Breaking News
Home / ਕੈਨੇਡਾ / ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਨੇ ਕਵੀ-ਦਰਬਾਰ ਦਾ ਸਫ਼ਲ ਆਯੋਜਨ ਕਰਕੇ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਿਹਾ

ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਨੇ ਕਵੀ-ਦਰਬਾਰ ਦਾ ਸਫ਼ਲ ਆਯੋਜਨ ਕਰਕੇ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਿਹਾ

ਬਰੈਂਪਟਨ/ਡਾ ਝੰਡ : ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਨਵੇਂ ਸਾਲ 2018 ਦਾ ਸੁਆਗ਼ਤ ਕਰਨ ਲਈ 7956 ਟੌਰਬਰੱਮ ਰੋਡ, ਬਿਲਡਿੰਗ ‘ਬੀ’ ਦੇ ਯੂਨਿਟ ਨੰਬਰ 9 ਵਿਚ ਸਥਿਤ ‘ਰਾਮਗੜ੍ਹੀਆ ਕਮਿਊਨਿਟੀ ਭਵਨ’ ਵਿਖੇ ਸ਼ਾਨਦਾਰ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ। ਇਹ ਕਵੀ-ਦਰਬਾਰ ਬਾਅਦ ਦੁਪਹਿਰ 2.00 ਵਜੇ ਸ਼ੁਰੂ ਹੋ ਕੇ ਸ਼ਾਮ 4.00 ਵਜੇ ਤੱਕ ਚੱਲਿਆ ਜਿਸ ਵਿਚ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਨਵੇਂ ਸਾਲ 2018 ਨੂੰ ਜੀ ਆਇਆਂ ਕਿਹਾ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਦੇ ਸਰਪ੍ਰਸਤ ਦਲਜੀਤ ਸਿੰਘ ਗੈਦੂ, ਪ੍ਰਧਾਨ ਜਸਬੀਰ ਸਿੰਘ ਸੈਂਹਭੀ, ਫ਼ਾਊਂਡੇਸ਼ਨ ਦੇ ਸੀਨੀਅਰ ਮੈਂਬਰ ਕੇਹਰ ਸਿੰਘ ਮਠਾੜੂ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਚੇਅਰਮੈਨ ਬਲਰਾਮ ਚੀਮਾ ਸੁਸ਼ੋਭਿਤ ਸਨ।
ਦਲਜੀਤ ਸਿੰਘ ਗੈਦੂ ਅਤੇ ਜਸਬੀਰ ਸਿੰਘ ਸੈਂਹਭੀ ਵੱਲੋਂ ਆਏ ਮਹਿਮਾਨਾਂ ਦਾ ਰਸਮੀ ਸੁਆਗ਼ਤ ਕਰਨ ਅਤੇ ਨਵੇਂ ਸਾਲ ਦੀਆਂ ਵਧਾਈਆਂ ਦੇਣ ਤੋਂ ਬਾਅਦ ਹਰਦਿਆਲ ਝੀਤਾ ਨੇ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਵਾਰੋ-ਵਾਰੀ ਕਵੀਆਂ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਸੱਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਮਕਬੂਲ ਸ਼ਾਇਰ ਮਕਸੂਦ ਚੌਧਰੀ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਕਹਿੰਦੀ ਹੋਈ ਨਜ਼ਮ ਪੇਸ਼ ਕੀਤੀ ਗਈ। ਲਹਿੰਦੇ ਪੰਜਾਬ ਦੇ ਹੀ ਇਕ ਹੋਰ ਲੇਖਕ ਰਾਸ਼ਿਦ ਅੱਤਾ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਬਾਰੇ ਲਿਖਿਆ ਮਿੰਨੀ-ਨਿਬੰਧ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਨੇ ਉਦੋਂ ਜ਼ਿਲ੍ਹਾ ਹੁਸ਼ਿਆਰਪੁਰ (ਹੁਣ, ਨਵਾਂ ਸ਼ਹਿਰ) ਦੇ ਪਿੰਡ ‘ਕਾਠਗੜ੍ਹ’ ਵਿਚ ਉਨ੍ਹਾਂ ਦੇ ਬਜ਼ੁਰਗਾਂ ਅਤੇ ਹੋਰ ਮੁਸਲਮਾਨ ਭਰਾਵਾਂ ਨੂੰ ਆਪਣੇ ਸਿੱਖ ਭਰਾਵਾਂ ਵੱਲੋਂ ਨਿੱਜੀ ਸੁਰੱਖਿਆ ਦੇ ਕੇ ‘ਸਰਹੱਦ’ ਦੇ ਦੂਸਰੇ ਪਾਸੇ ਸੁਰੱਖ਼ਿਅਤ ਪਹੁੰਚਾਉਣ ਦਾ ਬਾਖ਼ੂਬੀ ਜ਼ਿਕਰ ਕੀਤਾ।
ਉਪਰੰਤ, ਮਲੂਕ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਵਿਚ ਪੰਜਾਬੀ ਬੋਲੀ ਦੀ ਅਹਿਮੀਅਤ ਦੱਸਦਿਆਂ ਹੋਇਆਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ‘ਤੇ ਜ਼ੋਰ ਦਿੱਤਾ ਅਤੇ ਆਪਣੀ ਕਵਿਤਾ ‘ਜਰਨੈਲ’ ਸੁਣਾਈ। ਗਿਆਨ ਸਿੰਘ ਦਰਦੀ ਨੇ ਅਜੋਕੇ ਹਾਲਾਤ ‘ਤੇ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ। ਮਹਿੰਦਰ ਪ੍ਰਤਾਪ ਸਿੰਘ ਦੀ ਕਵਿਤਾ ਨਵੇਂ ਸਾਲ ਦੀਆਂ ਖ਼ੂਬਸੂਰਤ ਸੰਭਾਵਨਾਵਾਂ ਨੂੰ ਸਮੱਰਪਿਤ ਸੀ। ਹਰਜੀਤ ਬੇਦੀ ਦੀ ਕਵਿਤਾ ਵਿਚ ਲੋਕਾਂ ਦਾ ਦਰਦ ਸਮੋਇਆ ਹੋਇਆ ਸੀ। ਤਲਵਿੰਦਰ ਮੰਡ ਨੇ ਆਪਣੀ ਗ਼ਜ਼ਲ ਵਿਚ ਪੰਜਾਬ ਦੀ ਅਜੋਕੀ ਸਮਾਜਿਕ ਤੇ ਆਰਥਿਕ ਹਾਲਤ ਨੂੰ ਪੇਸ਼ ਕਰਦਿਆਂ ਹੋਇਆਂ ਨਵੇਂ ਸਾਲ ਵਿਚ ਕੁਝ ਵੀ ‘ਨਵਾਂ’ ਨਾ ਹੋਣ ਦੀ ਪੇਸ਼ੀਨਗੋਈ ਕੀਤੀ। ਸੁਖਦੇਵ ਸਿੰਘ ਝੰਡ ਦੀ ਗ਼ਜ਼ਲ-ਨੁਮਾ ਕਵਿਤਾ ‘ਸਾਡੇ ਲਈ ਏ ਕਾਹਦਾ ਯਾਰੋ ਨਵਾਂ ਸਾਲ’ ਆਮ ਸਧਾਰਨ ਮਨੁੱਖ ਦੀਆਂ ਮਜਬੂਰੀਆਂ ਬਿਆਨ ਕਰਦੀ ਕਹਿ ਰਹੀ ਸੀ ਕਿ ਉਸ ਦੇ ਲਈ ਤਾਂ ‘ਨਵਾਂ ਸਾਲ’ ਮਹਿਜ਼ ਕੈਲੰਡਰ ਦੀ ਤਰੀਕ ਬਦਲਣ ਤੱਕ ਹੀ ਸੀਮਿਤ ਹੈ। ਪ੍ਰਧਾਨਗੀ-ਮੰਡਲ ਵਿੱਚੋਂ ਕੇਹਰ ਸਿੰਘ ਮਠਾੜੂ ਹੁਰਾਂ ਨੇ ਆਪਣੀਆਂ ਨਵੇਂ ਸਾਲ ਅਤੇ ਕੈਨੇਡਾ ਦੇ ਸੀਨੀਅਰਜ਼ ਨਾਲ ਸਬੰਧਿਤ ਦੋ ਕਵਿਤਾਵਾਂ ਰਾਹੀਂ ਚੰਗਾ ਰੰਗ ਬੰਨ੍ਹਿਆਂ, ਜਦਕਿ ਇਕ ਨੌਜੁਆਨ ਰੌਬੀ ਘਟੌੜਾ ਨੇ ਸਿੱਖੀ ਕਦਰਾਂ-ਕੀਮਤਾਂ ਨਾਲ ਲਬਰੇਜ਼ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਸਿੱਖੀ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਕੀਤੀ। ਕਵੀਆਂ ਤੋਂ ਇਲਾਵਾ ਨਾਮਧਾਰੀ ਸਿੱਖ ਸੰਗਤ ਟੋਰਾਂਟੋ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ ਸਿੰਘ ਅਤੇ ਇੰਦਰਜੀਤ ਸਿੰਘ ਗਰੇਵਾਲ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ। ਅਖ਼ੀਰ ਵਿਚ ਬਲਰਾਜ ਚੀਮਾ ਨੇ ਬੜੇ ਹੀ ਖ਼ੂਬਸੂਰਤ ਸ਼ਬਦਾਂ ਵਿਚ ਸਮਾਗ਼ਮ ਦੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਰਾਮਗੜ੍ਹੀਆ ਸਿੱਖ ਫਾਂਊਂਡੇਸ਼ਨ ਆਫ਼ ਓਨਟਾਰੀਓ ਨੂੰ ਨਵੇਂ ਸਾਲ ਦੇ ਆਗ਼ਮਨ ਨੂੰ ਇਸ ਤਰ੍ਹਾਂ ਖ਼ੂਬਸੂਰਤ ਕਵੀ-ਦਰਬਾਰ ਸਜਾ ਕੇ ਨਿਵੇਕਲੇ ਢੰਗ ਨਾਲ ਮਨਾਉਣ ‘ਤੇ ਇਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਕਵੀ-ਦਰਬਾਰ ਵਿਚ ਸ਼ਾਮਲ ਹੋਣ ਵਾਲੇ ਕਵੀਆਂ ਨੂੰ ਰਾਮਗੜ੍ਹੀਆ ਸਿੱਖ ਫ਼ੈੱਡਰੇਸ਼ਨ ਆਫ਼ ਓਨਟਾਰੀਓ ਵੱਲੋਂ ਐਪਰੀਸੀਏਸ਼ਨ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਵਿਚ ਜਰਨੈਲ ਸਿੰਘ ਮਠਾੜੂ, ਬਚਿੱਤਰ ਸਿੰਘ ਝੀਤਾ, ਸੁਖਵਿੰਦਰ ਸਿੰਘ ਝੀਤਾ, ਗੁਰਚਰਨ ਸਿੰਘ ਜੋਸਣ, ਜੋਗਿੰਦਰ ਸਿੰਘ ਅਰੋੜਾ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।

Check Also

ਕਮਿਊਨਿਸਟ ਪਾਰਟੀ ਆਫ ਕੈਨੇਡਾ ਵਲੋਂ ਡੱਗ ਫੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਬਰੈਂਪਟਨ ‘ਚ ਮੁਜ਼ਾਹਰਾ

ਬਰੈਂਪਟਨ/ਬਿਊਰੋ ਨਿਊਜ਼ : ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਡੱਗ ਫ਼ੋਰਡ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ਼ …