Breaking News
Home / Special Story / ਮਹਿੰਗੇ ਵਿਆਹ ਅਮੀਰਾਂ ਦੀ ਬਣਨ ਲੱਗੇ ਪਛਾਣ

ਮਹਿੰਗੇ ਵਿਆਹ ਅਮੀਰਾਂ ਦੀ ਬਣਨ ਲੱਗੇ ਪਛਾਣ

ਪੰਜਾਬ ‘ਚ ਜ਼ਿਆਦਾਤਰ ਵਿਆਹ ਮੈਰਿਜ ਪੈਲੇਸਾਂ ‘ਚ ਹੋਣ ਲੱਗੇ
ਚੰਡੀਗੜ੍ਹ : ਪੰਜਾਬ ਵਿੱਚ ਵਿਆਹਾਂ-ਸ਼ਾਦੀਆਂ ਮੌਕੇ ਅੰਨ੍ਹੇਵਾਹ ਖ਼ਰਚ ਕੀਤਾ ਜਾਣ ਲੱਗਿਆ ਹੈ। ਮਹਿੰਗੇ ਮੈਰਿਜ ਪੈਲੇਸਾਂ ਅਤੇ ਵੱਡ-ਅੱਕਾਰੀ ਟੈਂਟਾਂ ਵਿੱਚ ਹੁੰਦੇ ਸ਼ਾਹੀ ਅੰਦਾਜ਼ ਵਾਲੇ ਵਿਆਹ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਜ਼ਰਾਇਤੀ ਖੇਤਰ ਦੇ ਨਿਘਾਰ ਅਤੇ ਨੌਜਵਾਨਾਂ ਵੱਲੋਂ ਬੇਰੁਜ਼ਗਾਰੀ ਦੇ ਆਲਮ ਵਿੱਚ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤਣ ਦੀ ਲੱਗੀ ਦੌੜ ਦੇ ਉਲਟ ਤਸਵੀਰ ਪੇਸ਼ ਕਰਦੇ ਹਨ। ਖੇਤੀ ਆਰਥਿਕਤਾ ਦੇ ਲੀਹੋਂ ਲਹਿਣ ਕਾਰਨ ਇੱਕ ਪਾਸੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਨੌਜਵਾਨ ਰੁਜ਼ਗਾਰ ਲਈ ਭਟਕ ਰਹੇ ਹਨ, ਐਨ ਉਸ ਸਮੇਂ ਕੁਝ ਪਰਿਵਾਰ ਨਵਾਂ ਸੱਭਿਆਚਾਰ ਸਿਰਜ ਰਹੇ ਹਨ। ਆਲਮ ਇਹ ਬਣ ਗਿਆ ਹੈ ਕਿ ਪੰਜਾਬ ਵਿੱਚ ਸਾਦਾ ਵਿਆਹ ਗ਼ਰੀਬ ਤੇ ਸਧਾਰਨ ઠਪਰਿਵਾਰ ਦੀ ਨਿਸ਼ਾਨੀ ਅਤੇ ਮਹਿੰਗਾ ਵਿਆਹ ਤੇ ਲੋਕ ਦਿਖਾਵਾ ਅਮੀਰ ਅਤੇ ਖਾਂਦੇ-ਪੀਂਦੇ ਘਰਾਂ ਦੀ ਪਛਾਣ ਮੰਨਿਆ ਜਾਣ ਲੱਗਿਆ ਹੈ।
ਇੱਕ ਅੰਦਾਜ਼ੇ ਮੁਤਾਬਕ ਪੰਜਾਬ ਵਿੱਚ 3 ਹਜ਼ਾਰ ਦੇ ਕਰੀਬ ਮੈਰਿਜ ਪੈਲੇਸ ਹਨ ਤੇ ਜ਼ਿਆਦਾਤਰ ਮੱਧ ਵਰਗੀ ਪਰਿਵਾਰ ਹੁਣ ਆਪਣੇ ਮੁੰਡੇ-ਕੁੜੀਆਂ ਦੇ ਵਿਆਹ ਮੈਰਿਜ ਪੈਲੇਸਾਂ ਵਿੱਚ ਹੀ ਕਰਦੇ ਹਨ। ਇੱਕ ਸਰਵੇਖਣ ਮੁਤਾਬਕ ਮੈਰਿਜ ਪੈਲੇਸਾਂ ਵਿੱਚ ਹਰ ਸਾਲ ਡੇਢ ਲੱਖ ਤੋਂ ਜ਼ਿਆਦਾ ਵਿਆਹ ਹੁੰਦੇ ਹਨ। ਇਸ ਤੋਂ ਬਿਨਾ ਵੱਡੇ ਸ਼ਹਿਰਾਂ ਵਿਚਲੇ ਪੰਜ ਤਾਰਾ ਤੇ ਛੋਟੇ ਮੋਟੇ ਹੋਟਲਾਂ, ਵੱਡੇ ਟੈਂਟਾਂ ਅਤੇ ਘਰਾਂ ਵਿੱਚ ਹੁੰਦੇ ਵਿਆਹਾਂ ਸਮੇਤ ਸੂਬੇ ਵਿੱਚ ਸਾਲਾਨਾ 4 ਲੱਖ ਦੇ ਕਰੀਬ ਵਿਆਹ-ਸ਼ਾਦੀਆਂ ਹੋਣ ਦੀ ਗੱਲ ਮੰਨੀ ਜਾਂਦੀ ਹੈ। ਲੁਧਿਆਣਾ, ਮੁਹਾਲੀ, ਪਟਿਆਲਾ, ਜਲੰਧਰ, ਅੰਮ੍ਰਿਤਸਰ ਤੇ ਬਠਿੰਡਾ ਸ਼ਹਿਰਾਂ ਦੇ ਆਸ-ਪਾਸ ਅਜਿਹੇ ਮੈਰਿਜ ਪੈਲੇਸਾਂ ਦੀ ਵੱਡੀ ਗਿਣਤੀ ਹੈ, ਜਿੱਥੇ ਇੱਕ ਵਿਆਹ ਕਰਨ ਦਾ ਖ਼ਰਚ 10 ਤੋਂ 20 ਲੱਖ ਰੁਪਏ (ਕਿਰਾਇਆ ਤੇ ਖਾਣ-ਪੀਣ) ਤੱਕ ਵਸੂਲ ਕੀਤਾ ਜਾਂਦਾ ਹੈ। ਪੰਜਾਬ ਦੇ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਵੱਲੋਂ ਵੀ ਆਪਣੇ ਧੀਆਂ-ਪੁੱਤਾਂ ਦੇ ਵਿਆਹ ਇਨ੍ਹਾਂ ਸ਼ਹਿਰਾਂ ਵਿੱਚ ਹੀ ਕੀਤੇ ਜਾਂਦੇ ਹਨ। ਇਨ੍ਹਾਂ ਮੈਰਿਜ ਪੈਲੇਸਾਂ ਦੀ ਗਿਣਤੀ 150 ਤੋਂ 200 ਦੇ ਵਿਚਕਾਰ ਹੈ। ਕਰ ਤੇ ਆਬਕਾਰੀ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਇਨ੍ਹਾਂ ਪੈਲੇਸਾਂ ਵਿੱਚ ਵਿਆਹ ਦੇ ਇੱਕ ਸਮਾਗਮ ਦਾ ਖ਼ਰਚ ਕਈ ਵਾਰੀ 10 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਵੀ ਪੁੱਜ ਜਾਂਦਾ ਹੈ। ਵਿਭਾਗ ਦਾ ਮੰਨਣਾ ਹੈ ਕਿ ਛੋਟੇ ਤੋਂ ਦਰਮਿਆਨੇ ਮੈਰਿਜ ਪੈਲੇਸ ਜਿਨ੍ਹਾਂ ਦੀ ਗਿਣਤੀ ਢਾਈ ਹਜ਼ਾਰ ਤੋਂ ਜ਼ਿਆਦਾ ਹੈ, ਵਿੱਚ ਵਿਆਹ ਅਤੇ ਹੋਰ ਪ੍ਰੋਗਰਾਮ ਦਾ ਖ਼ਰਚ 4 ਲੱਖ ਰੁਪਏ ਤੋਂ 8 ਲੱਖ ਰੁਪਏ ਤੱਕ ਮੰਨਿਆ ਜਾਂਦਾ ਹੈ। ਮੈਰਿਜ ਪੈਲੇਸ ਨੇ ਵਿਆਹਾਂ ਦਾ ਕੰਮ ਭਾਵੇਂ ਸੁਖਾਲਾ ਕੀਤਾ ਹੈ, ਪਰ ਲੋੜੋਂ ਵੱਧ ਦਿਖਾਵਾ ਹੋਣ ਕਾਰਨ ਖ਼ਰਚ ਵਿੱਚ ਬੇਅਥਾਹ ਵਾਧਾ ਕੀਤਾ ਹੈ। ਪੰਜਾਬ ਵਿੱਚ ਅਜਿਹਾ ਸਮਾਂ ਸੀ ਕਿ ਜੇਕਰ ਵਿਆਹ ਵਿੱਚ ਸ਼ਰਾਬ ਪਰੋਸਣੀ ਵੀ ਹੋਵੇ ਤਾਂ ਸਧਾਰਨ ਕਿਸਮ ਦੀ ਸ਼ਰਾਬ ਹੀ ਬਰਾਤੀਆਂ ਤੇ ਮਹਿਮਾਨਾਂ ਨੂੰ ਪਰੋਸੀ ਜਾਂਦੀ ਸੀ। ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ੀ ਸ਼ਰਾਬ ਦਾ ਰੁਝਾਨ ਇਸ ਕਦਰ ਵਧ ਗਿਆ ਹੈ ਕਿ 10 ਹਜ਼ਾਰ ਰੁਪਏ ਤੋਂ ਲੈ ਕੇ 3 ਹਜ਼ਾਰ ਰੁਪਏ ਤੱਕ ਦੀ ਕੀਮਤ ਦੀ ਮਹਿੰਗੀ ਬੋਤਲ ਵਾਲੀ ਸਕੌਚ ਵੀ ਵਿਆਹਾਂ ਦਾ ਹਿੱਸਾ ਬਣਨ ਲੱਗੀ ਹੈ। ਆਮ ਤੌਰ ‘ਤੇ ਵਿਆਹ ਦੇ ਤਿੰਨ ਸਮਾਗਮ ਕੀਤੇ ਜਾਂਦੇ ਹਨ। ਇਸ ਤਰ੍ਹਾਂ ਨਾਲ ਜੇਕਰ ਖਾਣ-ਪੀਣ ਅਤੇ ਹੋਟਲਾਂ ਜਾਂ ਮੈਰਿਜ ਪੈਲੇਸਾਂ ਦਾ ਖ਼ਰਚ ਹੀ ਦੇਖਿਆ ਜਾਵੇ ਤਾਂ ਛੋਟੇ ਤੋਂ ਛੋਟੇ ਵਿਆਹ ‘ਤੇ ਵੀ 30 ਤੋਂ 40 ਲੱਖ ਰੁਪਏ ਖ਼ਰਚ ਆ ਜਾਂਦਾ ਹੈ। ਇਸ ਤਰ੍ਹਾਂ ਨਾਲ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਆਹਾਂ ਉਤੇ ਹੁੰਦੇ ਖ਼ਰਚ ਪੰਜਾਬ ਦੀ ਆਰਥਿਕਤਾ ਨੂੰ ਕਿਸ ਤਰ੍ਹਾਂ ਢਾਹ ਲਾ ਰਹੇ ਹਨ। ਕੱਪੜੇ ਲੀੜੇ, ਗਹਿਣੇ ਤੇ ਦਾਜ ਰੂਪੀ ਖ਼ਰਚ ਮਹਿਮਾਨ ਨਿਵਾਜੀ ਤੋਂ ਵੱਖਰਾ ਹੈ।
