Breaking News
Home / Special Story / ਸਿੱਖ ਧਰਮ ਦੇ ਪ੍ਰਸੰਗ ‘ਚ ਜਾਤ-ਪਾਤ ਦਾ ਵਰਤਾਰਾ

ਸਿੱਖ ਧਰਮ ਦੇ ਪ੍ਰਸੰਗ ‘ਚ ਜਾਤ-ਪਾਤ ਦਾ ਵਰਤਾਰਾ

ਤਲਵਿੰਦਰ ਸਿੰਘ ਬੁੱਟਰ
ਲੰਘੀ 17 ਜਨਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਨਵਾਲਾ ਵਿਚ ਇਕ ਦਲਿਤ ਪਰਿਵਾਰ ਨੂੰ ਆਪਣੀ ਬਜ਼ੁਰਗ ਮਾਤਾ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਵਿਚ ਕਰਨ ਤੋਂ ਰੋਕਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਤੋਂ ਮਹੀਨਾ ਕੁ ਪਹਿਲਾਂ ਵੀ ਮਲੇਰਕੋਟਲਾ ਨੇੜੇ ਪਿੰਡ ਸ਼ੇਰਗੜ੍ਹ ਚੀਮਾ ‘ਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਕ ਦਲਿਤ ਪਰਿਵਾਰ ਦੀ ਧੀ ਦੇ ਵਿਆਹ ਮੌਕੇ ਬਰਤਨ ਦੇਣ ਤੋਂ ਇਨਕਾਰ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਇਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਲੰਗਰ ‘ਚੋਂ ਦਾਲ ਲਿਜਾ ਰਹੀ ਇਕ ਦਲਿਤ ਕੁੜੀ ਕੋਲੋਂ ਦਾਲ ਮੁੜ ਲੰਗਰ ਵਿਚ ਵਾਪਸ ਕਰਵਾਈ ਗਈ, ਜਿਸ ਕਾਰਨ ਭਾਰੀ ਜ਼ਲਾਲਤ ਮਹਿਸੂਸ ਕਰਦਿਆਂ ਦਲਿਤ ਕੁੜੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆਏ ਦਿਨੀਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਸਾਡੇ ਸਮਿਆਂ ਦੇ ਸਿੱਖ ਸਮਾਜ ਦੀ ਦਸ਼ਾ ਅਤੇ ਸਿਧਾਂਤਕ ਗਿਰਾਵਟ ਦਰਸਾਉਣ ਦੇ ਨਾਲ-ਨਾਲ ਗੁਰਮਤਿ ਦੇ ਸਰਬ-ਸਾਂਝੀਵਾਲਤਾ ਦੇ ਮਹਾਨ ਫ਼ਲਸਫ਼ੇ ਅਤੇ ਗੁਰੂ ਸਾਹਿਬਾਨ ਦੁਆਰਾ ਕੁਰਬਾਨੀਆਂ ਦੇ ਕੇ ਸਿਰਜੀ ਹੋਈ ਸਦੀਆਂ ਪੁਰਾਣੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਮਾਰਦੀਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਤਾਂ ਉਸ ਵੇਲੇ ਵੀ ਸਮਾਜ ਅਤੇ ਧਰਮ ਜਾਤ-ਪਾਤ ਦੇ ਵਿਤਕਰਿਆਂ ਵਿਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਜਾਤ-ਵਰਣ ਦੇ ਵੰਡ-ਵਿਤਕਰਿਆਂ ਵਾਲੇ ਸਮਾਜ ‘ਚ ਅਖੌਤੀ ਨੀਚ ਜਾਤ ਆਖੇ ਜਾਣ ਵਾਲੇ ਲੋਕਾਂ ਕੋਲੋਂ ਉਨ੍ਹਾਂ ਦੇ ਸਾਰੇ ਮਨੁੱਖੀ ਹਕੂਕ ਅਤੇ ਧਰਮ ਕਰਮ ਦੇ ਅਧਿਕਾਰ ਖੋਹ ਲਏ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਖੰਡਨ ਕੀਤਾ ਅਤੇ ਹਰੇਕ ਮਨੁੱਖ ਨੂੰ ਇਕ ਪਰਮਾਤਮਾ ਦੀ ਜੋਤ ਜਾਣ ਕੇ ਮਨੁੱਖੀ ਭਾਈਚਾਰੇ ਨੂੰ ਆਪਸੀ ਸਦਭਾਵਨਾ ਅਤੇ ਪਿਆਰ ਦਾ ਸੁਨੇਹਾ ਦਿੱਤਾ।ਗੁਰੂ ਸਾਹਿਬ ਨੇ ਬੁਲੰਦ ਆਵਾਜ਼ ਵਿਚ ਫ਼ਰਮਾਇਆ:
”ਜਾਣਹੁ ਜੋਤਿ ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ॥” (ਅੰਗ: 349)
ਗੁਰੂ ਸਾਹਿਬ ਨੇ ਜਾਤ ਨਾਲੋਂ ਮਨੁੱਖ ਦੇ ਕਰਮਾਂ ਦੀ ਪ੍ਰਧਾਨਤਾ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਰੱਬ ਦੀ ਦਰਗਾਹ ‘ਚ ਕਿਸੇ ਦੀ ਉੱਚੀ-ਨੀਵੀਂ ਜਾਤ ਨਹੀਂ ਦੇਖੀ ਜਾਂਦੀ, ਉਥੇ ਸਿਰਫ਼ ਮਨੁੱਖ ਦੇ ਕੀਤੇ ਭਲੇ ਕਰਮਾਂ ਨੂੰ ਹੀ ਆਦਰ ਮਿਲਦਾ ਹੈ।
”ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ੍ਰ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥” (ਅੰਗ: 469)
ਜਾਤ ਅਭਿਮਾਨ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਨਕਾਰਿਆ:
”ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥” (ਅੰਗ: 83)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਨੀਵੀਂ ਜਾਤ ‘ਚੋਂ ਸਮਝੇ ਜਾਂਦੇ ਡੂੰਮ ਭਾਈ ਮਰਦਾਨਾ ਨੂੰ ਆਪਣੇ ਸਫਰਾਂ ਦਾ ਸਾਥੀ ਬਣਾਇਆ ਅਤੇ ਸਾਰੀ ਰੱਬੀ ਬਾਣੀ ਦਾ ਉਚਾਰਨ ਅਤੇ ਗਾਇਨ ਭਾਈ ਮਰਦਾਨੇ ਦੀ ਰਬਾਬ ਨਾਲ ਕੀਤਾ। ਗੁਰੂ ਸਾਹਿਬ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਉੱਚ ਜਾਤ ਦੇ ਅਭਿਮਾਨੀ ਮਲਿਕ ਭਾਗੋ ਨੂੰ ਨਕਾਰ ਕੇ ਇਕ ਕਿਰਤੀ ਤਰਖਾਣ ਭਾਈ ਲਾਲੋ ਦੇ ਘਰ ਪੜਾਅ ਕੀਤਾ ਅਤੇ ਸਮਾਜ ‘ਚ ਕਿਰਤੀ ਵਰਗ ਨੂੰ ਸਨਮਾਨ ਦਿੱਤਾ।
”ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥” (ਅੰਗ: 15)
ਤੀਜੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਜਾਤ-ਪਾਤ ਦੇ ਫ਼ਰਕ-ਭੇਦ ਨੂੰ ਸਿਧਾਂਤਕ ਤੌਰ ‘ਤੇ ਰੱਦ ਕੀਤਾ ਅਤੇ ਜਾਤ-ਪਾਤ ਦਾ ਮਾਣ ਕਰਨ ਵਾਲੇ ਮਨੁੱਖ ਨੂੰ ਗਵਾਰ ਕਰਾਰ ਦਿੱਤਾ।
”ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣ ਹੋਈ॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥” (ਅੰਗ: 1127)
ਇਕ ਵਾਰ ਦੋ ਭੱਲਾ ਖੱਤਰੀ ਬਿਰਾਦਰੀ ਦੇ ਦੌਲਤਮੰਦ ਵਿਅਕਤੀ ਪ੍ਰਿਥੀਮਲ ਅਤੇ ਤੁਲਸਾ ਸ੍ਰੀ ਗੁਰੂ ਅਮਰਦਾਸ ਜੀ ਕੋਲ ਆਏ ਅਤੇ ਕਹਿਣ ਲੱਗੇ, ‘ਤੁਹਾਡੀ ਸਾਡੀ ਜਾਤ ਇਕੋ ਹੈ।’ ਗੁਰੂ ਜੀ ਬੋਲੇ, ‘ਸੰਤਾਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ। ਹਰ ਮਨੁੱਖ ਦੀ ਦੇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਜੀਵ ਪ੍ਰਮੇਸ਼ਰ ਦੀ ਜਾਤ ਹੈ।’ ਜਾਤ-ਪਾਤ ਦਾ ਪਾੜਾ ਖ਼ਤਮ ਕਰਨ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਵਿਚ ਅੰਤਰਜਾਤੀ ਵਿਆਹ ਦੀ ਰੀਤ ਵੀ ਆਰੰਭ ਕੀਤੀ।
ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖਾਂ ਵਿਚੋਂ ਜਾਤ-ਪਾਤ ਦਾ ਫ਼ਰਕ ਮਿਟਾਉਣ ਲਈ ਸਰੋਵਰ ਬਣਵਾਏ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਾਜਨਾ ਕਰਕੇ ਚਾਰੇ ਵਰਣਾਂ ਅਤੇ ਚਾਰੇ ਦਿਸ਼ਾਵਾਂ ਦੇ ਲੋਕਾਂ ਨੂੰ ਗੁਰੂ-ਘਰ ਵਿਚ ਬਰਾਬਰ ਪਿਆਰ ਬਖ਼ਸ਼ਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਗੁਰਸਿੱਖਾਂ ਵਿਚ ਬਿਨਾਂ ਜਾਤ-ਪਾਤ ਵਿਚਾਰੇ ਵਿਆਹ ਕਰਵਾਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਗੁਰੂ-ਘਰ ਦੇ ਪੀੜ੍ਹੀ-ਦਰ-ਪੀੜ੍ਹੀ ਅਨਿੰਨ ਸੇਵਕ ਚਲੇ ਆ ਰਹੇ ਮਜ਼੍ਹਬੀ ਭਾਈਚਾਰੇ ਵਿਚੋਂ, ਭਾਈ ਸਦਾ ਨੰਦ ਦਾ ਵਿਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀਂ ਪੰਡਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਦੇ ਨਾਲ ਕਰਵਾਇਆ ਸੀ।
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਚਹੁੰ ਵਰਣਾਂ ਦੇ ਲੋਕਾਂ ਨੂੰ ਇਕ ਬਾਟੇ ਵਿਚੋਂ ਅੰਮ੍ਰਿਤ ਛਕਾਇਆ। ਜਾਤ-ਪਾਤ ਭਿੰਨ-ਭੇਦ ਮਿਟਾ ਦਿੱਤਾ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ ”ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” ਹੈ ਅਤੇ ਪਿਛਲੀ ਕੁਲ, ਵੰਸ਼, ਜਾਤ, ਦੇਸ਼ ਅਤੇ ਕਰਮ ਦਾ ਖ਼ਿਆਲ ਤੱਕ ਤਿਆਗ ਦੇਣਾ ਹੈ। ਜਿਹੜਾ ਸਿੱਖ, ਸਿੱਖ ਨੂੰ ਉਸ ਦੀ ਜਾਤ ਪੁੱਛੇਗਾ, ਸੋ ਤਨਖ਼ਾਹੀਆ ਹੋਵੇਗਾ। ਉਹ ਗੁਰੂ ਦੀ ਪ੍ਰਸੰਨਤਾ ਹਾਸਲ ਨਹੀਂ ਕਰ ਸਕਦਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਪਹਾੜੀ ਰਾਜਿਆਂ ਨੇ ਸੁਲ੍ਹਾ-ਸਫ਼ਾਈ ਲਈ ਬਾਸ਼ਰਤ ਤਜਵੀਜ਼ ਭੇਜੀ ਕਿ, (ਅਖੌਤੀ) ਸਵਰਨ ਜਾਤਾਂ ਨੂੰ ‘ਸ਼ੂਦਰਾਂ’ ਤੋਂ ਵੱਖਰੇ ਬਾਟੇ ਵਿਚ ਅੰਮ੍ਰਿਤ ਛਕਾਇਆ ਜਾਵੇ ਅਤੇ (ਅਖੌਤੀ) ਸਵਰਨ ਜਾਤਾਂ ਲਈ ਪੰਗਤ ਛੋਟੀਆਂ ਜਾਤਾਂ ਤੋਂ ਵੱਖਰੀ ਲਗਾਈ ਜਾਵੇ, ਤਾਂ ਗੁਰੂ ਸਾਹਿਬ ਨੇ ਇਨ੍ਹਾਂ ਸ਼ਰਤਾਂ ਨੂੰ ਮੁੱਢੋਂ ਹੀ ਖਾਰਜ ਕਰਕੇ ਫ਼ਰਮਾਇਆ, ”ਇਨ ਗਰੀਬ ਸਿਖਨ ਕੋ ਦਊਂ ਪਾਤਸ਼ਾਹੀ॥ ਯੇਹ ਯਾਦ ਕਰਹਿਂ ਹਮਰੀ ਗੁਰਿਆਈ॥”
ਇਤਿਹਾਸਕਾਰ ਕਨਿੰਘਮ ਲਿਖਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਹਾਰ ਦੀ ਮਾਨਸਿਕਤਾ ਵਿਚ ਜਿਊਣ ਵਾਲੇ ਲੋਕਾਂ ਵਿਚ ਬਹਾਦਰੀ ਅਤੇ ਕੌਮੀ ਗੌਰਵ ਦੇ ਉੱਚੇ ਆਦਰਸ਼ਾਂ ਨੂੰ ਭਰ ਦਿੱਤਾ। ਬਹਾਦਰੀ, ਜਬਰ-ਜ਼ੁਲਮ ਕਰਨ ਵਾਲੇ ਲੋਕਾਂ ਉਤੇ ਫ਼ਤਹਿ ਹਾਸਲ ਕਰਨ ਅਤੇ ਸਮਾਜ ਨੂੰ ਇਕ ਠੋਸ ਅਗਵਾਈ ਦੇਣ ਵਾਲੇ ਵਗਦੇ ਦਰਿਆ ਦੀ ਵਿਸ਼ਾਲਤਾ ਵਾਂਗ ਹੀ, ਗੁਰੂ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਜਾ ਰਹੇ ਸਮਾਜ ਨੂੰ ਸਵੈਮਾਣ ਨਾਲ ਜਿਊਣ ਦੀ ਜਾਚ ਦੱਸੀ।
ਜ਼ਾਹਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਜਾਮਿਆਂ ਵਿਚ ਗੁਰੂ ਸਾਹਿਬਾਨ ਨੇ 239 ਸਾਲ ਦੇ ਸਿੱਖ ਇਨਕਲਾਬ ਦੇ ਵਿਕਾਸ, ਵਿਗਾਸ ਅਤੇ ਮੁਕੰਮਲਤਾ ਦੌਰਾਨ ਸਿੱਖ ਸਮਾਜ ਅੰਦਰੋਂ ਜਾਤ, ਵਰਣ, ਕੁੱਲ, ਰੰਗ, ਅਮੀਰੀ-ਗਰੀਬੀ ਦੇ ਭਿੰਨ-ਭੇਦ ਨੂੰ ਮੂਲੋਂ ਹੀ ਖ਼ਤਮ ਕਰ ਦਿੱਤਾ ਸੀ। ਸਦੀਆਂ ਤੋਂ ਮਨੂੰਵਾਦੀ ਵਰਣ-ਵੰਡ ਪ੍ਰਣਾਲੀ ਦੁਆਰਾ ਸਮਾਜ ‘ਚ ਨਪੀੜ ਅਤੇ ਲਿਤਾੜ ਕੇ ਰੱਖੇ ਨਿਥਾਵੇਂ, ਨਿਆਸਰੇ ਲੋਕ ਵੱਡੀ ਗਿਣਤੀ ‘ਚ ਸਿੰਘ ਸਜ ਕੇ ਸਵੈਮਾਣ ਦੀ ਜ਼ਿੰਦਗੀ ਜਿਊਣ ਲੱਗੇ।
ਸਿੱਖ ਸਮਾਜ ‘ਚ ਜਾਤ-ਪਾਤ ਕਿਵੇਂ ਆਈ?
ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਮਿਸਲਾਂ ਦੀ ਸਥਾਪਨਾ ਵੇਲੇ ‘ਜਾਤ-ਪਾਤ’ ਦਾ ਸੂਖਮ ਬੀਜ਼ ਸਿੱਖ ਪੰਥ ਵਿਚ ਫੁੱਟਣ ਲੱਗ ਪਿਆ ਸੀ। ਭਾਵੇਂਕਿ ਮਿਸਲਾਂ ਵਿਚ ਉਹੀ ਲੋਕ ਭਰਤੀ ਹੋਏ, ਜੋ ਆਮ ਤੌਰ ‘ਤੇ ਕਿਸਾਨੀ ਕਿੱਤੇ ਨਾਲ ਸਬੰਧਤ ਸਨ। ਸ਼ਹਿਰਾਂ ਦਾ ਵਪਾਰੀ ਵਰਗ ਇਨ੍ਹਾਂ ਵਿਚ ਘੱਟ ਹੀ ਰਲਿਆ। ਪਰ ਇਤਿਹਾਸਕਾਰ ਏ.ਸੀ. ਬੈਨਰਜੀ ਲਿਖਦਾ ਹੈ ਕਿ ਕਿਸਾਨੀ ਵਰਗ ਸਿੱਖ ਸਿਧਾਂਤਾਂ ਵਿਚ ਅਜੇ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਸੀ ਹੋਇਆ, ਜਿਸ ਕਰਕੇ ਅਠ੍ਹਾਰਵੀਂ ਅਤੇ ਉੱਨ੍ਹੀਵੀਂ ਸਦੀ ਵਿਚ ਖ਼ਾਲਸਾ ਬਿਪਰਨ ਕੀ ਰੀਤ ਵੱਲ ਤੁਰ ਪਿਆ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੌਰਾਨ ਵੱਡੀ ਗਿਣਤੀ ਵਿਚ ਹਿੰਦੂ ਖੱਤਰੀਆਂ ਅਤੇ ਹੋਰ ਉੱਚ ਜਾਤੀ ਆਨਮਤੀ ਲੋਕਾਂ ਨੇ ਸਿੱਖ ਧਰਮ ਧਾਰਨ ਕਰ ਲਿਆ। ਇਸ ਦੌਰਾਨ ਭਾਵੇਂਕਿ ਸਿੱਖਾਂ ਦੀ ਗਿਣਤੀ ਤਾਂ ਤੇਜ਼ੀ ਨਾਲ ਵਧੀ ਪਰ ਸਿੱਖ ਸਿਧਾਂਤ ਅਤੇ ਸਿੱਖ ਜੀਵਨ ਅਮਲ ਵਿਚ ਫ਼ਰਕ ਪੈਣਾ ਸ਼ੁਰੂ ਹੋ ਗਿਆ। ਸਿੱਖ ਰਾਜ ਦੌਰਾਨ ਸਿੱਖ ਧਰਮ ਨੂੰ ਅਪਨਾਉਣ ਵਾਲੇ ਲੋਕਾਂ ਨੇ ਆਪਣੇ ਪਿਛਲੇ ਸੰਸਕਾਰ ਪੂਰੀ ਤਰ੍ਹਾਂ ਨਹੀਂ ਤਿਆਗੇ ਅਤੇ ਸਿੱਖ ਸਮਾਜ ਅੰਦਰ ਉਨ੍ਹਾਂ ਕਰਮ-ਕਾਂਡੀ ਤੇ ਆਨਮਤੀ ਸੰਸਕਾਰਾਂ ਦਾ ਬੋਲਬਾਲਾ ਸ਼ੁਰੂ ਹੋ ਗਿਆ, ਜਿਨ੍ਹਾਂ ਦਾ ਗੁਰੂ ਸਾਹਿਬਾਨ ਨੇ ਜ਼ੋਰਦਾਰ ਖੰਡਨ ਕੀਤਾ ਸੀ। ਮਿਸਾਲ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਦੇ ਵਿਆਹ ਅਤੇ ਹੋਰ ਸੰਸਕਾਰ ਬ੍ਰਾਹਮਣੀ ਰੀਤੀ ਅਨੁਸਾਰ ਹੋਏ। ਕੁਝ ਕੁ ਰਾਣੀਆਂ ਵੀ ਰਣਜੀਤ ਸਿੰਘ ਦੀ ਚਿਖਾ ਵਿਚ ਸੜ ਕੇ ਸਤੀ ਹੋ ਗਈਆਂ। ਇਵੇਂ ਹੀ ਸਿੱਖ ਸਮਾਜ ਅੰਦਰ ਜਾਤ-ਪਾਤ ਦਾ ਵਿਤਕਰਾ ਵੀ ਪੈਦਾ ਹੋ ਗਿਆ। ਪਹਿਲਾਂ ਜੱਟ-ਸਿੱਖ ਅਤੇ ਸ਼ਹਿਰੀ-ਸਿੱਖ ਅਤੇ ਬਾਅਦ ਵਿਚ ਜੱਟ-ਸਿੱਖ ਅਤੇ ਗ਼ੈਰ-ਜੱਟ-ਸਿੱਖ (ਕਥਿਤ ਦਲਿਤ) ਭਿੰਨ-ਭੇਦ ਆਰੰਭ ਹੋ ਗਏ। ਹਾਲਾਂਕਿ ਮੁੱਢਲੇ ਤੌਰ ‘ਤੇ ਜੱਟ ਵੀ ਕਥਿਤ ਦਲਿਤ ਸ਼੍ਰੇਣੀ ਵਿਚ ਆਉਂਦੇ ਸਨ, ਇਤਿਹਾਸਕਾਰ ਇੰਦੂ ਭੂਸ਼ਨ ਬੈਨਰਜੀ ਵੀ ਗਵਾਹੀ ਭਰਦਾ ਹੈ, ‘ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਸੇਵਕ ਜੱਟ ਸਨ, ਜਿਨ੍ਹਾਂ ਨੂੰ ਰਾਜਪੂਤ ਘਟੀਆ ਜਾਤ ਦੇ ਸਮਝਦੇ ਸਨ। ਇਸੇ ਕਾਰਨ ਹੀ ਰਾਜਪੂਤ ਗੁਰੂ ਜੀ ਨਾਲ ਘ੍ਰਿਣਾ ਕਰਦੇ ਸਨ।’ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਪਹਿਲੇ ਖ਼ਾਲਸਾ ਰਾਜ ਵਿਚ ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਕਾਰਨ ਜੱਟ-ਸਿੱਖ ਆਰਥਿਕ ਤੌਰ ‘ਤੇ ਸਮਰੱਥ ਹੋ ਗਏ ਅਤੇ ਹਿੰਦੂ ਸਮਾਜ ਦੀਆਂ ਉੱਚ ਸ਼੍ਰੇਣੀਆਂ ‘ਚੋਂ ਸਿੱਖ ਬਣੇ ਲੋਕਾਂ ਦੀ ਕਤਾਰ ‘ਚ ਖੜ੍ਹੇ ਹੋ ਗਏ। ਇਨ੍ਹਾਂ ਵਲੋਂ ਅਖੌਤੀ ਸ਼ੂਦਰ ਆਖੀਆਂ ਜਾਂਦੀਆਂ ਦੂਜੀਆਂ ਸ਼੍ਰੇਣੀਆਂ ‘ਚੋਂ ਸਿੱਖ ਬਣੇ ਲੋਕਾਂ ਨਾਲ ਜਾਤ-ਪਾਤ ਦਾ ਵਿਤਕਰਾ ਆਰੰਭ ਹੋ ਗਿਆ।
ਅਕਾਲੀ ਫ਼ੂਲਾ ਸਿੰਘ ਦੇ ਅਕਾਲ ਚਲਾਣੇ ਤੋਂ ਉਪਰੰਤ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਅਤੇ ਬਾਅਦ ਵਿਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਉਨ੍ਹਾਂ ਮਹੰਤਾਂ ਕੋਲ ਚਲੀ ਗਈ, ਜਿਨ੍ਹਾਂ ਵਿਚ ਬ੍ਰਾਹਮਣੀ ਕਰਮ-ਕਾਂਡਾਂ ਅਤੇ ਰੀਤੀ-ਰਿਵਾਜ਼ਾਂ ਦਾ ਬੋਲਬਾਲਾ ਸੀ। ਅੰਗਰੇਜ਼ਾਂ ਨੇ ਵੀ ਸਿੱਖਾਂ ਦੀ ਪੰਥਕ ਏਕਤਾ ਨੂੰ ਖੇਰੂੰ-ਖੇਰੂੰ ਕਰਨ ਦੇ ਮਕਸਦ ਲਈ ਇਨ੍ਹਾਂ ਮਹੰਤਾਂ ਨੂੰ ਥਾਪੜਾ ਦਿੱਤਾ ਅਤੇ ‘ਜਾਤ-ਪਾਤ’ ਨੂੰ ਉਤਸ਼ਾਹਤ ਕਰਨ ਵਿਚ ਲੁਕਵੀਂ ਭੂਮਿਕਾ ਨਿਭਾਈ। ਇਸ ਦੌਰਾਨ ਜਿੱਥੇ ਗੁਰਦੁਆਰਿਆਂ ਅੰਦਰ ਮੂਰਤੀਆਂ ਸਥਾਪਤ ਹੋਣ ਲੱਗੀਆਂ, ਉਥੇ ਜਾਤ-ਪਾਤ ਦਾ ਵਿਤਕਰਾ ਵੀ ਕੀਤਾ ਜਾਣ ਲੱਗਾ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ‘ਤੇ ਕਾਬਜ਼ ਪੁਜਾਰੀਆਂ ਨੇ ਦਲਿਤ ਆਖੇ ਜਾਣ ਵਾਲੇ ਸਿੱਖਾਂ ਦਾ ਕੜਾਹ ਪ੍ਰਸ਼ਾਦ ਕਬੂਲ ਕਰਨਾ ਬੰਦ ਕਰ ਦਿੱਤਾ। ਵੀਹਵੀਂ ਸਦੀ ਦੀ ਸ਼ੁਰੂਆਤ ਦੌਰਾਨ ਸਿੰਘ ਸਭਾ ਲਹਿਰ, ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਇਸ ਦੌਰਾਨ 10 ਤੋਂ 12 ਅਕਤੂਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਤਹਿਤ ਜੱਲਿਆਂਵਾਲਾ ਬਾਗ਼ ‘ਚ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਇਕ ਵੱਡਾ ਇਕੱਠ ਬੁਲਾਇਆ ਗਿਆ। ਇਸ ਦੌਰਾਨ ਵੀ ਉਨ੍ਹਾਂ ਸਿੱਖਾਂ ਨੂੰ ਲੰਗਰ ਵਾਸਤੇ ਭਾਂਡੇ ਨਾ ਦਿੱਤੇ ਗਏ। 11 ਅਕਤੂਬਰ ਨੂੰ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖ ਸ੍ਰੀ ਦਰਬਾਰ ਸਾਹਿਬ ਪ੍ਰਸ਼ਾਦ ਲੈ ਕੇ ਜਾਣਗੇ। ਅਗਲੇ ਦਿਨ ਬਹੁਤ ਸਾਰੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੇ ਅੰਮ੍ਰਿਤ ਛਕਿਆ ਅਤੇ ਬਾਅਦ ਵਿਚ ਸਾਰੇ ਸਿੰਘ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਗਏ। ਉਨ੍ਹਾਂ ਦਾ ਪ੍ਰਸ਼ਾਦ ਪੁਜਾਰੀਆਂ ਨੇ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰੀ ਪੁਜਾਰੀਆਂ ਨੂੰ ਅਰਜ ਕੀਤੀ ਪਰ ਉਨ੍ਹਾਂ ਨੇ ਫਿਰ ਵੀ ਪ੍ਰਸ਼ਾਦ ਕਬੂਲ ਨਾ ਕੀਤਾ। ਇਸ ਦੌਰਾਨ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ‘ਚ ਸੰਗਤਾਂ ਨੇ ਇਸ ਕੁਰੀਤੀ ਦੇ ਖ਼ਿਲਾਫ਼ ਮੋਰਚਾ ਲਾ ਲਿਆ। ਪੁਜਾਰੀ ਆਪਣੀ ਗੱਲ ‘ਤੇ ਅੜੇ ਰਹੇ। ਅਖ਼ੀਰ ਫ਼ੈਸਲਾ ਹੋਇਆ ਕਿ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਲਿਆ ਜਾਵੇ। ਹੁਕਮ ਆਇਆ:
ਸੋਰਠਿ ਮ: ੩ ਦੁਤੁਕੀ॥
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ, ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ, ਰਾਮ ਨਾਮਿ ਚਿਤੁ ਲਾਇ॥… (ਅੰਗ: 638)
ਸੰਗਤਾਂ ਇਹ ਇਲਾਹੀ ਹੁਕਮ ਸੁਣ ਕੇ ਵਿਸਮਾਦ ‘ਚ ਆ ਗਈਆਂ। ਅਖ਼ੀਰ ਪੁਜਾਰੀਆਂ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਕਰਨਾ ਪਿਆ ਅਤੇ ਪ੍ਰਸ਼ਾਦ ਸਾਰੀ ਸੰਗਤ ਵਿਚ ਵਰਤਾਇਆ ਗਿਆ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਪਵਿੱਤਰ ਭਾਵਨਾ ਗੁਰਦੁਆਰਿਆਂ ਅਤੇ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਪੈਦਾ ਹੋਏ ਵਿਤਕਰੇ ਨੂੰ ਦੂਰ ਕਰਨਾ ਵੀ ਸੀ। ਅਖ਼ੀਰ ਮਹੰਤਾਂ ਨੂੰ ਗੁਰਦੁਆਰੇ ਛੱਡਣੇ ਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ।
ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਕਥਿਤ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ਕੁਝ ਕੁ ਥਾਵਾਂ ‘ਤੇ ਵਿਤਕਰਾ ਕਰਨ ਦੀਆਂ ਪੰਥ ਨੂੰ ਖ਼ਬਰਾਂ ਮਿਲੀਆਂ ਤਾਂ ਸ਼੍ਰੋਮਣੀ ਕਮੇਟੀ ਨੇ 14 ਮਾਰਚ 1927 ਨੂੰ ਸਰਬਸੰਮਤੀ ਨਾਲ ਗੁਰਮਤਾ ਪਾਸ ਕੀਤਾ ਕਿ, ‘ਸਿੱਖਾਂ ਵਿਚ ਜਾਤ-ਪਾਤ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ ਹਰ ਇਕ ਜਾਤ ਵਿਚੋਂ ਸਜ ਕੇ ਆਏ ਸਿੱਖ ਨਾਲ ਸੰਗਤ ਪੰਗਤ ਦੁਆਰਾ ਅਭੇਦ ਵਰਤਿਆ ਜਾਵੇ।’ ਇਸੇ ਤਰ੍ਹਾਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਇਕ ਹੋਰ ਮਤਾ 15 ਮਾਰਚ 1927 ਨੂੰ ਪਾਸ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਸਿੱਖਾਂ ਲਈ ਸਰਕਾਰੀ ਕਾਗਜ਼ਾਂ ਵਿਚ ਜਾਤ-ਪਾਤ ਨਾ ਲਿਖੇ। ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਕਥਿਤ ਦਲਿਤ ਜਾਂ ਪੱਛੜੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਤੋਂ ਸਿੰਘ ਸਜੇ ਲੋਕਾਂ ਦੇ ਜੀਵਨ ਨੂੰ ਹਰ ਪੱਖ ਤੋਂ ਉੱਚਾ ਚੁੱਕਣ ਅਤੇ ਗੁਰਦੁਆਰਾ ਸੇਵਾ-ਸੰਭਾਲ ‘ਚ ਬਰਾਬਰ ਭਾਈਵਾਲ ਬਣਾਉਣ ਲਈ ਕਮੇਟੀ ਦੇ ਮੈਂਬਰਾਂ ਵਿਚ ਵੀ ਇਨ੍ਹਾਂ ਦਾ ਰਾਖ਼ਵਾਂਕਰਨ ਆਰੰਭ ਕੀਤਾ ਗਿਆ, ਪਰ ਦੁੱਖ ਦੀ ਗੱਲ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ‘ਚ ਵੀ ਜਾਤ-ਪਾਤ ਦਾ ਵਰਤਾਰਾ ਭਾਰੂ ਹੋ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 28 ਅਪ੍ਰੈਲ 1985 ਨੂੰ ਪੰਜ ਸਿੰਘ ਸਾਹਿਬਾਨ ਵਲੋਂ ਇਕ ਆਦੇਸ਼ ਕੀਤਾ ਗਿਆ ਸੀ ਕਿ, ‘ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਮ ਨਾਲ ਜਾਤ, ਗੋਤ ਦੀ ਵਰਤੋਂ ਨਾ ਕਰੇ। ਜਾਤ, ਗੋਤ ਦੀ ਵਰਤੋਂ ਕਰਨੀ ਮਨਮਤ ਹੈ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਹੈ।’ ਪਰ ਇਸ ਦੇ ਉਲਟ ਅੱਜ ਸ਼੍ਰੋਮਣੀ ਕਮੇਟੀ ਵਰਗੀ ਸਿਰਮੌਰ ਸਿੱਖ ਸੰਸਥਾ ਦੇ ਵੱਡੀ ਗਿਣਤੀ ਅਹੁਦੇਦਾਰ, ਅਧਿਕਾਰੀ ਅਤੇ ਮੁਲਾਜ਼ਮ ਜਾਤ ਅਭਿਮਾਨ ਕਾਰਨ ਆਪਣੇ ਨਾਵਾਂ ਨਾਲ ਆਪਣੀਆਂ ਜਾਤਾਂ ਅਤੇ ਗੋਤਾਂ ਲਿਖਦੇ ਹਨ। ਇਸ ਦਾ ਸਿੱਖ ਸਮਾਜ ‘ਤੇ ਕੀ ਅਸਰ ਪੈਂਦਾ ਹੈ? ਸ਼ਾਇਦ ਇਸ ਪਾਸੇ ਅੱਜ ਤੱਕ ਸਿੱਖ ਧਾਰਮਿਕ ਲੀਡਰਸ਼ਿਪ ਦਾ ਕੋਈ ਧਿਆਨ ਨਹੀਂ ਗਿਆ।
ਇਹ ਵੀ ਇਕ ਸੱਚਾਈ ਹੈ ਕਿ ਆਜ਼ਾਦੀ ਤੋਂ ਲੈ ਕੇ ਸਿੱਖ ਸਿਆਸੀ ਲੀਡਰਸ਼ਿਪ ‘ਤੇ ਜਾਤੀਵਾਦ ਦਾ ਸੂਖਮ ਗ਼ਲਬਾ ਹੋਣ ਕਾਰਨ ਹੀ, ਅਨੇਕਾਂ ਰਵਾਇਤੀ ਯਤਨਾਂ ਦੇ ਬਾਵਜੂਦ ਸਿੱਖ ਸਮਾਜ ਦੀ ਬੇੜੀ ਜਾਤ-ਪਾਤ ਦੇ ਮੰਝਧਾਰ ਵਿਚੋਂ ਬਾਹਰ ਨਹੀਂ ਨਿਕਲ ਸਕੀ। ਸੰਨ 1936 ‘ਚ ਜਦੋਂ ਦਲਿਤ ਸਮਾਜ ਦੇ ਮਸੀਹਾ ਡਾ. ਭੀਮ ਰਾਓ ਅੰਬੇਦਕਰ ਨੇ ਆਪਣੇ ਪੈਰੋਕਾਰਾਂ ਸਮੇਤ ਸਿੱਖ ਧਰਮ ਗ੍ਰਹਿਣ ਕਰਨ ਦਾ ਫ਼ੈਸਲਾ ਕੀਤਾ ਸੀ ਤਾਂ ਮਨੂੰਵਾਦੀ ਸੋਚ ਵਾਲੀ ਦੇਸ਼ ਦੀ ਸਿਆਸੀ ਲੀਡਰਸ਼ਿਪ ਦੇ ਪ੍ਰਭਾਵ ਕਾਰਨ, ਵੇਲੇ ਦੀ ਸਿੱਖ ਲੀਡਰਸ਼ਿਪ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਰਹੀ, ਜਿਸ ਕਾਰਨ ਡਾ. ਅੰਬੇਦਕਰ ਅਤੇ ਉਨ੍ਹਾਂ ਦੇ ਕਰੋੜਾਂ ਸਮਰਥਕ ਸਿੱਖ ਧਰਮ ਦਾ ਅੰਗ ਨਾ ਬਣ ਸਕੇ।
ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ‘ਤੇ ਉੱਨ੍ਹੀਵੀਂ ਸਦੀ ‘ਚ ਕਾਬਜ਼ ਰਹੇ ‘ਮਹੰਤਾਂ’ ਵਲੋਂ ਚਲਾਈਆਂ ਗਈਆਂ, ਗੁਰਮਤਿ ਵਿਰੋਧੀ ਕੁਰੀਤੀਆਂ ਅੱਜ ਵੀ, ਕਈ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਵਿਚ ‘ਪਰੰਪਰਾ’ ਬਣ ਕੇ ਬੇਰੋਕ ਜਾਰੀ ਹਨ ਅਤੇ ਇਨ੍ਹਾਂ ਵਿਚੋਂ ਹੀ ਇਕ ਵੱਡੀ ਕੁਰੀਤੀ ਜਾਤ-ਪਾਤ ਦਾ ਵਰਤਾਰਾ ਹੈ। ਇਸ ਤਹਿਤ ਕਥਿਤ ਦਲਿਤ ਆਖੇ ਜਾਣ ਵਾਲੇ ਲੋਕਾਂ ਨਾਲ ਮਨੂੰਵਾਦੀ ਸਲੂਕ ਕੀਤਾ ਜਾਂਦਾ ਹੈ।
ਉਨ੍ਹਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਵੱਖਰੇ ਬਾਟੇ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਲਈ ਲੰਗਰ ਦੀ ਵੱਖਰੀ ਪੰਗਤ ਲਗਾਈ ਜਾਂਦੀ ਹੈ। ਉਪਰਲੇ ਪੱਧਰ ਦੀ ਧਾਰਮਿਕ ਅਤੇ ਸਿਆਸੀ ਸਿੱਖ ਲੀਡਰਸ਼ਿਪ ਵਿਚ ਇਸ ਤਰ੍ਹਾਂ ਦੀ ਸਿਧਾਂਤਕ ਗਿਰਾਵਟ ਆਉਣ ਸਦਕਾ ਪਿੰਡਾਂ ਵਿਚ ਸਿੱਖ ਸਮਾਜ ਜਾਤਾਂ ਦੇ ਆਧਾਰ ‘ਤੇ ਇੰਨੀ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ ਕਿ ਜੱਟਾਂ ਅਤੇ ਗ਼ੈਰ-ਜੱਟਾਂ ਵਿਚ ਵੱਧ ਰਿਹਾ ਪਾੜਾ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਾਲੀ ਸਥਿਤੀ ਪੈਦਾ ਕਰਦਾ ਜਾ ਰਿਹਾ ਹੈ। ਇਹ ਸਿੱਖ ਕੌਮ ਦੇ ਭਵਿੱਖ ਲਈ ਬੇਹੱਦ ਖ਼ਤਰਨਾਕ ਵਰਤਾਰਾ ਹੈ। ਪਿੰਡਾਂ ਵਿਚ ਤੇਜ਼ੀ ਨਾਲ ਜਾਤਾਂ ‘ਤੇ ਆਧਾਰਤ ਗੁਰਦੁਆਰੇ ਬਣ ਰਹੇ ਹਨ, ਜਿਨ੍ਹਾਂ ਵਿਚ ਦੂਜੀ ਜਾਤ ਦੇ ਸਿੱਖਾਂ ਦੇ ਦਾਖ਼ਲ ਹੋਣ ਤੱਕ ਪਾਬੰਦੀਆਂ ਲੱਗ ਰਹੀਆਂ ਹਨ। ਜਿਨ੍ਹਾਂ ਲਿਤਾੜੇ ਤੇ ਨਿਆਸਰੇ ਲੋਕਾਂ ਨੂੰ ਗੁਰੂ ਸਾਹਿਬਾਨ ਨੇ ਜਥੇਬੰਦ ਕਰਕੇ ਖ਼ਾਲਸਾ ਪੰਥ ਤਿਆਰ ਕੀਤਾ ਸੀ, ਅੱਜ ਉਹ ਲੋਕ ਸਾਡੀ ਧਾਰਮਿਕ ਲੀਡਰਸ਼ਿਪ ਦੀ ਸਿਧਾਂਤਕ ਕਮਜ਼ੋਰੀ ਅਤੇ ਅਣਗਹਿਲੀ ਕਾਰਨ ਸਿੱਖੀ ਨਾਲੋਂ ਟੁੱਟ ਰਹੇ ਹਨ। ਸਿੱਖ ਵਿਰੋਧੀ ਡੇਰਾਵਾਦ ਵੀ ਇਸੇ ਕਾਰਨ ਪ੍ਰਫ਼ੁੱਲਤ ਹੋਇਆ ਹੈ। ਗੁਰੂ ਸਾਹਿਬਾਨ ਨੇ ਜਿਸ ਜਾਤ-ਪਾਤ ਨੂੰ ਖ਼ਤਮ ਕਰਨ ਲਈ ਸੰਗਤ ਅਤੇ ਪੰਗਤ, ਸਾਂਝੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਾ ਕੇ ਚਾਰੇ ਵਰਣਾਂ, ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਗਲੇ ਨਾਲ ਲਗਾਇਆ ਸੀ, ਅੱਜ ਉਹ ਜਾਤ-ਪਾਤ ਸਿੱਖ ਸਮਾਜ ਨੂੰ ਬੁਰੀ ਤਰ੍ਹਾਂ ਜਕੜ ਚੁੱਕੀ ਹੈ।
