Breaking News
Home / ਰੈਗੂਲਰ ਕਾਲਮ / ਰੰਗ-ਬਰੰਗਾ ਲੰਡਨ

ਰੰਗ-ਬਰੰਗਾ ਲੰਡਨ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਵਲੈਤ ਵਿੱਚ ਸਵੇਰੇ ਉਠਕੇ ਬੁੱਢਾ ਜੇ ਆਪਣੀ ਬੁੱਢੀ ਦਾ ਹਾਲ ਨਾ ਪੁੱਛੇ…ਉਹ ਖਿਝਦੀ ਹੈ ਤੇ ਸਾਰਾ ਦਿਨ ਔਖੀ ਦਾ ਲੰਘਦਾ ਹੈ। ਮੈਨੂੰ ਇਹ ਵਰਤਾਰਾ ਚੰਗਾ ਲੱਗਿਆ। ਮੈਂ ਇੱਕ ਬੁੱਢੇ ਜੋੜੇ ਕੋਲ ਕਈ ਦਿਨ ਰਿਹਾ। ਅਲੋਕਾਰ ਜੀਵਨ ਸੀ ਬਜ਼ੁਰਗ ਜੋੜੇ ਦਾ। ਪਲ ਵਿੱਚ ਰੋਸਾ ਤੇ ਪਲ ਵਿੱਚ ਹਾਸਾ। ਬੁੱਢਾ ਬਾਪੂ ਦੱਸਣ ਲੱਗਿਆ ਕਿ ਜੇਕਰ ਤੜਕੇ ਉਠਕੇ ਤੇਰੀ ਬੇਬੇ ਦੇ ਬੈੱਡ ‘ਤੇ ਨਾ ਜਾਵਾਂ…ਨਾ ਪੁੱਛਾਂ ਕਿ ਕਿਵੇਂ ਐਂ…ਤੇਰਾ ਸਰੀਰ… ਠੀਕ ਐ ਡਾਰਲਿੰਗ…? ਤਾਂ ਉਹ ਸਾਰਾ ਦਿਨ ਨਾਖੂਸ਼ ਰਹਿੰਦੀ ਐ…ਸਾਰਾ ਦਿਨ ਕੁੜ-ਕੁੜ ਕਰਦੀ ਦਾ ਲੰਘਦਾ ਐ।
ਬਹੁਤ ਸਾਰੇ ਬੁੱਢੇ-ਬੁੱਢੀਆਂ ਨੂੰ ਗੁਰੂ ਘਰਾਂ ਨੇ ਸੰਭਾਲਿਆ ਹੋਇਆ ਹੈ। ਉਨ੍ਹਾਂ ਕੋਲ ਬੱਸਾਂ ਦੇ ਪਾਸ ਮੁਫ਼ਤ ਹਨ। ਘਰ ਅੱਗੋਂ ਬੱਸ ਫੜੋ ਤੇ ਗੁਰੂ ਘਰ ਆਣ ਉਤਰ੍ਹੋ… ਸੇਵਾ ਕਰੋ… ਗੱਲਾਂ ਮਾਰੋ…ਮਨ-ਮਰਜ਼ੀ ਦਾ ਛਕੋ-ਛਕਾਓ.. ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹੋ ਤੇ ਜਦੋਂ ਦਿਲ ਕਰੇ ਬੱਸ ਚੜ੍ਹੋ ਤੇ ਘਰ ਅੱਗੇ ਆ ਉਤਰ੍ਹੋਂ। ਗੁਰੂ ਘਰ ਜਾਣ ਦੀ ਬਿਜਾਏ ਬਹੁਤ ਸਾਰੇ ਬੁੱਢੇ-ਬੱਢੀਆਂ ਡੇ-ਸੈਂਟਰ ਵੀ ਚਲੇ ਜਾਂਦੇ ਹਨ। ਇੱਥੇ ਡੇ-ਸੈਂਟਰਾਂ ਵਿੱਚ ਵੀ ਚੋਖੀ ਰੌਣਕ ਹੁੰਦੀ ਹੈ। ਡੇ-ਸੈਂਟਰਾਂ ਨੂੰ ਕਮਿਊਨਿਟੀ ਸੈਂਟਰ ਵੀ ਕਹਿੰਦੇ ਹਨ। ਮੈਂ ਬਹੁਤ ਸਾਰੇ ਕਮਿਊਨਿਟੀ ਸੈਂਟਰਾਂ ਵਿੱਚ ਗਿਆ ਤੇ ਬਜ਼ੁਰਗਾਂ ਦੀਆਂ ਰੌਣਕਾਂ ਦੇਖੀਆਂ। ਗੱਲਾਂ ਸੁਣੀਆਂ। ਬਜ਼ੁਰਗ ਆਪਸ ਵਿੱਚ ਖਹਿਬੜਦੇ ਦੇਖੇ। ਈਰਖਾ ਤੇ ਚੁਗਲੀਆਂ ਕਰਦੇ ਤੱਕੇ। ਪਿਆਰ ਤੇ ਹਮਦਰਦੀ ਜਿਤਾਉਂਦੇ ਨਜ਼ਰ ਆਏ। ਕੁਝ ਬਹੁਤ ਖ਼ਾਮੋਸ਼ ਦੇਖੇ ਆਪਣੇ ਆਪ ਵਿੱਚ ਮਸਤ…! ਹਫ਼ਤੇ ਦੇ ਅੰਤ ‘ਤੇ ਪੰਜ-ਪੰਜ ਪੌਂਡ ਪਾ ਕੇ ਰੋਸਟ ਚਿਕਨ, ਭੁਜੀਆ ਮੰਗਾਉਂਦੇ ਤੇ ਫੇਮਸ ਗਰਾਊਸ (ਤਿੱਤਰ ਮਾਰਕਾ) ਵਿਸਕੀ ਦੇ ਪੈੱਗ ਟਕਰਾਉਂਦੇ ਤੇ ਪੰਜਾਬ ਨੂੰ ਝੂਰਦੇ ਤੇ ਆਪਣੇ ਨਿਆਣਿਆਂ ਨੂੰ ਕੋਸਦੇ ਦੇਖੇ।
ੲੲੲ
ਇਸ ਵੇਲੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਧੰਨ ਹਨ ਸਾਡੇ ਪੰਜਾਬੀ, ਜੋ ਕਰੜਾ ਸੰਘਰਸ਼ ਕਰਦਿਆਂ ਵੱਡੇ ਜਿਗਰੇ ਤੇ ਹਿੰਮਤ ਦੇ ਮਾਲਕ ਹਨ। ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ ਬੱਚਿਆਂ ਦੀ। ਬੱਚਿਆਂ ਦੇ ਵਿਆਹ ਬੁਰੀ ਤਰ੍ਹਾਂ ਟੁੁੱਟ ਰਹੇ ਹਨ। ਦੱਸਿਆ ਗਿਆ ਕਿ ਕੁੜੀਆਂ ਵਿਆਹ ਨਹੀਂ ਕਰਵਾ ਰਹੀਆਂ। ਉਹ ਮਨੁੱਖੀ ਜੀਵਨ ਜਿਊਣਾ ਚਾਹੁੰਦੀਆਂ ਨੇ ਨਾ ਕਿ ਪਸੂਆਂ ਵਾਲਾ ਜੀਵਨ! ਉਹ ਇਹ ਨਹੀਂ ਚਾਹੁੰਦੀਆਂ ਕਿ ਅੱਜ ਵਿਆਹ ਕਰਵਾਓ ਤੇ ਕੱਲ੍ਹ ਨੂੰ ਉਹਨਾਂ ਨੂੰ ਘਰੋਂ ਕੱਢ ਦਿਓ। ਮੇਰੇ ਅੰਕਲ ਦੀ ਇੱਕ ਬੇਟੀ, ਜਿਸਦੀ ਉਮਰ 39 ਸਾਲ ਹੋ ਚੁੱਕੀ ਹੈ, ਅੰਕਲ ਨੇ ਮੈਨੂੰ ਪੁੱਛਿਆ ਕਿ ਤੂੰ ਇਸਨੂੰ ਵਲੈਤ ਦੇ ਜਨ-ਜੀਵਨ ਬਾਰੇ ਪੁੱਛ ਤੇ ਇਹ ਵੀ ਪੁੱਛ ਕਿ ਉਹ ਵਿਆਹ ਕਿਉ ਂਨਹੀਂ ਕਰਵਾ ਰਹੀ? ਮੈਂ ਪੁੱਛਿਆ ਤਾਂ ਉਹ ਆਖਣ ਲੱਗੀ, ”ਕੀ ਪਿਆ ਆ ਵਿਆਹ ਵਿੱਚ ? ਔਰਤ ਹਰ ਥਾਂ ਸੰਘਰਸ਼ਸ਼ੀਲ ਜੀਵਨ ਜਿਊਂਦੀ ਆ…ਚਾਹੇ ਵਲੈਤ ਆ…ਚਾਹੇ ਦੁਨੀਆਂ ਦਾ ਕੋਈ ਹੋਰ ਕੋਨਾ, ਔਰਤ ਪਹਿਲਾਂ ਪੜ੍ਹਦੀ ਆ…ਫਿਰ ਕੰਮ ਕਰਦੀ ਆ…ਵਿਆਹ ਦੇ ਬੰਧਨ ਵਿੱਚ ਬਝਦੀ ਆ…ਬੱਚੇ ਪੈਦਾ ਕਰਦੀ ਆ…ਕੰਮ ਦੇ ਨਾਲ ਸਾਰੇ ਘਰ ਦੀ ਦੇਖ ਭਾਲ…ਬੱਚਿਆਂ ਤੇ ਪਰਿਵਾਰ ਦੀ ਸਾਂਭ-ਸੰਭਾਲ ਤੇ ਹੋਰ ਵੀ ਸਾਰਾ ਬੋਝ ਹੀ ਬੋਝ ਆ ਤੇ ਜੇਕਰ ਬੱਚਾ ਮਾੜਾ ਨਿਕਲ ਗਿਆ ਤਾਂ ਸਾਰਾ ਦੋਸ਼ ਔਰਤ ਉੱਤੇ ਆਵੇਗਾ…ਬੰਦਾ ਆਪਣੇ ‘ਤੇ ਦੋਸ਼ ਲੈਂਦਾ ਹੀ ਨਹੀਂ ਕਿ ਬੱਚਾ ਵਿਗਾੜਨ ਵਿੱਚ ਉਸਦਾ ਵੀ ਕੁਝ ਯੋਗਦਾਨ ਆਂ…।” ਉਸ ਕੁੜੀ ਨੇ ਆਖਿਆ ਕਿ ਇੰਡੀਆ ਵਿੱਚ ਤਾਂ ਖੇਡ ਬਣੀ ਹੋਈ ਆ ਕਿ ਵਲੈਤ ਜਾਓ, ਚਾਹੇ ਜਹਾਜ਼ ਦੇ ਪਰਾਂ ਹੇਠ ਲੁਕਜੋ ਤੇ ਚਾਹੇ ਕਿਸੇ ਕੁੜੀ ਦੇ ਲੜ ਲਗਜੋ…ਕਿੰਨੇ ਮੁੰਡਿਆਂ ਨੇ ਹੁਣ ਤੀਕ ਕਿੰਨੀਆਂ ਕੁੜੀਆਂ ਏਥੇ ਛਡੀਆਂ ਨੇ…?”
ਕੁੜੀ ਦੀ ਇਹ ਗੱਲ ਸੁਣ ਕੇ ਮੈਂ ਕਿਹਾ ਕਿ ਕੁੜੀਆਂ ਨੇ ਵੀ ਤਾਂ ਮੁੰਡੇ ਬਹੁਤ ਰੋਲੇ ਹਨ? ਤਾਂ ਉਹ ਇੱਕ ਪਲ ਲਈ ਚੁੱਪ ਹੋਈ ਤੇ ਫਿਰ ਆਖਣ ਲੱਗੀ, ”ਤੂੰ ਮੁੰਡਾ ਹੋਕੇ ਮੁੰਡਿਆਂ ਦੇ ਹੱਕ ਦੀ ਗੱਲ ਕਰੇਂਗਾ…ਏਹ ਤਾਂ ਮੈਨੂੰ ਪਤਾ ਈ ਸੀ…ਪਰ ਹਾਂ, ਮੈਂ ਮੰਨਦੀ ਆਂ ਇਹ ਗੱਲ…ਪਰ ਕਸੂਰ ਕਿਸਦਾ ਆ? ਸਾਰਾ ਕਸੂਰ ਸਾਡੇ ਮਾਪਿਆਂ ਦਾ ਆ…ਸਾਡੇ ਮਾਪੇ ਚਾਹੇ ਏਧਰ ਨੇ ਤੇ ਚਾਹੇ ਓਧਰ ਆ…ਲਾਲਚੀ ਆ…ਬੱਚਿਆਂ ਦਾ ਮੁੱਲ ਵਟਦੇ ਆ…ਇੱਕ ਜੀਅ ਦੇ ਆਸਰੇ ਸਾਰਾ ਟੱਬਰ ਵਲੈਤ ਵਿੱਚ ਲਿਆਉਣਾ ਚਾਹੁੰਦੇ ਆ…ਤਾਹੀਂ ਤੇ ਠੱਗੇ ਗਏ ਆ ਲੋਕ…ਪੰਜਾਬ ਦੇ ਅਣਖੀ ਲੋਕ ਚਾਹੇ ਏਧਰ ਆ ਤੇ ਚਾਹੇ ਓਧਰ ਆ…ਸੱਚੀ ਗੱਲ ਤਾ ਏਹ ਆ ਕਿ ਆਪਣੇ ਬੱਚਿਆਂ ਦੇ ਮੁੱਲ ਵੱਟਣ ਲੱਗੇ ਹੋਏ ਆ ਬਦੇਸ਼ ਆਉਣ ਲਈ।” ਕੁੜੀ ਨੇ ਬੜੀ ਬੇਬਾਕੀ ਨਾਲ ਕਿਹਾ, ”ਵੀਰ ਜੀ ਮੈਂ ਵਿਆਹ ਨਹੀਂ ਕਰਵਾਉਣਾ…ਮੈਂ ਇਕੱਲੀ ਵੀ ਨਹੀਂ ਰਹਿਣਾ…ਏਸ ਤੋਂ ਚੰਗਾ ਆ ਮੈਂ ਇੱਕ ਬਿੱਲੀ ਰੱਖ ਲਵਾਂਗੀ… ਬਿੱਲੀ ਮੇਰੀ ਫਰੈਂਡ ਹੋਵੇਗੀ…ਮੇਰੀ ਸਾਥਣ ਹੋਵੇਗੀ…ਮੇਰਾ ਭਰਾ ਹੋਵੇਗੀ…ਮੇਰੀ ਭੈਣ ਹੋਵੇਗੀ…ਮੇਰਾ ਧਿਆਨ ਰੱਖੇਗੀ ਬਿੱਲੀ ਤੇ ਮੈਨੂੰ ਇਕੱਲਤਾ ਮਹਿਸੂਸ ਨਹੀਂ ਹੋਵੇਗੀ…ਵੀਰ ਜੀ ਹਰ ਮਨੁੱਖ ਸੈਲਫਿਸ਼ (ਮਤਲਬ ਪ੍ਰਸਤ) ਆ…ਪਰ ਬਿੱਲੀ ਤੇ ਕੁੱਤਾ ਮਨੁੱਖ ਤੋਂ ਵੱਧ ਵਫ਼ਾਦਾਰ ਹੁੰਦੇ ਆ..ਉਹ ਸੈਲਫ਼ਿਸ਼ ਨਹੀਂ ਹੁੰਦੇ…ਸਾਡੇ ਸਮਾਜ ਵਿੱਚ ਜਿੰਨੇ ਵੀ ਵਿਗਾੜ ਆਏ ਆ …ਏਹ ਸਾਰੇ ਮਨੁੱਖ ਦੇ ਬਹੁਤ ਵੱਡਾ ਸੈਲਫ਼ਿਸ਼ ਹੋ ਜਾਣ ਕਾਰਨ ਹੀ ਆਏ ਆ…ਪਹਿਲੀ ਗੱਲ…ਚਾਹੇ ਕੁੜੀ ਆ ਤੇ ਚਾਹੇ ਮੁੰਡਾ ਆ…ਏਧਰ ਦੇ ਜੰਮਪਲ ਨੂੰ ਜਦੋਂ ਅਸੀਂ ਓਧਰਲੇ ਜੰਮਪਲ ਨਾਲ ਵਿਆਹੁੰਦੇ ਆਂ ਤਾਂ ਬੜੀ ਵੱਡੀ ਮੂਰਖਤਾ ਹੁੰਦੀ ਆ…ਬਹੁਤ ਭਾਗਾਂ ਵਾਲੇ ਵਿਰਲੇ ਟਾਂਵੇ ਅਜਿਹੇ ਲੋਕਾਂ ਦੇ ਘਰ ਵੱਸ ਰਹੇ ਆ…ਨਹੀਂ ਓਧਰੋਂ ਆਇਆ ਚਾਹੇ ਮੁੰਡਾ ਆ…ਚਾਹੇ ਕੁੜੀ ਆ…ਆਪਸ ਵਿੱਚ ਮਿਕਸ ਹੀ ਨਹੀਂ ਹੋ ਪਾਉਂਦੇ ਕਿੰਂਨੇ-ਕਿੰਂਨੇ ਸਾਲ…ਓਧਰੋਂ ਆਇਆ ਨੂੰ ਝੂਠ ਬੋਲਣ ਦੀ ਆਦਤ ਪੱਕੀ ਹੁੰਦੀ ਆ ਤੇ ਏਧਰਲੇ ਗੋਰਿਆਂ ਵਿੱਚ ਜੰਮੇ-ਪਲੇ ਹੋਣ ਕਾਰਨ ਝੂਠ ਨਹੀਂ ਬੋਲਦੇ…ਸੱਚੀ ਗੱਲ ਕਹਿੰਦੇ ਆ…ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਤਿੜਕ ਜਾਂਦੀ ਆ…ਓਧਰੋ ਆਇਆ ਮੁੰਡਾ ਕਹਿੰਦਾ ਮੈਂ ਤਾਂ ਪਰੌਂਠਾ ਖਾਣਾ ਆਂ..ਕੁੜੀ ਨੁੰ ਨਹੀਂ ਪਸੰਦ ਪਰੌਂਠਾ ਤੇ ਇਵੇਂ ਹੀ ਹੋਰ ਨਿਕੇ-ਨਿੱਕੇ ਕਾਰਨ ਬਣ ਜਾਂਦੇ ਆ ਤੇ ਜਲਦੀ ਹੀ ਫਿਰ ਅਲੱਗ-ਅੱਲਗ…ਹੁਣ ਤਾਂ ਵਿਸ਼ਵਾਸ ਨਾਂ ਦੀ ਚੀਜ਼ ਰਹਿ ਈ ਨਹੀਂ ਗਈ…ਹੁਣ ਤਾਂ ਨਾ ਏਧਰਲੀਆਂ ਜੰਮਪਲ ਕੁੜੀਆਂ ਤੇ ਨਾ ਏਧਰਲੇ ਜੰਮਪਲ ਮੁੰਡੇ…ਚਾਹੁੰਦੇ ਈ ਨਹੀਂ ਇੰਡੀਆ ਵਾਲਿਆਂ ਨਾਲ ਵਿਆਹ ਕਰਵਾਉਣਾ…ਇਸਤੋਂ ਚੰਗਾ ਉਹ ਵਿਆਹ ਹੀ ਨਾ ਕਰਵਾਉਣ…ਮੈਂ ਇਹ ਵੀ ਨਹੀਂ ਕਹਿੰਦੀ ਕਿ ਏਧਰਲੇ ਸਾਰੇ ਮੁੰਡੇ ਕੁੜੀਆਂ ਦੁੱਧ ਧੋਤੇ ਆ…।”
ਉਸ ਕੁੜੀ ਨੇ ਇਹ ਵੀ ਆਖਿਆ,”ਏਥੇ ਨੂੰਹਾਂ ਨਹੀਂ ਚਾਹੁੰਦੀਆਂ ਕਿ ਪੁੱਤਰ ਆਪਣੇ ਮਾਂ-ਪਿਓ ਨਾਲ ਰਹਿਣ…ਵਿਆਹ ਦੇ ਝਟ ਮਗਰੋਂ ਹੀ ਜੁਦਾ-ਜੁਦਾ ਹੋਣਾ ਏਥੇ ਦੀ ਲਾਈਫ਼ ਆਂ…ਕਈ ਮੁੰਡੇ ਆਪਣੇ ਮਾਂ-ਪਿਓ ਤੇ ਨਿੱਕੇ-ਭੈਣਾਂ ਭਰਾਵਾਂ ਨਾਲ ਏਨੀ ਭਾਵੁਕਤਾ ਦੀ ਹੱਦ ਤੀਕ ਜੁੜੇ ਹੁੰਦੇ ਆ ਕਿ ਉਹ ਮਾਂ-ਪਿਓ ਨਾਲੋਂ ਜੁਦਾ ਨਹੀਂ ਹੋਣਾ ਚਾਹੁੰਦੇ ਹੁੰਦੇ…ਸਗੋਂ ਏਥੇ (ਵਲੈਤ ਵਿੱਚ) ਮਾਂ ਆਖ ਦਿੰਦੀ ਆ ਕਿ ਕੋਈ ਨਾ ਬੇਟਾ…ਇਸ ਗੱਲ ਵਿੱਚ ਕੀ ਫ਼ਰਕ ਆ…ਆਪਣੇ ਘਰ ਤਾਂ ਜਾਣਾ ਈ ਹੁੰਦਾ ਆ…ਮੁੰਡੇ ਰੋਂਦੇ ਨੇ ਆਪਣੇ ਮਾਪਿਆਂ ਤੋਂ ਵਿਛੜਦਿਆਂ…ਆਖਰ ਆਪਣਾ ਨਵਾਂ ਸੰਸਾਰ ਤੇ ਨਵਾਂ ਘਰ ਵਸਾਉਣ ਲਈ ਪਤਨੀ ਦੇ ਪਿੱਛੇ ਜਾਣਾ ਈ ਪੈਂਦਾ ਆ ਸਭ ਨੂੰ।”
ਵਲੈਤ ਦੀ ਜੰਮਪਲ ਇਸ ਕੁੜੀ ਦੇ ਲੋਕ-ਜੀਵਨ ਬਾਰੇ ਕਿੰਂਨੇ ਤਿੱਖੇ ਤੇ ਸਪੱਸ਼ਟ ਤੇ ਸੱਚੇ ਵਿਚਾਰ ਸਨ। ਇਸ ਬਾਰੇ ਸੋਚਦਾ ਮੈਂ ਮਨ ਹੀ ਮਨ ਗੱਲਾਂ ਕਰਦਾ ਰਿਹਾ।
ੲੲੲ
ਦੇਖਿਆ ਕਿ ਵਲੈਤ ਦੇ ਹਰ ਘਰ ਵਿੱਚ ਟੇਬਲ ‘ਤੇ ਫਰੂਟ ਪਏ ਹੋਏ ਹਨ, ਕੋਈ ਖਾਵੇ ਜਾਂ ਨਾ ਖਾਵੇ। ਜਦ ਪਏ-ਪਏ ਫਰੂਟ ਗਲ-ਸੜ ਜਾਂਦੇ ਨੇ ਤਾਂ ਹਫ਼ਤੇ ਦੇ ਅੰਤ ‘ਤੇ ਲੋਕ ਨਵੇਂ ਫਰੂਟ ਲਿਆ ਧਰਦੇ ਨੇ। ਕੁਝ ਘਰਾਂ ਵਿੱਚ ਜਾ ਕੇ ਮੈਂ ਦੇਖਿਆ ਕਿ ਫਰੂਟ ਲਿਆ ਕੇ ਛਾਬੇ ਵਿੱਚ ਰੱਖ ਛੱਡਣਾ ਜਿਵੇਂ ਇੱਥੇ ਰਿਵਾਜ ਜਾਂ ਸ਼ੌਕ ਜਿਹਾ ਲਗਦਾ ਹੈ, ਘੱਟ ਹੀ ਕੋਈ ਇਹਨਾਂ ਨੂੰ ਖਾਂਦਾ ਹੈ, ਜਿਵੇਂ ਫਰੂਟ ਦੇਖਣ ਖਾਤਰ ਰੱਖੇ ਜਾਂਦੇ ਹੋਣ। ਮੈਨੂੰ ਯਾਦ ਆਇਆ ਕਿ ਨਿੱਕੇ-ਨਿਕੇ ਹੁੰਦੇ ਸਾਂ ਤਾਂ ਜਦ ਕਦੇ ਕਈ-ਕਈ ਦਿਨਾਂ ਬਾਅਦ ਮਹੀਨੇ ਦੋ ਮਹੀਨੇ ਪਿੱਛੋਂ ਬੇਬੇ ਜਾਂ ਬਾਪੂ ਨੇ ਕਦੀ ਸ਼ਹਿਰ ਜਾਣਾ ਤਾਂ ਝੋਲੇ ਵਿੱਚ ਕੇਲੇ ਤੇ ਸੇਬ ਦੇਖ-ਦੇਖ ਚਾਅ ਚੜ੍ਹੀ ਜਾਇਆ ਕਰਨਾ। ਮੈਂ ਸੋਚਿਆ ਕਿ ਕੀ ਕੋਈ ਬੱਚਾ ਵਲੈਤ ਵਿੱਚ ਵੀ ਇੰਝ ਸਾਡੇ ਵਾਂਗ ਫਰੂਟ ਦੇਖ-ਦੇਖ ਖੁਸ਼ ਹੁੰਦਾ ਹੋਵੇਗਾ? ਨਹੀਂਸ਼ਬਿਲੁਕਲ ਨਹੀਂ।
ੲੲੲ
ਏਥੇ ਵਕਤ ਦੀ ਬਹੁਤ ਕਿੱਲਤ ਹੈ, ਕਿਹੜਾ ਧਣੀਆਂ, ਹਰੀਆਂ ਮਿਰਚਾਂ, ਅਧਰਕ, ਲਸਨ ਆਦਿ ਨੂੰ ਕੂੰਡੇ ਵਿੱਚ ਰਗੜੇ? ਇਸ ਸਭ ਕਾਸੇ ਨੂੰ ਗਰਿੱਲ ਕਰਕੇ ਫਰੀਜ ਕਰ ਦਿੱਤਾ ਜਾਂਦਾ ਹੈ। ਲੋੜ ਮੁਤਾਬਕ ਚਮਚਾ ਭਰੋ ਤੇ ਸਬਜ਼ੀ ਵਿੱਚ ਸੁੱਟੋ। ਇੱਕ ਸ਼ਾਮ ਤੋਤੇ ਅੰਕਲ ਨੇ ਸਾਗ ਨੂੰ ਤੜਕਾ ਲਾਉਂਦਿਆਂ ਦੱਸਿਆ ਕਿ ਤੇਰੀ ਅੰਟੀ ਇੰਡੀਆ ਗਈ ਨੂੰ ਪੰਜ ਮਹੀਨੇ ਹੋਣ ਵਾਲੇ ਆ…ਜਾਣ ਲੱਗੀ ਕੱਠਾ ਸਾਰਾ ਸਾਗ ਬਣਾ ਕੇ ਆਹ ਫਰਿੱਜ ਭਰ ਗਈ ਸੀ…ਦੇਖ ਲੈ…ਉਵੇਂ ਦਾ ਉਵੇਂ ਪਿਆ ਆ ਸਾਰਾ ਸਾਗ…ਭੋਰਾ ਖ੍ਰਾਬ ਨਹੀਂ ਹੋਇਆ…ਜਦ ਦਿਲ ਕਰੇ ਤੜਕ ਲਈਦਾ ਆ…ਜਦ ਨੂੰ ਆਊਗੀ…ਤਦ ਨੂੰ ਮੁਕਾ ਦਿਆਂਗੇ…।” ਇਹ ਦੱਸਦਿਆਂ ਅੰਕਲ ਸਾਗ ਨੂੰ ਤੜਕਾ ਚਾੜ੍ਹਨ ਲੱਗਿਆ।

Check Also

ਡਾਇਰੀ ਦੇ ਪੰਨੇ ਉਦਾਸ ਹੋਏ-1

ਬੋਲ ਬਾਵਾ ਬੋਲ ਕੋਈ ਬਣਾਉਟੀ ਕੁੰਜੀ ਲਾ ਕੇ ਰੇੜ੍ਹ ਲੈਜਾਵੇ ਨਿੰਦਰਘੁਗਿਆਣਵੀ, 94174-21700 ਲਗਭਗ 9 ਸਾਲਬੀਤਣ …