Home / ਦੁਨੀਆ / ਮੋਦੀ ਨੇ ਟਰੰਪ ਨਾਲ ਕਈ ਮਸਲਿਆਂ ‘ਤੇ ਕੀਤੀ ਗੱਲਬਾਤ

ਮੋਦੀ ਨੇ ਟਰੰਪ ਨਾਲ ਕਈ ਮਸਲਿਆਂ ‘ਤੇ ਕੀਤੀ ਗੱਲਬਾਤ

ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕਰਨਗੇ ਕੰਮ
ਮਨੀਲਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਕਈ ਮਸਲਿਆਂ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮੁਲਕ ਦੁਵੱਲੇ ਸਬੰਧਾਂ ਤੋਂ ਉਪਰ ਉੱਠ ਕੇ ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ, ਜਿਸ ਦੀ ਝਲਕ ਉਨ੍ਹਾਂ ਦੀ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਰਣਨੀਤਕ ਮੁੱਦਿਆਂ ‘ਤੇ ਵਧ ਰਹੀ ਇਕਸੁਰਤਾ ਤੋਂ ਮਿਲ ਰਹੀ ਹੈ। ਫਿਲਪੀਨਜ਼ ਵਿੱਚ ਆਸੀਆਨ ਸੰਮੇਲਨ ਦੌਰਾਨ ਮੀਟਿੰਗ ਵਿੱਚ ਮੋਦੀ ਨੇ ਟਰੰਪ ਨੂੰ ਭਰੋਸਾ ਦਿੱਤਾ ਕਿ ਉਹ ਅਮਰੀਕਾ ਤੇ ਵਿਸ਼ਵ ਦੀਆਂ ‘ਉਮੀਦਾਂ ‘ਤੇ ਖ਼ਰੇ ਉਤਰਨ’ ਦਾ ਯਤਨ ਕਰਨਗੇ। ਉਨ੍ਹਾਂ ਨੇ ਭਾਰਤ ਬਾਰੇ ਉਤਸ਼ਾਹੀ ਤੇ ਆਸ਼ਾਵਾਦੀ ਸ਼ਬਦ ਕਹਿਣ ਲਈ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਰਣਨੀਤਕ ਤੌਰ ‘ਤੇ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ ਨੂੰ ਆਜ਼ਾਦ, ਖੁੱਲ੍ਹਾ ਅਤੇ ਇਕਜੁੱਟ ਰੱਖਣ ਲਈ ਚਹੁੰ-ਧਿਰੀ ਗੱਠਜੋੜ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਅਧਿਕਾਰੀਆਂ ਵੱਲੋਂ ਗੱਲਬਾਤ ਕੀਤੇ ਜਾਣ ਦੇ ਇਕ ਦਿਨ ਬਾਅਦ ਇਹ ਮੀਟਿੰਗ ਹੋਈ ਹੈ। ਸ੍ਰੀ ਮੋਦੀ ਨੇ ਕਿਹਾ, ‘ਭਾਰਤ ਤੇ ਅਮਰੀਕਾ ਦਰਮਿਆਨ ਸਹਿਯੋਗ ਦੁਵੱਲੇ ਤਾਲਮੇਲ ਤੋਂ ਕਿਤੇ ਵੱਧ ਹੋ ਸਕਦਾ ਹੈ। ਦੋਵੇਂ ਮੁਲਕ ਏਸ਼ੀਆ ਤੇ ਵਿਸ਼ਵ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ। ਅਸੀਂ ਕਈ ਮਸਲਿਆਂ ਉਤੇ ਇਕੱਠੇ ਅੱਗੇ ਵਧ ਰਹੇ ਹਾਂ।’ ਅਮਰੀਕਾ ਵੱਲੋਂ ਰਣਨੀਤਕ ਤੌਰ ‘ਤੇ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ, ਜਿਥੇ ਚੀਨ ਵੱਲੋਂ ਫ਼ੌਜ ਦੀ ਮੌਜੂਦਗੀ ਵਧਾਈ ਜਾ ਰਹੀ ਹੈ, ਵਿੱਚ ਭਾਰਤ-ਅਮਰੀਕਾ ਦੇ ਵੱਡੇ ਸਹਿਯੋਗ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਜਿਥੇ ਕਿਤੇ ਵੀ ਰਾਸ਼ਟਰਪਤੀ ਟਰੰਪ ਗਏ ਅਤੇ ਜਿਥੇ ਵੀ ਉਨ੍ਹਾਂ ਨੂੰ ਭਾਰਤ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਭਾਰਤ ਬਾਰੇ ਬੇਹੱਦ ਉਤਸ਼ਾਹੀ ਤੇ ਆਸ਼ਾਵਾਦੀ ਗੱਲਾਂ ਕੀਤੀਆਂ। ਉਨ੍ਹਾਂ ਨੇ ਭਾਰਤ ‘ਤੇ ਭਰੋਸਾ ਪ੍ਰਗਟਾਇਆ।
ਮੈਂ ਭਰੋਸਾ ਦਿੰਦਾ ਹਾਂ ਕਿ ਵਿਸ਼ਵ ਤੇ ਅਮਰੀਕਾ ਦੀਆਂ ਉਮੀਦਾਂ ਉਤੇ ਪੂਰਾ ਉਤਰਨ ਲਈ ਭਾਰਤ ਯਤਨ ਕਰ ਰਿਹਾ ਹੈ ਅਤੇ ਕਰਦਾ ਰਹੇਗਾ।’ਅਮਰੀਕੀ ਰਾਸ਼ਟਰਪਤੀ ਨੇ ਸ੍ਰੀ ਮੋਦੀ ਨੂੰ ਦੋਸਤ ਦੱਸਿਆ ਸੀ।
ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਉਹ ਵੱਡੇ ਮੁਲਕ ਅਤੇ ਇਸ ਦੇ ਲੋਕਾਂ ਨੂੰ ਇਕਜੁੱਟ ਕਰਨ ਲਈ ਸਫ਼ਲਤਾਪੂਰਵਕ ਕੰਮ ਕਰ ਰਹੇ ਹਨ। ਮੀਟਿੰਗ ਦੌਰਾਨ ਦੋਵੇਂ ਆਗੂਆਂ ਵੱਲੋਂ ਦੁਵੱਲੇ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਸਮੇਤ ਆਪਸੀ ਹਿੱਤਾਂ ਨਾਲ ਜੁੜੇ ਕਈ ਮਸਲਿਆਂ ਤੋਂ ਇਲਾਵਾ ਇਸ ਖਿੱਤੇ ‘ਚ ਸੁਰੱਖਿਆ ਪਰਿਪੇਖ ਬਾਰੇ ਚਰਚਾ ਕੀਤੇ ਜਾਣ ਬਾਰੇ ਪਤਾ ਲੱਗਾ ਹੈ। ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਵਧ ਰਹੇ ਦਖ਼ਲ ਕਾਰਨ ਚਹੁੰ-ਧਿਰੀ ਗੱਠਜੋੜ ਵਾਲਾ ਕਦਮ ਚੁੱਕਿਆ ਜਾ ਰਿਹਾ ਹੈ। ਅਮਰੀਕਾ ਵੱਲੋਂ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਭਾਰਤ ਦੀ ਵੱਡੀ ਭੂਮਿਕਾ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਫਿਲਪੀਨਜ਼ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਭਾਰਤੀਆਂ ਨੂੰ 21ਵੀਂ ਸਦੀ ਨੂੰ ਭਾਰਤ ਦੀ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਬਦਲਣ ਅਤੇ ਇਸ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਣ ਲਈ ਹਰੇਕ ਯਤਨ ਕਰ ਰਹੀ ਹੈ।ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਚੌਲਾਂ ਦੀਆਂ ਦੋ ਕਿਸਮਾਾਂਦੇ ਬੀਜ ਕੌਮਾਂਤਰੀ ਚੌਲ ਖੋਜ ਕੇਂਦਰ ਦੇ ਜੀਨ ਬੈਂਕ ਨੂੰ ਦਿੱਤੇ।

Check Also

ਜੇਸਨ ਕੈਨੀ ਨੇ ਕੈਪਟਨ ਅਮਰਿੰਦਰ ਨਾਲ ਕੀਤੀ ਮੁਲਾਕਾਤ

ਦੁਵੱਲੇ ਹਿੱਤਾਂ ਅਤੇ ਇਮੀਗ੍ਰੇਸ਼ਨ ਮਾਮਲਿਆਂ ਸਬੰਧੀ ਹੋਈ ਗੱਲਬਾਤ ਚੰਡੀਗੜ੍ਹ : ਕੈਨੇਡਾ ਦੇ ਅਲਬਰਟਾ ਸੂਬੇ ਦੇ …