Breaking News
Home / Special Story / ‘ਧੀਏ, ਮਸ਼ਾਲ ਬਾਲ ਕੇ ਰੱਖੀਂ, ਰਾਤ ਨੂੰ ਮਾਰਚ ਕਰਨੈ’

‘ਧੀਏ, ਮਸ਼ਾਲ ਬਾਲ ਕੇ ਰੱਖੀਂ, ਰਾਤ ਨੂੰ ਮਾਰਚ ਕਰਨੈ’

ਲੋਕ ਸੰਘਰਸ਼ਾਂ ਦਾ ਮੋਰਚਾ ਬਿੰਦੂ ਨੇ ਨਿੱਕੀ ਉਮਰੇ ਸੰਭਾਲਿਆ
ਬਠਿੰਡਾ : ‘ਧੀਏ, ਮਸ਼ਾਲ ਬਾਲ ਕੇ ਰੱਖੀ, ਰਾਤ ਨੂੰ ਮਾਰਚ ਕਰਨੈ’। ਇਹ ਆਖ਼ਰੀ ਸ਼ਬਦ ਸਨ ਬਾਪ ਮੇਘ ਰਾਜ ਦੇ, ਜੋ ਉਸ ਨੇ ਆਪਣੀ ਅੱਠਵੀਂ ਕਲਾਸ ਵਿਚ ਪੜ੍ਹਦੀ ਬੱਚੀ ਬਿੰਦੂ ਨੂੰ ਆਖੇ। ਪਲਾਂ ਮਗਰੋਂ ਭਾਣਾ ਵਾਪਰ ਗਿਆ, ਜੋ ਲੋਕ ਚੇਤਿਆਂ ਵਿੱਚ ‘ਸੇਵੇਵਾਲਾ ਕਾਂਡ’ ਵਜੋਂ ਯਾਦ ਹੈ।
ਸਾਲ 1991 ਦੀ ਅਪਰੈਲ ਨੂੰ ਮਾਰੇ 18 ਜਣਿਆਂ ਵਿੱਚ ਇੱਕ ਮੇਘ ਰਾਜ ਸੀ, ਜਿਸ ਨੇ ਛਾਤੀ ਵਿਚ ਗੋਲੀ ਖਾਧੀ। ਤਪੇ ਹੋਏ ਮਾਹੌਲ ਵਿੱਚ ਫ਼ਰੀਦਕੋਟ ਦੇ ਪਿੰਡ ਸੇਵੇਵਾਲਾ ਦੀ 13 ਵਰ੍ਹਿਆਂ ਦੀ ਬੱਚੀ ਬਿੰਦੂ ਨੇ ਬਾਪ ਦੇ ਆਖ਼ਰੀ ਬੋਲ ਪੁਗਾਉਣ ਦੀ ਜ਼ਿੱਦ ਫੜ ਲਈ। ਅੱਜ ਉਹੀ ਬੱਚੀ ਕਰੀਬ 30 ਵਰ੍ਹਿਆਂ ਦੀ ਹਰਿੰਦਰ ਬਿੰਦੂ ਵਜੋਂ ਜਾਣੀ ਜਾਂਦੀ ਹੈ, ਜੋ ਬਾਪ ਦੇ ਆਖ਼ਰੀ ਬੋਲ ਪੁਗਾਉਣ ਲਈ ‘ਮਸ਼ਾਲ’ ਲੈ ਕੇ ਪਿੰਡ-ਪਿੰਡ ਘੁੰਮ ਰਹੀ ਹੈ। ਕਿਸਾਨ ਤੇ ਮਜ਼ਦੂਰ ਔਰਤਾਂ ਦੀ ਚੀਸ ਉਸ ਨੂੰ ਆਪਣੀ ਲੱਗਦੀ ਹੈ। ਬਿੰਦੂ ਨੇ 1996 ਤੋਂ ਲੈ ਕੇ ਹੁਣ ਤੱਕ ਪੇਂਡੂ ਔਰਤਾਂ ਨੂੰ ਚੇਤਨਾ ਦੀ ਜਾਗ ਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਉਸ ਦਾ ਇੱਕੋ ਮਿਸ਼ਨ ਹੈ, ਤਬਦੀਲੀ ਦਾ ਪੁੜ ਘੁਮਾਉਣਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਮਹਿਲਾ ਵਿੰਗ ਦੀ ਹਰਿੰਦਰ ਬਿੰਦੂ ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਹੈ। ਜਦੋਂ ਉਹ ਸੰਘਰਸ਼ੀ ਇਕੱਠਾਂ ਵਿਚ ਬੋਲਦੀ ਹੈ ਤਾਂ ਸੁਣਨ ਵਾਲੀਆਂ ਔਰਤਾਂ ਦੇ ਅੰਦਰ ਲਾਵਾ ਫੁੱਟਣ ਲੱਗਦਾ ਹੈ। ਉਹ ਹੰਝੂਆਂ ਨੂੰ ਛੱਡ ਕੇ ਹਕੂਮਤਾਂ ਤੋਂ ਹੱਕ ਮੰਗਣ ਦੇ ਗੁਰ ਵੀ ਸਿਖਾਉਂਦੀ ਹੈ। ઠਪੰਜਾਬ ਦੇ ਬਹੁਤੇ ਪਿੰਡਾਂ ਦੀ ਜੂਹ ਬਿੰਦੂ ਲਈ ਹੁਣ ਓਪਰੀ ਨਹੀਂ ਹੈ। ਫ਼ਰੀਦਕੋਟ ਦੇ ‘ਸ਼ਰੁਤੀ ਕਾਂਡ’ ਵਿੱਚ ਬਿੰਦੂ ਨੇ ਔਰਤਾਂ ਦੀ ਲਾਮਬੰਦੀ ਕੀਤੀ ਸੀ। ਕਿਸਾਨ ਧਿਰ ਵੱਲੋਂ ਬਿੰਦੂ ਨੂੰ ਕਾਰ ਦਿੱਤੀ ਹੋਈ ਹੈ, ਜਿਸ ‘ਤੇ ਸਪੀਕਰ ਲੱਗਾ ਹੋਇਆ ਹੈ। ਵਰ੍ਹਿਆਂ ਤੋਂ ਉਹ ਖ਼ੁਦ ਕਾਰ ਚਲਾ ਕੇ ਪੇਂਡੂ ਪੰਜਾਬ ਦੇ ਹਰ ਗਲੀ ਮੁਹੱਲੇ ਘੁੰਮ ਰਹੀ ਹੈ।
ਬਿੰਦੂ ਦੱਸਦੀ ਹੈ ਕਿ ਉਸ ਨੇ ਕਾਫ਼ੀ ਇਨਕਲਾਬੀ ਸਾਹਿਤ ਪੜ੍ਹਿਆ ਹੈ। ਬਿੰਦੂ ਨੇ ਪੁਲਿਸ ਦੇ ਲਾਠੀਚਾਰਜ ਵੀ ਝੱਲੇ ਹਨ। ਜਦੋਂ ਅੰਮ੍ਰਿਤਸਰ ਵਿੱਚ ਇੰਗਲੈਂਡ ਦੀ ਮਹਾਰਾਣੀ ਆਈ ਸੀ ਤਾਂ ਉਦੋਂ ਬਿੰਦੂ ਦਾ ਸਿੱਧਾ ਪੇਚਾ ਪੁਲਿਸ ਨਾਲ ਪਿਆ। ਪੁਲਿਸ ਵੱਲੋਂ ਵਿਰੋਧ ਵਿਚ ਵਰ੍ਹਾਈ ਡਾਂਗ ਬਿੰਦੂ ਨੇ ਆਪਣੇ ਹੱਥ ਵਿੱਚ ਫੜ ਲਈ ਸੀ। ਬਿੰਦੁ ਦਾ ਇਕੋ ਮਿਸ਼ਨ ਹੈ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਵਿੱਚੋਂ ਕੱਢ ਕੇ ਸੰਘਰਸ਼ੀ ਗੁਰ ਸਿਖਾ ਕੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਸਿਖਾਉਣਾ।
ਹਰਜਿੰਦਰ ਕੌਰ ਲੋਪੇ ਨੂੰ ਸਕੂਲ ਨੇ ਬਣਾਇਆ ਆਗੂ
ਨਾਭਾ : ਨਾਭਾ ਦਾ ਛੋਟਾ ਜਿਹਾ ਪਿੰਡ ਹੈ ਲੋਪੇ, ਜੋ ਅੱਜ-ਕੱਲ੍ਹ ਹਰਿੰਜਦਰ ਕੌਰ ਲੋਪੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗ਼ਰੀਬੀ ਕਾਰਨ ਸਕੂਲ ਵਿੱਚ ਨਾ ਪੜ੍ਹ ਸਕਣ ਵਾਲੀ ਹਰਜਿੰਦਰ ਕੌਰ ਨੂੰ ਸਕੂਲ ਨੇ ਹੀ ਆਗੂ ਬਣਨ ਦਾ ਮੌਕਾ ਦਿੱਤਾ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਬਣਾਉਣ ਵਾਲੀਆਂ ਕੁੱਕ ਬੀਬੀਆਂ ਨੂੰ ਮਿਲਦੇ ਘੱਟ ਮਿਹਨਤਾਨੇ ਅਤੇ ਪੈਰ-ਪੈਰ ਉੱਤੇ ਹੁੰਦੇ ਧੱਕੇ ਨੇ ਉਸ ਨੂੰ ਸਮੂਹਿਕ ਤੌਰ ‘ਤੇ ਲਾਮਬੰਦ ਹੋਣ ਵੱਲ ਪ੍ਰੇਰਿਤ ਕਰ ਦਿੱਤਾ। ਅੱਜ-ਕੱਲ੍ਹ ਇਹੀ ਘੱਟ ਪੜ੍ਹੀ-ਲਿਖੀ ਪਰ ਧੜੱਲੇਦਾਰ ਔਰਤ ਡੈਮੋਕ੍ਰੈਟਿਕ ਮਿੱਡ-ਡੇਅ ਮੀਲ ਕੁੱਕ ਫਰੰਟ ਦੀ ਸੂਬਾ ਪ੍ਰਧਾਨ ਹੈ।
ਉਸ ਦਾ ਕਹਿਣਾ ਹੈ, ”ਮੈਂ ਪਹਿਲਾਂ ਕਦੇ ਕਿਸੇ ਸੰਸਥਾ ਵਿੱਚ ਕੰਮ ਨਹੀਂ ਕੀਤਾ ਸੀ। ਘਰ ਦੇ ਕੰਮਾਂ ਜਾਂ ਪਸ਼ੂਆਂ ਦੀ ਸੰਭਾਲ ਜਾਂ ਖੇਤਾਂ ਵਿੱਚ ਕੰਮ ਕਰਨ ਤੋਂ ਅੱਗੇ ਨਹੀਂ ਸੀ ਸੋਚਿਆ। ਦੂਸਰਿਆਂ ਨਾਲ ਗੱਲ ਕਰਨ ਸਮੇਂ ਸ਼ਰਮਾਉਂਦੀ ਰਹਿੰਦੀ ਸੀ। ਮੈਨੂੰ ਆਪਣੇ ਆਪ ‘ਤੇ ਭਰੋਸਾ ਨਹੀਂ ਸੀ ਕਿ ਮੈਂ ਇਕੱਲੀ ਵੀ ਕਿਧਰੇ ਜਾ ਸਕਦੀ ਹਾਂ ਜਾਂ ਕੁਝ ਕਰ ਸਕਦੀ ਹਾਂ, ਪਰ ਕੁੱਕ ਫਰੰਟ ਦੀ ਅਗਵਾਈ ਅਤੇ ਸਰਕਾਰਾਂ ਦੇ ਤੌਰ ਤਰੀਕਿਆਂ ਨੇ ਮੈਨੂੰ ਬਹੁਤ ਕੁਝ ਸਿਖਾ ਦਿੱਤਾ। ਹੁਣ ਮੈਨੂੰ ਇਕੱਲੀ ਨੂੰ ਚੰਡੀਗੜ੍ਹ ਦੀਆਂ ਸੜਕਾਂ, ਵੱਡੇ-ਵੱਡੇ ਦਫ਼ਤਰਾਂ, ਮੁੱਖ ਮੰਤਰੀ, ਮੰਤਰੀਆਂ, ਅਧਿਕਾਰੀਆਂ ਨੂੰ ਮਿਲਣ ਸਮੇਂ ਕੋਈ ਘਬਰਾਹਟ ਮਹਿਸੂਸ ਨਹੀਂ ਹੁੰਦੀ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਚੌਕਾਂ ‘ਤੇ ਜਾਮ ਲਗਾਉਣ ਸਮੇਂ ਪੁਲਿਸ ਦੀਆਂ ਮਿਲਦੀਆਂ ਧਮਕੀਆਂ ਸਮੇਂ ਵੀ ਹੌਸਲਾ ਬੁਲੰਦ ਰਹਿੰਦਾ ਹੈ।” ਹਰਜਿੰਦਰ ਕੌਰ ਨੇ ਸਾਰੇ ਪੰਜਾਬ ਵਿੱਚ ਘੁੰਮ ਕੇ ਲਗਪਗ 16 ਜ਼ਿਲ੍ਹਿਆਂ ਵਿੱਚ ਕੁੱਕ ਫਰੰਟ ਦੀਆਂ ਕਮੇਟੀਆਂ ਬਣਾ ਕੇ ਵੱਡੇ ਸੰਘਰਸ਼ ਕੀਤੇ ਹਨ।
ਦਹਾਕਿਆਂ ਬਾਅਦ ਬਾਬਲ ਦੇ ਵਿਹੜੇ ਇਕੱਠੀਆਂ
ਹੋਈਆਂ ਬਚਪਨ ਦੀਆਂ ਸਹੇਲੀਆਂ
ਨਾਭਾ : ਭਾਦਸੋਂ ਨੇੜਲੇ ਪਿੰਡ ਸਹੌਲੀ ਵਿੱਚ ‘ਮੇਲਾ ਧੀਆਂ ਦਾ’ ਰਾਹੀਂ ਵੱਡਾ ਇਕੱਠਾ ਹੋਇਆ। ਪਿੰਡ ਦੀਆਂ ਮੁਟਿਆਰਾਂ ਤੇ ਬੁਜ਼ਰਗ ਧੀਆਂ ਦੀ ਮਿਲਣੀ ਬਹੁਤ ਭਾਵੁਕ ਸੀ। ਇਸ ਪਿੰਡ ਦੀ ਧੀ ਮਨਪ੍ਰੀਤ ਕੌਰ ਜਿਸ ਨੇ ਵਿਆਹ ਤੋਂ ਬਾਅਦ ਸ਼ਾਟਪੁਟ ਵਿੱਚ ਏਸ਼ੀਅਨ ਗੇਮਜ਼ ਵਿੱਚੋਂ ਗੋਲਡ ਮੈਡਮ ਹਾਸਲ ਕੀਤਾ ਅਤੇ ਰੀਓ ਓਲੰਪਿਕ ਵਿੱਚ ਖੇਡੀ, ਮੇਲੇ ਦਾ ਸ਼ਿੰਗਾਰ ਬਣੀ। ਮਨਪ੍ਰੀਤ ਕੌਰ ਭਾਰਤ ਦੀ ਪਹਿਲੀ ਔਰਤ ਹੈ, ਜਿਸ ਨੇ ਸ਼ਾਟਪੁਟ ਵਿੱਚ ਏਸ਼ੀਆ ਪੱਧਰ ‘ਤੇ ਗੋਲਡ ਮੈਡਲ ਹਾਸਲ ਕੀਤਾ ਅਤੇ ਰੀਓ ਓਲੰਪਿਕ ਤੱਕ ਪੁੱਜੀ ਹੈ। ਪਿੰਡ ਦੀਆਂ ਮੁਟਿਆਰਾਂ ਤੇ ਨੌਜਵਾਨਾਂ ਨੇ ਨੌਜਵਾਨ ਏਕਤਾ ਕਲੱਬ ਅਤੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਮੇਲੇ ਦੇ ਪ੍ਰਬੰਧ ਕੀਤੇ। ਪਿੰਡ ਦੀਆਂ ਸਭ ਤੋਂ ਵੱਡੀ ਉਮਰੀ ਦੀਆਂ ਧੀਆਂ ਨੂੰ ਫੁੱਲਕਾਰੀ ਤਾਣ ਕੇ ਲਿਆਂਦਾ ਗਿਆ, ਜਿਸ ਮਗਰੋਂ ਮੇਲੇ ਦਾ ਆਗਾਜ਼ ਹੋਇਆ। ਪਿੰਡ ਦੀ ਬਜ਼ੁਰਗ ਧੀ ਜਸਵੰਤ ਕੌਰ ਅਤੇ ਖਿਡਾਰਨ ਮਨਪ੍ਰੀਤ ਕੌਰ ਨੇ ਮਿਲ ਕੇ ਰਿਬਨ ਕੱਟਿਆ। ਇਸ ਮੌਕੇ ਪਿੰਡ ਦੀਆਂ ਧੀਆਂ ਅਤੇ ਨੂੰਹਾਂ ਨੇ ਰਲ ਕੇ ਸਿੱਠਣੀਆਂ, ਸੁਹਾਗਾਂ ਤੇ ਬੋਲੀਆਂ ਨਾਲ ਸੱਭਿਆਚਾਰਕ ਰੰਗ ਬੰਨ੍ਹਿਆ।
ਇਹ ਧੀਆਂ ਦਾ ਮੇਲਾ, ਪੰਜਾਬ ਦੇ ઠਲੋਕਾਂ ਨੂੰ ਨਸ਼ਿਆਂ, ਖ਼ੁਦਕੁਸ਼ੀਆਂ, ਭ੍ਰਿਸ਼ਟ ਰਾਜਨੀਤੀ, ਮਾੜੀ ਆਰਥਿਕ ਦਸ਼ਾ ਵਿੱਚੋਂ ਨਿਕਲਣ ਲਈ ਇੱਕ ਰਾਜਨੀਤਿਕ ਬਦਲ ਲਈ ਇਕੱਠੇ ਹੋਣ ਦੀ ਅਪੀਲ ਕਰਦਾ ਸਮਾਪਤ ਹੋਇਆ। ਇਸ ਮੌਕੇ ਆਪਣੇ ਪਿੰਡ 20 ਸਾਲਾਂ ਬਾਅਦ ਆਈ ਡਾ. ਮਮਤਾ ਪਾਠਕ, ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰੋਫੈਸਰ ਹੈ, ਨੇ ਭਾਵੁਕ ਹੁੰਦੇ ਹੋਏ ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਮੇਲੇ ਦੀਆਂ ਪ੍ਰਬੰਧਕ ਨੌਜਵਾਨ ਕੁੜੀਆਂ ਕਮਲਦੀਪ ਕੌਰ, ਹੁਸਨਪ੍ਰੀਤ ਕੌਰ, ਗਗਨਦੀਪ ਕੌਰ, ਮੋਨਿਕਾ, ਅਮਨਦੀਪ ਕੌਰ, ਧਰਮਪ੍ਰੀਤ ਕੌਰ, ਤੇਜਿੰਦਰ ਕੌਰ, ਲਵਪ੍ਰੀਤ ਕੌਰ, ਮਨਪ੍ਰੀਤ ਕੌਰ ਤੇ ਦਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬੀ ਦੇ ਮਸ਼ਹੂਰ ਕਵੀ ਪ੍ਰੋਫੈਸਰ ਮੋਹਨ ਸਿੰਘ ਵੱਲੋਂ ਕਹੇ ਇਹ ਸ਼ਬਦ ”ਪੰਜਾਬ ਵੱਸਦਾ ਗੁਰਾਂ ਦੇ ਨਾਮ ਉੱਤੇ” ਅੱਜ ਕਿਸੇ ਵੀ ਸਮੇਂ ਨਾਲੋਂ ਵੱਧ ਧਿਆਨ ਦੀ ਮੰਗ ਕਰਦੇ ਹਨ।