ਪੰਜਾਬ ਦੇ ਮੈਰਿਜ ਪੈਲੇਸਾਂ ਵਿੱਚ ਹੁੰਦੇ ਵਿਆਹਾਂ ਲਈ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਦਿਸ਼ਾ-ਨਿਰਦੇਸ਼ ਮਹਿਜ਼ ਖਾਨਾਪੂਰਤੀ ਹਨ। ਵਿਆਹਾਂ ਵਿੱਚ ਸ਼ਰਾਬ ਨਾਲ ਧੁੱਤ ਹੋ ਕੇ ਫਾਇਰਿੰਗ ਕਰਨ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬੀ ਦੇ ਪ੍ਰਸਿੱਧ ਗਾਇਕ ਦਿਲਸ਼ਾਦ ਅਖ਼ਤਰ ਵੀ ਇੱਕ ਵਿਆਹ ਸਮਾਗਮ ਦੌਰਾਨ ਹੀ ਪੁਲਿਸ ਅਫ਼ਸਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ। ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਬਠਿੰਡਾ ਵਿੱਚ ਇੱਕ ਡਾਂਸਰ ਤੇ ਹੋਰ ਕਈ ਕਤਲਾਂ ਨੇ ਸਾਬਿਤ ਕੀਤਾ ਹੈ ਕਿ ਮੈਰਿਜ ਪੈਲੇਸਾਂ ਦੇ ਵਿਆਹਾਂ ਵਿੱਚ ਸਰਕਾਰੀ ਕਾਨੂੰਨ ਦਾ ਕੋਈ ਭੈਅ ਨਹੀਂ। ਪੰਜਾਬ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੈਰਿਜ ਪੈਲੇਸਾਂ ਵਿੱਚ ਹਥਿਆਰ ਲਿਆਉਣ ਤੇ ਗੋਲੀ ਚਲਾਉਣ ਤੋਂ ਰੋਕਣ ਵਿੱਚ ਪੁਲਿਸ-ਪ੍ਰਸ਼ਾਸਨ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਜੀਪੀ ਪੰਜਾਬ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਕਿ ਹਥਿਆਰ ਲਿਆਉਣ ਤੋਂ ਰੋਕਣ ਵਿੱਚ ਪੁਲਿਸ ਪ੍ਰਸ਼ਾਸਨ ਮਦਦ ਕਰੇ, ਪਰ ਅਜੇ ਤੱਕ ਪੁਲਿਸ ਨੇ ਲੋੜੀਂਦੇ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਸਿਵਲ ਅਧਿਕਾਰੀਆਂ ਵੱਲੋਂ ਰਾਤੀ 11 ਵਜੇ ਤੋਂ ਬਾਅਦ ਡੀਜੇ ਬੰਦ ਕਰਨ ਦੀਆਂ ਹਦਾਇਤਾਂ ਤਾਂ ਦਿੱਤੀਆਂ ਹੋਈਆਂ ਹਨ, ਪਰ ਲਾਗੂ ਨਹੀਂ ਹੁੰਦੀਆਂ। ਸਿੱਧੂ ਨੇ ਕਿਹਾ ਕਿ ਜੇਕਰ ਮੈਰਿਜ ਪੈਲੇਸ ਦਾ ਮੈਨੇਜਰ ਡੀਜੇ ਬੰਦ ਕਰਨ ਦਾ ਯਤਨ ਕਰਦਾ ਹੈ ਤਾਂ ਸ਼ਰਾਬੀਆਂ ਵੱਲੋਂ ਮੈਨੇਜਰ ਦਾ ਕੁਟਾਪਾ ਕਰ ਦਿੱਤਾ ਜਾਂਦਾ ਹੈ।
ਦੇਸੀ ਵਿਆਹਾਂ ‘ਤੇ ਵੀ ਚੜ੍ਹਿਆ ਵਿਦੇਸ਼ੀ ਰੰਗ
