Breaking News
Home / ਨਜ਼ਰੀਆ / ਖੁਦਕੁਸ਼ੀਆਂ ਨੇ ਝੰਜੋੜ ਦਿੱਤਾ ਅੰਨਦਾਤਾ

ਖੁਦਕੁਸ਼ੀਆਂ ਨੇ ਝੰਜੋੜ ਦਿੱਤਾ ਅੰਨਦਾਤਾ

ਸੁੱਖਪਾਲ ਸਿੰਘ ਗਿੱਲ
ਕਿਸਾਨੀ ਖੁਦਕੁਸ਼ੀਆਂ ਦੇ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ‘ਮਰਜ਼ ਬੜਤਾ ਗਿਆ ਜ਼ੂ ਜ਼ੂ ਦਵਾ ਕੀ’ ਸਰਕਾਰ ਦੇ ਉਪਰਾਲੇ ਕੋਈ ਪੁਖਤਾ ਹੱਲ ਨਹੀਂ ਲੱਭ ਸਕੇ। ਭਾਵੇਂ ਸਰਕਾਰ ਖੁਦਕੁਸ਼ੀਆਂ ਰੋਕਣ ਲਈ ਚਿੰਤਾ ਵਿੱਚ ਹੈ, ਪਰ ਅਜੇ ਤਕ ਖੁਦਕਸ਼ੀਆਂ ਯੂਟਰਨ ਲੈਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ 20-25 ਸਾਲਾਂ ਤੋਂ ਖੁਦਕੁਸ਼ੀਆਂ ਦੇ ਰੁਝਾਨ ਨੇ ਇਮਾਨਦਾਰ ਅਤੇ ਪਵਿੱਤਰ ਕਿਸਾਨੀ ਕਿੱਤੇ ਨੂੰ ਝੰਜੋੜਿਆਂ ਹੈ। ਕਿਸਾਨ ਨੇ ‘ਕੋਈ ਭੁੱਖਾ ਨਾ ਸੋਵੇਂ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ, ਪਰ ਆਪ ਖੁਦਕਸ਼ੀਆਂ ਦੇ ਰਾਹ ਪੈ ਗਿਆ। ਖੁਦਕੁਸ਼ੀਆਂ ਦੇ ਕਾਰਨ ਅਤੇ ਹੱਲ ਅਜੇ ਸਰਕਾਰ ਦੀ ਕਚਹਿਰੀ ਵਿੱਚ ਲੰਬਿਤ ਪਏ ਹਨ। ਪਤਾ ਨਹੀਂ ਅਖਬਾਰ ਦੀ ਸੁਰਖੀ ਖੁਦਕੁਸ਼ੀ ਕਰਦੇ ਕਿਸਾਨ ਨੂੰ ਕਦੋਂ ਅੰਨਦਾਤੇ ਦਾ ਖੁਸਿਆ ਰੁਤਬਾ ਦੇਵੇਗੀ।
ਖੁਦਕੁਸ਼ੀਆਂ ਦੇ ਕਾਰਨ ਕਈ ਹਨ, ਪਰ ਇੱਕ ਦੂਜੇ ਦੇ ਪਾਲੇ ਵਿੱਚ ਗੇਂਦ ਸੁੱਟਣ ਦਾ ਰੁਝਾਨ ਜਾਰੀ ਹੈ। ਆਰਥਿਕ ਅਤੇ ਸਿਹਤ ਦੇ ਪੱਖੋਂ ਟੁੱਟ ਫੁੱਟ ਕੇ ਖੁਦਕੁਸ਼ੀ ਦਾ ਰੁਝਾਨ ਉਪਜਦਾ ਹੈ। ਆਰਥਿਕ ਪੱਖੋਂ ਕਿਸਾਨੀ ਖਰਚੇ ਜ਼ਿਆਦਾ ਹਨ। ਜਿਣਸ ਦੀ ਕੀਮਤ ਘੱਟ ਹੈ। ਸਿਹਤ ਪ੍ਰਤੀ ਖੁਦ ਸਹੇੜੀਆਂ ਅਲਾਮਤਾਂ ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਵੀ ਇੱਕ ਕਾਰਨ ਹੈ। ਸਿਹਤ ਮਾਹਰ ਦੱਸਦੇ ਹਨ ਕਿ ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਮਾਨਸਿਕ ਤਵਾਜ਼ਨ ਖਰਾਬ ਕਰਦੀ ਹੈ। ਇਸ ਨਾਲ ਛੋਟੀ ਛੋਟੀ ਤੰਗੀ ਤੇ ਵੀ ਖੁਦਕੁਸ਼ੀ ਦਾ ਰੁਝਾਨ ਉਪਜਦਾ ਹੈ। ਰਿਪੋਰਟਾਂ ਹਨ ਕਿ 60 ਪ੍ਰਤੀਸ਼ਤ ਕਿਸਾਨ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਦਾ ਹੈ, ਕਿਉਂਕਿ ਇਹ ਦਵਾਈ ਉਸਦੇ ਕੋਲ ਹੀ ਹੁੰਦੀ ਹੈ। ਸੋਚਣ ਸਮਝਣ ਦਾ ਟਾਈਮ ਹੀ ਨਹੀਂ ਦਿੰਦੀ। ਰੀਸੋ ਰੀਸ ਚਾਦਰ ਤੋਂ ਬਾਹਰ ਪੈਰ ਕਰਨੇ ਵੀ ਖੁਦਕੁਸ਼ੀ ਦਾ ਕਾਰਨ ਬਣਦੇ ਹਨ। ਮਿਹਨਤ ਨਾਲੋਂ ਆਮਦਨ ਕਾਫੀ ਘੱਟ ਮਿਲਣ ਕਰਕੇ ਵੀ ਕਿਸਾਨ ਦਾ ਜੀਵਨ ਝੰਜੋੜਿਆ ਗਿਆ ਹੈ।
ਨੈਸ਼ਨਲ ਕਰਾਈਮ ਬਿਊਰੋ ਦੇ ਰਿਕਾਰਡ ਅਨੁਸਾਰ 1995 ਤੋਂ 2015 ਤੱਕ 31ਹਜ਼ਾਰ ਖੁਦਕੁਸ਼ੀਆਂ ਦਾ ਅਨੁਮਾਨ ਹੈ। ਪੰਜਾਬ ਵਿੱਚ ਵੱਖ ਵੱਖ ਯੂਨੀਵਰਸਿਟੀਆਂ ਦੇ ਅੰਕੜੇ ਖੁਦਕੁਸ਼ੀਆਂ ਨੂੰ ਉਜਾਗਰ ਕਰਦੇ ਹਨ। 1990-91 ਦੀ ਜਨਗਣਨਾ ਅਨੁਸਾਰ 295668 ਕਿਸਾਨ ਇੱਕ ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ ਸਨ। ਦਾਦਾ ਲਾਹੀ ਵੰਡ ਨੇ ਜ਼ਮੀਨ ਵੰਡੀ ਪਰ ਆਰਥਿਕ ਸਾਧਨ ਖੜੇ ਰਹੇ, ਇਸ ਨਾਲ ਖੇਤੀ ਮਜ਼ਦੂਰਾਂ ਦੀ ਗਿਣਤੀ ਵਧੀ। ਸਰਕਾਰ ਨੇ ਖੇਤੀ ਖੇਤਰ ਨੂੰ ਤਰਜੀਹ ਦਿੱਤੀ। ਸਬਸਿਡੀਆਂ ਅਤੇ ਘੱਟ ਵਿਆਜ਼ ਵਾਲੇ ਕਰਜ਼ੇ ਮੁਹੱਈਆ ਕਰਵਾਏ, ਪਰ ਜਿਣਸ ਦੀ ਘੱਟ ਕੀਮਤ ਅਤੇ ਮੰਡੀਕਰਨ ਦੀ ਸਮੱਸਿਆ ਨੇ ਖੁਦਕੁਸ਼ੀਆਂ ਨੂੰ ਪਿੱਛੇ ਨਹੀਂ ਮੋੜਿਆ। ਛੋਟਾ ਕਿਸਾਨ ਖੇਤਾਂ ਤੋਂ ਖੇਤ ਮਜ਼ਦੂਰ ਬਣਨ ਵੱਲ ਗਿਆ ਅਤੇ ਆਰਥਿਕ ਪੱਖ ਤੋਂ ਬਹੁਤ ਕਮਜ਼ੋਰ ਹੋਇਆ। ਚੈਸਟਰ ਬਾਉਲਜ਼ ਦਾ ਕਥਨ ਹੈ ‘ਵਿੱਤੀ ਸੰਸਿਆਂ ਦੀ ਹਾਜ਼ਰੀ ਵਿੱਚ ਵਿਅਕਤੀ ਆਜ਼ਾਦ ਨਹੀਂ ਹੈ।’ ਆਰਥਿਕ ਪੱਖ ਤੋਂ ਕਿਸਾਨੀ ਕਿੱਤਾ ਕਮਜ਼ੋਰ ਹੋਇਆ ਇਸ ਦਾ ਨਤੀਜਾ ਇਹ ਨਿਕਲਿਆ ਕਿ ਕਿਸਾਨੀ ਖੇਮਿਆਂ ਵਿਚੋਂ ਚਾਅ ਮਲਾਰ ਅਤੇ ਆਰਥਿਕ ਅਜ਼ਾਦੀ ਗਾਇਬ ਹੁੰਦੀ ਗਈ।
