Breaking News
Home / ਪੰਜਾਬ / ਮੰਤਰੀ ਬਣਨ ਵਾਲੇ ਕਾਂਗਰਸੀ ਵਿਧਾਇਕਾਂ ਦੀ ਸੂਚੀ ਰਾਹੁਲ ਦਰਬਾਰ ‘ਚ ਪੇਸ਼

ਮੰਤਰੀ ਬਣਨ ਵਾਲੇ ਕਾਂਗਰਸੀ ਵਿਧਾਇਕਾਂ ਦੀ ਸੂਚੀ ਰਾਹੁਲ ਦਰਬਾਰ ‘ਚ ਪੇਸ਼

10 ਵਿਭਾਗਾਂ ਦਾ ਕੰਮ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ
ਚੰਡੀਗੜ੍ਹ/ਬਿਊਰੋ ਨਿਊਜ਼
ਵਾਰ-ਵਾਰ ਕਿਸੇ ਨਾ ਕਿਸੇ ਆਨੇ-ਬਹਾਨੇ ਪੰਜਾਬ ਦੇ ਮੰਤਰੀ ਮੰਡਲ ਦਾ ਵਾਧਾ ਰੁਕਦਾ ਰਿਹਾ। ਦਸ ਵਿਭਾਗਾਂ ਨੂੰ ਸਿੱਧਿਆਂ ਸੰਭਾਲ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਇਸ ਨੂੰ ਆਪਣੇ ‘ਤੇ ਬੇਲੋੜਾ ਭਾਰ ਸਮਝਣ ਲੱਗ ਪਏ ਹਨ ਤੇ ਇਸ ਲਈ ਉਨ੍ਹਾਂ ਨੇ ਆਪਣੀ ਕੈਬਨਿਟ ਦੇ ਵਿਸਥਾਰ ਦੀ ਤਿਆਰੀ ਕਰ ਲਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨੀਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਪਾਰਟੀ ਦੇ ਸੁਪਰੀਮ ਰਾਹੁਲ ਗਾਂਧੀ ਨਾਲ ਜਦੋਂ ਦਿੱਲੀ ਵਿਚ ਬੈਠਕ ਕੀਤੀ ਤਾਂ ਉਸ ਦੌਰਾਨ ਉਨ੍ਹਾਂ ਪੰਜਾਬ ਦੇ ਵਿਧਾਇਕਾਂ ਦੀ ਇੱਕ ਸੂਚੀ ਵੀ ਰਾਹੁਲ ਗਾਂਧੀ ਹਵਾਲੇ ਕਰ ਦਿੱਤੀ ਹੈ। ਜਿਨ੍ਹਾਂ ‘ਚੋਂ ਹੁਣ ਹਾਈਕਮਾਂਡ ਦੀ ਮੋਹਰ ਲੱਗਣ ਤੋਂ ਬਾਅਦ 9 ਵਿਧਾਇਕਾਂ ਦਾ ਮੰਤਰੀ ਬਣਨਾ ਤੈਅ ਹੈ। ਧਿਆਨ ਰਹੇ ਕਿ ਪੰਜਾਬ ਕੈਬਨਿਟ ਵਿਚ ਕੁੱਲ ਮੁੱਖ ਮੰਤਰੀ ਸਮੇਤ 18 ਮੰਤਰੀ ਹੀ ਸ਼ਾਮਲ ਹੋ ਸਕਦੇ ਹਨ ਤੇ ਮੌਜੂਦਾ ਸਮੇਂ ਵਿਚ ਰਾਣਾ ਗੁਰਜੀਤ ਸਿੰਘ ਦੀ ਛੁੱਟੀ ਤੋਂ ਬਾਅਦ 9 ਮੰਤਰੀਆਂ ਦੀਆਂ ਕੁਰਸੀਆਂ ਖਾਲੀ ਹਨ। ਚਰਚਾ ਇਹ ਵੀ ਹੈ ਕਿ 2 ਹੋਰ ਮੰਤਰੀਆਂ ਨੂੰ ਕੈਬਨਿਟ ‘ਚੋਂ ਬਾਹਰ ਕੀਤਾ ਜਾ ਸਕਦਾ ਹੈ। ਇੰਝ ਮੰਤਰੀ ਬਣਨ ਦੇ ਚਾਹਵਾਨ ਵਿਧਾਇਕਾਂ ‘ਚੋਂ 11 ਵਿਧਾਇਕਾਂ ਨੂੰ ਵੀ ਝੰਡੀ ਵਾਲੀ ਕਾਰ ਨਸੀਬ ਹੋ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਪਹਿਲੀ ਪਸੰਦ ਰਾਜ ਕੁਮਾਰ ਵੇਰਕਾ, ਰਾਣਾ ਗੁਰਮੀਤ ਸਿੰਘ ਸੋਢੀ, ਓ.ਪੀ. ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੱਧੂ, ਅਮਰੀਕ ਸਿੰਘ ਢਿੱਲੋਂ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਗੁਰਪ੍ਰੀਤ ਕਾਂਗੜ ਦੱਸੇ ਜਾਂਦੇ ਹਨ। ਜਦੋਕਿ ਰਾਹੁਲ ਗਾਂਧੀ ਦੀ ਪਸੰਦ ਵਿਚ ਵੀ ਕੈਪਟਨ ਅਤੇ ਜਾਖੜ ਨੂੰ ਸਹਿਮਤੀ ਦੇਣੀ ਹੀ ਪੈਣੀ ਹੈ ਉਨ੍ਹਾਂ ਦੀ ਪਸੰਦ ਦੇ ਤਿੰਨ ਵਿਧਾਇਕਾਂ ਵਿਚੋਂ ਘੱਟੋ-ਘੱਟ ਦੋ ਨੂੰ ਮੰਤਰੀ ਬਣਾਇਆ ਜਾਣਾ ਤੈਅ ਲੱਗ ਰਿਹਾ ਹੈ। ਉਨ੍ਹਾਂ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਤੇ ਵਿਜੇ ਇੰਦਰ ਸਿੰਗਲਾ ਦੇ ਨਾਂ ਸ਼ਾਮਲ ਹਨ। ਜਦੋਂ ਕਿ ਨਵਜੋਤ ਸਿੰਘ ਸਿੱਧੂ ਜਿੱਥੇ ਪਰਗਟ ਸਿੰਘ ਨੂੰ ਮੰਤਰੀ ਬਣਾਉਣ ‘ਤੇ ਬਜਿੱਦ ਨਜ਼ਰ ਆ ਰਹੇ ਹਨ, ਉੱਥੇ ਰਵਨੀਤ ਸਿੰਘ ਬਿੱਟੂ ਅਤੇ ਨਵਜੋਤ ਸਿੰਘ ਸਿੱਧੂ ਦੀ ਸਾਂਝੀ ਪਸੰਦ ਭਾਰਤ ਭੂਸ਼ਣ ਆਸ਼ੂ ਵੀ ਹਨ।ਇਨ੍ਹਾਂ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ, ਰਾਕੇਸ਼ ਪਾਂਡੇ, ਰਜਨੀਸ਼ ਕੁਮਾਰ ਬੱਬੀ, ਸੁਰਿੰਦਰ ਡਾਬਰ ਅਤੇ ਸੁਰਜੀਤ ਸਿੰਘ ਧੀਮਾਨ ਨਾਮਕ ਵਿਧਾਇਕ ਵੀ ਮੰਤਰੀ ਬਣਨ ਦੀ ਦੌੜ ਵਿਚ ਦੱਸੇ ਜਾ ਰਹੇ ਹਨ।

Check Also

ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਦਿੱਤਾ ਆਸ਼ੀਰਵਾਦ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੀਆਂ …