Home / ਰੈਗੂਲਰ ਕਾਲਮ / ਕਿੰਨੇ ਔਖੇ ਸਨ ਉਹ ਪਲ!

ਕਿੰਨੇ ਔਖੇ ਸਨ ਉਹ ਪਲ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਅਜਕਲ ਲਘੂ ਫਿਲਮ ‘ਜੱਜ ਮੈਡਮ’ ਦੀ ਚਰਚਾ ਦੇ ਦਿਨ ਹਨ ਤੇ ਇਸ ਚਰਚਾ ਵਿਚ ਬਹੁਤ ਸਾਰੇ ਜੱਜਾਂ ਦਾ ਸ਼ਾਮਲ ਹੋਣਾ ਸੁਭਾਵਕ ਬਣ ਜਾਂਦਾ ਹੈ। ਇੱਕ ਔਰਤ ਜੱਜ ਦੇ ਦਰਦ ਨੂੰ ਬਿਆਨਦੀ ਮੇਰੀ ਨਵੀਂ ਰਚਨਾ ਉਤੇ ਬਣੀ ਫਿਲਮ ਨੂੰ ਬਹੁਤ ਸਾਰੇ ਜੱਜਾਂ ਦੇ ਘਰਾਂ ਵਿਚ ਉਹਨਾਂ ਨੂੰ ਇਕੱਠੇ ਕਰ ਕੇ ਦਿਖਾਉਣ ਦਾ ਸਬੱਬ ਬਣਿਆ ਤਾਂ ਕਈ (ਜੱਜ ਔਰਤਾਂ) ਜੱਜਣੀਆਂ ਰੋਂਦੀਆਂ ਤੇ ਸਿਸਕਦੀਆਂ ਦੇਖੀਆਂ। ਮੈਨੂੰ ਇਹ ਦੇਖ ਕੇ ਮਹਿਸੂਸ ਹੋਇਆ ਕਿ ਮੈਂ ਦੁਖਦੀ ਰਗ ਉਤੇ ਉਂਗਲ ਰੱਖੀ ਹੈ ਤੇ ਠੀਕ ਹੀ ਰੱਖੀ ਹੈ। ਇਹ ਗੱਲ ਪਹਿਲਾਂ ਕਿਸੇ ਨਹੀਂ ਕੀਤੀ। ਇਹਨਾਂ ਦੇ ਸੱਚੇ ਤੇ ਦੁਖੀ ਦਿਲਾਂ ਦੀ ਬਾਤ ਮੈਂ ਪਾਈ ਹੈ, ਕਿਉਂਕਿ ਮੈਂ ਮਹਿਕਮੇ ਦੇ ਵਿਚ ਰਹਿਕੇ ਸਭ-ਕੁਝ ਨੇੜੈ ਤੋਂ ਦੇਖਿਆ ਤੇ ਪਰਖਿਆ ਸੀ। ਇਹ ਫਿਲਮ ਕੈਨੇਡਾ ਦੀ ਇੱਕ ਕੰਪਨੀ ਕੈਨਵੁਡ ਫਿਲਮਜ਼ ਵੱਲੋਂ ਰਿਲੀਜ਼ ਕੀਤੀ ਗਈ ਹੈ ਤੇ ਇਸ ਨੂੰ ਇਸੇ ਨਾਂ ਹੇਠ ਯੂ-ਟਿਊਬ ਚੈਨਲ ਉਤੇ ਫੁੱਲ ਮੂਵੀ ਜੱਜ ਮੈਡਮ ਪਾ ਕੇ ਦੇਖ ਸਕਦੇ ਹੋ।ਖੈਰ! ਆਪਾਂ ਫਿਲਮ ਤੋਂ ਹਟ ਕੇ ਕੁਝ ਗੱਲਾਂ ਹੋਰ ਇਹਨਾਂ ਬਾਰੇ ਕਰਦੇ ਹਾਂ।