ਹਰ ਸਾਲ ਸ਼ਾਮਲਾਤਾਂ ਅਤੇ ਨਿੱਜੀ ਮਾਲਕਾਂ ਵੱਲੋਂ ਠੇਕੇ ਦੇ ਰੇਟਾਂ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਸਾਲ 2016-17 ਵਿੱਚ 292 ਕਰੋੜ ਅਤੇ 2017-18 ਵਿੱਚ 307 ਕਰੋੜ ਦੀ ਸ਼ਾਮਲਾਤ ਦੀ ਠੇਕੇ ਵਜੋਂ ਆਮਦਨ ਹੋਈ। ਵੱਡੇ ਜ਼ਿੰਮੀਦਾਰਾਂ ਦਾ ਠੇਕਾ ਵੀ 30 ਹਜ਼ਾਰ ਤੋਂ ਉੱਪਰ ਹੈ। ਛੋਟਾ ਕਿਸਾਨ ਕਰਜ਼ੇ ਦਾ ਵਿਆਜ਼ ਮੋੜ ਕੇ ਡੰਗ ਟਪਾਉਂਦਾ ਹੈ। ਅਗਲੇ ਸਾਲ ਦੇ ਅਰਮਾਨ ਵੀ ਮਿੱਟੀ ਵਿੱਚ ਦੱਬ ਦਿੰਦਾ ਹੈ। ਕਿਸਾਨੀ ਆਗੂ ਵੀ ਕੋਈ ਹੱਲ ਨਹੀਂ ਕਢਵਾ ਸਕੇ। ਅੱਜ ਸਰਕਾਰ ਖੁਦਕੁਸ਼ੀਆਂ ਰੋਕਣ ਲਈ ਸੰਜੀਦਾ ਤਾਂ ਹੈ ਪਰ ਰਫਤਾਰ ਢਿੱਲੀ ਹੈ। ਸਰਕਾਰ ਕਿਸਾਨੀ ਖੁਦਕੁਸ਼ੀਆਂ ਰੋਕਣ ਲਈ ਪਰਮ ਅਗੇਤ ਯਤਨ ਕਰੇ। ਇਸ ਤੋਂ ਵੱਡਾ ਪੁੰਨ ਕਰਮ ਹੋਰ ਕੋਈ ਨਹੀਂ ਹੋ ਸਕਦਾ।
ਅੰਨਦਾਤੇ ਨੂੰ ਮਿਲਿਆ ਖਿਤਾਬ ਖੁਦਕੁਸ਼ੀਆਂ ਨੇ ਵਗਾਹ ਸੁੱਟਿਆ ਹੈ। ਇਸ ਲਈ ਸਰਕਾਰੀ ਉਪਰਾਲੇ ਇਨ੍ਹਾਂ ਕਿਰਤੀ ਸੁਭਾਅ ਦੇ ਮਾਲਕਾਂ ਨੂੰ ਪਾਸਾ ਦੁਆ ਸਕਦੇ ਹਨ। ਸਰਕਾਰ, ਆਰਥਿਕ ਮਾਹਰ ਅਤੇ ਕਿਸਾਨ, ਖੁਦਕੁਸ਼ੀਆਂ ਦੇ ਰੁਝਾਨ ਨੂੰ ਰੋਕਣ ਲਈ ਆਪਸੀ ਤਾਲਮੇਲ ਬਿਠਾਉਣ। ਇਸ ਨਾਲ ਹੀ ਨਿੱਤ ਦਿਨ ਖੁਦਕਸ਼ੀ ਦੀ ਸੁਰਖੀ ਰੁੱਕ ਸਕਦੀ ਹੈ।
– 98781-11445

Check Also

ਵਾਹਗੇ ਵਾਲੀ ਲਕੀਰ

ਦੋਵਾਂ ਪਾਸਿਆਂ ਦੀ ਸੁੱਖ ਮੰਗਣ ਵਾਲੇ ਲੋਕ ਪਾਦਰੀ ਇਰਸ਼ਾਦ ਦਤਾ ਮੇਰੇ ਵਾਕਿਫ ਨਹੀਂ ਸਨ ਪਰ …