Breaking News
Home / ਭਾਰਤ / ਲਾਲੂ ਯਾਦਵ ਨੂੰ ਤਿੰਨ ਸਾਲ ਦੀ ਕੈਦ

ਲਾਲੂ ਯਾਦਵ ਨੂੰ ਤਿੰਨ ਸਾਲ ਦੀ ਕੈਦ

ਚਾਰਾ ਘੁਟਾਲੇ ‘ਚ ਫਸੇ ਲਾਲੂ, 10 ਲੱਖ ਰੁਪਏ ਜੁਰਮਾਨਾ ਵੀ ਅਦਾ ਕਰਨਾ ਪਵੇਗਾ
ਰਾਂਚੀ : ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ 21 ਸਾਲ ਪਹਿਲਾਂ ਦਿਓਘਰ ਖ਼ਜ਼ਾਨੇ ਵਿਚੋਂ ਫਰੇਬੀ ਢੰਗ ਨਾਲ 89.27 ਲੱਖ ਰੁਪਏ ਕਢਵਾਉਣ ਦੇ ਦੋਸ਼ ‘ਚ ਹੋਈ ਹੈ। 23 ਦਸੰਬਰ ਨੂੰ ਦੋਸ਼ੀ ਕਰਾਰ ਦਿੱਤੇ 69 ਸਾਲਾ ਲਾਲੂ ਪ੍ਰਸਾਦ ਇਸ ਸਮੇਂ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਸੀਬੀਆਈ ਜੱਜ ਸ਼ਿਵ ਪਾਲ ਸਿੰਘ ਨੇ ਉਸ ਨੂੰ ਇਹ ਸਜ਼ਾ ਵੀਡੀਓਕਾਨਫਰੰਸਿੰਗ ਰਾਹੀਂ ਸੁਣਾਈ।
ਦੱਸਣਯੋਗ ਹੈ ਕਿ ਆਰਜੇਡੀ ਮੁਖੀ ਨੂੰ ਚਾਰਾ ਘੁਟਾਲੇ ਦੇ ਇਕ ਹੋਰ ਕੇਸ ਵਿਚ 30 ਸਤੰਬਰ, 2013 ਨੂੰ ਪੰਜ ਸਾਲ ਕੈਦ ਹੋਈ ਸੀ। ਢਾਈ ਮਹੀਨਿਆਂ ਤੋਂ ਵੱਧ ਸਮਾਂ ਜੇਲ੍ਹ ਵਿਚ ਰਹਿਣ ਬਾਅਦ ਸੁਪਰੀਮ ਕੋਰਟ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ। ਸੀਬੀਆਈ ਦੇ ਵਕੀਲ ਰਾਕੇਸ਼ ਪ੍ਰਸਾਦ ਨੇ ਦੱਸਿਆ ਕਿ ਚਾਰਾ ਘੁਟਾਲੇ ਵਿਚ ਧੋਖਾਧੜੀ, ਅਪਰਾਧਕ ਸਾਜ਼ਿਸ਼ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਲੂ ਨੂੰ ਇਸ ਕੇਸ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਪੀਸੀਏ) ਤਹਿਤ ਵੀ ਤਿੰਨ ਸਾਲ ਛੇ ਮਹੀਨੇ ਕੈਦ ਹੋਈ ਹੈ। ਉਸ ਨੂੰ ਆਈਪੀਸੀ ਤੇ ਪੀਸੀਏ ਤਹਿਤ ਪੰਜ-ਪੰਜ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਵਕੀਲ ਨੇ ਦੱਸਿਆ ਕਿ ਜੇਕਰ ਜੁਰਮਾਨਾ ਨਾ ਭਰਿਆ ਤਾਂ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ। ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਸ ਕੇਸ ਵਿਚ ਦੋਸ਼ੀ ਠਹਿਰਾਏ ਗਏ 10 ਹੋਰ ਵਿਅਕਤੀਆਂ ਨੂੰ ਸਜ਼ਾ ਬਾਰੇ ਵੀ ਬਹਿਸ ਹੋਈ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਪੰਜ ਦੋਸ਼ੀਆਂ ਨੂੰ ਸਜ਼ਾ ਬਾਰੇ ਬਹਿਸ ਨਿਬੇੜੀ। ਵਿਸ਼ੇਸ਼ ਸੀਬੀਆਈ ਅਦਾਲਤ ਨੇ 23 ਦਸੰਬਰ ਨੂੰ ਇਸ ਕੇਸ ਵਿਚੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਤੇ ਪੰਜ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਇਸ ਦੌਰਾਨ ਪਟਨਾ ਵਿਚ ਲਾਲੂ ਦੇ ਪੁੱਤਰ ਤੇਜਸਵੀ ਯਾਦਵ ਨੇ ਕਿਹਾ, ‘ਲਾਲੂ ਪ੍ਰਸਾਦ ਨੂੰ ਸਜ਼ਾ ਖ਼ਿਲਾਫ਼ ਅਸੀਂ ਹਾਈਕੋਰਟ ਜਾਵਾਂਗੇ ਅਤੇ ਅਦਾਲਤੀ ਫ਼ੈਸਲੇ ਦੇ ਅਧਿਐਨ ਬਾਅਦ ਜ਼ਮਾਨਤ ਲਈ ਅਪੀਲ ਕੀਤੀ ਜਾਵੇਗੀ।’