ਆਮ ਹੀ ਦੇਖਣ ਵਿੱਚ ਆਇਆ ਹੈ ਕਿ ਨਵੇਂ-ਨਵੇਂ ਲੱਗੇ ਨਿਆਇਕ ਅਧਿਕਾਰੀ (ਜੱਜ) ਜਦੋਂ ਹਾਲੇ ਆਪਣੀ ਨੌਕਰੀ ਦਾ ਆਰੰਭ ਕਰਦੇ ਹਨ ਤਾਂ ਮੁਢਲੇ ਸਮੇਂ ਵਿਚ ਹੀ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਵੰਨ-ਸੁਵੰਨੀਆਂ ਹੁੰਦੀਆਂ ਹਨ। ਸ਼ੁਰੂ ਵਿੱਚ ਹੀ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਉਲਾਂਭੇ ਆਉਣੇ ਤੇ ਮੂੰਹ ਮੋਟੇ ਹੋਣੇ ਸ਼ਰੂ ਹੋ ਜਾਂਦੇ ਹਨ। ਰਿਸ਼ਤੇਦਾਰ ਤੇ ਬੇਲੀ-ਮਿੱਤਰ ਨਹੀਂ ਜਾਣਦੇ ਹੁੰਦੇ ਕਿ ਇਹ ਹੁਣ ‘ਹੋਰ ਦੁਨੀਆਂ’ ਦੇ ਵਾਸੀ ਹੋ ਗਏ ਹਨ! ਬਹੁਤ ਵਾਰੀ ਦੇਖਣ ਵਿੱਚ ਆਇਆ ਕਿ ਰਿਸ਼ਤਿਆਂ ਵਿਚ ਰੁਤਬੇ ਕੰਧਾਂ ਬਣ ਕੇ ਉੱਸਰ ਆਉਂਦੇ ਨੇ। ਉਦਾਹਰਨ ਵਜੋਂ-ਇਕ ਭਰਾ ਜੱਜ ਹੈ, ਦੂਸਰਾ ਭਰਾ ਪਿੰਡ ਦੇ ਜ਼ਿੰਮੀਦਾਰਾਂ ਦਾ ਸੀਰੀ ਹੈ, ਉਹ ਸੀਰੀ ਭਰਾ ਜਦ ਵੀ ਆਪਣੇ ਜੱਜ ਭਰਾ ਤੇ ਉਸਦੇ ਪਰਿਵਾਰ ਨੂੰ ਮਿਲਣ ਜਾਂਦਾ ਹੈ,ਲੱਖ ਯਤਨ ਕਰਨ ਦੇ ਬਾਵਜੂਦ ਉਹ ਦੋਵੇਂ ਪਰਿਵਾਰ ਇਕ ਦੂਸਰੇ ਨਾਲ ਘੁਲ-ਮਿਲ ਨਹੀਂ ਸਕਦੇ। ਇੱਕ ਸਪੇਸ ਹਮੇਸ਼ਾ ਦੋਵਾਂ ਪਰਿਵਾਰਾਂ ਵਿਚਾਲੇ ਭਾਰੂ ਰਹਿੰਦੀ ਹੈ।
ਇਕ ਸੇਵਾਮੁਕਤ ਜੱਜ ਦੇ ਸ਼ਬਦ ਹਨ, ”ਬੰਦਾ ਸਮਾਜਿਕ ਤੌਰ ‘ਤੇ ਚਾਹੇ ਕਿਸੇ ਰੁਤਬੇ ਉਤੇ ਪੁੱਜ ਜਾਏ ਪ੍ਰੰਤੂ ਕੁਦਰਤੀ ਪ੍ਰਵਿਰਤੀਆਂ ਹਮੇਸ਼ਾ ਉਸ ਉਤੇ ਭਾਰੂ ਰਹਿੰਦੀਆਂ ਹਨ। ਸਮਾਜਿਕ ਤੇ ਵੱਡੇ ਰੁਤਬੇ ਕੁਦਰਤੀ ਪ੍ਰਵਿਰਤੀਆਂ ਦਾ ਬਦਲ ਨਹੀਂ ਹੋ ਸਕਦੇ। ਕੁਦਰਤੀ ਪ੍ਰਵਿਰਤੀਆਂ ਜਿਉਣ ਲਈ ਭਾਰੂ ਪੈਂਦੀਆਂ ਹਨ ਪਰ ਰੁਤਬਾ ਜਿਊਣ ਨਹੀਂ ਦਿੰਦਾ, ਸੋ ਕੁਦਰਤ-ਵਿਰੋਧ ਮਾਨਸਿਕ ਸਮੱਸਿਆਵਾਂ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਉਂਦਾ ਹੈ। ਵੱਡੇ ਰੁਤਬੇ ਉਤੇ ਬੈਠੇ ਲੋਕਾਂ ਦੇ ਮਨੋਰੋਗੀ ਹੋਣ ਦਾ ਇਕ ਮੁੱਖ ਕਾਰਨ ਇਹ ਵੀ ਹੈ। ਉਹ ਆਪਣੇ ਰਿਸ਼ਤਿਆਂ ਤੇ ਆਪਣੀਆਂ ਭਾਵਨਾਵਾਂ ਦੀ ਕੁਰਬਾਨੀ ਕਰ ਚੁੱਕੇ ਹੁੰਦੇ ਹਨ ਤਾਂ ਕਿ ਅਹੁਦੇ ਦੀ ਮਰਿਆਦਾ ਬਹਾਲ ਰਹੇ ਪਰ ਮਾਨਸਿਕ ਤੌਰ ‘ਤੇ ਉਖੜਨੇ ਸ਼ੁਰੂ ਹੋ ਜਾਦੇ ਹਨ।”
ਸੇਵਾ ਮੁਕਤੀ ਮਗਰੋਂ ਕਈ ਅਫ਼ਸਰ ਆਪਣੇ ਪਿੰਡ ਨਾਲ ਜੁੜਨਾ ਲੋਚਦੇ ਹਨ ਪਰ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਮੂੰਹ ਫੇਰਨ ਲਗਦੇ ਹਨ ਕਿ ਹੁਣ ਇਸ ਕੋਲ ਨਾ ਪਾਵਰ ਹੈ, ਨਾ ਪਦਵੀ ਹੈ,ਨਾ ਪੈਸਾ ਹੈ, ਜਦੋਂ ਪਾਵਰ ਤੇ ਪਦਵੀ ਤੇ ਪੈਸਾ ਸੀ, ਉਦੋਂ ਇਸਨੇ ਪਿੰਡ ਵੱਲ ਮੂੰਹ ਨਹੀਂ ਕੀਤਾ ਪ੍ਰੰਤ ਉਹ ਲੋਕ ਇਹ ਨਹੀਂ ਜਾਣਦੇ ਹੁੰਦੇ ਕਿ ਨਿਆਇਕ ਅਧਿਕਾਰੀ ਪਾਵਰ ਤੇ ਪਦਵੀ ਸਮੇਂ ਅਜਿਹਾ ਕਰਨ ਦੇ ਸਮਰੱਥ ਨਹੀਂ ਹੁੰਦੇ, ਉਹ ਕਈ ਤਰਾਂ ਦੇ ਬੰਧਨਾਂ ਵਿਚ ਬੱਝੇ ਹੋਏ ਹੁੰਦੇ ਹਨ। ਉਹ ਦੋਵੇਂ ਪਾਸੇ ਤੋਂ ਰਹਿ ਜਾਂਦੇ ਹਨ ਆਪਣੀ ਜ਼ਿੰਦਗੀ ਵਿਚ ਬਹੁਤ ਰੁੱਝੇ ਰਹੇ ਹੋਣ ਕਾਰਨ ਵਿਹਲੇ ਬੈਠਣਾ ਉਨ੍ਹਾਂ ਨੂੰ ਭਾਉਂਦਾ ਨਹੀਂ ਹੈ, ਸੋ ਫਿਰ ਧੀਆਂ-ਪੁੱਤਾਂ ਨਾਲ ਬਹਿ ਕੇ ਵਕਾਲਤ ਕਰਨਾ ਹੀ ਮੁੱਖ ਕੰਮ ਬਾਕੀ ਰਹਿ ਜਾਂਦਾ ਹੈ। ਉੱਚ ਅਦਾਲਤ ਦੇ ਇਕ ਸੇਵਾ-ਮੁਕਤ ਜੱਜ ਦੇ ਇਹ ਸ਼ਬਦ ਦਰਜ ਕਰਦਾ ਹਾਂ, ”ਸ਼ੇਰ ਜੰਗਲ ‘ਤੇ ਰਾਜ ਕਰਦਾ ਹੈ, ਫਿਰ ਬੁੱਢਾ ਹੋ ਜਾਂਦਾ ਹੈ, ਆਖਿਰ ਉਸਨੂੰ ਉਸਦਾ ਕਬੀਲਾ ਵੀ ਛੱਡ ਜਾਂਦਾ ਹੈ, ਇਹੋ ਹਾਲ ਉੱਚ-ਪਦਵੀਆਂ ਉੱਤੇ ਬੈਠੇ ਲੋਕਾਂ ਦਾ ਹੁੰਦਾ ਹੈ।”
ੲੲੲ
ਚੌਕੀਦਾਰ ਛੁੱਟੀ ਚਲਾ ਗਿਆ ਸੀ, ਮੈਨੂੰ ਉਸਦੀ ਥਾਂ ਲਾ ਦਿੱਤਾ, ਤਾਂ ਕੁਝ ਰਾਤਾਂ ਕਚਹਿਰੀ ਦੀ ਸਹਿਮੀ ਹੋਈ ਖ਼ਾਮੋਸ਼ੀ ਨੂੰ ਉਸ ਦੇ ਮੋਟੇ ਡੰਡੇ ਦੀ ‘ਠੱਕ-ਠੱਕ’ ਮੈਂ ਵੀ ਸੁਣਾਅ ਕੇ ਦੇਖੀ ਸੀ। ਸਾਰੀ ਰਾਤ ਆਵਾਗਵਣ ਤੁਰਿਆ ਫਿਰਦਾ ਸਾਂ।
ਹੁਣ ਸੋਚਦਾ ਹਾਂ, ਸੁੱਤੀ ਕਚਹਿਰੀ ‘ਚੋਂ ਕਿਸੇ ਨੇ ਕੀ ਚੁੱਕ ਲਿਜਾਣਾ ਸੀ ਭਲਾ? ਉਹ ਨਲਕਾ, ਜਿਸਦੀ ਬੋਕੀ ਬਿਲਕੁਲ ਬੋਦੀ ਹੋ ਚੁੱਕੀ ਸੀ, ਉਸਦੇ ਜੰਗਾਲੇ, ਟੁੱਟੇ ਤੇ ਵਿੰਗੇ-ਤੜਿੰਗੇ ਕਿੱਲ ਸਨ। ‘ਘਚਲ-ਘਚਲ’ ਦੀ ਆਵਾਜ਼ ਕਰ ਕੇ ਦੋ-ਦੋ ਚੂਲੀਆਂ ਪਾਣੀ ਮਸਾਂ ਆਉਂਦਾ ਸੀ। ਅੱਧੀ ਰਾਤੀਂ ਤੱਕੇ ਵਕੀਲਾਂ ਦੇ ਸੁੰਨ-ਸਾਨ ਖੋਖੇ ਖਾਲੀ ਮਨ ਦੀ ਤਲਾਸ਼ ਦੀ ਗਵਾਹੀ ਦਿੰਦੇ ਸਨ। ਕਚਿਹਰੀ ਦੀਆਂ ਕੰਧਾਂ ਦੇ ਬੀਂਡਿਆਂ ਦੀ ਡੀਂ-ਡੀਂ। ਕਚਹਿਰੀ ਦੇ ਅਵਾਰਾ ਕੁੱਤਿਆਂ ਦੀ ਬਊਂ-ਬਊਂ ਤੇ ਕਚਹਿਰੀ ਦੇ ਪਿਛਵਾੜਿਓਂ ਅੱਧੀ ਰਾਤੀਂ ਲੰਮੀ ਕੂਕ ਮਾਰ ਕੇ ਲੰਘ ਰਹੀ ਰੇਲ ਛੁਕ-ਛੁਕ…! ਭੁਲਾਇਆਂ ਨਹੀਂ ਭੂਲਦੇ ਉਹ ਪਲ!
ਇੱਕ ਰਾਤ ਜਾਮਣਾਂ ਦੇ ਰੁੱਖ ਉਤੇ ਬੈਠੇ ਉੱਲੂ ਨੇ ਬਹੁਤ ਕੁਰਲਾਹਟ ਮਚਾਈ ਸੀ। ਟੁੱਟੇ ਬੈਂਚ ਉਤੋਂ ਮੈਂ ਡਰ ਕੇ ਉਠ ਪਿਆ ਸਾਂ। ਡੰਡਾ ਚੌਰਾਹੇ ਵਿਚ ਮਾਰਿਆ। ਜਾਮਣ ਤੋਂ ਉੱਲੂ ਉੱਡਿਆ। ਉੱਜੜੀ ਕੰਟੀਨ ਵਿਚ ਸੂਈ ਕੁੱਤੀ ਭੌਂਕੀ। ਮੇਰਾ ਦਿਲ ਕਰੇ, ਹੁਣੇ ਪਿੰਡ ਭੱਜ ਜਾਵਾਂ ਪਰ ਮੈਂ ਤਾਂ ‘ਸਰਕਾਰੀ ਕੈਦ’ ਵਿੱਚ ਸਾਂ।
ਕਦੀ-ਕਦੀ ਆਪ-ਮੁਹਾਰੇ ਚੇਤਾ ਆਉਂਦਾ ਹੈ, ਅਣਗਿਣੀਆਂ ਮਿਸਲਾਂ (ਫਾਈਲਾਂ) ਦੇ ਢੇਰ ਲਗਦੇ ਜਾਂਦੇ ਸਨ, ਉਨ੍ਹਾਂ ਦੇ ਵਰਕੇ ਭੁਰਦੇ ਸਨ, ਮਿਸਲਾਂ ਦਾ ਰੰਗ ਚਿੱਟੇ ਤੋਂ ਪੀਲਾ-ਜਰਦ ਪੈ ਚੱਲਿਆ ਸੀ। ਸਮਾਂ ਆਪਣੀ ਚਾਲੇ ਚਲਦਾ ਗਿਆ। ਫ਼ੈਸਲੇ ਸੁਣਾਉਣ ਵਾਲੇ ਵੀ ਤੁਰ ਗਏ ਸਨ ਤੇ ਸੁਣਨ ਵਾਲੇ ਵੀ ਪਰ ਇਹ ਮਿਸਲਾਂ ਨਾ ਮਰੀਆਂ, ਨਾ ਮੁੱਕੀਆਂ। ਬਸ, ਇਹ ਜਿਉਂ-ਜਿਉਂ ਭੁਰਦੀਆਂ ਤੇ ਖੁਰਦੀਆਂ ਰਹੀਆਂ, ਤਿਉਂ-ਤਿਉਂ ਨਵੇਂ-ਨਵੇਂ ਪੱਤਰੇ (ਕਾਗ਼ਜ਼) ਇਨ੍ਹਾਂ ਨਾਲ ਹੋਰ-ਹੋਰ ਨੱਥੀ ਹੁੰਦੇ ਗਏ! ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆਇਆ ਹੈ, ਅੱਜ ਵੀ ਚੱਲ ਰਿਹਾ ਹੈ ਤੇ ਚਲਦਾ ਰਹੇਗਾ। ਇਨਸਾਫ਼ ਦੇ ਮੰਦਰਾਂ ਵਿੱਚ ਪਸਰੀਆਂ ਅੰਤਾਂ ਦੀ ਉਦਾਸੀ ਦੀਆਂ ਲੰਮੀਆਂ ਕੰਧਾਂ, ਅਣਮੁੱਕ ਦੇਰੀ, ਢੱਠੇ ਦਿਲ, ਲੱਥੇ ਚਿਹਰੇ, ਹੰਝੂ-ਹਉਕੇ ਤੇ ਹੋਰ ਬੜਾ ਕੁਛ, ਮੇਰਾ ਕਿਹੜਾ ਕਿਉਂ ਨਹੀਂ ਛਡਦੇ? ਨਹੀਂ ਪਤਾ ਮੈਨੂੰ!

 

Check Also

ਪ੍ਰਸਿੱਧ ਲੇਖਕਾਂ ਤੇ ਕਲਾਕਾਰਾਂ ਨੂੰ ਜਨਮਦਿਨ ਮੌਕੇ ਕੀਤਾ ਗਿਆ ਚੇਤੇ

ਬੋਲ ਬਾਵਾ ਬੋਲ ਨਿੰਦਰਘੁਗਿਆਣਵੀ, 94174-21700 ਸਭਿਆਚਾਰਕਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਅਗਵਾਈਵਿਚ ਪੰਜਾਬ ਕਲਾਪਰਿਸ਼ਦ ਪੰਜਾਬ …