Breaking News
Home / ਦੁਨੀਆ / ਔਰਤ-ਮਰਦ ਵਿਤਕਰਾ ਖ਼ਤਮ ਕਰਨ ਨਾਲਹੋਵੇਗਾ ਭਾਰਤ ਨੂੰ ਫ਼ਾਇਦਾ : ਇਵਾਂਕਾ ਟਰੰਪ

ਔਰਤ-ਮਰਦ ਵਿਤਕਰਾ ਖ਼ਤਮ ਕਰਨ ਨਾਲਹੋਵੇਗਾ ਭਾਰਤ ਨੂੰ ਫ਼ਾਇਦਾ : ਇਵਾਂਕਾ ਟਰੰਪ

ਭਾਰਤ ‘ਚ ਔਰਤਾਂ ਵੱਖੋ-ਵੱਖ ਖੇਤਰਾਂ ‘ਚ ਅਸਧਾਰਨ ਕੰਮ ਕਰ ਰਹੀਆਂ : ਮੋਦੀ
ਹੈਦਰਾਬਾਦ/ਬਿਊਰੋ ਨਿਊਜ਼ : ਅੱਠਵੇਂ ਸਾਲਾਨਾ ਕੌਮਾਂਤਰੀ ਉੱਦਮ ਕਰਤਾ ਸੰਮੇਲਨ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਅਤੇ ਵਾਈਟ ਹਾਊਸ ਵਿਚ ਸਲਾਹਕਾਰ ਇਵਾਂਕਾ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਦੋਹਾਂ ਨੇ ਔਰਤ ਉੱਦਮੀਆਂ ਨੂੰ ਹੱਲਾਸ਼ੇਰੀ ਦੇਣ ‘ਤੇ ਜ਼ੋਰ ਦਿਤਾ। ਸੰਮੇਲਨ ਦਾ ਇਸ ਸਾਲ ਦੇ ਵਿਸ਼ਾ ‘ਔਰਤਾਂ ਪਹਿਲਾਂ, ਹਰ ਇਕ ਲਈ ਬਰਕਤ’ ਹੈ। ਇਵਾਂਕਾ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਦੀ ਤਾਰੀਫ਼ ਕਰਦਿਆਂ ਦੇਸ਼ ਦੇ ਕੰਮਕਾਜ ਵਿਚ ਔਰਤਾਂ ਦੀ ਹਿੱਸੇਦਾਰੀ ਵਧਾਏ ਜਾਣ ਦੀ ਜ਼ਰੂਰਤ ਦੱਸੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿਚ ਨੌਕਰੀਆਂ ਦੇ ਮਾਮਲੇ ਵਿਚ ਔਰਤ-ਮਰਦ ਵਿਤਕਰਾ ਅੱਧਾ ਵੀ ਕਰ ਦਿਤਾ ਜਾਵੇ ਤਾਂ ਅਗਲੇ ਤਿੰਨ ਸਾਲਾਂ ਵਿਚ ਭਾਰਤੀ ਅਰਥਚਾਰੇ ਨੂੰ 150 ਅਰਬ ਡਾਲਰ ਦਾ ਫ਼ਾਇਦਾ ਹੋ ਸਕਦਾ ਹੈ।ਇਸ ਦੇ ਨਾਲ ਹੀ ਇਵਾਂਕਾ ਨੇ ਔਰਤ ਉੱਦਮੀਆਂ ਲਈ ਪੂੰਜੀ ਪਹੁੰਚ ਅਤੇ ਬਰਾਬਰ ਕਾਨੂੰਨਾਂ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਉੱਦਮੀਆਂ ਵਿਚ ਲਿੰਗ ਫ਼ਰਕ ਨੂੰ ਘੱਟ ਕਰਨ ਨਾਲ ਕੌਮਾਂਤਰੀ ਜੀ.ਡੀ.ਪੀ. ਵਿਚ ਦੋ ਫ਼ੀਸਦੀ ਤੱਕ ਦਾ ਹੋਰ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੇ ਸੱਭ ਤੋਂ ਤੇਜ਼ ਵਧਦੇ ਅਰਥਚਾਰਿਆਂ ਵਿਚੋਂ ਇਕ ਹੈ ਅਤੇ ਉਹ ਵਾਈਟ ਹਾਊਸ ਦਾ ਸੱਚਾ ਮਿੱਤਰ ਹੈ। ਆਪਣੇ ਸੰਬੋਧਨ ਵਿਚ ਇਵਾਂਕਾ ਨੇ ਮਹਿਲਾ ਉੱਦਮੀਆਂ ਨੂੰ ਹੱਲਾਸ਼ੇਰੀ ਦੇਣ ਉਤੇ ਜ਼ੋਰ ਦਿਤਾ ਅਤੇ ਕਿਹਾ ਕਿ ਮਹਿਲਾ ਉੱਦਮੀਆਂ ਦੀ ਵਧਦੀ ਗਿਣਤੀ ਦੇ ਬਾਵਜੂਦ ਔਰਤਾਂ ਨੂੰ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ, ਮਲਕੀਅਤ ਰੱਖਣ ਅਤੇ ਉਸ ਨੂੰ ਅੱਗੇ ਵਧਾਉਣ ਵਿਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰ ਨੂੰ ਤਾਕਤ ਦੇਣਾ ਸਿਰਫ਼ ਸਮਾਜ ਲਈ ਹੀ ਚੰਗਾ ਨਹੀਂ ਬਲਕਿ ਇਹ ਸਾਡੇ ਅਰਥਚਾਰੇ ਲਈ ਵੀ ਚੰਗਾ ਹੈ। ਇਵਾਂਕਾ ਇਸ ਸੰਮੇਲਨ ਵਿਚ ਅਮਰੀਕਾ ਦੇ ਵਫ਼ਦ ਦੀ ਅਗਵਾਈ ਕਰ ਰਹੀ ਹੈ। ઠ
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਔਰਤਾਂ ਵਲੋਂ ਆਰਥਕ ਅਤੇ ਸਮਾਜਕ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਉਹ ਭਾਰਤ ਦੇ ਵੱਖੋ-ਵੱਖ ਖੇਤਰਾਂ ਵਿਚ ਅਸਾਧਾਰਨ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮਿਥਿਹਾਸ ਵਿਚ ਔਰਤਾਂ ਨੂੰ ਸ਼ਕਤੀ ਦਾ ਰੂਪ ਦੱਸਿਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਦਾ ਇਤਿਹਾਸ ਔਰਤਾਂ ਦੀ ਕਾਬਲੀਅਤ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ, ”ਔਰਤਾਂ ਨੇ ਭਾਰਤ ਨੂੰ ਮਾਣ ਦਿਤਾ ਹੈ।” ਔਰਤਾਂ ਵਿਚ ਉੱਦਮਸ਼ੀਲਤਾ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਸੰਮੇਲਨ ਵਿਚ 50 ਫ਼ੀਸਦੀ ਤੋਂ ਜ਼ਿਆਦਾ ਪ੍ਰਤੀਨਿਧੀ ਔਰਤਾਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਨਿਵੇਸ਼ ਲਈ ਢੁੱਕਵਾਂ ਮਾਹੌਲ ਹੈ ਜਿਥੇ ਪਾਬੰਦੀਆਂ ਨੂੰ ਹਟਾਇਆ ਗਿਆ ਹੈ ਅਤੇ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰ ਦਿਤਾ ਗਿਆ ਹੈ। ਉਨ੍ਹਾਂ ਦੁਨੀਆਂ ਭਰ ਦੇ ਉਦਮੀਆਂ ਨੂੰ ਭਾਰਤ ਵਿਚ ਆ ਕੇ ਨਿਰਮਾਣ ਕਰਨ ਦਾ ਸੱਦਾ ਅਤੇ ਹਮਾਇਤ ਕਰਨ ਦਾ ਭਰੋਸਾ ਦਿਤਾ। ਇਵਾਂਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੋਦੀ ਭਾਰਤ ਨੂੰ ਇਕ ਅਮੀਰ ਅਰਥਚਾਰਾ, ਲੋਕਤੰਤਰ ਦਾ ਪ੍ਰਕਾਸ਼ ਸਤੰਭ ਅਤੇ ਦੁਨੀਆਂ ਵਿਚ ਉਮੀਦ ਦਾ ਪ੍ਰਤੀਕ ਬਣਾਉਣ ਲਈ ਕੰਮ ਕਰ ਰਹੇ ਹਨ। ਇਵਾਂਕਾ ਨੇ ਕਿਹਾ, ”ਤੁਸੀ ਜੋ ਹਾਸਲ ਕਰ ਰਹੇ ਹੋ ਉਹ ਅਸਲ ਵਿਚ ਹੀ ਅਦਭੁਤ ਹੈ। ਛੋਟੇ ਹੁੰਦਿਆਂ ਚਾਹ ਵੇਚਣ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ।”

Check Also

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਮਿਲੇ ਮਿਸਟਰ ਮਾਈਕਲ ਫੋਰਡ

ਬਰੈਂਪਟਨ : ਮੰਗਲਵਾਰ ਵਾਲੇ ਦਿਨ ਮਿਸਟਰ ਮਾਈਕਲ ਫੋਰਡ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ …