Breaking News
Home / ਪੰਜਾਬ / 14 ਵਿਧਾਇਕਾਂ ਨਾਲ ਸੁਖਪਾਲ ਖਹਿਰਾ ਵੱਲੋਂ ਸ਼ਕਤੀ ਪ੍ਰਦਰਸ਼ਨ

14 ਵਿਧਾਇਕਾਂ ਨਾਲ ਸੁਖਪਾਲ ਖਹਿਰਾ ਵੱਲੋਂ ਸ਼ਕਤੀ ਪ੍ਰਦਰਸ਼ਨ

ਭਗਵੰਤ ਮਾਨ ਸਮੇਤ ਛੇ ਵਿਧਾਇਕ ਰਹੇ ਗ਼ੈਰ-ਹਾਜ਼ਰ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਇਥੇ ਸੱਦੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲ ਦੀ ਮੀਟਿੰਗ ਵਿਚੋਂ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਸਮੇਤ ਛੇ ਵਿਧਾਇਕ ਗੈਰ-ਹਾਜ਼ਰ ਰਹੇ, ਜਦਕਿ 14 ਵਿਧਾਇਕ ਖਹਿਰਾ ਦੀ ਹਮਾਇਤ ਵਿਚ ਖੜ੍ਹੇ ਹੋਏ। ਦੱਸਣਯੋਗ ਹੈ ਕਿ ਖਹਿਰਾ ਨੇ ਆਪਣੇ ਵਿਰੁੱਧ ਫਾਜ਼ਿਲਕਾ ਦੀ ਅਦਾਲਤ ਵੱਲੋਂ ਡਰੱਗ ਮਾਮਲੇ ਵਿਚ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ ਦੇ ਮੁੱਦੇ ਉਪਰ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿਚੋਂ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋਫੈਸਰ ਬਲਜਿੰਦਰ ਕੌਰ, ਅਮਰਜੀਤ ਸਿੰਘ ਸੰਦੋਆ, ਵਿਧਾਇਕ ਐਚਐਸ ਫੂਲਕਾ, ਕੰਵਰ ਸੰਧੂ ਅਤੇ ਪ੍ਰਿੰਸੀਪਲ ਬੁੱਧ ਰਾਮ ਗੈਰਹਾਜ਼ਰ ਰਹੇ। ਮੀਟਿੰਗ ਵਿਚ 14 ਵਿਧਾਇਕਾਂ ਸਮੇਤ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਮੇਤ ਮੀਟਿੰਗ ਵਿਚੋਂ ਗੈਰ-ਹਾਜ਼ਰ ਸਮੂਹ ਛੇ ਵਿਧਾਇਕਾਂ ਨਾਲ ਉਨ੍ਹਾਂ ਦੀ ਫੋਨ ‘ਤੇ ਗੱਲ ਹੋ ਗਈ ਹੈ ਅਤੇ ਉਹ ਹੋਰ ਰੁਝੇਵਿਆਂ ਕਾਰਨ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਦੇ ਉਪਰ ਮੀਡੀਏ ਵਿਚ ਗਲਤ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਮੀਟਿੰਗ ਵਿਚ ਮੌਜੂਦ ਵਿਧਾਇਕ ਅਤੇ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਨੂੰ ਕਹਿ ਦਿੱਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਉਹ ਇਸ ਮੌਕੇ ਖਹਿਰਾ ਨਾਲ ਖੜ੍ਹੇ ਹਨ, ਪਰ ਪਾਰਟੀ ਦੇ ਸਿਧਾਂਤ ਸਭ ਤੋਂ ਉੱਚੇ ਹਨ ਅਤੇ ਪਾਰਟੀ ਦੇ ਸਿਧਾਂਤਾਂ ਅਨੁਸਾਰ ਹੀ ਫੈਸਲੇ ਲਏ ਜਾਣਗੇ। ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਦੀ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਨੂੰ ਬੰਦ ਕਰਨ ਲਈ ਗਠਜੋੜ ਬਣਾ ਕੇ ਸਾਂਝੇ ਤੌਰ ‘ਤੇ ਇਹ ਸਾਜਿਸ਼ ਘੜੀ ਹੈ। ਸਮਾਂ ਆਉਣ ‘ਤੇ ਉਹ ਇਸ ਨੂੰ ਬੇਨਕਾਬ ਕਰਨਗੇ। ਮੀਟਿੰਗ ਵਿਚ ਅਰੋੜਾ ਸਮੇਤ ਰੁਪਿੰਦਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆ, ਕੁਲਵੰਤ ਪੰਡੋਰੀ, ਹਰਪਾਲ ਸਿੰਘ ਚੀਮਾ, ਮੀਤ ਹੇਅਰ, ਜਗਤਾਰ ਸਿੰਘ, ਪਿਰਮਲ ਸਿੰਘ, ਜੈ ਕਿਸ਼ਨ ਸਿੰਘ ਰੋੜੀ, ਜਗਦੇਵ ਸਿੰਘ ਕਮਾਲੂ ਆਦਿ ਮੌਜੂਦ ਸਨ।
ਦਿੱਲੀ ‘ਚ ਖਹਿਰਾ ਖਿਲਾਫ ਪ੍ਰਦਰਸ਼ਨ ਕਰ ਰਹੇ ਅਕਾਲੀ ਵਿਧਾਇਕਾਂ ‘ਤੇ ਪਾਣੀ ਦੀਆਂ ਬੁਛਾਰਾਂ
ਨਵੀਂ ਦਿੱਲੀ : ਨਵੀਂ ਦਿੱਲੀ ਵਿਖੇ ਸੁਖਪਾਲ ਖਹਿਰਾ ਖਿਲਾਫ ਪ੍ਰਦਰਸ਼ਨ ਕਰ ਰਹੇ ਅਕਾਲੀ ਦਲ ਦੇ ਵਿਧਾਇਕਾਂ ਤੇ ਵਰਕਰਾਂ ‘ਤੇ ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਛੱਡੀਆਂ । ਸੁਖਪਾਲ ਖਹਿਰਾ ਨੂੰ ਫਾਜ਼ਿਲਕਾ ਅਦਾਲਤ ਵੱਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਅਕਾਲੀ ਵਿਧਾਇਕ ਇਥੇ ਪ੍ਰਦਰਸ਼ਨ ਕਰ ਰਹੇ ਸਨ। ਜਿਸ ਤੋਂ ਬਾਅਦ ਉਹ ਅਰਵਿੰਦ ਕੇਜਰੀਵਾਲ ਦੇ ਘਰ ਦਾ ਘਿਰਾਓ ਕਰਨ ਲਈ ਵਧੇ, ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਅਕਾਲੀ ਵਰਕਰ ਨਾ ਰੁਕੇ ਤਾਂ ਪੁਲਿਸ ਨੇ ਉਨ੍ਹਾਂ ‘ਤੇ ਪਾਣੀਆਂ ਦੀਆਂ ਬੁਛਾਰਾਂ ਛੱਡ ਦਿੱਤੀਆਂ। ਖਹਿਰਾ ਮਾਮਲੇ ‘ਤੇ ਅਰਵਿੰਦ ਕੇਜਰੀਵਾਲ ਦੀ ਚੁੱਪੀ ‘ਤੇ ਅਕਾਲੀ ਵਿਧਾਇਕਾਂ ਨੇ ਸਵਾਲ ਖੜ੍ਹੇ ਕੀਤੇ ਹਨ ਅਤੇ ਨਾਲ ਹੀ ਖਹਿਰਾ ਨੂੰ ਪਾਰਟੀ ਵਿਚੋਂ ਬਰਖਾਸਤ ਕਰਨ ਦੀ ਮੰਗ ਕੀਤੀ।

 

Check Also

ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਦਿੱਤਾ ਆਸ਼ੀਰਵਾਦ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਮ ਆਦਮੀ ਪਾਰਟੀ ਦੀਆਂ …