ਸਿੱਖ ਧਰਮ ਦਾ ਭਵਿੱਖ ਇਸ ਗੱਲ ਦੀ ਮੰਗ ਕਰਦਾ ਹੈ ਕਿ ਅੱਜ ਸਿੱਖ ਸਮਾਜ ਨੂੰ ਜਾਤ-ਪਾਤ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ‘ਸਿੰਘ ਸਭਾ’ ਲਹਿਰ ਵਰਗੀ ਵੱਡੇ ਉਦੇਸ਼ਾਂ ‘ਤੇ ਆਧਾਰਤ ਧਰਮ ਪ੍ਰਚਾਰ ਲਹਿਰ ਆਰੰਭ ਕੀਤੀ ਜਾਵੇ, ਤਾਂ ਜੋ ਗੁਰੂ ਸਾਹਿਬਾਨ ਦੇ ‘ਸਰਬ ਸਾਂਝੀਵਾਲਤਾ’ ਵਾਲੇ ਮਹਾਨ ਫ਼ਲਸਫ਼ੇ ਨੂੰ ਵਿਸ਼ਵ ਸਮਾਜ ਅਤੇ ਮਨੁੱਖੀ ਭਾਈਚਾਰੇ ਦੇ ਪ੍ਰਸੰਗ ਵਿਚ ਰੱਖ ਕੇ ਸਹੀ ਰੂਪ ਵਿਚ ਸਮਝਣ ਦੀਆਂ ਅੰਤਰ-ਦ੍ਰਿਸ਼ਟੀਆਂ ਖੋਲ੍ਹੀਆਂ ਜਾ ਸਕਣ। ਸਿੱਖੀ ਤੋਂ ਟੁੱਟ ਰਹੇ ਭਾਈਚਾਰਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜ ਕੇ ”ਚਾਰਿ ਵਰਨ ਇਕ ਵਰਨੁ ਕਰਾਇਆ॥” ਅਨੁਸਾਰ ਗੁਰੂ ਨਾਨਕ ਸਾਹਿਬ ਦੇ ਚਿਤਵੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾਵੇ। ਰੰਘਰੇਟੇ ਸਿੱਖ, ਰਵਿਦਾਸੀਏ ਸਿੱਖ, ਕਬੀਰ ਪੰਥੀ ਸਿੱਖ, ਸ਼ਿਕਲੀਗਰ ਅਤੇ ਵਣਜਾਰੇ ਆਦਿ ਸਿੱਖਾਂ ਨੂੰ ਸਿੱਖ ਪੰਥ ਦਾ ਅਟੁੱਟ ਅੰਗ ਸਮਝ ਕੇ ਬਰਾਬਰ ਸਥਾਨ ਅਤੇ ਸਤਿਕਾਰ ਦਿੱਤਾ ਜਾਵੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ‘ਜਾਤ-ਪਾਤ ਮੁਕਤ ਸਿੱਖ ਸਮਾਜ’ ਦੇ ਸਿੱਟਾਮੁਖੀ ਨਾਅਰੇ ਨੂੰ ਸਮਰਪਿਤ ਹੋਣੀ ਚਾਹੀਦੀ ਹੈ ਅਤੇ ਇਹ ਲਹਿਰ ਸਿਰਫ਼ ਜ਼ੁਬਾਨੀ ਗੱਲਾਂ ਨਾਲ ਨਹੀਂ, ਬਲਕਿ ਅਮਲੀ ਯਤਨਾਂ ਵਾਲੀ ਹੋਣੀ ਚਾਹੀਦੀ ਹੈ। ਇਸ ਤਹਿਤ ਸਿੱਖਾਂ ਅੰਦਰ ਜਾਤ-ਪਾਤ ਤੋਂ ਉਪਰ ਉੱਠ ਕੇ ਵਿਆਹ-ਸ਼ਾਦੀਆਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਪੰਥ ਦੀ ਪ੍ਰਮਾਣਿਤ ‘ਸਿੱਖ ਰਹਿਤ ਮਰਯਾਦਾ’ ਦੇ ‘ਅਨੰਦ ਸੰਸਕਾਰ’ ਅਧਿਆਇ ਅਨੁਸਾਰ, ‘ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਦੇ ਹੋਣਾ ਚਾਹੀਦਾ ਹੈ।’ ਸਿਰਫ਼ ਗੁਰਸਿੱਖੀ ਦੀ ਯੋਗਤਾ ਨੂੰ ਮੁੱਖ ਰੱਖ ਕੇ, ਜਾਤ-ਪਾਤ ਵਿਚਾਰੇ ਬਗ਼ੈਰ ਵਿਆਹਾਂ ਦੀ ਸ਼ੁਰੂਆਤ ਹੀ ਸਹੀ ਰੂਪ ‘ਚ ਅੱਜ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਫ਼ੈਸਲਾਕੁੰਨ ਸਾਬਤ ਹੋ ਸਕਦੀ ਹੈ।
ਇਸ ਦੇ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਮੁਲਾਜ਼ਮਾਂ ਦੇ ਘਰਾਂ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਤਾਂ ਜੋ ਸਿੱਖ ਸਮਾਜ ਨੂੰ ਨਵੀਂ ਸੇਧ ਮਿਲ ਸਕੇ। ਜਾਤ-ਪਾਤ ਦਾ ਫ਼ਰਕ ਕੀਤੇ ਬਗ਼ੈਰ ‘ਰਹਿਤਵਾਨ ਸਿੱਖਾਂ’ ਨੂੰ, ਧਾਰਮਿਕ ਅਤੇ ਸਿਆਸੀ ਖੇਤਰ ‘ਚ ਬਰਾਬਰ ਜ਼ਿੰਮੇਵਾਰੀਆਂ ਨਿਭਾਉਣ ਦੇ ਮੌਕੇ ਦਿੱਤੇ ਜਾਣ।
ê¿ÜÅì ÓÚ êËä ñ¾×Æ Ò×˺×ñ˺âÓ çÆ ÞñÕ
ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਅੱਧੀ ਦਰਜਨ ਤੋਂ ਵੱਧ ਨਾਮੀ ਗੈਂਗਸਟਰਾਂ ਨੂੰ ਮੁਕਾਬਲਿਆਂ ਵਿੱਚ ਮਾਰਨ ਅਤੇ ਤਿੰਨ ਦਰਜਨ ਦੇ ਕਰੀਬ ਨੂੰ ਗ੍ਰਿਫ਼ਤਾਰ ਕਰਨ ਦੇ ਦਾਅਵਿਆਂ ਤੋਂ ਬਾਅਦ ਵੀ ਪੰਜਾਬ ‘ਗੈਂਗਸਟਰਾਂ’ ਦੀ ਦਹਿਸ਼ਤ ਤੋਂ ਮੁਕਤ ਨਹੀਂ ਹੋ ਸਕਿਆ। ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਸਮੇਂ 186 ਗੈਂਗਸਟਰ ਹਵਾਲਾਤੀ ਜਾਂ ਕੈਦੀਆਂ ਵਜੋਂ ਬੰਦ ਹਨ, ਜਿਨ੍ਹਾਂ ਵਿੱਚ ਏ ਕੈਟੇਗਿਰੀ ਦੇ 51, ਬੀ ਕੈਟੇਗਿਰੀ ਦੇ 85 ਅਤੇ ਸੀ ਕੈਟੇਗਿਰੀ ਦੇ 50 ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਏ ਤੋਂ ਸੀ ਕੈਟੇਗਿਰੀ ਤੱਕ ਦੇ ਗੈਂਗਸਟਰਾਂ ਦੀ ਕੁੱਲ ਗਿਣਤੀ 300 ਤੋਂ ਵਧੇਰੇ ਹੈ ਜਦੋਂਕਿ ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਕੁੱਲ ਗੈਂਗਸਟਰਾਂ ਦੀ ਗਿਣਤੀ ਕਰੀਬ 500 ਹੈ। ਇਨ੍ਹਾਂ ਤੱਥਾਂ ਤੋਂ ਪੰਜਾਬ ‘ਗੈਂਗਲੈਂਡ’ ਜਾਪਣ ਲੱਗਿਆ ਹੈ।
ਵਿੱਕੀ ਗੌਂਡਰ ਨੂੰ ਮੁਕਾਬਲੇ ਵਿੱਚ ਮਾਰਨ ਨੂੰ ਪੁਲਿਸ ਵੱਲੋਂ ਗੈਂਗਸਟਰਾਂ ਦੇ ਹੌਸਲੇ ਪਸਤ ਕਰਨ ਲਈ ਇੱਕ ਤਰ੍ਹਾਂ ਨਾਲ ਅਸਥਾਈ ਤੌਰ ‘ਤੇ ਕਾਮਯਾਬੀ ਮੰਨੀ ਜਾ ਰਹੀ ਹੈ। ਪੁਲਿਸ ਵੱਲੋਂ ਇੱਕ ਤਰ੍ਹਾਂ ਨਾਲ ‘ਚੋਰ-ਸਿਪਾਹੀ’ ਦੀ ਲੜਾਈ ਵਿੱਚ ਸਪੱਸ਼ਟ ਤੌਰ ‘ਤੇ ਇਹ ‘ਸਹਿਮ ਪੈਦਾ ਕਰਨ ਦੀ ਚਾਲ’ ਹੀ ਚੱਲੀ ਗਈ ਹੈ। ਇਸ ਦਾ ਕੁਝ ਹੱਦ ਤੱਕ ਹਾਲ ਦੀ ਘੜੀ ਅਸਰ ਵੀ ਦਿਖਾਈ ਦੇਣ ਲੱਗਿਆ ਹੈ।
ਪੁਲਿਸ ਨੂੰ ਆਪਣੀ ਹੀ ਪਿੱਠ ਥਪਥਪਾਉਣ ਦਾ ਮੌਕਾ ਮਿਲ ਗਿਆ ਹੈ। ਸਰਗਰਮ ਗੈਂਗਸਟਰਾਂ ਵੱਲੋਂ ਕੀਤੇ ਜਾਂਦੇ ਗੁਨਾਹਾਂ ਵਿੱਚ ਆਮ ਤੌਰ ‘ਤੇ ਸੁਪਾਰੀ ਲੈ ਕੇ ਹੱਤਿਆ ਕਰਨੀ, ਫਿਰੌਤੀ ਲਈ ਅਗਵਾ ਆਦਿ ਕਰਨ ਮਾਮਲੇ ਸ਼ਾਮਲ ਹਨ। ਪੁਲਿਸ ਵੱਲੋਂ ਹਾਲ ਹੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਚੋਣਵੇਂ ਵਿਅਕਤੀਆਂ ਦੀਆਂ ਹੱਤਿਆਵਾਂ ਵਿਚ ਵੀ ਗੈਂਗਸਟਰਾਂ ਵੱਲੋਂ ਭੂਮਿਕਾ ਨਿਭਾਈ ਗਈ ਹੈ ਤੇ ਗੈਂਗਸਟਰਾਂ ਦੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨਾਲ ਵੀ ਤਾਰ ਜੁੜੇ ਹੋਏ ਹਨ।
ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਦੇ ਪਿਛੋਕੜ ‘ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦਹਾਕਾ ਕੁ ਪਹਿਲਾਂ ਤੱਕ ਬਹੁਤੇ ਸ਼ਹਿਰਾਂ ਵਿੱਚ ਛੋਟੇ-ਛੋਟੇ ਗਰੁੱਪਾਂ ਵਿਚ ਸ਼ਾਮਲ ਨੌਜਵਾਨਾਂ ਦੇ ਗਰੁੱਪ ਹੁੰਦੇ ਸਨ, ਜੋ ਕਿ ਅਕਸਰ ਡਾਂਗਾਂ ਜਾਂ ਕਿਰਪਾਨਾਂ ਨਾਲ ਲੜਾਈ ਲੜਦੇ ਸਨ। ਇਨ੍ਹਾਂ ਨੂੰ ਸਥਾਨਕ ਪੱਧਰ ਦੇ ਸਿਆਸਤਦਾਨਾਂ ਦਾ ਆਸ਼ੀਰਵਾਦ ਹੁੰਦਾ ਸੀ ਤੇ ਪੁਲਿਸ ਥਾਣੇ ਵਿੱਚੋਂ ਝੱਟ ਛੁਡਾ ਵੀ ਲੈਂਦੇ ਸਨ।
ਦੇਖਿਆ ਜਾਵੇ ਤਾਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਅਜਿਹੇ ਸ਼ਹਿਰ ਮੰਨੇ ਜਾਂਦੇ ਸਨ, ਜਿੱਥੇ ਸਰਗਰਮ ਕੁਝ ਚੋਣਵੇਂ ਗੈਂਗਸਟਰਾਂ ਨੇ ਵੱਡੀ ਪਹੁੰਚ ਨਾਲ ਪਿਸਤੌਲ ਤੱਕ ਵਰਗੇ ਹਥਿਆਰ ਜ਼ਰੂਰ ਹਾਸਲ ਕਰ ਲਏ ਸਨ। ਇਨ੍ਹਾਂ ਗੈਂਗਸਟਰਾਂ ਨੂੰ ਸਥਾਨਕ ਪੱਧਰ ‘ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਸ਼ਹਿਰੀ ਨੇਤਾਵਾਂ ਵੱਲੋਂ ਸਰਪ੍ਰਸਤੀ ਦੇਣ ਦੇ ਤੱਥ ਵੀ ਸਾਹਮਣੇ ਆਉਂਦੇ ਹਨ। ਕਈ ਸ਼ਹਿਰਾਂ ਵਿੱਚ ਪੁਲਿਸ ਨੇ ਵੀ ਇਨ੍ਹਾਂ ਗਰੁੱਪਾਂ ਨੂੰ ਪਨਪਣ ਵਿਚ ਮਦਦ ਕੀਤੀ। ਸਿਆਸੀ ਲੋਕਾਂ ਵੱਲੋਂ ਵਿਗੜੀ ਹੋਈ ਮੁੰਡੀਰ ਨੂੰ ਚੋਣਾਂ ਦੇ ਇਮਤਿਹਾਨ ਦੌਰਾਨ ਬੂਥਾਂ ‘ਤੇ ਕਬਜ਼ੇ ਕਰਨ, ਜ਼ਮੀਨਾਂ ਹਥਿਆਉਣ ਜਾਂ ਹੋਰਨਾਂ ਕੰਮਾਂ ਲਈ ਵਰਤਿਆ ਜਾਂਦਾ ਸੀ। ਪੁਲਿਸ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਸਾਲ 2010 ਤੋਂ ਬਾਅਦ ਗੈਂਗਸਟਰਾਂ ਦੀਆਂ ਗਤੀਵਿਧੀਆਂ ਉਦੋਂ ਰੜਕਣ ਲੱਗੀਆਂ ਜਦੋਂ ਇਨ੍ਹਾਂ ਦੇ ਹੱਥ ਆਧੁਨਿਕ ਕਿਸਮ ਦੇ ਖ਼ਤਰਨਾਕ ਹਥਿਆਰ ਆਉਣ ਲੱਗੇ ਅਤੇ ਫਿਰੌਤੀ ਲਈ ਅਗਵਾ ਦੀਆਂ ਘਟਨਾਵਾਂ ਵਧਣ ਲੱਗੀਆਂ। ਡਿੰਪੀ ਚੰਦ ਭਾਨ ਅਤੇ ਰੌਕੀ ਦੇ ਗੈਂਗਸਟਰਾਂ ਦੀ ਦੁਨੀਆਂ ਤੋਂ ਬਾਅਦ ਸਿਆਸਤ ਵਿੱਚ ਦਾਖ਼ਲੇ ਨੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਪਾਸੇ ਵੱਲ ਪ੍ਰੇਰਨਾ ਸ਼ੁਰੂ ਕਰ ਦਿੱਤਾ। ਧੜਿਆਂ ਵਿਚ ਵੰਡੇ ਗੈਂਗਸਟਰਾਂ ਵਿਚਾਲੇ ‘ਗੈਂਗਵਾਰ’ ਦੀਆਂ ਘਟਨਾਵਾਂ ਦੀ ਵਧਣ ਲੱਗ ਪਈਆਂ। ਰੌਕੀ ਅਤੇ ਹੋਰਨਾਂ ਕਈਆਂ ਦੇ ਕਤਲ ਗੈਂਗਵਾਰ ਦਾ ਹੀ ਸਿੱਟਾ ਹਨ।
ÃîÅÇÜÕ åÅäÅ-ìÅäÅ é½ÜòÅé» ù è¾Õ ÇðÔÅ þ ÁêðÅè ò¾ñ
ਚੰਡੀਗੜ੍ਹ : ਸਮਾਜ ਸ਼ਾਸਤਰੀਆਂ ਅਤੇ ਰਾਜਨੀਤਿਕ ਵਿਗਿਆਨੀਆਂ ਦੀ ਸੁਣੀ ਜਾਵੇ ਤਾਂ ਬੇਰੁਜ਼ਗਾਰੀ, ઠਹਥਿਆਰਾਂ ਦਾ ਸ਼ੌਕ, ਲੋਕਾਂ ਵਿੱਚ ਨਿਵੇਕਲੀ ਪਛਾਣ ਅਤੇ ਤਾਕਤ ਦਾ ਮੁਜ਼ਾਹਰਾ ਕਰਨ ਦੀ ਖ਼ਾਹਿਸ਼ ਸਮੇਤ ਸਮਾਜਿਕ ਸਰੋਕਾਰਾਂ ਤੋਂ ਸੱਖਣੀ ਸਿਆਸਤ ਅਤੇ ਵਰਤਮਾਨ ਸਮਾਜਿਕ ਤਾਣਾ-ਬਾਣਾ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆਂ ਵੱਲ ਧੱਕਣ ਲਈ ਜ਼ਰਖ਼ੇਜ਼ ਜ਼ਮੀਨ ਦਾ ਕੰਮ ਕਰ ਰਿਹਾ ਹੈ। ਪ੍ਰਬੰਧਕੀ ਤਾਣੇ-ਬਾਣੇ ਤੋਂ ਇਨਸਾਫ਼ ਦੀ ਨਾ-ਉਮੀਦੀ ਤੇ ਗੈਂਗਸਟਰਾਂ ਵੱਲੋਂ ਦਿਵਾਇਆ ਜਾ ਰਿਹਾ ਤੁਰੰਤ ਨਿਆਂ ਬਹੁਤ ਸਾਰੇ ਗੈਂਗਸਟਰਾਂ ਨੂੰ ਸਮਾਜਿਕ ਮਾਨਤਾ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਇਸ ਵੇਲੇ ਪੰਜਾਬ ਦੀ ਧਰਤੀ ਤੋਂ ਬੇਮੁੱਖ ਹੋ ਕੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾ ਕੇ ਵਸਣ ਲਈ ਯਤਨ ਕਰ ਰਹੇ ਹਨ। ਕਿਸਾਨ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਖੇਡਾਂ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਨੌਜਵਾਨਾਂ ਦਾ ਇੱਕ ਹਿੱਸਾ ਗੈਂਗਸਟਰ ਬਣਨ ਲਈ ਕਿਉਂ ਕਾਹਲਾ ਹੈ? ਪੁਲਿਸ ਵੱਲੋਂ ਮਾਰਿਆ ਗਿਆ ਕੋਈ ਵੀ ਨੌਜਵਾਨ ਭਾਵੇਂ ਗੈਂਗਸਟਰ ਹੀ ਹੋਵੇ, ਪਰ ਉਸ ਦੀ ਮੌਤ ਮਗਰੋਂ ਸਿਆਸੀ ਆਗੂਆਂ ਅਤੇ ਪਾਰਟੀਆਂ ਵਿੱਚ ਮਨਾਏ ਜਾਂਦੇ ਜਸ਼ਨ ਤੇ ਵਧਾਈਆਂ ਦੇਣ ਦਾ ਚਲਣ ਇਸੇ ਮਾਨਸਿਕਤਾ ਦਾ ਪ੍ਰਤੀਕ ਹੈ ਕਿ ਹੁਕਮਰਾਨ ਇਸ ਅਸਲੋਂ ਗੰਭੀਰ ਵਰਤਾਰੇ ਪਿਛਲੇ ਕਾਰਨਾਂ ਤੱਕ ਜਾਣ ਨੂੰ ਤਿਆਰ ਨਹੀਂ ਹਨ। ਇਸੇ ਮਾਨਸਿਕਤਾ ਨੂੰ ਦੇਖਦਿਆਂ ਸੰਗਠਿਤ ਅਪਰਾਧ ਦਾ ਡਰ ਦਿਖਾ ਕੇ ਪੁਲਿਸ ਪਕੋਕਾ ਜਾਂ ਹੋਰ ਕਈ ਤਰ੍ਹਾਂ ਦੇ ਸਖ਼ਤ ਕਾਨੂੰਨ ਬਣਾਉਣ ਨੂੂੰ ਤਰਜੀਹ ਦੇ ਰਹੀ ਹੈ, ਜਿਨ੍ਹਾਂ ਦੀ ਆੜ ਵਿੱਚ ਬਹੁਤ ਸਾਰੇ ਬੇਕਸੂਰ ਨੌਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ઠਪ੍ਰੋਫੈਸਰ ઠਹਰਵਿੰਦਰ ਸਿੰਘ ਭੱਟੀ ਦਾ ਮੰਨਣਾ ਹੈ ਕਿ ਜ਼ਮੀਨਾਂ ਦੀ ਲਗਾਤਾਰ ਹੋ ਰਹੀ ਵੰਡ, ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਘੱਟ ਰਹੀ ਵੁੱਕਤ ਨੌਜਵਾਨਾਂ ਨੂੰ ਅਪਰਾਧਿਕ ਰਾਹਾਂ ਵੱਲ ਧੱਕ ਰਹੀ ਹੈ। ਹੁਣ ਸਰਪੰਚ ਬਣ ਕੇ ਮੁੱਖ ਮੰਤਰੀ ਦੀ ਕੁਰਸੀ ਦਾ ਸੁਫ਼ਨਾ ਦੇਖਣ ਦਾ ਦੌਰ ਖ਼ਤਮ ਹੋ ਚੁੱਕਿਆ ਹੈ। ਸਿਆਸਤ ਕੁਝ ਪਰਿਵਾਰਾਂ ਦੀ ਜਕੜ ਵਿੱਚ ਹੈ। ਸਾਧਾਰਨ ਪਰਿਵਾਰਾਂ ਦੇ ਨੌਜਵਾਨਾਂ ਲਈ ਸਿਆਸਤ ਦਾ ਰਾਹ ਲਗਭਗ ਬੰਦ ਹੋ ਚੁੱਕਿਆ ਹੈ। ਸਥਾਨਕ ਪੱਧਰ ‘ਤੇ ਨਗਰ ਨਿਗਮ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ਜ਼ੋਰ ਜ਼ਬਰਦਸਤੀ ਨਾਲ ਸੱਤਾਧਾਰੀ ਧਿਰ ਵੱਲੋਂ ਆਪਣੇ ਹੀ ਜੀ-ਹਜ਼ੂਰੀਆਂ ਨੂੰ ਜਿਤਾਉਣ ਦਾ ਰਿਵਾਜ ਨੌਜਵਾਨਾਂ ਨੂੰ ਨਿਰਾਸ਼ ਕਰ ਰਿਹਾ ਹੈ।ਕਰੀਬ ਚਾਲੀ ਸਾਲ ਪਹਿਲਾਂ ਵਿਦਿਆਰਥੀ ਰਾਜਨੀਤੀ ਵਿੱਚੋਂ ਆਏ ਜਗਮੀਤ ਬਰਾੜ, ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਰ ਦਵਿੰਦਰ ਸਿੰਘ ਤੋਂ ઠਬਾਅਦ ਕੁਲਜੀਤ ਨਾਗਰਾ ਅਪਵਾਦ ਦੇ ਰੂਪ ਵਿੱਚ ਪ੍ਰਵਾਨ ਚੜ੍ਹਿਆ ਹੈ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਪੈਂਦੇ ਸਨ, ਪਰ ਗੈਂਗਸਟਰ ਬਣਨ ਦਾ ਰੁਝਾਨ ਨਵਾਂ ਹੈ। ਸਕੂਲ ਵਿੱਚੋਂ ਨਿਕਲੇ ਨੌਜਵਾਨ ਆਪਣੇ ਆਲੇ-ਦੁਆਲੇ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦੇ ਹਨ। ਅਜਿਹੀ ਹਾਲਤ ਵਿੱਚ ਜਿਹੜੀ ਗੱਡੀ ઠਮਿਲੀ, ਉਸੇ ‘ਤੇ ਚੜ੍ਹ ਜਾਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਚੌਤਰਫ਼ਾ ਫੈਲੇ ਰੇਤ, ਸ਼ਰਾਬ ਤੇ ਡਰੱਗ ਮਾਫ਼ੀਆ ਸਮੇਤ ਬੇਕਸੂਰਾਂ ‘ਤੇ ਕੀਤੇ ਜਾਂਦੇ ਪੁਲਿਸੀਆ ਤਸ਼ੱਦਦ ਤੇ ਜੇਲ੍ਹਾਂ ਵਿੱਚ ਹੁੰਦੇ ਗ਼ੈਰਮਨੁੱਖੀ ਵਿਵਹਾਰ ਕਰਕੇ ਕਈ ਵਾਰ ਨੌਜਵਾਨ ਅਪਰਾਧਿਕ ਬਿਰਤੀਆਂ ਵੱਲ ਧੱਕ ਦਿੱਤੇ ਜਾਂਦੇ ਹਨ। ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਕਾਲਜਾਂ-ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਵਿੱਚ ਵਿਚਾਰਧਾਰਕ ਗਰੁੱਪ ਵੀ ਨਾਮਾਤਰ ਹੀ ਹਨ।ਮੌਜੂਦਾ ਗਾਣਿਆਂ, ਫਿਲਮਾਂ ਆਦਿ ਰਾਹੀਂ ਹਿੰਸਾ ਅਤੇ ਹਥਿਆਰਾਂ ਨੂੰ ਮਿਲਦੀ ਮਾਨਤਾ ਵੀ ਨੌਜਵਾਨਾਂ ਨੂੰ ਗੈਂਗਸਟਰ ਬਣਨ ਵੱਲ ਪ੍ਰੇਰਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਜਗਰੂਪ ਸੇਖੋਂ ਮੰਨਦੇ ਹਨ ਕਿ ਜੱਗਾ ਜੱਟ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ, ਜਿਊਣਾ ਮੌੜ, ਦੁੱਲਾ ਭੱਟੀ ਪੰਜਾਬ ਦੇ ਵਿਰਾਸਤੀ ਨਾਇਕ ਹਨ ਤੇ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਅਜੋਕੇ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਵਰਤੋਂ ਕਰਨੀ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ। ਜਦੋਂ ਸਿਸਟਮ ਇਨਸਾਫ਼ ਦੇਣਾ ਬੰਦ ਕਰ ਜਾਂਦਾ ਹੈ ਤਾਂ ਲੋਕ ਜਾਂ ਤਾਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ, ਤੇ ਕੁਝ ਹਾਰ ਕੇ ઠਜ਼ਿੰਦਗੀ ਜਿਵੇਂ-ਕਿਵੇਂ ਕੱਢਣ ਦਾ ਰਾਹ ਅਪਣਾ ਲੈਂਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ, ਜੋ ਸਿਸਟਮ ਖ਼ਿਲਾਫ਼ ਬਗਾਵਤੀ ਸੁਰ ਰੱਖਦੇ ਹਨ। ਜੇ ਅਜਿਹੇ ਨੌਜਵਾਨਾਂ ਨੂੰ ਵਿਚਾਰਧਾਰਕ ਸੇਧ ਮਿਲ ਜਾਵੇ ਤਾਂ ਉਹ ਇਨਕਲਾਬੀ ਭੂਮਿਕਾ ਨਿਭਾਉਂਦੇ ਹਨ, ਨਹੀਂ ਤਾਂ ਗੈਂਗਸਟਰ ਬਣਨ ਵਰਗੇ ਰਾਹਾਂ ‘ਤੇ ਤੁਰ ਪੈਂਦੇ ਹਨ। ਅਰਥ ਸ਼ਾਸਤਰੀ ਪ੍ਰੋ. ਸੁੱਚਾ ਸਿੰਘ ਗਿੱਲ ਕਹਿੰਦੇ ਹਨ ਕਿ ਅਸਲ ਵਿੱਚ ਨੌਜਵਾਨਾਂ ਦਾ ਸੁਫ਼ਨਾ ਗੁਆਚ ਰਿਹਾ ਹੈ। ਨੌਜਵਾਨ ਉਮਰ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਰੁਜ਼ਗਾਰ ਨਹੀਂ। ਗੈਂਗਸਟਰ ਜ਼ਿਆਦਾ ਪੇਂਡੂ ਮੁੰਡੇ ਹਨ। ਚੰਗੇ ਖਿਡਾਰੀ ਵੀ ਹਨ, ਪਰ ਸਿਸਟਮ ਉਨ੍ਹਾਂ ਨਾਲ ਬੇਰੁਖੀ ਨਾਲ ਪੇਸ਼ ਆਉਂਦਾ ਹੈ। ਪੇਂਡੂ ਅਰਥਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਜਦੋਂ ਇਹ ਨੌਜਵਾਨ ਆਗੂਆਂ ਅਤੇ ਅਫ਼ਸਰਾਂ ਨੂੰ ਤੇਜ਼ੀ ਨਾਲ ਅਮੀਰ ਹੁੰਦਿਆਂ ਦੇਖਦੇ ਹਨ ਤਾਂ ਆਪ ਵੀ ਕੋਈ ਸੌਖਾ ਰਾਹ ਤਲਾਸ਼ਣ ਲੱਗਦੇ ਹਨ। ਗੈਂਗਸਟਰਾਂ ਦੇ ਵਰਤਾਰੇ ਬਾਰੇ ਗੰਭੀਰ ਅਧਿਐਨ ਦੀ ਲੋੜ ਹੈ।
ਰਾਜਨੀਤੀ ਦਾ ਸ਼ਿਕਾਰ ਹੋਇਆ ਗੁਰਪ੍ਰੀਤ ਸੇਖੋਂ
ਫ਼ਿਰੋਜ਼ਪੁਰ : ਨਾਭਾ ਜੇਲ੍ਹ ਤੋਂ ਫ਼ਰਾਰ ਹੋਏ ਛੇ ਕੈਦੀਆਂ ਵਿੱਚ ਸ਼ਾਮਲ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਫ਼ਿਰੋਜ਼ਪੁਰ ਦੇ ਪਿੰਡ ਮੁੱਦਕੀ ਦਾ ਰਹਿਣ ਵਾਲਾ ਹੈ। ਇੱਕ ਦਰਜਨ ਤੋਂ ਵੱਧ ਮਾਮਲਿਆਂ ਵਿੱਚ ਸ਼ਾਮਲ ਦੱਸੇ ਜਾਂਦੇ ਗੁਰਪ੍ਰੀਤ ਦੇ ਪਿਤਾ ਜਗੀਰ ਸਿੰਘ ਦਾ ਦੋਸ਼ ਹੈ ਕਿ ਗੁਰਪ੍ਰੀਤ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਰਾਜਨੀਤੀ ਦਾ ਸ਼ਿਕਾਰ ਹੋਇਆ ਤੇ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋ ਗਿਆ। ਜਗੀਰ ਸਿੰਘ ਮੁਤਾਬਕ ਗੁਰਪ੍ਰੀਤ ਦਾ ਦਾਦਾ ਸੁੱਚਾ ਸਿੰਘ 1947 ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ, ਜਿਸ ਮਗਰੋਂ ਸਾਰਾ ਪਰਿਵਾਰ ਹੀ ਕਾਂਗਰਸ ਪਾਰਟੀ ਨਾਲ ਜੁੜ ਗਿਆ। 2012 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਅਕਾਲੀ ਪਾਰਟੀ ਦੇ ਕੁਝ ਲੀਡਰ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਏ ਤੇ ਇੱਕ ਸਾਜ਼ਿਸ਼ ਤਹਿਤ ਗੁਰਪ੍ਰੀਤ ਖ਼ਿਲਾਫ਼ ਝੂਠੇ ਪੁਲਿਸ ઠਮੁਕੱਦਮੇ ਦਰਜ ਹੋਣ ਲੱਗੇ। ਗੁਰਪ੍ਰੀਤ ਦੀ ਕਹਾਣੀ ਕਿਸੇ ਫ਼ਿਲਮੀ ਕਹਾਣੀ ਨਾਲੋਂ ਘੱਟ ਨਹੀਂ। ਉਹ ਮੁੱਦਕੀ ਦੇ ਸ਼ਹੀਦਗੰਜ ਪਬਲਿਕ ਸਕੂਲ ਵਿੱਚ ਪੜ੍ਹਨ ਜਾਂਦਾ ਸੀ ਤੇ ਕੁਸ਼ਤੀ ਖੇਡਣ ਦਾ ਸ਼ੌਕੀਨ ਸੀ। ਆਰਥਿਕ ਪੱਖੋਂ ਮਜ਼ਬੂਤ ਸੇਖੋਂ ਪਰਿਵਾਰ ਉਸ ਨੂੰ ਪੜ੍ਹਾ ਲਿਖਾ ਕੇ ਵੱਡਾ ਅਫ਼ਸਰ ਬਣਾਉਣਾ ਚਾਹੁੰਦਾ ਸੀ। ਪਿਤਾ ਮੁਤਾਬਕ ਗੁਰਪ੍ਰੀਤ ਨੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਕਰਨ ਮਗਰੋਂ ਚੰਡੀਗੜ੍ਹ ਤੋਂ ਫ਼ਲਾਈਟ ਸਟੁਵਰਟ ਦਾ ਕੋਰਸ ਵੀ ਕੀਤਾ, ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਾਲ 2011 ਵਿੱਚ ਪਿਤਾ ਨੇ ਉਸ ਨੂੰ ਮੁੱਦਕੀ ਵਿੱਚ ਇੱਟਾਂ ਦਾ ਭੱਠਾ ਲਾ ਦਿੱਤਾ। ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਗੁਰਪ੍ਰੀਤ ਖੁੱਲ੍ਹ ਕੇ ਕਾਂਗਰਸ ਦੀ ਮਦਦ ਕਰਨ ਲੱਗਾ, ਜਿਥੋਂ ਉਸ ਦਾ ਅਕਾਲੀ ਪਾਰਟੀ ਦੇ ਆਗੂਆਂ ਨਾਲ ਵਿਗਾੜ ਪੈ ਗਿਆ। ਇਨ੍ਹਾਂ ਚੋਣਾਂ ਦੌਰਾਨ ਹੀ ਉਸ ਦੀ ਮੁਲਾਕਾਤ ਗੈਂਗਸਟਰ ਸ਼ੇਰਾ ਖੁੱਬਣ ਨਾਲ ਹੋਈ। ਜਗੀਰ ਸਿੰਘ ਨੇ ਦੱਸਿਆ ਕਿ ਅਕਾਲੀ ਆਗੂਆਂ ਦੀ ਸ਼ਹਿ ‘ਤੇ ਗੁਰਪ੍ਰੀਤ ਖ਼ਿਲਾਫ਼ ਫ਼ਿਰੋਜ਼ਪੁਰ ਵਿੱਚ ਲਗਾਤਾਰ ਕਈ ਝੂਠੇ ਕੇਸ ਦਰਜ ਕੀਤੇ ਗਏ। ਪੁਲਿਸ ਤੋਂ ਡਰਦਾ ਗੁਰਪ੍ਰੀਤ ਘਰੋਂ ਬੇਘਰ ਹੋ ਗਿਆ ਤੇ ਮਜਬੂਰਨ ਪਿਤਾ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ।
ਗੈਂਗਸਟਰ ਸ਼ੇਰਾ ਖੁੱਬਣ ਨਾਲ ਸਬੰਧ ਹੋਣ ਕਰਕੇ ਪੁਲਿਸ ਨੇ ਮਲੋਟ ਤੋਂ ਸ਼ੇਰਾ ਨਾਲ ਜੁੜੇ ਅਗਵਾ ਦੇ ਇੱਕ ਮਾਮਲੇ ਵਿੱਚ ਪਹਿਲੀ ਵਾਰ ਗੁਰਪ੍ਰੀਤ ਸੇਖੋਂ ਨੂੰ ਵੀ ਸ਼ਾਮਲ ਦੱਸਿਆ। ਹੌਲੀ-ਹੌਲੀ ਗੁਰਪ੍ਰੀਤ ਦਾ ਸੰਪਰਕ ਨਾਮੀਂ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ, ਪ੍ਰੇਮ ਸਿੰਘ ਉਰਫ਼ ਪ੍ਰੇਮਾ ਲਾਹੌਰੀਆ, ਰਮਨਦੀਪ ਸਿੰਘ ਉਰਫ਼ ਰੰਮੀ ਮਸਾਣਾ, ਤੀਰਥ ਸਿੰਘ ਢਿੱਲਵਾਂ, ਚੰਦੂ ਫ਼ਿਰੋਜ਼ਪੁਰ, ਯੋਧਾ ਕੋਠੇ ਗੁਰੂ, ਨੀਟਾ ਦਿਓਲ, ਧਰੁਵ ਦੌਧਰ ਨਾਲ ਵੀ ਹੋਇਆ।
ਇਨ੍ਹਾਂ ਸਾਰਿਆਂ ਦਾ ਗਰੋਹ ‘ਗੈਂਗਜ਼ ਆਫ਼ ਬਾਦਲਪੁਰ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। 21 ਜਨਵਰੀ 2015 ਨੂੰ ਜਲੰਧਰ ਨੇੜੇ ਗੋਰਾਇਆ ਕੋਲ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਅੰਡਰ ਟਰਾਇਲ ਗੈਂਗਸਟਰ ਸੁੱਖਾ ਕਾਹਲਵਾਂ ਦੀ ਮੌਤ ਮਗਰੋਂ ਗਰਪ੍ਰੀਤ ਸੇਖੋਂ ਦਾ ਨਾਮ ਇੱਕ ਵਾਰ ਫ਼ਿਰ ਉਭਰ ਕੇ ਸਾਹਮਣੇ ਆਇਆ। ਕਿਹਾ ਜਾਂਦਾ ਹੈ ਕਿ ਸੁੱਖਾ ਕਾਹਲਵਾਂ ਨੂੰ ਮਾਰਨ ਦੀ ਤਿਆਰੀ ਗੁਰਪ੍ਰੀਤ ਦੇ ਮੁੱਦਕੀ ਸਥਿਤ ਭੱਠੇ ‘ਤੇ ਹੀ ਹੋਈ ਸੀ, ਜਿਸ ਦਾ ਮਾਸਟਰ ਮਾਈਂਡ ਗੁਰਪ੍ਰੀਤ ਸੇਖੋਂ ਹੀ ਸੀ।
ਗੈਂਗਸਟਰਾਂ ਨੂੰ ਮੁੱਖ ਧਾਰਾ ‘ਚ ਲਿਆਏਗੀ ਪੰਜਾਬ ਪੁਲਿਸ
ਗਾਇਕਾਂ ਨੂੰ ਵੀ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ
ਚੰਡੀਗੜ੍ਹ : ਪੰਜਾਬ ਪੁਲਿਸ ਨੇ ਸੂਬੇ ਵਿੱਚ ਸਰਗਰਮ ਗੈਂਗਸਟਰਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਅਤੇ ਹਥਿਆਰ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਡੀਜੀਪੀ ਸੁਰੇਸ਼ ਅਰੋੜਾ ਦੀਆਂ ਹਦਾਇਤਾਂ ‘ਤੇ ‘ਸੰਗਠਿਤ ਅਪਰਾਧ ਰੋਕੂ ਯੂਨਿਟ’ (ਓਸੀਸੀਯੂ) ਵੱਲੋਂ ਇਸ ਸਬੰਧੀ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ, ਰੇਂਜਾਂ ਦੇ ਡੀਆਈਜੀਜ਼ ਅਤੇ ਜ਼ੋਨਲ ਆਈਜੀਜ਼ ਨੂੰ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਗਾਇਕਾਂ ਤੱਕ ਪਹੁੰਚ ਕਰਨ ਲਈ ਕਿਹਾ ਗਿਆ ਹੈ। ਓਸੀਸੀਯੂ ਦੇ ਆਈਜੀ ਵੱਲੋਂ ਲਿਖੇ ਇਸ ਪੱਤਰ ਦੇ ਨਾਲ ਏ, ਬੀ ਅਤੇ ਸੀ ਕੈਟੇਗਿਰੀ ਦੇ ਗੈਂਗਸਟਰਾਂ ਦੀ ਸੂਚੀ ਵੀ ਨੱਥੀ ਕੀਤੀ ਗਈ ਹੈ ਤੇ ਇੱਕ ਪ੍ਰੋਫਾਰਮਾਂ ਵੀ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਹ ਮੁਹਿੰਮ ਨਿੱਜੀ ਨਿਗਰਾਨੀ ਹੇਠ ਚਲਾਉਣ ਤੇ 11 ਫਰਵਰੀ ਤੱਕ ਪੁਲਿਸ ਅਫ਼ਸਰਾਂ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਇਹ ਮੁਹਿੰਮ ‘ਝੂਠੇ ਪੁਲਿਸ’ ਮੁਕਾਬਲਿਆਂ ਦੀ ਬਦਨਾਮੀ ਦਾ ਦਾਗ ਧੋਣ ਲਈ ਚਲਾਈ ਗਈ ਹੈ। ਪੁਲਿਸ ਵੱਲੋਂ ਹਾਲ ਹੀ ਵਿਚ ਮਾਰੇ ਗਏ ਦੋ ਗੈਂਗਸਟਰਾਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਮੁਕਾਬਲਾ ਫ਼ਰਜ਼ੀ ਹੋਣ ਦੇ ਦੋਸ਼ ਲਾ ਕੇ ਪੁਲਿਸ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਸੀ। ਗੈਂਗਸਟਰਾਂ ਦੀਆਂ ਅੰਤਿਮ ਯਾਤਰਾਵਾਂ ਅਤੇ ਭੋਗ ਸਮਾਗਮਾਂ ਵਿਚ ਲੋਕਾਂ ਦਾ ਇਕੱਠੇ ਹੋਣਾ ਵੀ ਪੁਲਿਸ ਲਈ ਸਿਰਦਰਦੀ ਬਣ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਦਿੱਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਅਤੇ ਉਨ੍ਹਾਂ (ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ) ਨੂੰ ਇਸ ਗੱਲ ਲਈ ਮਨਾਇਆ ਜਾਵੇ ਕਿ ਉਹ ‘ਗੈਂਗਸਟਰ’ ਨੂੰ ਜੁਰਮ ਦਾ ਰਾਹ ਛੱਡ ਕੇ ਆਤਮ ਸਮਰਪਣ ਕਰਨ ਲਈ ਪ੍ਰੇਰਿਤ ਕਰਨ। ਪੁਲਿਸ ਅਫ਼ਸਰਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਅਪਰਾਧ ਦੀ ਦੁਨੀਆਂ ਵਿਚ ਪੈ ਚੁੱਕੇ ਗੈਂਗਸਟਰਾਂ ਦੀ ਘਰ ਵਾਪਸੀ ਲਈ ਹੀ ਯਤਨ ਨਾ ਕਰਨ ਸਗੋਂ ਹੋਰਨਾਂ ਨੌਜਵਾਨਾਂ ਨੂੰ ਵੀ ਹਥਿਆਰਾਂ ਤੋਂ ਦੂਰ ਰਹਿ ਕੇ ਅਮਨ ਪਸੰਦ ਸ਼ਹਿਰੀਆਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕਰਨ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬੀ ਗਾਇਕਾਂ ਵੱਲੋਂ ਗਾਣਿਆਂ ਅਤੇ ਗੀਤਾਂ ਦਾ ਫਿਲਮਾਂਕਣ ਕਰਨ ਸਮੇਂ ਹਥਿਆਰ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਗੀਤਾਂ ਵਿੱਚ ਗੈਂਗਸਟਰਾਂ ਦੇ ‘ਸੋਹਲੇ ਗਾਉਣਾ’ ਵੀ ਸਮਾਜ ਲਈ ਮਾਰੂ ਸਾਬਤ ਹੋ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਗੈਂਗਸਟਰਾਂ ਦੇ ਪਰਿਵਾਰਾਂ ਵਾਂਗ ਹੀ ਪੰਜਾਬੀ ਗਾਇਕਾਂ ਨਾਲ ਵੀ ਮੀਟਿੰਗਾਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਤੇ ਇਸ ਦੀ ਰਿਪੋਰਟ ਦੇਣ ਲਈ ਵੀ ਪ੍ਰੋਫਾਰਮਾ ਭੇਜਿਆ ਹੈ।
ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਹਨ 186 ਗੈਂਗਸਟਰઠ : ਪੰਜਾਬ ਦੀਆਂ ਜੇਲ੍ਹਾਂ ‘ਚ 186 ਗੈਂਗਸਟਰ ਹਵਾਲਾਤੀ ਜਾਂ ਕੈਦੀਆਂ ਵਜੋਂ ਬੰਦ ਹਨ। ਜਿਨ੍ਹਾਂ ‘ਚੋਂ 51 ਏ ਕੈਟੇਗਿਰੀ, 85 ਬੀ ਕੈਟੇਗਿਰੀ ਤੇ 50 ਸੀ ਕੈਟੇਗਿਰੀ ‘ਚ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਏ ਤੋਂ ਸੀ ਕੈਟੇਗਿਰੀ ਤੱਕ ਦੇ ਗੈਂਗਸਟਰਾਂ ਦੀ ਕੁੱਲ ਗਿਣਤੀ 300 ਤੋਂ ਵਧੇਰੇ ਹੈ। ਜਦੋਂ ਕਿ ਸੂਤਰਾਂ ਦਾ ਕਹਿਣਾ ਹੈ ਕਿ ਕੁੱਲ ਗੈਂਗਸਟਰਾਂ ਦੀ ਗਿਣਤੀ 500 ਹੈ। ਪੁਲਿਸ ਵੱਲੋਂ ਐਸਐਸਪੀਜ਼ ਨੂੰ ਜਿਹੜੀ ਸੂਚੀ ਭੇਜੀ ਗਈ ਹੈ ਉਸ ਨਾਲ 33 ਗੈਂਗਸਟਰਾਂ ਦੀ ઠਸੂਚੀ ਨੱਥੀ ਕੀਤੀ ਗਈ ਹੈ।

Check Also

ਪੰਜਾਬ ‘ਚ ਫੁੱਟਬਾਲ ਦੀ ਖੇਡ ਸਰਕਾਰੀ ਬੇਰੁਖੀ ਦਾ ਹੋਈ ਸ਼ਿਕਾਰ

ਫੁੱਟਬਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਵਾਸਤੇ ਵੱਡੀਆਂ ਸੰਸਥਾਵਾਂ ਪਿੱਛੇ ਹਟੀਆਂ ਚੰਡੀਗੜ੍ਹ : ਫੀਫਾ ਵਿਸ਼ਵ ਕੱਪ …