟ ਨੂੰ ਸਮੇਂ ਸਿਰ ਪੂਰਾ ਕਰਨ ਦਾ ਦਾਅਵਾ ਕੀਤਾ।
ਅਧਿਕਾਰੀ ਸਮਾਰਕ ਦੀ ਸੰਭਾਲ ਦਾ ਕੰਮ ਵੇਖ ਰਹੇ ਹਨ: ਡੀਸੀ  : ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਿਸ਼ੇਸ਼ ਇਮਾਰਤ ਲਈ ਗੁਰਦਾਸਪੁਰ ਦੇ ਐੱਸਡੀਐੱਮ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਸਮੇਂ-ਸਮੇਂ ‘ਤੇ ਸਰਕਾਰੀ ਹਦਾਇਤਾਂ ਮੁਤਾਬਿਕ ਕੰਮ ਵੇਖਦੇ ਹਨ। ਉਨ•ਾਂ ਕਿਹਾ ਕਿ ਉਹ ਖ਼ੁਦ ਇਸ ਸਮਾਰਕ ਦਾ ਨੇੜਿਓਂ ਨਿਰੀਖਣ ਕਰ ਚੁੱਕੇ ਹਨ। ਇਸ ਲਈ ਲੋੜੀਂਦਾ ਕੰਮ 12 ਮਹੀਨੇ ਚੱਲਦਾ ਰਹਿੰਦਾ ਹੈ ਅਤੇ ਸਮੇਂ ਸਿਰ ਸਰਕਾਰ ਕੋਲੋਂ ਬਣਦੇ ਫੰਡ ਵੀ ਮੁਹੱਈਆ ਕਰਵਾਏ ਜਾਂਦੇ ਹਨ।
ਵੱਡਾ ਘੱਲੂਘਾਰਾ ਯਾਦਗਾਰ ਛੇ ਸਾਲਾਂ ਬਾਅਦ ਵੀ ਅਧੂਰੀ
ਮੰਡੀ ਅਹਿਮਦਗੜ• : ਪਿੰਡ ਰੋਹੀੜਾ ਵਿੱਚ 29 ਨਵੰਬਰ 2011 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਪੰਥ ਨੂੰ ਸਮਰਪਿਤ ਕੀਤੀ ਗਈ ਵੱਡਾ ਘੱਲੂਘਾਰਾ ਦੀ ਯਾਦਗਾਰ ਛੇ ਸਾਲਾਂ ਬਾਅਦ ਵੀ ਪੂਰੀ ਤਰ•ਾਂ ਵਰਤੋਂ ਯੋਗ ਨਹੀਂ ਆਖੀ ਜਾ ਸਕਦੀ। ਭਾਵੇਂ ਇਸ ਦੇ ਸਾਰੇ ਹਿੱਸਿਆਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ ਪਰ ਨਾ ਤਾਂ ਅਜੇ ਪੰਜਾਬ ਅਤੇ ਸਿੱਖ ਇਤਿਹਾਸ ਤੇ ਖ਼ਾਸ ਕਰਕੇ ਵੱਡੇ ਘੱਲੂਘਾਰੇ ਸਬੰਧੀ ਫ਼ਿਲਮਾਂ ਆਈਆਂ ਹਨ ਅਤੇ ਨਾ ਹੀ ਇਨਫਰਮੇਸ਼ਨ ਸੈਂਟਰ ਵਿੱਚ ਲਾਉਣ ਲਈ ਤਸਵੀਰਾਂ ਅਤੇ ਨਕਸ਼ੇ ਪੂਰੇ ਹੋਏ ਹਨ। ਦੱਸਣਯੋਗ ਹੈ ਕਿ ਇਸ ਥਾਂ ‘ਤੇ ਪੈਂਤੀ ਹਜ਼ਾਰ ਸਿੰਘ ਸਿੰਘਣੀਆਂ ਅਤੇ ਭੁਜੰਗੀ 5 ਫਰਵਰੀ 1762 ਈਸਵੀ ਨੂੰ ਅਹਿਮਦਸ਼ਾਹ ਅਬਦਾਲੀ ਦੀਆਂ ਬਖ਼ਤਰਬੰਦ ਫ਼ੌਜਾਂ ਦਾ ਨਿਹੱਥੇ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਸਨ। ਉਨ•ਾਂ ਦੀ ਯਾਦ ਤਾਜ਼ਾ ਰੱਖਣ ਲਈ ਰਿਆਸਤ ਮਾਲੇਰਕੋਟਲਾ ਦੇ ਪਿੰਡ ਰੋਹੀੜਾ ਵਿੱਚ ਬਣਾਈ ਗਈ ਯਾਦਗਾਰ ਵੇਖਣ ਆਉਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਮਾਜ ਭਲਾਈ ਵਿਭਾਗ, ਬਾਲ ਵਿਕਾਸ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਆਪਣੇ ਵਿਭਾਗ ਦੀਆਂ ਨੀਤੀਆਂ ਲਾਗੂਆਂ ਕਰਵਾਉਣ ਲਈ ਇੱਥੇ ਆਮ ਲੋਕਾਂ ਲਈ ਸਮਾਗਮ ਕਰਵਾਉਂਦੇ ਰਹਿੰਦੇ ਹਨ। ਬੇਸ਼ੱਕ ਇਤਿਹਾਸ ਨਾਲ ਸਬੰਧਤ ਜਿਹੜੀਆਂ ਫ਼ਿਲਮਾਂ ਰਸਮੀ ਤੌਰ ‘ਤੇ ਇੱਥੇ ਦਿਖਾਈਆਂ ਜਾਣੀਆਂ ਹਨ, ਉਹ ਹਾਲੇ ਪ੍ਰਾਪਤ ਨਹੀਂ ਹੋਈਆਂ,  ਪਰ ਇੱਥੋਂ ਦੇ ਅਧਿਕਾਰੀ ਸਿੱਖ ਇਤਿਹਾਸ ਨਾਲ ਸਬੰਧਤ ਫ਼ਿਲਮਾਂ ਆਪਣੇ ਪੱਧਰ ‘ਤੇ ਲਿਆ ਕੇ ਵਿਖਾ ਦਿੰਦੇ ਹਨ। ਇਸ ਕੰਮ ਲਈ ਬੇਸ਼ੱਕ ਉਨ•ਾਂ ਨੂੰ ਕਮੇਟੀ ਦੇ ਚੇਅਰਮੈਨ ਡੀਸੀ ਸੰਗਰੂਰ ਘਣਸ਼ਿਆਮ ਥੋਰੀ ਜਾਂ ਸਕੱਤਰ ਐੱਸਡੀਐੱਮ ਡਾ. ਪ੍ਰੀਤੀ ਯਾਦਵ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਕਰੀਬ ਪੱਚੀ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਸਮਾਰਕ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 29 ਨਵੰਬਰ 2011 ਨੂੰ ਸਿੱਖ ਪੰਥ ਨੂੰ ਸਮਰਪਿਤ ਕੀਤਾ ਸੀ ਅਤੇ ਬਾਅਦ ਵਿੱਚ ਇਸ ਦਾ ਪ੍ਰਬੰਧ ਪੁਰਾਤਤਵ ਅਤੇ ਸੱਭਿਆਚਾਰਕ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ। ਇਤਿਹਾਸਕਾਰਾਂ ਅਨੁਸਾਰ ਅਹਿਮਦ ਸ਼ਾਹ ਅਬਦਾਲੀ ਨੇ 4 ਫਰਵਰੀ 1762 ਨੂੰ ਸਰਹਿੰਦ ਦੇ ਫ਼ੌਜਦਾਰ ਜੈਨ ਖਾਂ ਅਤੇ ਮਾਲੇਰਕੋਟਲਾ ਦੇ ਨਵਾਬ ਭੀਖਮ ਖਾਂ ਨੂੰ ਕੁੱਪ ਰੋਹੀੜਾ ਵਿੱਚ ਇਕੱਠੇ ਹੋਏ ਸਿੰਘਾਂ ‘ਤੇ ਹਮਲਾ ਕਰਨ ਨੂੰ ਕਿਹਾ ਸੀ ਅਤੇ ਖ਼ੁਦ ਵੀ ਫ਼ੌਜ ਸਮੇਤ ਅਗਲੇ ਦਿਨ ਇੱਥੇ ਪਹੁੰਚ ਗਿਆ ਸੀ। ਜੱਸਾ ਸਿੰਘ ਆਹਲੂਵਾਲੀਆ, ਸ਼ੁੱਕਰਾਚਾਰੀਆ ਅਤੇ ਚੜ•ਤ ਸਿੰਘ ਦੇ ਜੱਥਿਆਂ ਨੇ ਜਿਸ ਢੰਗ ਨਾਲ ਸ਼ੁਰੂ ਵਿੱਚ ਮੁਕਾਬਲਾ ਕੀਤਾ, ਉਸ ਨਾਲ ਹਮਲਾਵਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਮੁਕਾਬਲੇ ਦੌਰਾਨ ਸਿੱਖਾਂ ਦੀ ਵੱਡੀ ਸਮੱਸਿਆ ਇਹ ਸੀ ਕਿ ਸਾਰੇ ਮਾਲਵੇ ਦੀਆਂ ਗਿਆਰਾਂ ਮਿਸਲਾਂ ਦੇ ਕਰੀਬ ਦਸ ਹਜ਼ਾਰ ਬੱਚੇ, ਬਿਰਧ ਅਤੇ ਔਰਤਾਂ ਉਨ•ਾਂ ਨਾਲ ਸਨ। ਗੋਲਾ ਬਾਰੂਦ ਅਤੇ ਰਾਸ਼ਨ ਪਿੰਡ ਗੁਰਮ ਪਿਆ ਸੀ। ਇਨ•ਾਂ ਹਾਲਤਾਂ ਵਿੱਚ ਸਿੱਖਾਂ ਦੀ ਮਜਬੂਰੀ ਸੀ ਕਿ ਰਵਾਇਤੀ ਯੁੱਧ ਸ਼ੈਲੀ ਛੱਡ ਕੇ ਬੱਚਿਆਂ ਅਤੇ ਔਰਤਾਂ ਨੂੰ ਬਚਾਉਂਦਿਆਂ ਪਿੱਛੇ ਹਟਦੇ-ਹਟਦੇ ਮੁਕਾਬਲਾ ਕਰਦੇ। ਕਾਫ਼ੀ ਹੱਦ ਤੱਕ ਉਹ ਇਸ ਮਕਸਦ ਵਿੱਚ ਕਾਮਯਾਬ ਵੀ ਹੋਏ ਅਤੇ ਬਰਨਾਲੇ ਵੱਲ ਪਿੱਛੇ ਹਟਦੇ ਗਏ, ਪਰ ਰਾਤ ਵੇਲੇ ਮੂਹਮਾਂ ਗਹਿਲਾਂ ਦੇ ਸਰਕੰਡੇ ਦੇ ਮੈਦਾਨ ਵਿੱਚ ਪਨਾਹ ਲੈ ਕੇ ਬੈਠੇ ਦਸ ਹਜ਼ਾਰ ਨਿਹੱਥੇ  ਸਿੰਘਾਂ ਨੂੰ ਅਬਦਾਲੀ ਦੀਆਂ ਫ਼ੌਜਾਂ ਨੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਸੀ।

Check Also

ਖੁਦਕੁਸ਼ੀਆਂ ਦੀ ਖੇਤੀ : ਕੈਪਟਨ ਸਰਕਾਰ ਦੇ ਵਾਅਦੇ ਨਾ ਹੋਏ ਵਫਾ

ਨਵੀਆਂ-ਨਵੀਆਂ ਸ਼ਰਤਾਂ ਲਗਾ ਕੇ ਅਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਰੱਦ ਚੰਡੀਗੜ੍ਹ : ਕੈਪਟਨ ਸਰਕਾਰ ਤੀਜਾ …