ਚੰਡੀਗੜ੍ਹ :ਪੰਜਾਬ ਵਿੱਚ ਕਿਸੇ ਵੇਲੇ ਰਵਾਇਤੀ ਰਸਮਾਂ ਨਾਲ ਹੁੰਦੇ ਸਾਦ-ਮੁਰਾਦੇ ਵਿਆਹ ਅੱਜ-ਕੱਲ੍ਹ ਸ਼ੋਸ਼ੇਬਾਜ਼ੀ ਬਣ ਕੇ ਰਹਿ ਗਏ ਹਨ। ਇਹ ਦਿਖਾਵਾ ਦੋਹਾਂ ਪਰਿਵਾਰਾਂ ਨੂੰ ਆਰਥਿਕ ਸੰਕਟ ਵੱਲ ਲੈ ਜਾਂਦਾ ਹੈ। ਪੰਜਾਬੀ ਵਿਆਹਾਂ ਵਿੱਚ ਰਵਾਇਤੀ ਰਸਮਾਂ ਨੂੰ ਪਰ੍ਹਾਂ ਧੱਕ ਕਈ ਅਜਿਹੇ ਰੁਝਾਨ ਅੱਗੇ ਆ ਰਹੇ ਹਨ, ਜਿਨ੍ਹਾਂ ਦੀ ਬੁਨਿਆਦ ਸਿਰਫ਼ ਸ਼ੋਸ਼ੇਬਾਜ਼ੀ ਤੇ ਦਿਖਾਵਾ ਹੈ। ਇਨ੍ਹਾਂ ਰੁਝਾਨਾਂ ਵਿੱਚ ਪ੍ਰੀ-ਵੈਡਿੰਗ ਸ਼ੂਟ, ਸਿਨੇਮੈਟਿਕ ਫ਼ਿਲਮਾਂ, ਡਰੋਨਾਂ ਤੇ ਕਰੇਨਾਂ ਵਾਲੀ ਵੀਡੀਓਗ੍ਰਾਫ਼ੀ ਸਣੇ ਕਈ ਤਰ੍ਹਾਂ ਦਾ ਨਿੱਕ-ਸੁੱਕ ਸ਼ਾਮਲ ਹੈ।
ਵਿਆਹ ਤੋਂ ਪੰਦਰਾਂ-ਵੀਹ ਦਿਨ ਜਾਂ ਮਹੀਨਾ ਪਹਿਲਾਂ ਲੜਕੇ-ਲੜਕੀ ਵੱਲੋਂ ਪ੍ਰੀ-ਵੈਡਿੰਗ ਸ਼ੂਟ ਕਰਾਇਆ ਜਾਂਦਾ ਹੈ, ਜਿਸ ਦਾ ਖ਼ਰਚਾ ਪੱਚੀ-ਤੀਹ ਹਜ਼ਾਰ ਤੋਂ ਸ਼ੁਰੁ ਹੋ ਕੇ ਲੱਖਾਂ ਰੁਪਏ ਤੱਕ ਜਾਂਦਾ ਹੈ। ਲੁਧਿਆਣਾ ਦੇ ਇਕ ਸਿਨੇਮੈਟੋਗ੍ਰਾਫ਼ਰ ਦਾ ਦੱਸਣਾ ਹੈ ਕਿ ਪ੍ਰੀ-ਵੈਡਿੰਗ ਸ਼ੂਟ ਦਾ ਰੁਝਾਨ ਇਕ ਦਹਾਕੇ ਤੋਂ ਹੈ। ਪਹਿਲਾਂ ਇਹ ਰੁਝਾਨ ਸਿਰਫ਼ ਪਰਵਾਸੀ ਪੰਜਾਬੀਆਂ ਵਿੱਚ ਸੀ, ਪਰ ਪੰਜ-ਛੇ ਸਾਲ ਤੋਂ ਪੰਜਾਬ ਰਹਿੰਦੇ ਮੱਧਵਰਗੀ ਪਰਿਵਾਰਾਂ ਨੇ ਵੀ ਇਹ ਖ਼ਰਚ ਸਹੇੜ ਲਿਆ ਹੈ। ਪ੍ਰੀ-ਵੈਡਿੰਗ ਸ਼ੂਟ ਲਈ ਫੋਟੋਗ੍ਰਾਫ਼ਰਾਂ ਦੀ ਟੀਮ ਤੋਂ ਬਿਨਾਂ ਲੜਕੇ-ਲੜਕੀ ਲਈ ਮੇਕਅੱਪ ਆਰਟਿਸਟ ਵੱਖਰੇ ਤੌਰ ‘ਤੇ ਨਾਲ ਜਾਂਦੇ ਹਨ, ਜਿਨ੍ਹਾਂ ਦੀ ਫੀਸ ਅਲੱਗ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸੌ ਫ਼ੀਸਦ ਐੱਨਆਰਆਈ ਤੇ ਸਰਦੇ-ਪੁੱਜਦੇ ਪਰਿਵਾਰ ਪ੍ਰੀ-ਵੈਡਿੰਗ ਫੋਟੋਸ਼ੂਟ ਕਰਾਉਂਦੇ ਹਨ, ਜਦੋਂਕਿ ਪੰਜਾਬ ਦੇ ਮੱਧਵਰਗੀ ਪਰਿਵਾਰਾਂ ਵਿੱਚੋ 80 ਫ਼ੀਸਦ ਪਰਿਵਾਰ ਪ੍ਰੀ-ਵੈਡਿੰਗ ਸ਼ੂਟ ਨੂੰ ਵਿਆਹਾਂ ਦਾ ਅਹਿਮ ਹਿੱਸਾ ਮੰਨਣ ਦੇ ਰੁਝਾਨ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸੇ ਸ਼ੂਟ ਦੌਰਾਨ ਖਿੱਚੀਆਂ ਤਸਵੀਰਾਂ ਪੈਲੇਸਾਂ ਵਿੱਚ ਫਰੇਮਾਂ ਵਿਚ ਜੜੀਆਂ ਦਿਸਦੀਆਂ ਹਨ ਤੇ ਪ੍ਰੀ-ਵੈਡਿੰਗ ਫੋਟੋਗ੍ਰਾਫ਼ੀ ਵਿਆਹ ਦੌਰਾਨ ਐੱਲਈਡੀ ਸਕਰੀਨਾਂ ‘ਤੇ ਚਲਾਈ ਜਾਂਦੀ ਹੈ, ਜਿਸ ਦੇ ਪੈਲੇਸ ਮਾਲਕਾਂ ਵੱਲੋਂ ਵੱਖਰੇ ਪੈਸੇ ਵੀ ਵਸੂਲੇ ਜਾਂਦੇ ਹਨ। ਇਹੀ ਨਹੀਂ ਵਿਆਹ ਸਮੇਂ ਲਾੜਾ-ਲਾੜੀ ਅਤੇ ਪਰਿਵਾਰ ਦੀਆਂ ਖਿੱਚੀਆਂ ਜਾਂਦੀਆਂ ਯਾਦਗਾਰੀ ਤਸਵੀਰਾਂ ਵੀ ਇਨ੍ਹਾਂ ਫ਼ੋਟੋਗ੍ਰਾਫ਼ਰਾਂ ਵੱਲੋਂ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਤੋਂ ਨਹੀਂ ਬਚੀਆਂ। ਬੈੱਡਰੂਮ ਦੀ ਦੀਵਾਰ ‘ਤੇ ਵੱਡੇ ਤੇ ਮਹਿੰਗੇ ਫ਼ਰੇਮਾਂ ਵਿਚ ਜੜੀਆਂ ਇਨ੍ਹਾਂ ਤਸਵੀਰਾਂ ‘ਤੇ ਵੀ ਫ਼ੋਟੋਗ੍ਰਾਫ਼ਰਾਂ ਦਾ ਨਾਂ ਦਰਜ ਹੁੰਦਾ ਹੈ। ਵਿਆਹਾਂ ਵਿੱਚ ਕੀਤੀ ਜਾਂਦੀ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ‘ਤੇ ਵੀ 50 ਹਜ਼ਾਰ ਤੋਂ ਲੈ ਕੇ ਲੱਖਾਂ ਰੁਪਏ ਦਾ ਖ਼ਰਚ ਆਉਂਦਾ ਹੈ। ਦੋ ਦਿਨਾਂ ਦੇ ਵਿਆਹ ਦੇ ਵੀਡੀਓਗ੍ਰਾਫ਼ੀ ਪੈਕੇਜ ‘ਤੇ ਦੋ-ਢਾਈ ਲੱਖ ਰੁਪਏ ਆਮ ਲਾ ਦਿੱਤੇ ਜਾਂਦੇ ਹਨ। ਵੀਡੀਓਗ੍ਰਾਫ਼ੀ ਲਈ ਵਰਤੇ ਜਾਂਦੇ ਡਰੋਨ ਤੇ ਕਰੇਨਾਂ ਜਿੱਥੇ ਪੈਸੇ ਦਾ ਵੱਡਾ ਖੌਅ ਹਨ, ਉਥੇ ਹੀ ਮਹਿਮਾਨਾਂ ਦੇ ਮੇਲ-ਗੇਲ ਵਿੱਚ ਦਖ਼ਲ ਵੀ ਬਣਦੀਆਂ ਹਨ। ਡਰੋਨ ਲਈ ਇਕ ਦਿਨ ਦੇ ਘੱਟੋ-ਘੱਟ ਚਾਰ ਹਜ਼ਾਰ ਤੇ ਕਰੇਨ ਨਾਲ ਵੀਡੀਓ ਬਣਵਾਉਣ ਦੇ ਘੱਟੋ-ਘੱਟ ਦਸ ਹਜ਼ਾਰ ਰੁਪਏ ਵਸੂਲੇ ਜਾਂਦੇ ਹਨ। ਇਸ ਤੋਂ ਇਲਾਵਾ ਵਿਆਹਾਂ ਦੇ ਸਾਰੇ ਸਮਾਗਮ ਦੀ ਸਿਨੇਮੈਟਿਕ ਫ਼ਿਲਮ ਬਣਾਈ ਜਾਂਦੀ ਹੈ। ਆਮ ਤੌਰ ‘ਤੇ 45 ਮਿੰਟ ਦੀ ਸਿਨੇਮੈਟਿਕ ਫ਼ਿਲਮ ਬਣਵਾਉਣ ‘ਤੇ ਘੱਟੋ-ਘੱਟ ਇੱਕ ਲੱਖ ਰੁਪਏ ਖ਼ਰਚਾ ਆਉਂਦਾ ਹੈ। ਪੰਜਾਬ ਦੇ ਵਿਆਹਾਂ ਵਿੱਚ ਅੱਜ-ਕੱਲ੍ਹ ਲਾੜੇ ਲਾੜੀ ਨਾਲ ਬਾਊਂਸਰ ਰੱਖਣ ਦਾ ਰੁਝਾਨ ਵੀ ਸ਼ੁਰੂ ਹੋ ਗਿਆ ਹੈ। ਬਾਊਂਸਰ ਲੜਕਾ ਹੈ ਜਾਂ ਲੜਕੀ, ਉਸ ਦੇ ਕੱਦ-ਕਾਠ, ਜੁੱਸੇ ਤੇ ਉਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਦਿਨ ਦਾ ਹਜ਼ਾਰਾਂ ਰੁਪਏ ਖ਼ਰਚਾ ਪੈਂਦਾ ਹੈ।
ਬੇਸ਼ੱਕ ਮਹਿੰਗਾਈ ਵਧਣ ਨਾਲ ਵਿਆਹਾਂ ‘ਤੇ ਖ਼ਰਚੇ ਵਧੇ ਹਨ, ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਹੁਤੇ ਖ਼ਰਚ ਵਿਆਹਾਂ ਵਿੱਚ ਕੀਤੇ ਜਾਂਦੇ ਦਿਖਾਵੇ ਨੇ ਵਧਾਏ ਹਨ। ਅੱਜ ਦੇ ਨਾਜ਼ੁਕ ਦੌਰ ਵਿੱਚ ਇਹ ਸੋਚਣ ਦੀ ਲੋੜ ਹੈ ਕਿ ਵਿਆਹ ਤੋਂ ਪਹਿਲਾਂ ਲੜਕੇ-ਲੜਕੀ ਲਈ ਪ੍ਰੀ-ਵੈਡਿੰਗ ਸ਼ੂਟ ਜ਼ਰੂਰੀ ਹੈ ਜਾਂ ਪ੍ਰੀ-ਵੈਡਿੰਗ ਕਾਊਂਸਲਿੰਗ?
