Breaking News
Home / ਕੈਨੇਡਾ / ਸਿਟੀ ਮੇਅਰ ਲਿੰਡਾ ਜੈਫ਼ਰੀ, ਸਿਟੀ ਕਾਊਂਸਲਰਾਂ ਤੇ ਕਮਿਊਨਿਟੀ ਮੈਬਰਾਂ ਦੀ ਭਰਪੂਰ ਹਾਜ਼ਰੀ ਵਿਚ

ਸਿਟੀ ਮੇਅਰ ਲਿੰਡਾ ਜੈਫ਼ਰੀ, ਸਿਟੀ ਕਾਊਂਸਲਰਾਂ ਤੇ ਕਮਿਊਨਿਟੀ ਮੈਬਰਾਂ ਦੀ ਭਰਪੂਰ ਹਾਜ਼ਰੀ ਵਿਚ

ਸਪਰਿੰਗਡੇਲ ਲਾਇਬ੍ਰੇਰੀ ਦਾ ਹੋਇਆ ਉਦਘਾਟਨ
ਬਰੈਂਪਟਨ/ਡਾ. ਝੰਡ : ਬਰੈਮਲੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਮੇਨ-ਇੰਟਰਸੈੱਕਸ਼ਨ ਦੇ ਨੇੜੇ 10705 ਬਰੈਮਲੀ ਰੋਡ ਸਥਿਤ ਬਣੀ ਨਵੀਂ ਸਪਰਿੰਗਡੇਲ ਲਾਇਬ੍ਰੇਰੀ ਦਾ ਸ਼ੁਭ-ਉਦਘਾਟਨ 6 ਮਾਰਚ ਦਿਨ ਮੰਗਲਵਾਰ ਨੂੰ ਕੀਤਾ ਗਿਆ। ਇਸ ਮੌਕੇ ਬਰੈਂਪਟਨ ਸਿਟੀ ਦੀ ਮੇਅਰ ਲਿੰਡਾ ਜੈੱਫ਼ਰੀ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਰਿਜਨਲ ਕਾਊਂਸਲਰ ਜੌਹਨ ਸਪਰੌਵਰੀ ਸਮੇਤ ਕਈ ਹੋਰ ਸਿਟੀ ਕਾਊਂਸਲਰ, ਲਾਇਬ੍ਰੇਰੀ ਬੋਰਡ ਟਰੱਸਟੀ ਜੈਪਾਲ ਮੈਸੀ ਸਿੰਘ ਅਤੇ ਵੱਡੀ ਗਿਣਤੀ ਵਿਚ ਪੰਜਾਬੀ ਕਮਿਊਨਿਟੀ ਦੇ ਪਤਵੰਤੇ ਵਿਅੱਕਤੀ ਸ਼ਾਮਲ ਹੋਏ।
ਲਾਇਬ੍ਰੇਰੀ ਦਾ ਉਦਘਾਟਨ ਇਨ੍ਹਾਂ ਪਤਵੰਤਿਆਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਕ ਹੋਰ ਰਿਬਨ ਲਾਇਬ੍ਰੇਰੀ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਅਤੇ ਪਾਠਕਾਂ ਕੋਲੋਂ ਵੀ ਕਟਾਇਆ ਗਿਆ। ਇਸ ਮੌਕੇ ਬੋਲਦਿਆਂ ਮੇਅਰ ਲਿੰਡਾ ਜੈੱਫ਼ਰੀ ਨੇ ਕਿਹਾ ਕਿ ਇਹ ਲਾਇਬ੍ਰੇਰੀ ਬਰੈਂਪਟਨ-ਵਾਸੀਆਂ ਲਈ ਇਸ ਨਵੇਂ ਸਾਲ 2018 ਵਿਚ ਤੋਹਫ਼ਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਰਿਜਨਲ ਕਾਊਸਲਰ ਜੌਹਨ ਸਪਰੌਵਰੀ ਦਾ ਕਹਿਣਾ ਸੀ ਕਿ ਇਸ ਲਾਇਬ੍ਰੇਰੀ ਨੂੰ ਹੋਂਦ ਵਿਚ ਲਿਆਉਣ ਲਈ ਅਤੇ ਇਸ ਨਾਲ ਲੱਗਵਾਂ ਕਾਮਾਗਾਟਾ-ਮਾਰੂ ਪਾਰਕ ਬਨਾਉਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਲਾਇਬ੍ਰੇਰੀ ਕਮਿਊਨਿਟੀ ਲਈ ਇਕ ਬੜੀ ਵੱਡੀ ਪ੍ਰਾਪਤੀ ਹੈ। ਇਸ ਦੇ ਨਾਲ ਲੋਕਾਂ ਦੇ ਗਿਆਨ ਵਿਚ ਵਾਧਾ ਅਤੇ ਉਨ੍ਹਾਂ ਦਾ ਸਮੁੱਚਾ ਬੌਧਿਕ ਵਿਕਾਸ ਹੋਵੇਗਾ। ਵਾਰਡ ਨੰਬਰ 9 ਅਤੇ 10 ਦੇ ਵਾਸੀਆਂ ਨੂੰ ਤਾਂ ਇਸ ਦਾ ਖ਼ਾਸ ਹੀ ਲਾਭ ਹੋਵੇਗਾ ਕਿਉਂਕਿ ਇਹ ਉਨ੍ਹਾਂ ਦੇ ਪਹੁੰਚ ਖ਼ੇਤਰ ਵਿਚ ਹੈ। ਬਰੈਂਪਟਨ ਲਾਇਬ੍ਰੇਰੀ ਬੋਰਡ ਦੇ ਟਰੱਸਟੀ ਜੈਪਾਲ ਮੈਸੀ ਸਿੰਘ ਨੇ ਆਏ ਸਮੂਹ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਇਸ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਕਿਹਾ। ਅਖ਼ੀਰ ਵਿਚ ਲਾਇਬ੍ਰੇਰੀ ਦੀ ਮੈਨੇਜਰ ਰੇਬੈਕਾ ਵੱਲੋਂ ਵੀ ਵੱਡੀ ਗਿਣਤੀ ਵਿਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹਾਜ਼ਰ ਪੰਜਾਬੀ ਕਮਿਊਨਿਟੀ ਦੀ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸਾਬਕਾ ਸਿਟੀ ਕਾਊਂਸਲਰ ਵਿੱਕੀ ਢਿੱਲੋਂ, ਦਰਸ਼ਨ ਸਿੰਘ ਗਰੇਵਾਲ, ਅਵਤਾਰ ਸਿੰਘ ਤੱਖੜ, ਹਰਬੰਸ ਸਿੰਘ ਗਰੇਵਾਲ, ਸੁਖਚੈਨ ਸਿੰਘ, ਮਹਿੰਦਰ ਸਿੰਘ, ਮਲਕੀਤ ਸਿੰਘ ਗਰੇਵਾਲ, ਪ੍ਰਿੰ. ਜਗਜੀਤ ਸਿੰਘ ਗਰੇਵਾਲ, ਮਲਕੀਤ ਸਿੰਘ ਧਾਲੀਵਾਲ, ਲਾਭ ਸਿੰਘ ਰੈਹਲ, ਈਸ਼ਰ ਸਿੰਘ ਚਾਹਲ, ਕਰਤਾਰ ਸਿੰਘ ਢਿੱਲੋਂ ਸਮੇਤ ਕਈ ਹੋਰ ਸ਼ਾਮਲ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਲਾਇਬ੍ਰੇਰੀ ਦੀ ਇਹ ਖ਼ੂਬਸੂਰਤ ਤਿਕੋਣੀ ਇਮਾਰਤ ਆਧੁਨਿਕ ਇਮਾਰਤਸਾਜ਼ੀ ਦਾ ਨਵਾਂ ਨਮੂਨਾ ਪੇਸ਼ ਕਰਦੀ ਹੈ। ਇਸ ਦੇ ਵਿਚ ਕਈ ‘ਮਲਟੀ-ਪਰਪਜ਼’ ਰੂਮ ਅਤੇ ਕਾਮਨ-ਰੂਮ ਬਣਾਏ ਹਨ। ਬੱਚਿਆਂ ਲਈ ਇਸ ਵਿਚ ਖ਼ਾਸ ਏਰੀਆ ਬਣਾਇਆ ਗਿਆ ਹੈ ਜਿੱਥੇ ਉਨ੍ਹਾਂ ਦੇ ਮਨ-ਪਸੰਦ ਦੀਆਂ ਬਾਲ-ਪੁਸਤਕਾਂ, ਡੀ.ਵੀ.ਡੀਜ਼ ਅਤੇ ਉਨ੍ਹਾਂ ਦੀ ਦਿਲਚਸਪੀ ਦਾ ਹੋਰ ਸਮਾਨ ਰੱਖਿਆ ਗਿਆ ਹੈ। ਲਾਇਬ੍ਰੇਰੀ ਵਿਚ ਦੋ 3-ਡੀ ਪ੍ਰਿੰਟਰ ਉਪਲੱਭਧ ਕਰਾਏ ਗਏ ਹਨ ਅਤੇ ਇਕ ਹੋਰ ਰੰਗਦਾਰ ਪ੍ਰਿੰਟਰ ਲੇਬਲ ਆਦਿ ਤਿਆਰ ਕਰਨ ਤੇ ਹੋਰ ਰੰਗੀਨ ਪ੍ਰਿੰਟਿੰਗ ਲਈ ਮੌਜੂਦ ਹੈ।
ਲਾਇਬ੍ਰੇਰੀ ਦੇ ਬਿਲਕੁਲ ਨਾਲ ਲੱਗਵਾਂ ਇਕ ਖੂਬਸੂਰਤ ਪਾਰਕ ਹੈ ਜਿਸ ਦਾ ਨਾਂ 104 ਸਾਲ ਪਹਿਲਾਂ 1914 ਨੂੰ ਵੈਨਕੂਵਰ ਦੇ ਨਾਲ ਲੱਗਦੇ ਸਮੁੰਦਰ ਦੇ ਡੂੰਘੇ ਪਾਣੀਆਂ ਵਿਚ ਲੱਗਭੱਗ ਦੋ ਮਹੀਨੇ ਖੜੇ ਰਹੇ ਚਰਚਿਤ ਜਹਾਜ਼ ‘ਕਾਮਾਗਾਟਾ ਮਾਰ’ ਦੇ ਨਾਂ ‘ਤੇ ਰੱਖਿਆ ਗਿਆ ਹੈ। ਪਾਠਕਾਂ ਨੂੰ ਭਲੀ-ਭਾਂਤ ਯਾਦ ਹੋਵੇਗਾ ਕਿ ਇਸ ਜਹਾਜ਼ ਨੂੰ ਉਸ ਸਮੇਂ ਦੀ ਕੈਨੇਡਾ ਸਰਕਾਰ ਵੱਲੋਂ ਤੱਟ ‘ਤੇ ਲੱਗਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਅਤੇ ਇਸ ਦੇ ਮੁਸਾਫ਼ਰਾਂ ਨੂੰ ਵੀ ਇਸ ਦੇ ਅੰਦਰ ਹੀ ਕੈਦ ਰਹਿਣਾ ਪਿਆ ਸੀ। ਇਹ ਵੱਖਰੀ ਗੱਲ ਹੈ ਕਿ ਇਸ ਮਾੜੀ ਘਟਨਾ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 103 ਸਾਲਾਂ ਬਾਅਦ ਪਿਛਲੇ ਸਾਲ ਪਾਰਲੀਮੈਂਟ ਵਿਚ ਮੁਆਫ਼ੀ ਮੰਗੀ ਗਈ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹ ਲਾਇਬ੍ਰੇਰੀ ਅਤੇ ਇਸ ਦੇ ਨਾਲ ਲੱਗਵਾਂ ਖ਼ੂਬਸੂਰਤ ‘ਕਾਮਾਗਾਟਾ-ਮਾਰੂ ਪਾਰਕ’ ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਦੇ ਜ਼ੋਰ ਦੇਣ ‘ਤੇ ਹੀ ਹੋਂਦ ਵਿਚ ਆ ਸਕੇ ਹਨ। ਜਿੱਥੇ ਇਹ ਅਤਿ-ਆਧੁਨਿਕ ਲਾਇਬ੍ਰੇਰੀ ਇਸ ਏਰੀਏ ਲਈ ‘ਗਿਆਨ ਦੇ ਸੂਰਜ’ ਵਜੋਂ ਵਰਦਾਨ ਸਾਬਤ ਹੋਵੇਗੀ, ਉੱਥੇ ਇਹ ‘ਕਾਮਾਗਾਟਾ ਮਾਰੂ ਪਾਰਕ’ ਦੇ ਭਾਰਤ ਦੇ ਮਹਾਨ ਨਾਇਕ ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੈਨੇਡਾ ਵਿਚ ਭਾਰਤੀਆਂ ਦੇ ਦਾਖ਼ਲੇ ਲਈ ਕੀਤੀ ਗਈ ਮਹਾਨ ਘਾਲਣਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ।

Check Also

ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਬਰੈੱਸਟ-ਕੈਂਸਰ ਵਿਰੁੱਧ ਲੜਾਈਲਈਸਰਕਾਰਦੀ ਵਚਨਬੱਧਤਾ ਲਈਕੀਤਾ ਸੁਆਲ 

ਬਰੈਂਪਟਨ/ਬਿਊਰੋ ਨਿਊਜ਼ : ਅੱਠਾਂ ਵਿੱਚੋਂ ਇਕ ਔਰਤ ਨੂੰ ਜੀਵਨਵਿਚਬਰੈੱਸਟਕੈਂਸਰ ਦੇ ਲੱਛਣ ਪੈਦਾਹੋਣ ਸਬੰਧੀ ਅੰਕੜਿਆਂ ਦਾਹਵਾਲਾ …