‘ਮੇਲਾ ਧੀਆਂ ਦਾ’ ਤਹਿਤ ਕੁੜੀਆਂ ਨੇ ਗਿੱਧਾ, ਗੀਤ, ਸਕਿੱਟਾਂ, ਕਵਿਤਾਵਾਂ ਰਾਹੀਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਉਭਾਰਿਆ। ‘ਆਵਾਜ਼ ਏ ਜੱਗ ਜਨਣੀ’ ਦੀ ਆਗੂ ਚਰਨਜੀਤ ਕੌਰ ਲੁਬਾਣਾ ਨੇ ਕਿਹਾ ਕਿ ਪੰਜਾਬ ਦੀ ਸਿਆਸੀ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਦਸ਼ਾ ਅਤੇ ਦਿਸ਼ਾ ਗੰਭੀਰ ਸੰਕਟ ਦਾ ਸ਼ਿਕਾਰ ਹੈ। ਮੰਚ ਸੰਚਾਲਨ ਸਰਬਜੀਤ ਕੌਰ ਨੇ ਕੀਤਾ। ਨਿੱਕੀਆਂ ਬੱਚੀਆਂ ਨੇ ਵੀ ਕੋਰੀਓਗ੍ਰਾਫ਼ੀ ਰਾਹੀਂ ਸਭ ਦਾ ਮਨ ਮੋਹਿਆ।
ਔਰਤਾਂ ਦੇ ਹੱਕਾਂ ਦੀ ਰਾਖੀ ਲਈ ਡਟੀ ਸੀਚੇਵਾਲ
ਦੀ ਸਰਪੰਚ ਰਜਵੰਤ ਕੌਰ
ਜਲੰਧਰ : ਪਿੰਡ ਸੀਚੇਵਾਲ ਦੀ ਸਰਪੰਚ ਰਜਵੰਤ ਕੌਰ ਨੇ ਔਰਤਾਂ ਦੇ ਹੱਕਾਂ ਦੀ ਰਾਖੀ ਨੂੰ ਇੱਕ ਚੁਣੌਤੀ ਵਜੋਂ ਲਿਆ ਹੈ। ਉਹ ਜਿਸ ਪਿੰਡ ਦੀ ਵਾਗਡੋਰ ਸੰਭਾਲ ਰਹੀ ਹੈ, ਉਸ ਪਿੰਡ ਦਾ ਨਾਂ ਪਹਿਲਾਂ ਹੀ ਦੁਨੀਆ ਦੇ ਨਕਸ਼ੇ ਵਿੱਚ ਕਾਇਮ ਹੋ ਚੁੱਕਾ ਸੀ। ਪਿੰਡ ਦੇ 10 ਸਾਲ ਸਰਪੰਚ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਬਾਅਦ ਸਰਪੰਚ ਬਣੀ ਰਜਵੰਤ ਕੌਰ ਦਾ ਕਹਿਣਾ ਸੀ ਕਿ 10 ਸਾਲਾਂ ਵਿੱਚ ਕੀਤੇ ਕੰਮਾਂ ਨੂੰ ਕਾਇਮ ਰੱਖਣਾ ਹੀ ਵੱਡੀ ਗੱਲ ਸੀ। ਉਨ੍ਹਾਂ ਦੇ ਸਰਪੰਚ ਬਣਨ ਨਾਲ ઠਸਮਾਜਿਕ ਕੰਮਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਵਧੀ ਹੈ। ਲੜਕੀਆਂ ਦਾ ਯੂਥ ਕਲੱਬ ਬਣਾਇਆ ਹੈ। ਉਹ ਐਮ.ਏ, ਬੀ.ਐੱਡ ਕਰਕੇ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਵਿੱਚ ਪੜ੍ਹਾ ਵੀ ਰਹੀ ਹੈ ਤੇ ਸਰਪੰਚ ਵਜੋਂ ਸੇਵਾਵਾਂ ਵੀ ਨਿਭਾਅ ਰਹੀ ਹੈ।ਰਜਵੰਤ ਕੌਰ ਦੱਸਦੀ ਹੈ ਕਿ ਜਦੋਂ ਉਹ ਸਰਪੰਚ ਬਣੀ ਸੀ, ਉਦੋਂ ਉਸ ਦੀ ਉਮਰ 23 ਸਾਲ ਸੀ। ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਕਰਕੇ ਦੇਣਾ ਉਸ ਦੇ ਹਿੱਸੇ ਆਇਆ ਸੀ। ਹੁਣ ਪਿੰਡ ਵਿੱਚ 24 ਘੰਟੇ ਪਾਣੀ ਦੀ ਸਪਲਾਈ ਹੈ। ਹਰ ਘਰ ਪਾਣੀ ਦੀ ਖ਼ਪਤ ਮਾਪਣ ਵਾਲਾ ਮੀਟਰ ਲੱਗਾ ਹੈ ਤੇ ਹਰ ਘਰ ਤੋਂ ਬਿੱਲ ਵਸੂਲਿਆ ਜਾਂਦਾ ਹੈ। ਇਸੇ ਕਰਕੇ ਪੰਜਾਬ ਸਰਕਾਰ ਨੇ ਪੰਚਾਇਤ ਨੂੰ ਇਨਾਮ ਵਿੱਚ ਜਨਰੇਟਰ ਦਿੱਤਾ ਸੀ। ਮਨਰੇਗਾ ਰਾਹੀਂ ਬਣਾਈ ਨਰਸਰੀ ਹਰ ਸਾਲ ਇਕ ਲੱਖ ਬੂਟੇ ਤਿਆਰ ਕਰਕੇ ਮੁਫ਼ਤ ਵੰਡਦੀ ਹੈ। ਤਿੰਨ ਸਾਲਾਂ ਤੋਂ ਪੰਚਾਇਤ ਮਨਰੇਗਾ ਰਾਹੀਂ ਨਰਸਰੀ ਚਲਾ ਰਹੀ ਹੈ। ਇਸੇ ਤਰ੍ਹਾਂ ਮਨਜੀਤ ਕੌਰ ਨੇ ਪੁੱਤ ਦੀ ਪੜ੍ਹਾਈ ਅਤੇ ਘਰ ਦਾ ਖ਼ਰਚਾ ਚੁੱਕਣ ਲਈ ਐਂਬੂਲੈਂਸ ਚਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਸਿਵਲ ਹਸਪਤਾਲ ਲਈ ਮਰੀਜ਼ਾਂ ਨੂੰ ਲੈ ਕੇ ਆਉਣਾ ਹੀ ਕਈ ਵਾਰ ਉਸ ਲਈ ਮੁਸੀਬਤ ਬਣਦਾ ਰਿਹਾ ਜਦੋਂ ਉਸ ‘ਤੇ ਜਾਨਲੇਵਾ ਹਮਲਾ ਹੁੰਦਾ ਸੀ। ਅਜਿਹੇ ਹਾਲਾਤ ਵਿੱਚ ਵੀ ਮਨਜੀਤ ਕੌਰ ਨੇ ਹਿੰਮਤ ਨਹੀਂ ਹਾਰੀ। ਪਿਛਲੇ 7-8 ਸਾਲਾਂ ਤੋਂ ਉਹ ਐਂਬੂਲੈਂਸ ਚਲਾਉਣ ਵਾਲੀ ਪਹਿਲੀ ਮਹਿਲਾ ਡਰਾਈਵਰ ਹੈ। ਆਪਣੇ ਪੁੱਤ ਦੀ ਚੰਗੀ ਪੜ੍ਹਾਈ ਖ਼ਾਤਰ ਉਸ ਨੇ ਸ਼ਹਿਰ ਵਿੱਚ ਹੀ ਇੱਕ ਹੋਰ ਨਿੱਜੀ ਹਸਪਤਾਲ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ। ਇਸੇ ਤਰ੍ਹਾਂ ਬਾਂਗੀਵਾਲ ਪਿੰਡ ਦੀ ਮਹਿਲਾ ਚੌਕੀਦਾਰ ਕੁਲਦੀਪ ਕੌਰ ਰਾਤ ਨੂੰ ਹੱਥ ਵਿੱਚ ਖੂੰਡਾ ਫੜਕੇ ਜਦੋਂ ‘ਜਾਗਦੇ ਰਹੋ’ ਦਾ ਹੋਕਾ ਦਿੰਦੀ ਹੈ ਤਾਂ ਸਾਰਾ ਪਿੰਡ ਚੈਨ ਦੀ ਨੀਂਦ ਸੌਂਦਾ ਹੈ। ਉਮਰ ਦੇ 60 ਬਸੰਤ ਦੇਖ ਚੁੱਕੀ ਕੁਲਦੀਪ ਕੌਰ ਦੀ ਬੜ੍ਹਕ ਅਜੇ ਵੀ ਬਰਕਰਾਰ ਹੈ। ਛੇ ਧੀਆਂ ਦੀ ਮਾਂ ਕੁਲਦੀਪ ਕੌਰ ਦਾ ਪੁੱਤ ਅਜੇ ਛੋਟਾ ਹੈ। ਉਹ ਪਿਛਲੇ 10 ਸਾਲਾਂ ਤੋਂ ઠਪਿੰਡ ਵਿਚ ਚੌਕੀਦਾਰੀ ਕਰ ਰਹੀ ਹੈ। ਸਰਕਾਰ ਵੱਲੋਂ ਕੋਈ ਬੱਝਵੀਂ ਤਨਖ਼ਾਹ ਨਹੀਂ ਮਿਲਦੀ ਤੇ ਮਾੜਾ ਮੋਟਾ ਮਾਣ ਭੱਤਾ ਵੀ ਤਿੰਨ-ਚਾਰ ਮਹੀਨਿਆਂ ਬਾਅਦ ਹੀ ਮਿਲਦਾ ਹੈ। ਗ਼ਰੀਬੀ ਹੰਢਾ ਰਹੀ ਕੁਲਦੀਪ ਕੌਰ ਕਹਿੰਦੀ ਹੈ ਭਾਵੇਂ ਕਾਲੀਆਂ ਰਾਤਾਂ ਡਰਾਉਣੀ ਹੁੰਦੀਆਂ ਹਨ, ਪਰ ਢਿੱਡ ਦੀ ਭੁੱਖ ਅੱਗੇ ਇਹ ਡਰ ਵੀ ਖੰਭ ਲਾ ਕੇ ਉਡ ਜਾਂਦਾ ਹੈ। ਕੁਲਦੀਪ ਕੌਰ ਦਾ ਕਹਿਣਾ ਸੀ ਕਿ ਸਰਕਾਰ ਪਹਿਲਾਂ ਤਾਂ ਚੌਕੀਦਾਰਾਂ ਨੂੰ ਕੋਈ ਸਹੂਲਤਾਂ ਨਹੀਂ ਦਿੰਦੀ। ਉਸ ਨੇ ਕਿਹਾ ਕਿ ਇੱਕ ਔਰਤ ਲਈ ਚੌਕੀਦਾਰੀ ਕਰਨੀ ਵੱਡੀ ਚੁਣੌਤੀ ਹੈ।
ਪਰਵਾਸੀ ਪੰਜਾਬੀਆਂ ਨੇ ਤਿੰਨ ਲਾਵਾਰਿਸ ਧੀਆਂ ਨੂੰ ਲਿਆ ਗੋਦ
ਵਿਦੇਸ਼ਾਂ ਦੇ ਸਕੂਲਾਂ ‘ਚ ਛੇਤੀ ਹੀ ਕਰਨਗੀਆਂ ਪੜ੍ਹਾਈ
ਫ਼ਰੀਦਕੋਟ/ਬਿਊਰੋ ਨਿਊਜ਼ : ਜ਼ਿਲ੍ਹਾ ਫ਼ਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕੂੜੇ ਦੇ ਢੇਰਾਂ ਵਿਚੋਂ ਮਿਲੀਆਂ ਤਿੰਨ ਲਾਵਾਰਿਸ ਬੱਚੀਆਂ ਵਿਦੇਸ਼ੀ ਨਾਗਰਿਕ ਬਣ ਗਈਆਂ ਹਨ। ਇਨ੍ਹਾਂ ਬੱਚੀਆਂ ਦੀ ਸੰਭਾਲ ਬੇਸਹਾਰਾ ਤੇ ਅਨਾਥ ਬੱਚਿਆਂ ਲਈ ਫ਼ਰੀਦਕੋਟ-ਵੀਰੇਵਾਲਾ ਰੋਡ ‘ਤੇ ਬਣੇ ਸ੍ਰੀ ਰਾਧਾ ਕ੍ਰਿਸ਼ਨ ਧਾਮ ਵਿੱਚ ਹੋ ਰਹੀ ਹੈ
ਇਨ੍ਹਾਂ ਬੱਚੀਆਂ ਨੂੰ ਪਰਵਾਸੀ ਪੰਜਾਬੀਆਂ ਨੇ ਭਾਰਤ ਸਰਕਾਰ ਦੀ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਰਾਹੀਂ ਗੋਦ ਲਿਆ ਹੈ ਅਤੇ ਜਲਦੀ ਹੀ ਇਹ ਬੱਚੀਆਂ ਵਿਦੇਸ਼ਾਂ ਦੇ ਨਾਮੀ ਸਕੂਲਾਂ ਵਿੱਚ ਪੜ੍ਹਾਈ ਲਈ ਦਾਖ਼ਲਾ ਲੈਣਗੀਆਂ।
ਜਾਣਕਾਰੀ ਮੁਤਾਬਕ ਪਿਛਲੇ ਸਮੇਂ ਦੌਰਾਨ ਰਾਧਾ ਕ੍ਰਿਸ਼ਨ ਧਾਮ ਵਿੱਚ ઠਕੁੱਲ 67 ਲਾਵਾਰਿਸ ਤੇ ਅਨਾਥ ਬੱਚੇ ਸੰਭਾਲ ਲਈ ਆਏ ਸਨ, ਜਿਨ੍ਹਾਂ ਵਿੱਚੋਂ 56 ਲੜਕੀਆਂ ਹਨ। ਇਨ੍ਹਾਂ ਵਿੱਚੋਂ 42 ਲੜਕੀਆਂ ਨੂੰ ਲੋੜਵੰਦ ਪਰਿਵਾਰਾਂ ਨੇ ਗੋਦ ਲੈ ਲਿਆ ਹੈ। ਅਮਰੀਕਾ ਦੇ ਦੋ ਪਰਵਾਸੀ ਪੰਜਾਬੀਆਂ ਨੇ ਰਾਧਾ ਕ੍ਰਿਸ਼ਨ ਧਾਮ ਵਿੱਚੋਂ ਦੋ ਲੜਕੀਆਂ ਤੇ ਇਟਲੀ ਰਹਿੰਦੇ ਇੱਕ ਪਰਵਾਸੀ ਪੰਜਾਬੀ ਨੇ ਔਲਾਦ ਨਾ ਹੋਣ ਕਾਰਨ ਇੱਕ ਲਾਵਾਰਿਸ ਬੱਚੀ ਨੂੰ ਗੋਦ ਲਿਆ ਹੈ। ਭਾਰਤ ਸਰਕਾਰ ਨੇ ਇਨ੍ਹਾਂ ਬੱਚੀਆਂ ਨੂੰ ਪਾਸਪੋਰਟ ਜਾਰੀ ਕਰ ਦਿੱਤੇ ਹਨ। ਰਾਧਾ ਕ੍ਰਿਸ਼ਨ ਧਾਮ ਵਿੱਚ ਹੁਣ 12 ਲਾਵਾਰਿਸ ਬੱਚੇ ਹਨ, ਜਿਨ੍ਹਾਂ ਵਿੱਚ ਅੱਠ ਲੜਕੀਆਂ ਸ਼ਾਮਲ ਹਨ। ઠਬੱਚਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਚੁੱਕ ਰਹੇ ਸੰਦੀਪ ਗਰਗ ਨੇ ਕਿਹਾ ਕਿ ਰਾਧਾ ਕ੍ਰਿਸ਼ਨ ਧਾਮ ਵਿੱਚ ਹੁਣ ਤੱਕ ਕੁੱਲ 67 ਬੱਚੇ ਆਏ ਸਨ, ਜਿਨ੍ਹਾਂ ਵਿੱਚੋਂ ਛੇ ਮਾਪਿਆਂ ਨਾਲ ਮਿਲਾ ਦਿੱਤੇ ਗਏ ਹਨ। ਇਹ ਬੱਚੇ ਰੇਲਗੱਡੀਆਂ ਵਿੱਚ ਗੁੰਮ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਧਾਮ ਨੂੰ 56 ਨਵਜੰਮੀਆਂ ਲੜਕੀਆਂ ਬੇਸਹਾਰਾ ਤੇ ਲਾਵਾਰਿਸ ਮਿਲੀਆਂ ਹਨ, ਜਿਨ੍ਹਾਂ ਨੂੰ ਜਨਮ ਦੇਣ ਵਾਲੇ ਮਾਪੇ ਭਾਵੇਂ ਨਹੀਂ ਸਾਂਭ ਸਕੇ ਪਰ ਸਮਾਜ ਇਨ੍ਹਾਂ ਬੱਚਿਆਂ ਨੂੰ ਅਪਣਾਉਣ ਲਈ ਖੁੱਲ੍ਹਦਿਲੀ ਨਾਲ ਸਾਹਮਣੇ ਆਇਆ ਹੈ।
ਭਾਰਤ ਸਰਕਾਰ ਨੇ ਲਾਵਾਰਿਸ ਤੇ ਬੇਸਹਾਰਾ ਬੱਚਿਆਂ ਨੂੰ ਗੋਦ ਲੈਣ ਸਬੰਧੀ ਕੌਮੀ ਪੱਧਰ ‘ਤੇ ਇੱਕ ਵੈੱਬਸਾਈਟ ਬਣਾਈ ਹੈ ਅਤੇ ਪਰਵਾਸੀਆਂ ਨੇ ਇਸੇ ਵੈੱਬਸਾਈਟ ਰਾਹੀਂ ਲਾਵਾਰਿਸ ਬੱਚੀਆਂ ਨੂੰ ਗੋਦ ਲਿਆ ਹੈ। ઠਭਾਰਤ ਸਰਕਾਰ ਨੇ ਪੰਜਾਬ ਵਿੱਚ ਨੌਂ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਹੈ, ਜੋ ਲਾਵਾਰਿਸ ਤੇ ਬੇਸਹਾਰਾ ਬੱਚਿਆਂ ਦੀ ਸੰਭਾਲ ਕਰ ਰਹੀਆਂ ਹਨ।
ਲਾਵਾਰਿਸ ਬੱਚਿਆਂ ਦੀ ਜ਼ਿੰਦਗੀ ਸੰਵਾਰਨ ਲਈ ਧਾਮ ਦੇ ਉਪਰਾਲੇ ਸ਼ਲਾਘਾਯੋਗ: ਡੀਸੀ
ਡੀਸੀ ਰਾਜੀਵ ਪਰਾਸ਼ਰ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਨੇ ਜੂਨ 2010 ਵਿੱਚ ਰਾਧਾ ਕ੍ਰਿਸ਼ਨ ਧਾਮ ਨੂੰ ਮਾਨਤਾ ਦਿੱਤੀ ਸੀ, ਜਿਸਨੇ ਬੇਸਹਾਰਾ ਤੇ ਲਾਵਾਰਿਸ ਬੱਚਿਆਂ ਨੂੰ ਸਨਮਾਨਯੋਗ ਜ਼ਿੰਦਗੀ ਦੇਣ ਲਈ ਵੱਡੇ ਉਪਰਾਲੇ ਕੀਤੇ ਹਨ।

Check Also

ਲੋਕ ਸਭਾ ਚੋਣਾਂ-2019

ਲੋਕ ਸਭਾ ਹਲਕਾ ਅੰਮ੍ਰਿਤਸਰ ਦੀਆਂ ਪਹਿਲਾਂ ਵਾਂਗ ਹੀ ਖੜ੍ਹੀਆਂ ਹਨ ਬੁਨਿਆਦੀ ਸਮੱਸਿਆਵਾਂ, ਲੋਕਾਂ ਨੂੰ ਵਿਕਾਸ …