ਦਿਖਾਵਾ ਹੱਦੋਂ ਵਧਿਆ: ਪ੍ਰੋ. ਭੱਟੀ
ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਐੱਚਐੱਸ ਭੱਟੀ ਦਾ ਕਹਿਣਾ ਹੈ ਕਿ ਪੰਜਾਬੀਆਂ ਵਿੱਚ ਦਿਖਾਵੇ ਦੀ ਆਦਤ ਬਿਮਾਰੀ ਦੀ ਹੱਦ ਤੱਕ ਵਧ ਗਈ ਹੈ ਤੇ ਮਾਰਕੀਟ ਪੰਜਾਬੀਆਂ ਦੀ ਇਸ ਕਮਜ਼ੋਰੀ ਦਾ ਲਾਹਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਵਿਆਹਾਂ ਦੇ ਨਵੇਂ ਖ਼ਰਚੀਲੇ ਰੁਝਾਨਾਂ ਲਈ ਮਾਰਕੀਟ, ਮੀਡੀਆ ਤੇ ਐੱਨਆਰਆਈਜ਼ ਸਣੇ ਕਈ ਤਰ੍ਹਾਂ ਦੀ ਲੀਡਰਸ਼ਿਪ ਵੀ ਜ਼ਿੰਮੇਵਾਰ ਹੈ। ਅਜੋਕੀਆਂ ਫ਼ਿਲਮਾਂ, ਗੀਤ-ਸੰਗੀਤ ਤੇ ਮਾਰਕੀਟ ਦਾ ਦਬਾਅ ਪੰਜਾਬੀਆਂ ਨੂੰ ਵਿਆਹਾਂ ‘ਤੇ ਫ਼ਜ਼ੂਲਖ਼ਰਚੀ ਕਰਨ ਵੱਲ ਧੱਕ ਰਿਹਾ ਹੈ। ਇਸੇ ਰੁਝਾਨ ਦਾ ਨਤੀਜਾ ਹੈ ਕਿ ਕਿਸੇ ਵੀ ਬਾਹਰਲੇ ਦੇਸ਼ ਵਿੱਚ ਇੰਨੇ ਮੈਰਿਜ ਪੈਲੇਸ ਨਹੀਂ, ਜਿੰਨੇ ਉੱਤਰੀ ਭਾਰਤ ਵਿੱਚ ਮੌਜੂਦ ਹਨ।
ਪੰਜਾਬ ‘ਚ ਹੁੰਦੇ ਸ਼ਾਹੀ ਵਿਆਹ ਪੇਸ਼ ਕਰਦੇ ਹਨ ਅਜੀਬੋ-ਗਰੀਬ ਤਸਵੀਰ
ਚੰਡੀਗੜ੍ਹ : ਪੰਜਾਬ ਵਿੱਚ ਸਰਕਾਰੀ ਬੇਰੁਖ਼ੀ ਕਾਰਨ ਘਾਟੇ ਦਾ ਸੌਦਾ ਸਾਬਿਤ ਹੋ ਰਹੀ ਖੇਤੀ, ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦੇ ਖ਼ੁਦਕੁਸ਼ੀ ਦੇ ਰਾਹ ਪੈਣ ਤੇ ਨੌਜਵਾਨਾਂ ਦੇ ਬੇਰੁਜ਼ਗਾਰੀ ਨਾਲ ਜੂਝਣ ਦੇ ਬਾਵਜੂਦ ਪੰਜਾਬ ਵਿੱਚ ਹੁੰਦੇ ਸ਼ਾਹੀ ਵਿਆਹ ਅਜੀਬੋ-ਗ਼ਰੀਬ ਤਸਵੀਰ ਪੇਸ਼ ਕਰਦੇ ਹਨ। ਅਜਿਹੇ ਮੌਕੇ ਵਿਆਹਾਂ ਅਤੇ ਮਰਨੇ ਦੇ ਸਮਾਗਮਾਂ ‘ਤੇ ਖ਼ਰਚ ਘਟਾਉਣ ਲਈ ਗੈਸਟ ਕੰਟਰੋਲ ਆਰਡਰ ਵੀ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਇਸ ਦਲੀਲ ਨੂੰ ਸਿਆਸਤਦਾਨਾਂ ਤੋਂ ਲੈ ਕੇ ਬੁੱਧੀਜੀਵੀਆਂ ਦਾ ਵੱਡਾ ਹਿੱਸਾ ਪ੍ਰਵਾਨ ਕਰ ઠਰਿਹਾ ਹੈ।ਖ਼ਪਤਕਾਰੀ ਸਮਾਜਿਕ ਵਰਤਾਰੇ ਦੌਰਾਨ ਰਿਸ਼ਤਿਆਂ ਦਾ ਨਿੱਘ ਗੁਆਚ ਰਿਹਾ ਹੈ। ਭੀੜ ਵਿੱਚ ਇਕੱਲਤਾ ਝੱਲਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਵਿਆਹਾਂ, ਮਰਨਿਆਂ ਤੇ ਹੋਰ ਸਮਾਜਿਕ ਸਮਾਗਮਾਂ ਦੇ ਇਕੱਠ ਵਿੱਚ ਵਾਧੇ ਰਾਹੀਂ ਸਮਾਜਿਕ ਰਿਸ਼ਤਿਆਂ ਦੇ ਦਾਇਰੇ ਦੇ ઠਵਧਣ ਦੀ ਝਲਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁੱਖ-ਸੁੱਖ ਲਈ ਰਚੇ ਜਾਂਦੇ ਸਮਾਗਮ ਸ਼ਕਤੀ ਪ੍ਰਦਰਸ਼ਨ ਅਤੇ ਸਬੰਧਿਤ ਪਰਿਵਾਰ ਤੇ ਵਿਅਕਤੀ ਦੇ ਸਮਾਜਿਕ ਰੁਤਬੇ ਦਾ ਆਧਾਰ ਜ਼ਿਆਦਾ ਬਣਦੇ ਦਿਖਾਏ ਦੇ ਰਹੇ ਹਨ। ਪੰਜਾਬ ਵਿੱਚ ਖੇਤੀ ਘਾਟੇ ਦਾ ਸੌਦਾ ਬਣਨ ਨਾਲ ਆਪਣਾ ਸਮਾਜਿਕ ਰੁਤਬਾ ਬਰਕਰਾਰ ਰੱਖਣ ਦਾ ਸੰਕਟ ਕਿਸਾਨ ઠਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ ਤੇ ਨਤੀਜਾ ਕਿਸਾਨ ਖ਼ੁਦਕੁਸ਼ੀਆਂ ਵਜੋਂ ਸਾਹਮਣੇ ਹੈ। ਪੰਜਾਬ ਵਿਧਾਨ ਸਭਾ ਦੀ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਸਬੰਧੀ ਬਣੀ ਕਮੇਟੀ ਦੇ ਮੁਖੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਆਰਥਿਕ ਨਾਲ ਭਾਈਚਾਰਕ ਸਾਂਝ ਟੁੱਟਣਾ ਵੀ ਖ਼ੁਦਕੁਸ਼ੀਆਂ ਦਾ ਵੱਡਾ ਕਾਰਨ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਨੇ ਸਮਾਜਿਕ ਸਮਾਗਮਾਂ ‘ਤੇ ਖ਼ਰਚ ਘਟਾਉਣ ਲਈ ਉਪਰਾਲਾ ਕਰਨ ਦਾ ਸੁਝਾਅ ਵੀ ਦਿੱਤਾ ਹੈ। ਟੁੱਟ ਰਹੀਆਂ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਦਿਆਂ ਸੰਕਟ ਮੌਕੇ ਫੌਰੀ ਕੁਝ ਕਦਮ ਚੁੱਕਣ ਦੀ ਲੋੜ ਹੈ।
ਜੰਮੂ-ਕਸ਼ਮੀਰ ਸਰਕਾਰ ਨੇ ਬੇਲੋੜੇ ਖ਼ਰਚੇ ਘਟਾਉਣ ਲਈ ਇਕ ਅਪਰੈਲ 2017 ਤੋਂ ਗੈਸਟ ਕੰਟਰੋਲ ਆਰਡਰ ਲਾਗੂ ਕਰ ਦਿੱਤਾ ਹੈ। ਇਸ ਮੁਤਾਬਿਕ ਲੜਕੀ ਦੇ ਵਿਆਹ ‘ਤੇ 500, ਲੜਕੇ ਦੇ 400 ਤੇ ਸ਼ਗਨ ਵਗੈਰਾ ਦੇ ਪੈਲੇਸਾਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ 100 ਤੋਂ ਵੱਧ ਮਹਿਮਾਨ ਨਹੀਂ ਆ ਸਕਦੇ। ਉਲੰਘਣਾ ਕਰਨ ਵਾਲੇ ਨੂੰ ਤਿੰਨ ਮਹੀਨਿਆਂ ਤੋਂ ਇੱਕ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਦਾ ਲੋਕਾਂ ਨੇ ਸਵਾਗਤ ਵੀ ਕੀਤਾ ਹੈ। ਪਾਕਿਸਤਾਨ ਸਰਕਾਰ ਤੋਂ ઠਬਾਅਦ ਲਹਿੰਦੇ ਪੰਜਾਬ ਦੀ ਸਰਕਾਰ ਨੇ 19 ਜਨਵਰੀ 2016 ઠਦਾ ਪੰਜਾਬ ਮੈਰਿਜ ਫੰਕਸ਼ਨਜ਼ ਆਰਡੀਨੈਂਸ ਜਾਰੀ ਕਰਕੇ ਇੱਕ ਡਿਸ਼ ਪ੍ਰਣਾਲੀ ਲਾਗੂ ਕੀਤੀ ਹੈ। ਇਸ ਤਹਿਤ ਕੋਈ ਵੀ ਸਮਾਗਮਾਂ ਵਿੱਚ ਦਰਜਨਾਂ ਤਰ੍ਹਾਂ ਦੇ ਪਕਵਾਨ ਨਹੀਂ ਬਣਵਾ ਸਕੇਗਾ ਤੇ ਮੈਰਿਜ ਪੈਲੇਸਾਂ ਤੇ ਹੋਟਲਾਂ ਵਾਲਿਆਂ ਦੀ ਵੀ ਇਹ ਜ਼ਿੰਮੇਵਾਰੀ ਹੋਵੇਗੀ। ਮਹਿਮਾਨਾਂ ਦੀ ਗਿਣਤੀ ਦੀ ਹੱਦ ਵੀ ਤੈਅ ਕਰ ਦਿੱਤੀ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਇੱਕ ਮਹੀਨੇ ਤੱਕ ਦੀ ਕੈਦ ਅਤੇ ਪੰਜਾਹ ਹਜ਼ਾਰ ਤੋਂ ਵੀਹ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸਾਬਕਾ ਰਜਿਸਟਰਾਰ ઠਡਾ. ਪੀ. ਐੱਲ. ਗਰਗ ਨੇ ਕਿਹਾ ਕਿ ਇਸ ਮੌਕੇ ਸਿਆਸੀ, ਧਾਰਮਿਕ ਤੇ ਸਮਾਜਿਕ ਖੇਤਰ ‘ਚੋਂ ਰੋਲ ਮਾਡਲਾਂ ਦੀ ਕਮੀ ਦਾ ਖਲਾਅ ਬੌਧਿਕ ਕੰਗਾਲੀ ਦਾ ਪ੍ਰਤੀਕ ਹੈ। ਬਹੁਤ ਸਾਰੇ ਲੋਕ ਦਲੀਲ ਦਿੰਦੇ ਹਨ ਕਿ ਹਰ ਪਰਿਵਾਰ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਸੁਣਨ ਨੂੰ ਦਲੀਲ ਠੀਕ ਲੱਗਦੀ ਹੈ, ਪਰ ਕੀ ਵੱਡੀ ਚਾਦਰ ਵਾਲਿਆਂ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ? ਗੁਆਂਢੀ ਦੇ ਸੱਥਰ ਵਿਛਿਆ ਹੋਵੇ ਤਾਂ ਲੋਕ ਆਪਣੀਆਂ ਬਰਾਤਾਂ ਦਾ ਢੋਲ-ਢਮੱਕਾ ਵੀ ਬੰਦ ਕਰ ਲੈਂਦੇ ਰਹੇ ਹਨ। ਪੰਜਾਬ ਵਿੱਚ ਵਧ ਰਹੀਆਂ ਖ਼ੁਦਕੁਸ਼ੀਆਂ ਲਗਾਤਾਰ ਸੱਥਰ ਵਿਛਾ ਰਹੀਆਂ ਹਨ, ਇਹ ਪੂਰੇ ਭਾਈਚਾਰੇ ਦੀ ਜ਼ਿੰਮੇਵਾਰੀ ਹੈ ਤੇ ਸਭ ਤੋਂ ਪਹਿਲਾਂ ਆਰਥਿਕ ਤੌਰ ‘ਤੇ ਸੌਖੇ ਲੋਕਾਂ ਨੂੰ ਬੇਲਗਾਮ ਖ਼ਰਚਿਆਂ ‘ਤੇ ਲਗਾਮ ਪਾਉਣ ਦੀ ਲੋੜ ਹੈ। ਪੰਜਾਬ ਵਿਧਾਨ ਸਭਾ ਨੇ ਵੀ 2016 ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਹਰਪ੍ਰੀਤ ਸਿੰਘ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਸੀ, ਜਿਸ ਵਿੱਚ ਸਮਾਜਿਕ ਸਮਾਗਮਾਂ ‘ਤੇ ਖ਼ਰਚੇ ਘੱਟ ਕਰਨ ਦੀ ਗੱਲ ਕੀਤੀ ਗਈ ਹੈ।
ਪੰਜਾਬ ਵਿੱਚ ਵਧੇ ਜਲ ਸੰਕਟ ਦੇ ਬਾਵਜੂਦ ਸਾਲਾਂ ਤੱਕ ਕਿਸਾਨ ਇੱਕ-ਦੂਜੇ ਦੀ ਦੇਖਾਦੇਖੀ ਅਤੇ ਕਈ ਤਰ੍ਹਾਂ ਦੀਆਂ ਹੋਰ ਮੁਸ਼ਕਿਲਾਂ ਦੇ ਕਾਰਨ ਮਈ ਵਿੱਚ ਹੀ ਝੋਨਾ ਲਾਉਂਦੇ ਰਹੇ। ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਦੋਂ ਕਾਨੂੰਨ ਬਣਾ ਦਿੱਤਾ ਤਾਂ ਪਹਿਲਾਂ ਹੀ ਤਿਆਰ ਬੈਠੇ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ। ਇਹੀ ਹਾਲ ਵਿਆਹਾਂ-ਸ਼ਾਦੀਆਂ ਅਤੇ ਮਰਨਿਆਂ ‘ਤੇ ਹੋ ਰਹੇ ਖ਼ਰਚ ਦਾ ਹੈ। ਜੇਕਰ ਪੰਜਾਬ ਸਰਕਾਰ ਵੀ ਗੈਸਟ ਕੰਟਰੋਲ ਆਰਡਰ ਲਾਗੂ ਕਰ ਦੇਵੇ ਤਾਂ ਇਸ ਦਾ ਵੀ ਵੱਡੇ ਪੱਧਰ ‘ਤੇ ਸਵਾਗਤ ਹੋਣ ਦੇ ਆਸਾਰ ਹਨ, ਕਿਉਂਕਿ ਬਹੁ-ਗਿਣਤੀ ਨੂੰ ਸਮਾਜਿਕ ਦਬਾਅ ਹੇਠ ਮਜਬੂਰੀ ਵਿੱਚ ਵਿਆਹਾਂ ‘ਤੇ ਸਮਰੱਥਾ ਤੋਂ ਵੱਧ ਖ਼ਰਚਾ ਕਰਨਾ ਪੈ ਰਿਹਾ ਹੈ। ਇਸ ਆਰਡਰ ਦੇ ਨਾਲ ਸਮਾਜਿਕ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੂੰ ਵਿਆਪਕ ਮੁਹਿੰਮ ਚਲਾਉਣ ਦੀ ਲੋੜ ਹੈ, ਕਿਉਂਕਿ ਇਕੱਲਾ ਕਾਨੂੰਨ ਹੀ ਕਾਫ਼ੀ ਨਹੀਂ ਹੁੰਦਾ, ਇਸ ਵਾਸਤੇ ਲੋਕਾਂ ਦੀ ਜਾਗਰੂਕਤਾ ਵੱਡੀ ਭੂਮਿਕਾ ਨਿਭਾ ਸਕਦੀ ਹੈ।

Check Also

ਪੇਂਡੂ ਔਰਤਾਂ ਲਈ ਬਰਾਬਰੀ ਦੀ ਮੰਜ਼ਿਲ ਦੂਰ

ਜਿਨਸ਼ੀ ਸ਼ੋਸ਼ਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਨਹੀਂ ਆਉਣ ਦਿੱਤੇ ਜਾਂਦੇ ਚੰਡੀਗੜ੍ਹ : ਸਾਰੀ ਜ਼ਿੰਦਗੀ …