ਭਾਜਪਾ ਸਾਹਮਣੇ ਨਹੀਂ ਝੁਕਾਂਗਾ : ਲਾਲੂ ਯਾਦਵ
ਸਜ਼ਾ ਦੇ ਐਲਾਨ ਤੋਂ ਬਾਅਦ ਲਾਲੂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕੀਤਾ। ਭਾਜਪਾ ਨਾਲ ਆਓ ਵਰਨਾ ਭੁਗਤੋ, ਦੇ ਨਿਯਮ ਨਾਲ ਨਹੀਂ ਜਾਵਾਂਗਾ। ਉਨ੍ਹਾਂ ਕਿਹਾ ਕਿ ਉਹ ਸਮਤਾ, ਭਾਈਚਾਰੇ ਅਤੇ ਸਮਾਜਿਕ ਨਿਆਂ ਲਈ ਮਰਨ ਨੂੰ ਤਿਆਰ ਹਨ। ਟਵੀਟ ਤੋਂ ਬਾਅਦ ਜਨਤਾ ਦੇ ਨਾਂ ਚਿੱਠੀ ਵੀ ਪੋਸਟ ਕੀਤੀ। ਇਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਤਾਨਾਸ਼ਾਹੀ ਸੱਤਾ ਦਾ ਸਾਥ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਨੂੰ ਸਜ਼ਾ ਭੁਗਤਣੀ ਪਈ।
ਲਾਲੂ ਨੂੰ ਮਿਲੇਗੀ ਰੋਜ਼ਾਨਾ 93 ਰੁਪਏ ਮਜ਼ਦੂਰੀઠ
ਹਜਾਰੀਬਾਗ: ਚਾਰਾ ਘੁਟਾਲੇ ਵਿੱਚ ਸੀਬੀਆਈ ਅਦਾਲਤ ਵੱਲੋਂ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਵਾਉਣ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਹਜਾਰੀਬਾਗ ਦੀ ਖੁੱਲ੍ਹੀ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ। ਇੱਥੇ ਉਹ ਜੇਲ੍ਹ ਵਿਚ ਮਾਲੀ ਦਾ ਕੰਮ ਕਰਨਗੇ। ਉਨ੍ਹਾਂ ਨੂੰ ਰੋਜ਼ਾਨਾ 93 ਰੁਪਏ ਮਜ਼ਦੂਰੀ ਕਰਨ ਦੇ ਮਿਲਿਆ ਕਰਨਗੇ। ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਮੁਖੀ ਲਾਲੂ ਪ੍ਰਸਾਦ ਭਾਵੇਂ 23 ਦਸੰਬਰ ਤੋਂ ਹਜਾਰੀਬਾਗ ਦੀ ਬਿਰਸਾ ਮੁੰਡਾ ਜੇਲ੍ਹ ਵਿਚ ਬੰਦ ਸਨ ਪਰ ਉਨ੍ਹਾਂ ਨੂੰ ਸਜ਼ਾ ਦਾ ਐਲਾਨ ਨਾ ਹੋਣ ਕਰਕੇ ਕੋਈ ਕੰਮ ਨਹੀਂ ਸੀ ਦਿੱਤਾ ਗਿਆ।
ਕਾਨੂੰਨ ਸਭ ਲਈ ਬਰਾਬਰ: ਭਾਜਪਾ
ਲਾਲੂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਹੁਣ ਬਿਹਾਰ ਦੇ ਲੋਕਾਂ ਨਾਲ ਨਿਆਂ ਮਿਲਿਆ ਹੈ, ਕਿਉਂਕਿ ਉਨ੍ਹਾਂ ਦੇ ਪੈਸੇ ਦੀ ਲੁੱਟ ਹੋਈ ਸੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਆਪਣਾ ਕੰਮ ਕੀਤਾ ਤੇ ਸੰਦੇਸ਼ ਇਹ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨਾ ਵੀ ਅਹਿਮ ਕਿਉਂ ਨਾ ਹੋਵੇ, ਜੇ ਉਹ ਮੁਲਕ ਨੂੰ ਲੁੱਟਦਾ ਹੈ ਤਾਂ ਕਾਨੂੰਨ ਸਭਨਾਂ ਲਈ ਬਰਾਬਰ ਹੈ।

Check Also

ਦੁਬਈ ‘ਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ ਖਿਲਾਫ ਇਨਕਮ ਟੈਕਸ ਵਿਭਾਗ ਨੇ ਜਾਂਚ ਕੀਤੀ ਸ਼ੁਰੂ

ਨਵੀਂ ਦਿੱਲੀ/ਬਿਊਰੋ ਨਿਊਜ਼ ਇਨਕਮ ਟੈਕਸ ਵਿਭਾਗ ਨੇ ਦੁਬਈ ਵਿਚ ਮਹਿੰਗੀ ਜਾਇਦਾਦ ਖਰੀਦਣ ਵਾਲੇ 7500 ਭਾਰਤੀਆਂ …