Breaking News
Home / ਮੁੱਖ ਲੇਖ / ‘ਆਪ’ ਲਈ ਹੁਣ ਹੋਂਦ ਬਚਾਉਣ ਦਾ ਸਮਾਂ

‘ਆਪ’ ਲਈ ਹੁਣ ਹੋਂਦ ਬਚਾਉਣ ਦਾ ਸਮਾਂ

ਕੁਲਜੀਤ ਸਿੰਘ ਬੈਂਸ
ਆਮ ਆਦਮੀ ਪਾਰਟੀ (ਆਪ) ਅੰਦਰ ਦਿੱਲੀ ਅਤੇ ਪੰਜਾਬ, ਦੋਹੀਂ ਥਾਈਂ ਘਮਸਾਨ ਮੱਚਿਆ ਪਿਆ ਹੈ ਤੇ ਦੋਹੀਂ ਥਾਈਂ ਹੁਣ ਮਸਲਾ ਹੋਂਦ ਦਾ ਬਣ ਗਿਆ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਾਰੀ ਊਰਜਾ ਦਿੱਲੀ ਵਿੱਚ ਲਾਉਣਾ ਚਾਹੁੰਦੇ ਹਨ ਜਿੱਥੇ ਇਹ ਉਨ੍ਹਾਂ ਦੀ ਹੋਂਦ ਲਈ ਵਧੇਰੇ ਅਹਿਮ ਹੈ, ਅਤੇ ਆਪ-ਪੰਜਾਬ (ਜੇ ਨਵੀਂ ਸਫ਼ਬੰਦੀ ਮੁਤਾਬਕ ਆਖਿਆ ਜਾਵੇ) ਆਪਣਾ ਇੱਕੋ-ਇੱਕ ਲਗਾਤਾਰ ਚਲਾਇਆ ਦਾਈਆ ਛੱਡਣ ਲਈ ਤਿਆਰ ਨਹੀਂ; ਤੇ ਇਹ ਦਾਈਆ ਹੈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਲੜਾਈ।
ਕਿਸੇ ਇਕੱਲੇ-ਇਕਹਿਰੇ ਨੁਕਤੇ ਉੱਤੇ ਪਿਛਲਖੁਰੀਂ ਤੁਰਨਾ ਦੱਸਦਾ ਹੈ ਕਿ ਇਤਿਹਾਸ, ਵਿਚਾਰਧਾਰਾ, ਦਾਅ ਉੱਤੇ ਲੱਗੇ ਮਸਲਿਆਂ ਤੇ ਲਚਕੀਲੇਪਣ ਬਾਰੇ ਪਾਰਟੀ ਕਿੱਥੇ ਕੁ ਖੜ੍ਹੀ ਹੈ। ਇਸ ਪਾਰਟੀ ਦੀ ਉਮਰ ਘੱਟ ਹੋਣ ਕਾਰਨ ਇਸ ਨੂੰ ਬਹੁਤਾ ਦੋਸ਼ ਨਹੀਂ ਦਿੱਤਾ ਜਾ ਸਕਦਾ ਪਰ ਸਵਾਲ ਇਹ ਹੈ ਕਿ ਆਪਣੇ ਪੈਰ ਜਮਾਉਣ ਲਈ ਇਹ ਸੱਚਮੁੱਚ ਕੁਝ ਕਰ ਰਹੀ ਹੈ, ਜਾਂ ਫਿਰ ਇਹ ਬਿਨਾਂ ਥੱਲੇ ਵਾਲਾ ਲੋਟਾ ਹੀ ਹੈ?
ਪੰਜਾਬ ਇਕਾਈ, ਦਿੱਲੀ ਨਾਲੋਂ ਅਲਹਿਦਾ ਹੋਣ ਲਈ ਆਪਣੇ ਹੱਕ ਵਿੱਚ ਭੁਗਤਣ ਵਾਲੇ ਸਿਰਾਂ ਦੀ ਗਿਣਤੀ ਕਰ ਰਹੀ ਹੈ। ਇਸ ਕਾਰਜ ਵਿੱਚ ਜੁਟੇ ਲੋਕ ਕੋਈ ਕਦਮ ਉਠਾਉਣ ਤੋਂ ਪਹਿਲਾਂ ਕੁਝ ਨੁਕਤੇ ਵਿਚਾਰਨੇ ਚਾਹੁੰਦੇ ਹਨ। ਦਿੱਲੀ ਤੇ ਪੰਜਾਬ ਵਾਲੀਆਂ ਦੋਵੇਂ ਇਕਾਈਆਂ ਕਿਸੇ ਸਪਸ਼ਟ ਵਿਚਾਰਧਾਰਾ ਜਾਂ ਜਨਤਕ ਵਿਹਾਰ ਦੇ ਮਾਮਲੇ ‘ਤੇ ਕੋਰੀਆਂ ਹੀ ਹਨ। ਕਾਰਨ ਇਹ ਹੈ ਕਿ ਦੋਹਾਂ ਸੂਬਿਆਂ ਵਿੱਚ ਇਹ ਪਾਰਟੀ ਇਕ ਖ਼ਾਸ ਹੁੰਗਾਰੇ ਵਾਲੀ ਲੋੜ ਵਿਚੋਂ ਨਿਕਲੀ; ਹਾਲਾਂਕਿ ਦੋਹਾਂ ਸੂਬਿਆਂ ਵਿੱਚ ਹੀ ਇਹ ਲੋੜਾਂ ਵੱਖੋ ਵੱਖਰੀਆਂ ਸਨ। ‘ਆਪ’ ਕਿਸੇ ਕ੍ਰਮਵਾਰ ਵਿਕਾਸ ਵਿਚੋਂ ਨਹੀਂ ਨਿੱਕਲੀ ਜਿਸ ਤਹਿਤ ਇਹ ਖ਼ੁਦ ਨੂੰ ਕਿਸੇ ਵਡੇਰੇ ਦਰਸ਼ਨ ਦੀ ਨੁਮਾਇੰਦਾ ਜਮਾਤ ਬਣਾ ਸਕਦੀ। ਇਹ ਮਹਿਜ਼ ਸਿਆਸੀ ਬਦਲ ਵਜੋਂ ਸਾਹਮਣੇ ਆਈ ਅਤੇ ਇਸ ਦਾ ‘ਵਿਚਾਰਧਾਰਾ’ ਵਾਲਾ ਖ਼ਾਨਾ ਖ਼ਾਲੀ ਛੱਡ ਦਿੱਤਾ ਗਿਆ ਸੀ। ਹਰ ਵੋਟਰ ਇਹ ਖ਼ਾਨਾ ਆਪਣੇ ਚਿੱਤ ਮੁਤਾਬਕ ਭਰ ਸਕਦਾ ਸੀ।
ਹੁਣ ਵਾਲੇ ਮੋੜ ‘ਤੇ ਪਾਰਟੀ ਨੂੰ ਲੱਗਿਆ ਝਟਕਾ ਇਸ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਬਣਾਏ ਚਰਿੱਤਰ ਨੂੰ ਹੀ ਬਿਖੇਰੇਗਾ। ਇਸ ਨੂੰ ਨਵੇਂ ਸਿਰਿਓਂ ਸਿਫ਼ਰ ਤੋਂ ਸ਼ੁਰੂਆਤ ਕਰਨੀ ਪਵੇਗੀ। ਹੁਣ ਨਵੇਂ ਮਸਲੇ ਸਾਹਮਣੇ ਹੋਣਗੇ। ਬਿਨਾਂ ਸ਼ੱਕ ਇਨ੍ਹਾਂ ਵਿੱਚ ਲੀਡਰਸ਼ਿਪ ਦਾ ਮਸਲਾ ਵੀ ਸ਼ਾਮਿਲ ਹੋਵੇਗਾ, ਤੇ ਹਾਲਾਤ ਪਹਿਲਾਂ ਤੋਂ ਵੀ ਮਾੜੇ ਹੋ ਸਕਦੇ ਹਨ। ਸੂਬਾਈ ਆਗੂਆਂ ਨੂੰ ਹੁਣ ਫੈਸਲਾ ਕਰਨਾ ਪਵੇਗਾ ਕਿ ਉਨ੍ਹਾਂ ਨੇ ਲੰਮੇ ਸਮੇਂ ਤੱਕ ਚੱਲਣ ਵਾਲੀ ਪਾਰਟੀ ਬੰਨ੍ਹਣੀ ਹੈ, ਜਾਂ ਸਿਰਫ਼ ਤੁਰੰਤ ਫਾਇਦੇ ਅਤੇ ਆਪਣੀ ਨਿੱਜੀ ਸਫ਼ਲਤਾ ਲਈ ਤਰੱਦਦ ਕਰਨਾ ਹੈ। ‘ਸੂਬੇ ਦੇ ਹਿਤਾਂ’ ਖ਼ਾਤਿਰ ਕੰਮ ਕਰਨ ਵਾਲੀ ਗੱਲ ਨਾਕਾਫ਼ੀ ਹੈ। ਅਜਿਹੇ ਦਾਅਵੇ ਤਾਂ ਹਰ ਪਾਰਟੀ ਕਰਦੀ ਹੈ। ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ‘ਚੰਗੇ’ ਤੋਂ ਉਨ੍ਹਾਂ ਦਾ ਮਤਲਬ ਕੀ ਹੈ ਅਤੇ ਇਹ ਚੰਗਾ ਹਾਸਲ ਕਰਨ ਲਈ ਉਨ੍ਹਾਂ ਦਾ ਸਿਆਸੀ-ਆਰਥਿਕ ਪੈਂਤੜਾ ਕੀ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਤੱਕ ਸੂਬੇ ਅੰਦਰ ਤੀਜੇ ਬਦਲ ਦਾ ਬੜਾ ਸਪਸ਼ਟ ਮੌਕਾ ਸੀ ਜਿਸ ਨੇ ‘ਆਪ’ ਲਈ ਰਾਹ ਮੋਕਲਾ ਕੀਤਾ ਪਰ ਇਸ ਦੀ ਲੋੜ ‘ਮੁੱਖਧਾਰਾ’ ਵਾਲੀਆਂ ਮੌਜੂਦਾ ਪਾਰਟੀਆਂ ਨਾਲ ਸਿੱਧੀ ਜੁੜੀ ਹੋਈ ਹੈ। ਬਦਲਵੀਂ ਸਿਆਸਤ ਲਈ ਮੌਕਾ ਉਦੋਂ ਤੱਕ ਹੀ ਕੋਈ ਅਰਥ ਰੱਖਦਾ ਹੈ ਜਦੋਂ ਤੱਕ ਸਿੱਖ ਇਹ ਸੋਚ ਨਹੀਂ ਤਿਆਗਦੇ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਪਾਰਟੀ ਹੈ ਅਤੇ ਇਸੇ ਤਰ੍ਹਾਂ ਕੇਂਦਰਵਾਦੀ ਸੋਚ ਦੇ ਧਾਰਨੀ, ਕਾਂਗਰਸ ਨੂੰ ਸਹੀ ਅਰਥਾਂ ਵਿੱਚ ਧਰਮ ਨਿਰਪੱਖ (ਤੇ ਸੁਥਰੀ) ਪਾਰਟੀ ਮੰਨਣਾ ਨਹੀਂ ਤਿਆਗਦੇ। ਕਾਂਗਰਸ ਨੇ 2017 ਵਿੱਚ ਆਪਣੇ ਆਪ ਨੂੰ ਵਧੇਰੇ ਮੁਨਾਸਿਬ ਧਿਰ ਵਜੋਂ ਅੱਗੇ ਲਿਆਂਦਾ ਹੈ। ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਤਬਦੀਲੀ ਆ ਸਕਦੀ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ‘ਆਪ’ ਦੀ ਹੋਂਦ, ਦੂਜਿਆਂ ਦੇ ਵਿਹਾਰ ਉੱਤੇ ਕਿਸ ਹੱਦ ਤੱਕ ਨਿਰਭਰ ਹੈ। ਇਹੀ ਕਾਰਨ ਹੈ ਕਿ ਇਸ ਨੂੰ ਆਪਣਾ ਆਪ ਉਸਾਰਨ ਅਤੇ ਨਾਲ ਹੀ ਆਪਣਾ ਵੱਖਰਾ ਚਰਿੱਤਰ ਬਣਾਉਣ ਦੀ ਲੋੜ ਹੈ। ਨਾਂਹਮੁਖੀ ਵੋਟਾਂ ਦੇ ਸਹਾਰੇ ਇਹ ਆਪਣੀ ਹੋਂਦ ਬਰਕਰਾਰ ਨਹੀਂ ਰੱਖ ਸਕਦੀ। ਇਸ ਨੂੰ ਪਾਰਟੀ ਸੰਵਿਧਾਨ ਬਣਾਉਣਾ ਪਵੇਗਾ ਅਤੇ ਫਿਰ ਇਸ ਮੁਤਾਬਕ ਚੱਲਣ ਦਾ ਹੌਸਲਾ ਵੀ ਕਰਨਾ ਪਵੇਗਾ।
ਸੂਬੇ ਦੇ ਸੀਨੀਅਰ ਲੀਡਰਾਂ ਵਿਚੋਂ ਕੁਝ, ‘ਮੁਕੰਮਲ ਖੁਦਮੁਖ਼ਤਾਰੀ’ ਵਾਲੀ ਤਜਵੀਜ਼ ਅੱਗੇ ਲਿਆ ਰਹੇ ਹਨ। ਕਹਿਣਾ ਮੁਸ਼ਕਿਲ ਹੈ ਕਿ ਇਹ ਤੋੜ-ਵਿਛੋੜੇ ਤੋਂ ਵੱਖਰਾ ਪੈਂਤੜਾ ਕਿਵੇਂ ਹੋਵੇਗਾ। ਹੁਣ ਜਾਂ ਤਾਂ ਅੱਧ-ਪਚੱਧੀ ਖੁਦਮੁਖ਼ਤਾਰੀ ਹੋਵੇਗੀ, ਤੇ ਜਾਂ ਫਿਰ ਮੁਕੰਮਲ ਤੋੜ-ਵਿਛੋੜਾ। ਉਂਜ, ਜੇ ਸਿਰਫ਼ ਨਾਂ ਹੀ ਬਦਲਣਾ ਹੈ ਤਾਂ ਇਸ ਦਾ ਮਤਲਬ ਸਿਰਫ ਨਾਂ ਤੋਂ ਹੀ ਕੁਝ ਖੱਟਣ ਦੀ ਕਵਾਇਦ ਹੋ ਸਕਦੀ ਹੈ ਪਰ ਇਹ ਸਿਰ ਪਈਆਂ ਜ਼ਿੰਮੇਵਾਰੀਆਂ ਨਾਲ ਨਜਿੱਠਣ ਵਾਲੀ ਗੱਲ ਨਹੀਂ ਹੋਵੇਗੀ। ਕੌਮੀ/ਦਿੱਲੀ ਇਕਾਈ ਫ਼ਿਲਹਾਲ ਸੰਕਟ ਵਿੱਚ ਹੈ ਜਿਸ ਨੇ ਸਬੰਧਤ ਮਸਲੇ ਦਾ ਹੱਲ ‘ਸਮਝੌਤਾ’ ਹੀ ਸੋਚਿਆ। ਪੰਜਾਬ ਇਕਾਈ ਜਦੋਂ ਸਥਿਰਤਾ ਖ਼ਾਤਿਰ ਕੌਮੀ ਆਗੂਆਂ ਵੱਲ ਝੁਕਣ ਲੱਗ ਪਈ ਤਾਂ ਭਵਿੱਖ ਵਿੱਚ ਇਹ ਵੀ ਅਜਿਹੇ ਸੰਕਟ ਵਿੱਚ ਘਿਰ ਸਕਦੀ ਹੈ। ਜਿਸ ਤਰ੍ਹਾਂ ਮਾੜੀ ਚਾਲ ਦਾ ਅਸਰ ਸਭ ਉੱਤੇ ਪੈਂਦਾ ਹੈ, ਵੱਡੇ ਗਰੁੱਪ ਅੰਦਰ ਭਰੋਸੇਯੋਗਤਾ ਦਾ ਵੀ ਇਹੀ ਹਾਲ ਹੁੰਦਾ ਹੈ। ਇਹੀ ਕਾਰਨ ਹੈ ਕਿ ਇੱਕ ਖ਼ਾਸ ਹਿੱਸੇ ਦੀ ਵੀ ਅਹਿਮੀਅਤ ਹੁੰਦੀ ਹੈ। ਪੁਰਾਣੇ ਖਿਡਾਰੀਆਂ ਨੂੰ ਪੰਜਾਬ ਦੇ 20 ਵਿਧਾਇਕਾਂ ਨੂੰ ਖਦੇੜਨ ਲਈ ਬਹੁਤਾ ਸਮਾਂ ਨਹੀਂ ਲੱਗੇਗਾ। ਕੋਈ ਵੀ ‘ਅਸਲੀ’ ਪਾਰਟੀ ਕਦੇ ਚੂਰ ਚੂਰ ਨਹੀਂ ਹੁੰਦੀ; ਇਹ ਹਰ ਝਟਕੇ ਤੋਂ ਬਾਅਦ ਖ਼ੁਦ ਨੂੰ ਨਵੇਂ ਸਿਰਿਓਂ ਉਸਾਰਦੀ ਹੈ ਅਤੇ ਸਮੇਂ ਸਮੇਂ ਆਉਣ ਵਾਲੀਆਂ ਚੁਣੌਤੀਆਂ ਨਾਲ ਵੀ ਨਜਿੱਠਦੀ ਹੈ।

Check Also

ਮਹਿਲਾ ਵਰਗ ਦੀ ਮੁਕਤੀ ਲਈ ਸੰਘਰਸ਼ ਜ਼ਰੂਰੀ !

ਰਾਜਿੰਦਰ ਕੌਰ ਚੋਹਕਾ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਹਿਲੀ ਵਾਰੀ ਇਹ ਦਿਨ 1911 ਵਿੱਚ …